ਸ਼ਰਾਬ ਕਾਰੋਬਾਰੀ ਤੋਂ 25 ਲੱਖ ਕਰਜ਼ਾ ਲੈ ‘ਕੈਪਟਨ’ ਨੇ ਲੜੀ ਵਿਧਾਨ ਸਭਾ ਚੋਣ, ਚੋਣ ਲੜਨ ਲਈ ਨਹੀਂ ਸੀ ‘ਪੈਸਾ’
(ਅਸ਼ਵਨੀ ਚਾਵਲਾ) ਚੰਡੀਗੜ੍ਹ, ਮਈ। ਪੰਜਾਬ ’ਚ ਆਪਣੀ ਬਾਦਸ਼ਾਹਤ ਦਿਖਾਉਣ ਵਾਲੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਕੋਲ ਪੰਜਾਬ ਵਿਧਾਨ ਸਭਾ ਚੋਣ ਲੜਨ ਲਈ ਪੈਸਾ ਹੀ ਨਹੀਂ ਸੀ, ਜਿਸ ਕਾਰਨ ਕੈਪਟਨ ਅਮਰਿੰਦਰ ਸਿੰਘ ਨੂੰ ਚੋਣ ਲੜਨ ਲਈ ਸ਼ਰਾਬ ਕਾਰੋਬਾਰੀ ਤੋਂ 25 ਲੱਖ ਰੁਪਏ ਦਾ ਕਰਜ਼ਾ ਤੱਕ ਲੈਣਾ ਪਿਆ। ਸ਼ਰਾਬ ਕਾਰੋਬਾਰੀ ਤੋਂ ਕਰਜ਼ਾ ਲੈਣ ਤੋਂ ਬਾਅਦ ਹੀ ਅਮਰਿੰਦਰ ਸਿੰਘ ਆਪਣੇ ਚੋਣ ਖ਼ਰਚੇ ਕਰ ਸਕੇ ਅਤੇ ਕਰਜ਼ ਲੈ ਕੇ ਹੀ ਅਮਰਿੰਦਰ ਸਿੰਘ ਵੱਲੋਂ ਅਦਾਇਗੀਆਂ ਤੱਕ ਕੀਤੀਆਂ ਗਈਆਂ। ਇਹ ਵੀ ਪਹਿਲੀ ਵਾਰ ਹੋਇਆ ਹੈ, ਜਦੋਂ ਵਿਧਾਨ ਸਭਾ ਚੋਣਾਂ ਵਿੱਚ ਅਮਰਿੰਦਰ ਸਿੰਘ ਨੂੰ ਚੋਣ ਲੜਨ ਲਈ ਕਿਸੇ ਵੀ ਵਿਅਕਤੀ ਨੇ ਇੱਕ ਵੀ ਨਵੇਂ ਪੈਸੇ ਦੀ ਮਦਦ ਨਹੀਂ ਕੀਤੀ, ਜਿਸ ਕਾਰਨ ਉਨ੍ਹਾਂ ਨੂੰ ਕਰਜ਼ ਲੈਣ ਤੱਕ ਜਾਣਾ ਪਿਆ। ਜਾਣਕਾਰੀ ਅਨੁਸਾਰ ਕਾਂਗਰਸ ਪਾਰਟੀ ਦੇ ਦਿੱਗਜ਼ ਲੀਡਰਾਂ ਵਿੱਚ ਸ਼ੁਮਾਰ ਰਹਿਣ ਵਾਲੇ ਅਤੇ ਪੰਜਾਬ ਵਿੱਚ 2 ਵਾਰ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਦਾ ਪੰਜਾਬ ਵਿੱਚ ਸਿੱਕਾ ਬੋਲਦਾ ਹੈ।
ਪੰਜਾਬ ਵਿੱਚ ਅੱਜ ਵੀ ਅਮਰਿੰਦਰ ਸਿੰਘ ਨੂੰ ਵੱਡੇ ਲੀਡਰਾਂ ਵਿੱਚ ਮੰਨਿਆ ਜਾਂਦਾ ਹੈ ਪਰ ਕਾਂਗਰਸ ਪਾਰਟੀ ਨੂੰ ਛੱਡਣ ਅਤੇ ਆਪਣੀ ਪਾਰਟੀ ਬਣਾਉਣ ਤੋਂ ਬਾਅਦ ਲਗਾਤਾਰ ਅਮਰਿੰਦਰ ਸਿੰਘ ਦੀ ਹਰਮਨ-ਪਿਆਰਤਾ ਵਿੱਚ ਗਿਰਾਵਟ ਆਈ ਹੈ ਅਤੇ ਜਿਆਦਾ ਲੀਡਰਾਂ ਸਣੇ ਆਮ ਲੋਕਾਂ ਵੱਲੋਂ ਉਨ੍ਹਾਂ ਤੋਂ ਕਿਨਾਰਾ ਕੀਤਾ ਗਿਆ ਹੈ। ਇਸ ਦਾ ਅਸਰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੀ ਦਿਖਾਈ ਦਿੱਤਾ। ਅਮਰਿੰਦਰ ਸਿੰਘ ਨੂੰ ਵਿਧਾਨ ਸਭਾ ਚੋਣਾਂ ਵਿੱਚ ਨਾ ਸਿਰਫ਼ ਹਾਰ ਦਾ ਸਾਹਮਣਾ ਕਰਨਾ ਪਿਆ, ਸਗੋਂ ਉਨ੍ਹਾਂ ਨੂੰ ਚੋਣ ਲੜਨ ਲਈ ਕੋਈ ਮਦਦ ਵੀ ਕਰਨ ਲਈ ਤਿਆਰ ਨਹੀਂ ਸੀ। ਅਮਰਿੰਦਰ ਸਿੰਘ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕਿਸੇ ਕੰਪਨੀ ਤਾਂ ਦੂਰ ਆਮ ਵਿਅਕਤੀ ਨੇ ਵੀ ਮਦਦ ਕਰਦੇ ਹੋਏ ਇੱਕ ਵੀ ਪੈਸਾ ਨਹੀਂ ਦਿੱਤਾ। ਅਮਰਿੰਦਰ ਸਿੰਘ ਕੋਲ ਵੀ ਖ਼ੁਦ ਦੀ ਚੋਣ ਲੜਨ ਲਈ ਜ਼ਿਆਦਾ ਪੈਸਾ ਨਹੀਂ ਸੀ, ਜਿਸ ਕਾਰਨ ਅਮਰਿੰਦਰ ਸਿੰਘ ਨੂੰ ਕਰਜ਼ ਤੱਕ ਲੈਣਾ ਪਿਆ।
ਅਮਰਿੰਦਰ ਸਿੰਘ ਵੱਲੋਂ ਪਟਿਆਲਾ ਵਿਧਾਨ ਸਭਾ ਸੀਟ ਤੋਂ ਚੋਣ ਲੜਨ ਲਈ ਦੁਰਲਾਭ ਸਿੰਘ ਗਰਚਾ ਨਾਂਅ ਦੇ ਸ਼ਰਾਬ ਕਾਰੋਬਾਰੀ ਤੋਂ 25 ਲੱਖ ਰੁਪਏ ਦਾ ਕਰਜ਼ ਤੱਕ ਲੈਣਾ ਪਿਆ। ਦੁਰਲਾਭ ਸਿੰਘ ਗਰਚਾ ਵੱਲੋਂ ਇਹ ਕਰਜ਼ ਬਕਾਇਦਾ ਚੈੱਕ ਰਾਹੀਂ ਦਿੱਤਾ ਗਿਆ। ਅਮਰਿੰਦਰ ਸਿੰਘ ਵੱਲੋਂ ਪਟਿਆਲਾ ਵਿਧਾਨ ਸਭਾ ਸੀਟ ਤੋਂ 39 ਲੱਖ 67 ਹਜ਼ਾਰ 36 ਰੁਪਏ ਖ਼ਰਚ ਕੀਤੇ ਗਏ ਸਨ। ਅਮਰਿੰਦਰ ਸਿੰਘ ਕੋਲ 15 ਲੱਖ 25 ਹਜ਼ਾਰ ਰੁਪਏ ਹੀ ਸਨ, ਜਿਸ ਕਾਰਨ ਉਨ੍ਹਾਂ ਨੂੰ ਕਰਜ਼ ਲੈਣ ਤੱਕ ਦੀ ਲੋੜ ਪਈ ਅਤੇ ਇਸ 39 ਲੱਖ 67 ਹਜ਼ਾਰ 36 ਰੁਪਏ ਖ਼ਰਚ ਕਰਨ ਲਈ 25 ਲੱਖ ਰੁਪਏ ਕਰਜ਼ ਵਾਲੀ ਰਕਮ ਦੀ ਹੀ ਵਰਤੋਂ ਕੀਤੀ ਗਈ।
- ਦੁਰਲਾਭ ਸਿੰਘ ਗਰਚਾ ਤੋਂ ਲਿਆ 25 ਲੱਖ ਰੁਪਏ ਦਾ ਕਰਜ਼ਾ, 39 ਲੱਖ ਕੀਤੇ ਚੋਣ ’ਤੇ ਖ਼ਰਚ
ਕਾਂਗਰਸ ਸਰਕਾਰ ਦੌਰਾਨ ਦੁਰਲਾਭ ਸਿੰਘ ਗਰਚਾ ਨੂੰ ਮਿਲਦੇ ਰਹੇ ਹਨ ਸ਼ਰਾਬ ਦੇ ਲਾਈਸੈਂਸ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ