ਅਮਰੀਕਾ ਨੇ ਰੂਸੀ ਕਰੂਜ਼ਰ ਮੋਸਕਵਾ ਨੂੰ ਨਿਸ਼ਾਨਾ ਬਣਾਉਣ ਲਈ ਯੂਕਰੇਨ ਨੂੰ ਦਿੱਤੀ ਖੁਫੀਆ ਜਾਣਕਾਰੀ
ਵਾਸ਼ਿੰਗਟਨ। ਕਾਲੇ ਸਾਗਰ ‘ਚ ਡੁੱਬੇ ਰੂਸ ਦੇ ਸ਼ਕਤੀਸ਼ਾਲੀ ਜੰਗੀ ਬੇੜੇ ਮੋਸਕਵਾ (Russian Cruiser Moskva) ਨੂੰ ਨਿਸ਼ਾਨਾ ਬਣਾਉਣ ਲਈ ਅਮਰੀਕਾ ਨੇ ਯੂਕਰੇਨ ਨੂੰ ਖੁਫੀਆ ਜਾਣਕਾਰੀ ਦਿੱਤੀ ਸੀ। ਨਿਊਯਾਰਕ ਟਾਈਮਜ਼ ਨੇ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਨਾਲ ਆਪਣੀ ਰਿਪੋਰਟ ‘ਚ ਇਸ ਗੱਲ ਦਾ ਜ਼ਿਕਰ ਕੀਤਾ ਹੈ। ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਮੋਸਕੇਵਾ 13 ਅਪ੍ਰੈਲ ਨੂੰ ਮੁਰੰਮਤ ਲਈ ਸੇਵਾਸਤੋਪੋਲ ਦੀ ਬੰਦਰਗਾਹ ‘ਤੇ ਜਾ ਰਿਹਾ ਸੀ, ਓਦੋ ਹੀ ਅੱਗ ਲੱਗਣ ਕਾਰਨ ਇਸ ਵਿੱਚ ਬਲਾਸਟ ਹੋਇਆ ਅਤੇ ਹਾਦਸਾਗ੍ਰਸਤ ਹੋ ਗਿਆ। ਹਾਲਾਂਕਿ, ਵਾਸ਼ਿੰਗਟਨ ਅਤੇ ਕੀਵ ਨੇ ਵਾਰ-ਵਾਰ ਦਾਅਵਾ ਕੀਤਾ ਹੈ ਕਿ ਜਹਾਜ਼ ਨੂੰ ਯੂਕਰੇਨੀ ਮਿਜ਼ਾਈਲ ਹਮਲਿਆਂ ਨਾਲ ਤਬਾਹ ਹੋਇਆ ਹੈ।
ਵੀਰਵਾਰ ਨੂੰ ਪ੍ਰਕਾਸ਼ਿਤ ਰਿਪੋਰਟ ‘ਚ ਦੋ ਸੀਨੀਅਰ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਯੂਕਰੇਨ ਕੋਲ ਪਹਿਲਾਂ ਹੀ ਮੋਸਕਵਾ ਜੰਗੀ ਬੇੜੇ ਨੂੰ ਨਿਸ਼ਾਨਾ ਬਣਾਉਣ ਦੇ ਅੰਕੜੇ ਮੌਜੂਦ ਹਨ ਅਤੇ ਅਮਰੀਕਾ ਨੇ ਸਿਰਫ ਇਸ ਦੀ ਸ਼ੁੱਧਤਾ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਇਸ ਕਥਿਤ ਮਿਜ਼ਾਈਲ ਹਮਲੇ ਲਈ ਅਮਰੀਕਾ ਤੋਂ ਮਿਲੀ ਖੁਫੀਆ ਜਾਣਕਾਰੀ ਬਹੁਤ ਮਹੱਤਵ ਰੱਖਦੀ ਸੀ। ਰਿਪੋਰਟ ਮੁਤਾਬਕ ਇਕ ਅਧਿਕਾਰੀ ਨੇ ਕਿਹਾ ਹੈ ਕਿ ਅਮਰੀਕਾ ਨੇ ਜਹਾਜ਼ ਦੀ ਮੌਜੂਦਗੀ ਦੇ ਸਥਾਨ ਬਾਰੇ ਦੱਸਣ ਤੋਂ ਇਲਾਵਾ ਕਾਫੀ ਮਦਦ ਕੀਤੀ ਹੈ। ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਇਸ ਹਾਦਸੇ ਵਿੱਚ ਇੱਕ ਸੈਨਿਕ ਦੀ ਮੌਤ ਹੋ ਗਈ ਹੈ ਅਤੇ ਚਾਲਕ ਦਲ ਦੇ 27 ਹੋਰ ਮੈਂਬਰ ਅਜੇ ਵੀ ਲਾਪਤਾ ਹਨ। ਰੱਖਿਆ ਮੰਤਰਾਲੇ ਦੇ ਅਨੁਸਾਰ, ਬਾਕੀ 396 ਚਾਲਕ ਦਲ ਦੇ ਮੈਂਬਰਾਂ ਨੂੰ ਹੋਰ ਜਹਾਜ਼ਾਂ ਦੁਆਰਾ ਸੇਵਾਸਤੋਪੋਲ ਭੇਜਿਆ ਗਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ