ਸਮੂਹ ਅਧਿਆਪਕਾਂ ਦੀ ਮਿਹਨਤ ਨੂੰ ਪਿਆ ਬੂਰ : ਡਾ. ਬੱਲ
- 99.77 ਪਾਸ ਫੀਸਦੀ ਨਾਲ ਪੰਜਾਬ ਵਿੱਚੋਂ ਪ੍ਰਾਪਤ ਕੀਤਾ ਪੰਜਵਾਂ ਸਥਾਨ (Fifth Class Result )
ਫਾਜ਼ਿਲਕਾ (ਰਜਨੀਸ਼)। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦਾ ਨਤੀਜਾ (Fifth Class Result) ਘੋਸ਼ਿਤ ਕਰ ਦਿੱਤਾ ਹੈ। ਜਿਸ ਵਿੱਚ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਦੇ ਵਿਦਿਆਰਥੀਆਂ ਦੀ ਪੂਰੀ ਬੱਲੇ-ਬੱਲੇ ਹੈ। ਫਾਜਿਲਕਾ ਜ਼ਿਲ੍ਹੇ ਨੇ ਲਗਾਤਾਰ ਪੰਜਵੀਂ ਜਮਾਤ ਦੇ ਨਤੀਜੇ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ। ਡਾ. ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਜ਼ਿਲ੍ਹਾ ਸਿੱਖਿਆ ਅਫ਼ਸਰ ਫਾਜ਼ਿਲਕਾ ਨੇ ਦੱਸਿਆ ਕਿ ਪੰਜਵੀਂ ਕਲਾਸ ਦੇ 14825 ਵਿਦਿਆਰਥੀਆਂ ਵਿੱਚੋਂ 14791 ਵਿਦਿਆਰਥੀ ਪਾਸ ਹੋਏ ਹਨ। 99.77 ਫੀਸਦੀ ਨਤੀਜੇ ਨਾਲ ਫਾਜਿਲਕਾ ਜ਼ਿਲ੍ਹੇ ਨੇ ਵਧਿਆ ਪ੍ਰਦਰਸ਼ਨ ਕਰਦਿਆਂ ਪੂਰੇ ਸੂਬੇ ਵਿੱਚੋਂ ਪੰਜਵਾਂ ਸਥਾਨ ਪ੍ਰਾਪਤ ਕੀਤਾ ਹੈ।
99.77 ਪਾਸ ਫੀਸਦੀ ਨਾਲ ਪੰਜਾਬ ਵਿੱਚੋਂ ਪੰਜਵਾਂ ਸਥਾਨ
ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਅੰਜੂ ਸੇਠੀ ਨੇ ਸਰਕਾਰੀ ਸਕੂਲਾਂ ਦੀ ਕਾਰਗੁਜ਼ਾਰੀ ਤੋਂ ਬਾਗੋਬਾਗ ਹੁੰਦਿਆਂ ਦੱਸਿਆ ਕਿ ਅਨੇਕਾਂ ਦਿੱਕਤਾਂ ਦੇ ਬਾਵਜੂਦ 99 ਪ੍ਰਤੀਸ਼ਤ ਤੋਂ ਵੀ ਵੱਧ ਨਤੀਜਾ ਹਾਸਲ ਕਰਨ ਲਈ ਫਾਜਿਲਕਾ ਜ਼ਿਲ੍ਹੇ ਦੇ ਸਰਕਾਰੀ ਅਧਿਆਪਕਾਂ ਦੀ ਮਿਹਨਤ ਦਾ ਨਤੀਜਾ ਹੈ। ਨੈਸ਼ਨਲ ਅਵਾਰਡੀ ਅਧਿਆਪਕ ਲਵਜੀਤ ਸਿੰਘ ਗਰੇਵਾਲ, ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਰਜਿੰਦਰ ਕੁਮਾਰ, ਸਹਾਇਕ ਕੋਆਰਡੀਨੇਟਰ ਗੋਪਾਲ ਕ੍ਰਿਸ਼ਨ ਮੀਡੀਆ ਕੋਆਰਡੀਨੇਟਰ ਇਨਕਲਾਬ ਗਿੱਲ ਅਤੇ ਸਿਮਲਜੀਤ ਸਿੰਘ ਨੇ ਦੱਸਿਆ ਕਿ 99.77 ਪਾਸ ਫੀਸਦੀ ਨਾਲ ਪੰਜਾਬ ਵਿੱਚੋਂ ਪੰਜਵਾਂ ਸਥਾਨ ਪ੍ਰਾਪਤ ਕਰਨਾ ਫਾਜ਼ਿਲਕਾ ਜ਼ਿਲ੍ਹੇ ਲਈ ਵੱਡੀ ਪ੍ਰਾਪਤੀ ਹੈ ।
ਸਰਕਾਰੀ ਸਕੂਲਾਂ ਦੇ ਪੰਜਵੀਂ ਜਮਾਤ ਦੇ ਸਾਲਾਨਾ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਸਮੂਹ ਸਕੂਲਾਂ ਦੇ ਮੁੱਖ ਅਧਿਆਪਕਾਂ ਅਤੇ ਅਧਿਆਪਕਾਂ ਦੀ ਮਿਹਨਤ ਦੇ ਨਾਲ-ਨਾਲ ਜਿਲ੍ਹਾ ਸਿੱਖਿਆ ਅਧਿਕਾਰੀਆਂ ,ਬੀਪੀਈਓਜ ਅਤੇ ਸਮੂਹ ਸੀਐਚਟੀਜ ਦੀ ਯੋਗ ਨਿਗਰਾਨੀ ਦੀ ਸਰਾਹਨਾ ਕੀਤੀ ਗਈ ਹੈ। ਮਿਸ਼ਨ ਸ਼ਤ-ਪ੍ਰਤੀਸ਼ਤ ਤਹਿਤ ਸਕੂਲਾਂ ਦੇ ਅਧਿਆਪਕਾਂ, ਸਕੂਲ ਮੁਖੀਆਂ ਅਤੇ ਮਾਪਿਆਂ ਵੱਲੋਂ ਦਿਨ-ਰਾਤ ਇੱਕ ਕਰਕੇ, ਛੁੱਟੀ ਵਾਲੇ ਦਿਨ ਸਕੂਲ ਲਗਾ ਕੇ, ਅੱਤ ਦੀ ਠੰਢ ਵਿੱਚ ਸਵੇਰੇ ਸਮੇਂ ਵਾਧੂ ਜਮਾਤਾਂ ਲਗਾਉਣ ਦਾ ਮਿੱਠਾ ਫ਼ਲ ਮਿਲਿਆ ਹੈ। ਉਨ੍ਹਾਂ ਪੰਜਾਬ ਦੇ ਮਿਹਨਤੀ ਅਧਿਆਪਕਾਂ ਦੀ ਦਿਨ ਰਾਤ ਦੀ ਮਿਹਨਤ ਨੂੰ ਸਲਾਮ ਕੀਤਾ। ਵਿਦਿਆਰਥੀ ਦੇ ਮਾਪਿਆਂ ਨੂੰ ਵਧਾਈਆਂ ਅਤੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਅਗਲੇਰੀ ਪੜ੍ਹਾਈ ਲਈ ਜੁੱਟ ਜਾਣ ਲਈ ਕਿਹਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ