ਜਿੰਮੇਵਾਰੀ ਨਾਲ ਕੰਮ ਕਰੇ ਮੀਡੀਆ

Media

ਜਿੰਮੇਵਾਰੀ ਨਾਲ ਕੰਮ ਕਰੇ ਮੀਡੀਆ

ਸੁਪਰੀਮ ਕੋਰਟ ਨੇ ਗਿਆਨਵਾਪੀ ਮਸਜਿਦ ਦੇ ਮਾਮਲੇ ’ਚ ਸੰਤੁਲਿਤ, ਵਿਗਿਆਨਕ ਤੇ ਧਾਰਮਿਕ ਸਦਭਾਵਨਾ ਵਾਲਾ ਫੈਸਲਾ ਲਿਆ ਹੈ। ਅਦਾਲਤ ਨੇ ‘ਸ਼ਿਵਲਿੰਗ’ ਮਿਲਣ ਦੇ ਦਾਅਵੇ ਮੁਤਾਬਿਕ ਸਬੰੰਧਿਤ ਥਾਂ ਨੂੰ ਸੁਰੱਖਿਅਤ ਰੱਖਣ ਅਤੇ ਨਾਲ ਹੀ ਨਮਾਜ ਵੀ ਨਾ ਰੋਕੇ ਜਾਣ ਦਾ ਫੈਸਲਾ ਲਿਆ ਹੈ। ਮਾਮਲਾ ਹੇਠਲੀ ਅਦਾਲਤ ’ਚ ਵੀ ਵਿਚਾਰ ਅਧੀਨ ਹੈ ਫੈਸਲਾ ਕੋਈ ਵੀ ਆਵੇ। ਉਸ ਦਾ ਸਬਰ, ਸੰਜਮ ਤੇ ਸਦਭਾਵਨਾ ਨਾਲ ਇੰਤਜ਼ਾਰ ਕਰਨ ਦੀ ਜ਼ਰੂਰਤ ਹੈ। ਇਹਨਾਂ ਹਾਲਾਤਾਂ ’ਚ ਖਾਸ ਕਰਕੇ ਭੜਕਾਊ ਬਿਆਨਬਾਜ਼ੀ ਕਰਨ ਤੋਂ ਗੁਰੇਜ਼ ਕੀਤਾ ਜਾਣਾ ਚਾਹੀਦਾ ਹੈ।

ਇਹ ਗੱਲ ਭਾਰਤੀ ਸਮਾਜ ਤੇ ਮੀਡੀਆ ਦਾ ਦੁਖਾਂਤ ਹੀ ਹੈ ਕਿ ਕੋਈ ਵੀ ਫੈਸਲਾ ਆਉਣ ਤੋਂ ਕਈ ਦਿਨ, ਹਫ਼ਤੇ ਜਾਂ ਸਾਲ ਪਹਿਲਾਂ ਹੀ ਫੈਸਲੇਨੁਮਾ ਖਬਰਾਂ ਪੇਸ਼ ਕੀਤੀਆਂ ਜਾਂਦੀਆਂ ਹਨ। ਖਾਸ ਕਰਕੇ ਇਲੈਕਟੋ੍ਰਨਿਕ ਮੀਡੀਆ ’ਚ ਪੇਸ਼ਕਾਰ ਇੰਨੀ ਉੱਚੀ-ਉੱਚੀ ਅਵਾਜ਼ ਵਿਚ ਚੀਕਾਂ ਮਾਰ-ਮਾਰ ਕੇ ਖ਼ਬਰ ਬੋਲਦੇ ਹਨ ਕਿ ਜਿਵੇਂ ਕੋਈ ਜੰਗ ਛਿੜ ਗਈ ਹੋਵੇ। ਦੇਸ਼ ਦਾ ਸੰਵਿਧਾਨ ਹੈ ਤੇ ਅਦਾਲਤ ਦੀ ਵੀ ਪ੍ਰਕਿਰਿਆ ਹੈ। ਇੱਕ ਅਦਾਲਤ ਤੋਂ ਬਾਅਦ ਦੂਜੀ, ਦੂਜੀ ਤੋਂ ਬਾਅਦ ਤੀਜੀ ਅਦਾਲਤ ਮਾਮਲੇ ਨੂੰ ਵਿਚਾਰਦੀ ਹੈ ਪਰ ਮੀਡੀਆ ਕਰਮੀ ਕਿਸੇ ਮਾਮਲੇ ਦੀ ਸੁਣਵਾਈ ਦੇ ਸ਼ੁਰੂਆਤੀ ਦੌਰ ਨੂੰ ਹੀ ਅਜਿਹੇ ਭੜਕਾਊ ਅੰਦਾਜ਼ ’ਚ ਪੇਸ਼ ਕਰਦੇ ਹਨ ਜਿਵੇਂ ਕੋਈ ਬਹੁਤ ਵੱਡਾ ਧਮਾਕਾ ਹੋ ਗਿਆ ਹੋਵੇ ਦੂਜੇ ਪਾਸੇ ਟੀਵੀ ਚੈਨਲਾਂ ’ਤੇ ਲੜਾਈਨੁਮਾ ਨਫ਼ਰਤੀ ਬਹਿਸਾਂ ਹੁੰਦੀਆਂ ਹਨ।

ਭੜਕਾਊ ਬਿਆਨਬਾਜ਼ੀ

ਅਸਲ ’ਚ ਬਹਿਸ ਦੇ ਨਾਂਅ ’ਤੇ ਤਕਰਾਰ ਤੇ ਜ਼ਿਦਬਾਜ਼ੀ ਹੁੰਦੀ ਹੈ। ਬਹਿਸ ’ਚ ਹਿੱਸਾ ਲੈਣ ਵਾਲਿਆਂ ’ਚ ਸਹਿਜ਼ਤਾ ਤੇ ਸਤਿਕਾਰ ਨਾਂਅ ਦੀ ਕੋਈ ਚੀਜ ਨਹੀਂ ਹੰੁਦੀ। ਦਰਸ਼ਕ ਵੀ ਹੌਲੀ-ਹੌਲੀ ਇਹਨਾਂ ਬਹਿਸਾਂ ਤੋਂ ਉਕਤਾ ਚੁੱਕਾ ਹੈ। ਮੀਡੀਆ ’ਚ ਖਬਰਾਂ ਦਾ ਹੋ ਰਿਹਾ ਵਪਾਰੀਕਰਨ ਸੋਸ਼ਲ ਮੀਡੀਆ ਖਾਸ ਕਰਕੇ ਯੂਟਿਊਬ ਦੇ ਪ੍ਰਫੁੱਲਤ ਹੋਣ ਦਾ ਵੱਡਾ ਕਾਰਨ ਹੈ। ਲੋਕਾਂ ਅੰਦਰ ਸੋਸ਼ਲ ਮੀਡੀਆ ਪ੍ਰਤੀ ਉਤਸ਼ਾਹ ਵਧ ਰਿਹਾ ਹੈਯੂਟਿਊਬ ’ਤੇ ਬਹਿਸਾਂ ਦੀ ਬਜਾਇ ਖਬਰਾਂ ’ਚ ਸਰਲਤਾ, ਸਾਦਗੀ ਤੇ ਤੱਥਾਂ ’ਤੇ ਆਧਾਰਿਤ ਹੋਣ ਕਾਰਨ ਯੂਜ਼ਰ ਦਾ ਝੁਕਾਅ ਵਧਿਆ ਹੈ ਇੱਕਤਰਫ਼ਾ ਖਬਰਾਂ ਦਾ ਰੁਝਾਨ ਮੀਡੀਆ ਤੇ ਦੇਸ਼ ਲਈ ਖਤਰਨਾਕ ਹੈ। ਇਸ ਦੇ ਨਾਲ ਹੀ ਭੜਕਾਊ ਬਿਆਨਬਾਜ਼ੀ ਕਰਨ ਵਾਲੇ ਸਿਆਸੀ ਤੇ ਧਾਰਮਿਕ ਆਗੂਆਂ ਨੂੰ ਸੰਜਮ ਤੋਂ ਕੰਮ ਲੈਣਾ ਜ਼ਰੂਰੀ ਹੈ।

ਵਿਚਾਰ ਦੀ ਪ੍ਰਬਲਤਾ ਲਈ ਤਰਕ ਤੇ ਤੱਥ ਜ਼ਰੂਰੀ ਹੈ ਪਰ ਨਿਆਂ ਨੂੰ ਪ੍ਰਭਾਵਿਤ ਕਰਨ ਦੀ ਮਨਸ਼ਾ ਦੇਸ਼ ਦੇ ਹੱਕ ’ਚ ਨਹੀਂ ਹੈ। ਚੰਗਾ ਹੋਵੇ ਜੇਕਰ ਸਾਰੀਆਂ ਧਿਰਾਂ ਧਾਰਮਿਕ ਮੁੱਦਿਆਂ ਨੂੰ ਸਿਆਸੀ ਪੌੜੀ ਬਣਾਉਣ ਦੀ ਬਜਾਏ ਵਿਕਾਸ ਦੇ ਮੁੱਦਿਆਂ ’ਤੇ ਕੰਮ ਕਰਨ ਇਸ ਵਕਤ ਮਹਿੰਗਾਈ ਤੇ ਬੇਰੁਜ਼ਗਾਰੀ ਵਰਗੀਆਂ ਸਮੱਸਿਆਵਾਂ ਨੂੰ ਮੁਖਾਤਿਬ ਹੋਣ ਦੀ ਸਖ਼ਤ ਜ਼ਰੂਰਤ ਹੈ। ਅਮਨ-ਅਮਾਨ ਤੇ ਭਾਈਚਾਰਾ ਹੀ ਦੇਸ਼ ਦੀ ਵੱਡੀ ਤਾਕਤ ਹੈ ਦੇਸ਼ ਦਾ ਸੱਭਿਆਚਾਰ ਵੰਨ-ਸੁਵੰਨਤਾ ਤੇ ਸਹਿਣਸ਼ੀਲਤਾ ਵਰਗੇ ਮੁੱਲਾਂ ’ਤੇ ਅਧਾਰਿਤ ਹੈ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਭਾਰਤ ਕੌਮਾਂ ਤੇ ਸੱਭਿਆਚਾਰਾਂ ਦਾ ਗੁਲਦਸਤਾ ਹੈ। ਇਹ ਵੰਨ-ਸੁਵੰਨਤਾ ਦੇਸ਼ ਦੀ ਤਾਕਤ ਹੈ ਪਰ ਮੀਡੀਆ ’ਚ ਇਹ ਚੀਜਾਂ ਘੱਟ ਹੀ ਨਜ਼ਰ ਆ ਰਹੀਆਂ ਹਨ। ਦੇਸ਼ ਨੂੰ ਮਜ਼ਬੂਤ ਕਰਨ ਲਈ ਦੇਸ਼ ਦੇ ਇਤਿਹਾਸ ਤੇ ਸੱਭਿਆਚਾਰ ਤੋਂ ਪ੍ਰੇਰਨਾ ਲੈਣ ਦੀ ਜ਼ਰੂਰਤ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ