ਰਾਹਤ ਦੀ ਉਮੀਦ : ਕੋਲੇ ਦੀ ਸਪਲਾਈ ਲਈ ਪੰਜਾਬ ਸਰਕਾਰ ਨੂੰ ਝਾਰਖੰਡ ’ਚ ਮਿਲੀ ਕੋਲ ਮਾਈਨ

vijay singh, Coal Supply

ਬਿਜਲੀ ਮੰਤਰੀ ਵੱਲੋਂ ਬਹੁਤ ਜਲਦੀ ਬਿਜਲੀ ਸੰਕਟ ਖਤਮ ਹੋਣ ਦਾ ਦਾਅਵਾ

(ਸੁਖਜੀਤ ਮਾਨ) ਮਾਨਸਾ। ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਇੱਥੇ ਦਾਅਵਾ ਕੀਤਾ ਕਿ ਥਰਮਲ ਪਲਾਂਟਾਂ ਲਈ ਕੋਲੇ ਦੀ ਕੋਈ ਘਾਟ ਨਾ ਆਵੇ, ਇਸ ਲਈ ਵੀ ਪੰਜਾਬ ਸਰਕਾਰ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੋਲੇ ਦੀ ਸਪਲਾਈ (Coal Supply) ਲਈ ਪੰਜਾਬ ਸਰਕਾਰ ਨੇ ਕੇਂਦਰੀ ਕੋਲਾ ਮੰਤਰੀ ਨਾਲ ਵੀ ਮੀਟਿੰਗ ਕੀਤੀ ਸੀ ਅਤੇ ਪੰਜਾਬ ਸਰਕਾਰ ਨੂੰ ਝਾਰਖੰਡ ਵਿੱਚ ਪਿਛਵਾਰਾ ਕੋਲ ਮਾਈਨ ਵੀ ਮਿਲ ਗਈ ਹੈ, ਜਿਸ ਨੂੰ ਜਲਦੀ ਹੀ ਚਾਲੂ ਕਰਕੇ ਪੰਜਾਬ ਨੂੰ ਕੋਲਾ ਸਪਲਾਈ ਕੀਤਾ ਜਾ ਸਕੇਗਾ। ਬਿਜਲੀ ਮੰਤਰੀ ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਬਣਾਂਵਾਲਾ ਵਿਖੇ ਸਥਿਤ ਵੇਦਾਂਤਾ ਦੇ ਤਲਵੰਡੀ ਸਾਬੋ ਪਾਵਰ ਲਿਮਟਿਡ ਦੇ ਦੌਰੇ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। (Coal Supply)

ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ 40 ਫੀਸਦੀ ਬਿਜਲੀ ਦੀ ਮੰਗ ਵਧੀ

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਨਿਰਵਿਘਨ ਬਿਜਲੀ ਸਪਲਾਈ ਲਈ ਪੂਰੀ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ ਅਤੇ ਬਹੁਤ ਜਲਦੀ ਹਰ ਖੇਤਰ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲਣੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ 40 ਫੀਸਦੀ ਬਿਜਲੀ ਦੀ ਮੰਗ ਵਧ ਗਈ ਹੈ ਅਤੇ ਕੁਝ ਬਿਜਲੀ ਤਾਪ ਘਰਾਂ ਵਿੱਚ ਤਕਨੀਕੀ ਕਾਰਨਾਂ ਕਰਕੇ ਕੁਝ ਯੂਨਿਟ ਬੰਦ ਹੋ ਗਏ ਸਨ, ਜਿਸ ਕਾਰਨ ਬਿਜਲੀ ਸਪਲਾਈ ਕੁਝ ਹੱਦ ਤੱਕ ਪ੍ਰਭਾਵਿਤ ਹੋਈ ਸੀ।

ਉਨ੍ਹਾਂ ਦੱਸਿਆ ਕਿ ਥਰਮਲ ਪਲਾਂਟਾਂ ਦੇ ਕੁਝ ਯੂਨਿਟਾਂ ਨੂੰ ਹੁਣ ਠੀਕ ਕਰ ਲਿਆ ਗਿਆ ਹੈ, ਜਦੋਂਕਿ ਬਾਕੀ ਦੇ ਯੂਨਿਟ ਵੀ ਜਲਦੀ ਹੀ ਬਿਜਲੀ ਉਤਪਾਦਨ ਸ਼ੁਰੂ ਕਰ ਦੇਣਗੇ। ਰੋਪੜ ਥਰਮਲ ਪਲਾਂਟ ਦਾ ਵੀ ਇੱਕ ਯੂਨਿਟ ਬੰਦ ਸੀ ਉਸ ਨੂੰ ਅੱਜ ਚਾਲੂ ਕਰ ਲਿਆ ਗਿਆ ਹੈ। ਇਸ ਦੌਰਾਨ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਵਿਜੇ ਸਿੰਗਲਾ ਨੇ ਕਿਹਾ ਕਿ ਭਾਵੇਂ ਕੁਝ ਤਕਨੀਕੀ ਕਾਰਨਾਂ ਕਰਕੇ ਬਿਜਲੀ ਸਪਲਾਈ ਵਿੱਚ ਕੁਝ ਕਮੀ ਆਈ ਸੀ ਪਰ ਪੰਜਾਬ ਸਰਕਾਰ ਨੇ ਪੂਰੀ ਸੁਹਿਰਦਤਾ ਨਾਲ ਇਸ ਮਸਲੇ ਨੂੰ ਲਗਭਗ ਹੱਲ ਕਰ ਲਿਆ ਹੈ।

ਉਨ੍ਹਾਂ ਕਿਹਾ ਕਿ ਸੂਬੇ ਦੇ ਹਸਪਤਾਲਾਂ ਵਿੱਚ ਬਿਜਲੀ ਕੱਟਾਂ ਦੌਰਾਨ ਬੈਕਅਪ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਅਤੇ ਬਿਜਲੀ ਕੱਟਾਂ ਦਾ ਸਿਹਤ ਸੰਸਥਾਵਾਂ ਵਿੱਚ ਇਲਾਜ ਕਰਵਾ ਰਹੇ ਮਰੀਜ਼ਾਂ ’ਤੇ ਕੋਈ ਅਸਰ ਨਹੀਂ ਪੈਣ ਦਿੱਤਾ ਜਾ ਰਿਹਾ। ਬਿਜਲੀ ਮੰਤਰੀ ਅਤੇ ਸਿਹਤ ਮੰਤਰੀ ਵੱਲੋਂ ਬਣਾਂਵਾਲੀ ਥਰਮਲ ਪਲਾਂਟ ਵਿੱਚ ਪੌਦੇ ਵੀ ਲਗਾਏ ਗਏ ਇਸ ਮੌਕੇ ਵਿਧਾਇਕ ਸਰਦੂਲਗੜ੍ਹ ਗੁਰਪ੍ਰੀਤ ਸਿੰਘ ਬਣਾਂਵਾਲੀ, ਵਿਧਾਇਕ ਬੁਢਲਾਡਾ ਬੁੱਧ ਰਾਮ, ਚੇਅਰਮੈਨ ਪਾਵਰਕੌਮ ਬਲਦੇਵ ਸਿੰਘ ਸਰਾਂ, ਡਾਇਰੈਕਟਰ ਜਨਰੇਸ਼ਨ ਇੰਜੀਨੀਅਰ ਪਰਮਜੀਤ ਸਿੰਘ, ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ, ਐੱਸਐੱਸਪੀ ਗੁਰਪ੍ਰੀਤ ਤੂਰਾ, ਐੱਸਡੀਐੱਮ.ਮਾਨਸਾ ਹਰਜਿੰਦਰ ਜੱਸਲ ਤੇ ਹੋਰ ਅਧਿਕਾਰੀ ਵੀ ਮੌਜ਼ੂਦ ਸਨ।
ਬਣਾਂਵਾਲਾ ਥਰਮਲ ਦਾ ਤੀਜਾ ਯੂਨਿਟ ਹਫ਼ਤੇ ’ਚ ਚਲਾਉਣ ਦੇ ਆਦੇਸ਼

ਇੱਕ ਹਫ਼ਤੇ ਦੇ ਅੰਦਰ-ਅੰਦਰ ਤੀਜਾ ਯੂਨਿਟ ਵੀ ਚਾਲੂ ਕੀਤਾ ਜਾਵੇ : ਬਿਜਲੀ ਮੰਤਰੀ

1980 ਮੈਗਾਵਾਟ ਪਾਵਰ ਵਾਲੇ ਤਲਵੰਡੀ ਸਾਬੋ ਪਾਵਰ ਲਿਮਟਿਡ ਬਣਾਂਵਾਲੀ ਦੇ ਤਿੰਨ ਯੂਨਿਟਾਂ ’ਚੋਂ 660 ਮੈਗਾਵਾਟ ਦਾ ਇੱਕ ਯੂਨਿਟ ਮੈਨਟੇਨਨੈਂਸ ਕਾਰਨ ਬੰਦ ਹੈ। ਬਿਜਲੀ ਮੰਤਰੀ ਨੇ ਅੱਜ ਥਰਮਲ ਦੇ ਦੌਰੇ ਦੌਰਾਨ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਇੱਕ ਹਫ਼ਤੇ ਦੇ ਅੰਦਰ-ਅੰਦਰ ਤੀਜਾ ਯੂਨਿਟ ਵੀ ਚਾਲੂ ਕੀਤਾ ਜਾਵੇ ਤਾਂ ਜੋ ਇਸ ਥਰਮਲ ਪਲਾਂਟ ਤੋਂ ਪੂਰਾ ਬਿਜਲੀ ਉਤਪਾਦਨ ਕੀਤਾ ਜਾ ਸਕੇ। ਉਨ੍ਹਾਂ ਥਰਮਲ ਵਾਲਿਆਂ ਨੂੰ ਤਜਵੀਜ ਦਿੱਤੀ ਕਿ ਜੇਕਰ ਸੰਭਵ ਹੋ ਸਕੇ ਤਾਂ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਦਾ ਸੋਧਿਆ ਹੋਇਆ ਪਾਣੀ ਵਰਤੋ ਵਿੱਚ ਲਿਆਂਦਾ ਜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ