ਮੀਂਹ ਅਤੇ ਭਾਰੀ ਗੜੇਮਾਰੀ ਨੇ ਮੱਕੀ ਅਤੇ ਸੂਰਜ ਮੁਖੀ ਦੀਆਂ ਫ਼ਸਲਾਂ ਕੀਤੀਆਂ ਬਰਬਾਦ, ਕਿਸਾਨਾਂ ਵੱਲੋ ਮੁਆਵਜ਼ੇ ਦੀ ਮੰਗ
(ਅਨਿਲ ਲੁਟਾਵਾ) ਅਮਲੋਹ । ਹਲਕਾ ਅਮਲੋਹ ਦੇ ਨਜਦੀਕ ਪੈਂਦੇ ਪਿੰਡਾਂ ਮੀਆਂਪੁਰ,ਸਮਸਪੁਰ,ਲਾਡਪੁਰ,ਮਹਿਮੂਦਪੁਰ, ਲੱਖਾ ਸਿੰਘ ਵਾਲਾ. ਮਛਰਾਈ ਖ਼ੁਰਦ ਆਦਿ ਪਿੰਡਾ ਵਿਚ ਬੇਵਕਤੀ ਬਾਰਸ਼ ਅਤੇ ਗੜਿਆਂ (Rains Heavy Hailstorms) ਨੇ ਮੱਕੀ ਅਤੇ ਸੂਰਜ ਮੁਖੀ ਦੀਆਂ ਫ਼ਸਲਾਂ ਬੁਰੀ ਤਰਾਂ ਬਰਬਾਦ ਕਰ ਕੇ ਰੱਖ ਦਿੱਤੀਆਂ ਹਨ। ਪਿੰਡ ਮੀਆਂਪੁਰ ਦੇ ਕਿਸਾਨ ਮਨਜੀਤ ਸਿੰਘ ਤੇ ਸੁਖਵਿੰਦਰ ਸਿੰਘ ਨੇ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਸਾਲ ਹੀ ਇਹ ਤੀਜੀ ਵਾਰ ਫ਼ਸਲਾਂ ਦੀ ਬਰਬਾਦੀ ਹੋਈ ਹੈ।
ਉਨ੍ਹਾਂ ਦੱਸਿਆਂ ਕਿ ਪਹਿਲਾਂ ਆਲੂਆਂ ਦੀ ਬਿਜਾਈ ਵੇਲੇ ਆਲੂਆਂ ਦਾ ਖ਼ਰਾਬਾ ਹੋਇਆ ਫਿਰ ਆਲੂਆਂ ਦੀ ਪੁਟਾਈ ਤੋ ਪਹਿਲਾਂ ਬੇ ਅਥਾਹ ਪਈ ਬਾਰਸ਼ ਕਾਰਨ ਖੇਤਾਂ ਵਿੱਚ ਲਗਾਏ ਆਲੂ ਖੇਤਾਂ ਵਿੱਚ ਹੀ ਗੱਲ ਗਏ ਸਨ ’ਤੇ ਹੁਣ ਇੱਕ ਸਾਲ ਦੇ ਅੰਦਰ ਤੀਜੀ ਵਾਰ ਹੈ ਪਿਛਲੇ ਦਿਨੀਂ ਪਏ ਅੱਧਾ ਘੰਟਾ ਦੇ ਕਰੀਬ ਗੜਿਆਂ ਨੇ ਮੱਕੀ ਅਤੇ ਸੂਰਜ ਮੁਖੀ ਦੀਆਂ ਫ਼ਸਲਾਂ ਨੂੰ ਬੁਰੀ ਤਰ੍ਹਾਂ ਖ਼ਰਾਬ ਕਰ ਕੇ ਰੱਖ ਦਿੱਤਾ ਹੈ ’ਤੇ ਦੇਖਣ ਵਿਚ ਫ਼ਸਲਾਂ ਦੇ ਸਿਰਫ਼ ਡੰਡੇ ਹੀ ਖੜੇ ਨਜ਼ਰ ਆਉਂਦੇ ਹਨ ਪੱਤਾ ਜਾਂ ਫ਼ੁਲ ਕੋਈ ਬਾਕੀ ਨਹੀਂ ਰਿਹਾ।
ਜਿਸ ਨਾਲ ਕਿਸਾਨਾਂ ਦਾ ਬਹੁਤ ਵੱਡਾ ਆਰਥਿਕ ਨੁਕਸਾਨ ਹੋਇਆ ਹੈ ਕਿਉਂਕਿ ਸੂਰਜ ਮੁਖੀ ਅਤੇ ਮੱਕੀ ਦੇ ਮਹਿੰਗੇ ਬੀਜਾਂ ਕਾਰਨ ਪਹਿਲਾ ਹੀ ਕਿਸਾਨਾਂ ਦੀ ਬਿਜਾਈ ਉੱਤੇ ਭਾਰੀ ਲਾਗਤ ਆਈ ਹੈ ।ਉਨ੍ਹਾਂ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਿੰਡ ਮੀਆਂਪੁਰ ਸਮੇਤ ਇਲਾਕੇ ਵਿਚ ਵੱਡੀ ਗਿਣਤੀ ਵਿਚ ਫ਼ਸਲ ਦੀ ਬਰਬਾਦੀ ਹੋਈ ਹੈ ਜਿਸ ਦੀ ਸਰਕਾਰ ਗਿਰਦਾਵਰੀ ਕਰਾ ਕੇ ਇਸ ਖ਼ਰਾਬੇ ਦਾ ਯੋਗ ਮੁਆਵਜ਼ਾ ਕਿਸਾਨਾਂ ਨੂੰ ਦੇਵੇ ਕਿਉਂਕਿ ਕਿਸਾਨੀ ਤਾਂ ਪਹਿਲਾਂ ਹੀ ਆਰਥਿਕ ਤੰਗੀ ਨਾਲ ਜੂਝ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ