ਕੁੱਟਮਾਰ ਮਾਮਲਾ : ਸਿਵਲ ਹਸਪਤਾਲ ’ਚ ਓਪੀਡੀ ਸੇਵਾਵਾਂ ਰਹੀਆਂ ਬੰਦ, ਮਰੀਜ਼ ਹੋਏ ਤੰਗ

Bathinda~01, Civil Hospital

ਮੁਲਜ਼ਮਾਂ ਦੀ ਗ੍ਰਿਫਤਾਰੀ ਤੱਕ ਜਾਰੀ ਰਹੇਗਾ ਰੋਸ ਪ੍ਰਦਰਸ਼ਨ : ਹਸਪਤਾਲ ਸਟਾਫ਼

(ਸੁਖਜੀਤ ਮਾਨ) ਬਠਿੰਡਾ। ਸਿਵਲ ਹਸਪਤਾਲ (Civil Hospital) ਬਠਿੰਡਾ ਦੇ ਮੈਡੀਕਲ ਵਾਰਡ ਵਿਖੇ ਪਿਛਲੇ ਦਿਨੀਂ ਇੱਕ ਮਰੀਜ ਦੇ ਰਿਸਤੇਦਾਰਾਂ ਵੱਲੋਂ ਵਾਰਡ ਅਟੈਂਡੈਟ ਦੀ ਕਥਿਤ ਤੌਰ ’ਤੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ ਪੁਲਿਸ ਵੱਲੋਂ ਹਾਲੇ ਤੱਕ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਸਿਵਲ ਹਸਪਤਾਲ (Civil Hospital) ’ਚ ਪਿਛਲੇ ਕਈ ਦਿਨਾਂ ਤੋਂ ਧਰਨਾ ਲੱਗ ਰਿਹਾ ਹੈ ਅੱਜ ਇਸ ਧਰਨੇ ’ਚ ਹਸਪਤਾਲ ਦੇ ਡਾਕਟਰ ਵੀ ਓਪੀਡੀ ਸੇਵਾਵਾਂ ਬੰਦ ਕਰਕੇ ਸ਼ਾਮਲ ਹੋਏ।

ਕੇਸ ਦਰਜ ਹੋਣ ਤੋਂ ਬਾਅਦ ਵੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ

ਇਸ ਸਬੰਧੀ ਤਾਲਮੇਲ ਕਮੇਟੀ ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਦੇ ਜ਼ਿਲ੍ਹਾ ਪ੍ਰਧਾਨ ਗਗਨਦੀਪ ਸਿੰਘ ਬਠਿੰਡਾ ਨੇ ਬਿਆਨ ਜਾਰੀ ਕਰਦਿਆਂ ਆਖਿਆ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਨਾਲ ਲੋਕਾਂ ਨੂੰ ਇਹ ਆਸ ਬੱਝੀ ਸੀ ਕਿ ਸ਼ਾਇਦ ਹੁਣ ਆਮ ਬੰਦੇ ਦੀ ਸੁਣਵਾਈ ਹੋ ਸਕੇਗੀ ਪਰ ਬਠਿੰਡਾ ਪੁਲੀਸ ਵੱਲੋਂ 25 ਅਪ੍ਰੈਲ ਨੂੰ ਇਸ ਕੁੱਟਮਾਰ ਦੀ ਘਟਨਾ ਵਾਪਰਨ ਦੇ ਅਤੇ ਕੇਸ ਦਰਜ ਹੋਣ ਤੋਂ ਬਾਅਦ ਵੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਪੁਲਿਸ ਅਤੇ ਰਾਜਨੀਤਕ ਲੋਕਾਂ ਵੱਲੋਂ ਮੁਲਜ਼ਮਾਂ ਨੂੰ ਬਚਾਉਣ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ ਕਿਉਂਕਿ ਜਿਹੜਾ ਨੋਟਿਸ ਪੰਜਾਬ ਪੁਲਿਸ ਨੇ 25 ਨੂੰ ਦੇਣਾ ਸੀ ਉਹ ਨੋਟਿਸ 29 ਅਪਰੈਲ ਨੂੰ ਦਿੱਤਾ। ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਮਾਮਲੇ ਵਿੱਚ ਜਾਣ-ਬੁੱਝ ਕੇ ਦੇਰੀ ਕਰਨਾ ਮੁਲਜ਼ਮਾਂ ਦੇ ਹੱਕ ’ਚ ਭੁਗਤਣ ਲਈ ਸੀ। ਆਗੂਆਂ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫਤਾਰੀ ’ਚ ਹੋ ਰਹੀ ਲੇਟ ਲਤੀਫੀ ਤੋਂ ਅੱਕ ਕੇ ਹੀ ਅੱਜ ਸਿਵਲ ਹਸਪਤਾਲ ਦੀਆਂ ਸਾਰੀਆਂ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਇਸ ਸੰਘਰਸ਼ ਨੂੰ ਹੋਰ ਮਜਬੂਤੀ ਨਾਲ ਲੜਕੇ ਗੈਰ ਸਮਾਜਿਕ ਅਨਸਰਾਂ ਅਤੇ ਪੁਲਿਸ ਗੁੰਡਾ ਗੱਠਜੋੜ ਨੂੰ ਤੋੜਿਆ ਜਾ ਸਕੇ। ਸੰਘਰਸ਼ ਤਹਿਤ ਅੱਜ ਤੋਂ ਲਗਾਤਾਰ ਸਿਵਲ ਹਸਪਤਾਲ ਦੀਆਂ ਓਪੀਡੀ ਸੇਵਾਵਾਂ ਮੁਕੰਮਲ ਬੰਦ ਰੱਖੀਆਂ ਜਾਣਗੀਆਂ।

ਅੱਜ ਧਰਨੇ ਨੂੰ ਪੀਸੀਐਮਐਸ ਵੱਲੋਂ ਡਾ. ਗੁਰਮੇਲ ਸਿੰਘ ਅਤੇ ਡਾ. ਜਗਰੂਪ ਸਿੰਘ, ਪੈਰਾ ਮੈਡੀਕਲ ਵੱਲੋਂ ਜਸਵਿੰਦਰ ਸ਼ਰਮਾ, ਕੁਲਵਿੰਦਰ ਸਿੰਘ ਅਤੇ ਜਗਦੀਪ ਸਿੰਘ ਵਿਰਕ, ਨਰਸਿੰਗ ਐਸੋਸੀਏਸਨ ਵੱਲੋਂ ਸਵਰਨਜੀਤ ਕੌਰ, ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸਨ ਵੱਲੋਂ ਮਨਜੀਤ ਸਿੰਘ, ਲੈਬੋਟਰੀ ਟੈਕਨੀਸੀਅਨ ਵੱਲੋਂ ਦਰਸ਼ਨ ਸਿੰਘ ਖਾਲਸਾ, ਕਲਾਸ ਫੋਰ ਯੂਨੀਅਨ ਵੱਲੋਂ ਸੱਤਪਾਲ ਸਿੰਘ, ਵੀਰਪਾਲ ਸਿੰਘ, ਹਰੀ ਓਮ, ਪਵਨ ਕੁਮਾਰ ਅਤੇ ਗੋਪਾਲ ਰਾਏ ਅਤੇ ਕਲੈਰੀਕਲ ਕਾਮਿਆਂ ਵੱਲੋਂ ਮਹਿੰਦਰ ਸੱਚਦੇਵਾ ਨੇ ਸੰਬੋਧਨ ਕੀਤਾ।

ਅੱਜ ਜ਼ਿਲ੍ਹੇ ਭਰ ’ਚ ਬੰਦ ਰਹਿਣਗੀਆਂ ਓਪੀਡੀ ਸੇਵਾਵਾਂ

ਕਰਮਚਾਰੀ ਆਗੂ ਗਗਨਦੀਪ ਸਿੰਘ ਨੇ ਦੱਸਿਆ ਕਿ ਅੱਜ ਸਿਰਫ਼ ਸਿਵਲ ਹਸਪਤਾਲ ਬਠਿੰਡਾ ’ਚ ਓਪੀਡੀ ਸੇਵਾਵਾਂ ਬੰਦ ਸੀ ਪਰ ਪੁਲਿਸ ਵੱਲੋਂ ਹਾਲੇ ਤੱਕ ਵੀ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ 6 ਮਈ ਤੋਂ ਸਾਰੇ ਜ਼ਿਲ੍ਹੇ ਦੀਆਂ ਸਿਹਤ ਸੇਵਾਵਾਂ ਠੱਪ ਕੀਤੀਆਂ ਜਾਣਗੀਆਂ।

ਮਰੀਜ਼ ਹੋਏ ਪ੍ਰੇਸ਼ਾਨ

ਛੁੱਟੀ ਤੋਂ ਅਗਲੇ ਦਿਨ ਹਮੇਸ਼ਾ ਹੀ ਹਸਪਤਾਲ ’ਚ ਭੀੜ ਜ਼ਿਆਦਾ ਹੁੰਦੀ ਹੈ ਕੱਲ੍ਹ 3 ਮਈ ਨੂੰ ਛੁੱਟੀ ਹੋਣ ਕਰਕੇ ਅੱਜ ਵੱਡੀ ਗਿਣਤੀ ’ਚ ਮਰੀਜ਼ ਆਏ ਹੋਏ ਸੀ ਫੂਸ ਮੰਡੀ ਤੋਂ ਆਏ ਪਾਲਾ ਸਿੰਘ ਨੇ ਦੱਸਿਆ ਕਿ ਉਸਦੇ 3 ਮਈ ਨੂੰ ਟੀਕਾ ਲੱਗਣਾ ਸੀ ਪਰ ਕੱਲ੍ਹ ਛੁੱਟੀ ਸੀ ਅੱਜ ਹਸਪਤਾਲ ਆਏ ਤਾਂ ਡਾਕਟਰ ਧਰਨੇ ’ਤੇ ਬੈਠੇ ਹਨ ਉਨ੍ਹਾਂ ਕਿਹਾ ਕਿ ਮੁੜ ਫਿਰ ਆਉਣਾ ਪਵੇਗਾ ਇਸ ਤੋਂ ਇਲਾਵਾ ਕੁੱਝ ਹੋਰ ਮਰੀਜ਼ਾਂ ਨੇ ਵੀ ਇਸ ਧਰਨੇ ਕਾਰਨ ਪ੍ਰੇਸ਼ਾਨ ਹੋਣ ਦੀ ਗੱਲ ਆਖੀ।

6 ਮਈ ਤੱਕ ਦਾ ਦਿੱਤਾ ਹੋਇਆ ਹੈ ਮੁਲਜ਼ਮ ਨੂੰ ਨੋਟਿਸ : ਡੀਐਸਪੀ

ਡੀਐਸਪੀ ਸਿਟੀ-1 ਚਰਨਜੀਵ ਲਾਂਬਾ ਨੇ ਦੱਸਿਆ ਕਿ 25 ਅਪ੍ਰੈਲ ਨੂੰ ਹੈਪੇਟਾਈਟਸ ਦਾ ਮਰੀਜ਼ ਬਹਾਦਰ ਸਿੰਘ ਦਾਖਲ ਸੀ, ਜਿਸ ਨਾਲ ਉਸਦਾ ਭਰਾ ਬੂਟਾ ਸਿੰਘ ਆਇਆ ਸੀ ਮਰੀਜ਼ ਦੇ ਕੁੱਝ ਟੈਸਟ ਕਰਵਾਉਣ ਲਈ ਡਾਕਟਰਾਂ ਨੇ ਕਿਹਾ ਸੀ ਜਦੋਂ ਟੈਸਟ ਕਰਵਾਉਣ ਲਈ ਉਹ ਲੈਬ ’ਚ ਗਏ ਤਾਂ ਇੱਕ ਲੈਬ ’ਚੋਂ ਕਿਹਾ ਗਿਆ ਕਿ ਟੈਸਟ ਅਧੂਰੇ ਹਨ।

ਦੂਜੇ ਪਾਸੇ ਜਾਓ ਤਾਂ ਅਜਿਹਾ ਕਰਨ ਨਾਲ ਉਹ ਕਾਫੀ ਖੱਜਲ ਖੁਆਰ ਹੋਏ ਉਨ੍ਹਾਂ ਨੇ ਇਸ ਬਾਰੇ ਡਾਕਟਰਾਂ ਨੂੰ ਵੀ ਜਾਣੂੰ ਕਰਵਾਇਆ ਇਸ ਮਗਰੋਂ ਉਨ੍ਹਾਂ ਨੇ ਆਪਣੀ ਫਾਈਲ ਮੰਗੀ ਕਿ ਫਾਈਲ ਵਾਪਿਸ ਦੇ ਦਿਓ ਡਾਕਟਰ ਤੋਂ ਸੈਂਪਲ ਪੂਰੇ ਕਰਵਾ ਲੈਂਦੇ ਹਾਂ, ਇਸੇ ਦੌਰਾਨ ਉੱਥੇ ਡਿਊਟੀ ’ਤੇ ਮੌਜ਼ੂਦ ਠੇਕਾ ਮੁਲਾਜ਼ਮ ਓਮ ਪ੍ਰਕਾਸ਼ ਦਰਜ਼ਾ ਚਾਰ ਨਾਲ ਤਕਰਾਰ ਹੋ ਕੇ ਥੱਪੜੋ-ਥੱਪੜੀ ਹੋ ਗਏ ਇਸ ਸਬੰਧ ’ਚ ਬੂਟਾ ਸਿੰਘ ਖਿਲਾਫ਼ ਕੇਸ ਦਰਜ਼ ਕਰ ਲਿਆ ਸੀ ਪਰ ਮਰੀਜ਼ ਦੇ ਨਾਲ ਇੱਕੋ ਜਣਾ ਹੋਣ ਕਰਕੇ ਕੋਈ ਕਾਰਵਾਈ ਨਹੀਂ ਕੀਤੀ ਗਈ, ਜਦੋਂਕਿ ਉਸਨੂੰ ਨੋਟਿਸ ਦੇ ਦਿੱਤਾ ਸੀ, ਜਿਸਦੀ ਮਿਆਦ 6 ਮਈ ਤੱਕ ਹੈ ਡੀਐਸਪੀ ਨੇ ਕਿਹਾ ਕਿ ਹਸਪਤਾਲ ਸਟਾਫ ਇਸ ਗੱਲ ਦੀ ਜਿੱਦ ਕਰ ਰਿਹਾ ਹੈ ਕਿ ਤੁਰੰਤ ਗ੍ਰਿਫਤਾਰ ਕੀਤਾ ਜਾਵੇ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ