ਯੋਗਤਾ ਨਹੀਂ ‘ਸਿਫ਼ਾਰਸ਼’ ਦੀ ਕੈਟਾਗਿਰੀ ਅਨੁਸਾਰ ਹੋਈ ਭਰਤੀ, ਜਿੰਨੀ ਵੱਡੀ ਸਿਫ਼ਾਰਸ਼, ਓਨੀ ਵੱਡੀ ਪੋਸਟ
- ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਕਰਵਾਉਣ ਜਾ ਰਹੇ ਹਨ ਉੱਚ ਪੱਧਰੀ ਜਾਂਚ (Assembly Recruitment Scam )
- ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਦੀ ਸ਼ਿਕਾਇਤ ਨੂੰ ਬਣਾਇਆ ਜਾ ਰਿਹੈ ਆਧਾਰ
- ਸੱਤਾ ਵਿੱਚ ਆਉਣ ਤੋਂ ਪਹਿਲਾਂ ਲਾਇਆ ਸੀ ਦੋਸ਼, ਹਰਜੋਤ ਬੈਂਸ ਨੇ ਦੱਸਿਆ ਸੀ ਵੱਡਾ ਘਪਲਾ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਵਿੱਚ ਭਰਤੀ ‘ਸਕੈਮ’ ਦਾ ਜਲਦ ਹੀ ਪਰਦਾਫਾਸ਼ (Assembly Recruitment Scam) ਹੋਣ ਜਾ ਰਿਹਾ ਹੈ, ਜਿਸ ਨਾਲ ਕਾਂਗਰਸ ਸਰਕਾਰ ਦੇ ਕੈਬਨਿਟ ਮੰਤਰੀਆਂ ਤੋਂ ਲੈ ਕੇ ਸਾਬਕਾ ਕਾਂਗਰਸੀ ਵਿਧਾਇਕਾਂ ਦੇ ਚਹੇਤਿਆਂ ਦੀ ਛੁੱਟੀ ਕਰਦੇ ਹੋਏ ਵਿਧਾਨ ਸਭਾ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ। ਇਸ ਸਬੰਧੀ ਜਲਦ ਹੀ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਉੱਚ ਪੱਧਰੀ ਜਾਂਚ ਦਾ ਆਦੇਸ਼ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਜਾਂਚ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਦੀ ਸ਼ਿਕਾਇਤ ਨੂੰ ਹੀ ਆਧਾਰ ਬਣਾ ਕੇ ਕੀਤੀ ਜਾਵੇਗੀ। ਹਰਜੋਤ ਬੈਂਸ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ 3 ਮਹੀਨੇ ਪਹਿਲਾਂ ਪ੍ਰੈਸ ਕਾਨਫਰੰਸ ਕਰਦੇ ਹੋਏ ਇਸ ਭਰਤੀ ਸਕੈਮ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਇਸ ਭਰਤੀ ਸਕੈਮ ਵਿੱਚ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਦੇ ਇੱਕ ਪਰਿਵਾਰਕ ਮੈਂਬਰ ਦੀ ਵੀ ਛੁੱਟੀ ਹੋ ਸਕਦੀ ਹੈ, ਕਿਉਂਕਿ ਰਾਣਾ ਵੱਲੋਂ ਆਪਣੇ ਹੀ ਇੱਕ ਪਰਿਵਾਰਕ ਮੈਂਬਰ ਨੂੰ ਵੀ ਨੌਕਰੀ ’ਤੇ ਰੱਖਿਆ ਗਿਆ ਸੀ।
ਇਸ ਭਰਤੀ ਸਕੈਮ ਵਿੱਚ ਸੇਵਾਦਾਰ ਤੋਂ ਲੈ ਕੇ ਕਲਰਕ ਅਤੇ ਰਿਪੋਰਟਰ ਤੋਂ ਲੈ ਕੇ ਕਾਨੂੰਨੀ ਸਲਾਹਕਾਰ ਤੱਕ ਦੀ ਜਾਂਚ ਹਵੇਗੀ ਅਤੇ ਸੈਂਕੜੇ ਦੀ ਗਿਣਤੀ ਵਿੱਚ ਭਰਤੀ ਕੀਤੇ ਗਏ ਕਰਮਚਾਰੀਆਂ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾਵੇਗੀ। ਇਸ ਜਾਂਚ ਵਿੱਚ ਕੋਈ ਘਾਟ ਨਾ ਰਹਿ ਜਾਵੇ, ਇਸ ਲਈ ਸੀਨੀਅਰ ਆਈਏਐਸ ਅਧਿਕਾਰੀ ਦੀ ਅਗਵਾਈ ਹੇਠ ਕਮੇਟੀ ਬਣਾਈ ਜਾ ਸਕਦੀ ਹੈ। ਇਸ ਕਮੇਟੀ ਵਿੱਚ ਕੌਣ ਕੌਣ ਹੋਵੇਗਾ ਅਤੇ ਜਾਂਚ ਕਿਸ ਪੱਧਰ ਦੀ ਹੋਵੇਗੀ, ਇਸ ਸਬੰਧੀ ਅਜੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਫੈਸਲਾ ਲਿਆ ਜਾਣਾ ਬਾਕੀ ਹੈ।
ਜਾਣਕਾਰੀ ਅਨੁਸਾਰ ਮੌਜੂਦਾ ਸਰਕਾਰ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਇਸੇ ਸਾਲ ਜਨਵਰੀ ਮਹੀਨੇ ਵਿੱਚ ਪ੍ਰੈਸ ਕਾਨਫਰੰਸ ਕਰਦੇ ਹੋਏ ਕਾਂਗਰਸ ਸਰਕਾਰ ’ਚ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ’ਤੇ ਦੋਸ਼ ਲਗਾਇਆ ਸੀ ਕਿ ਵਿਧਾਨ ਸਭਾ ਵਿੱਚ ਵੱਡੇ ਪੱਧਰ ’ਤੇ ਕਰਮਚਾਰੀ ਭਰਤੀ ਕੀਤੇ ਗਏ ਹਨ ਅਤੇ ਇਨ੍ਹਾਂ ਕਰਮਚਾਰੀਆਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਨਹੀਂ ਸਗੋਂ ‘ਸਿਫ਼ਾਰਸ਼’ ਦੀ ਕੈਟਾਗਿਰੀ ਅਨੁਸਾਰ ਭਰਤੀ ਕੀਤਾ ਗਿਆ ਹੈ।
ਹਰਜੋਤ ਬੈਂਸ ਵੱਲੋਂ ਦੋਸ਼ ਲਗਾਏ ਗਏ ਸਨ ਕਿ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਵੱਲੋਂ ਆਪਣੇ ਰਿਸ਼ਤੇਦਾਰਾਂ ਦੇ ਨਾਲ ਹੀ ਕਈ ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਇਕਾਂ ਦੇ ਰਿਸ਼ਤੇਦਾਰ ਜਾਂ ਫਿਰ ਸਿਫ਼ਾਰਸ਼ੀਆਂ ਨੂੰ ਭਰਤੀ ਕੀਤਾ ਗਿਆ ਸੀ। ਇਥੇ ਹੀ ਸਰਕਾਰ ਵਿੱਚ ਵੱਡੇ ਅਧਿਕਾਰੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸਰਕਾਰੀ ਨੌਕਰੀ ਦਿੱਤੀ ਗਈ ਸੀ। ਹਰਜੋਤ ਬੈਂਸ ਵੱਲੋਂ ਲਾਏ ਗਏ ਦੋਸ਼ਾਂ ਦੀ ਫਾਈਲ ਹੁਣ ਮੌਜੂਦਾ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਖੋਲ੍ਹੀ ਜਾ ਰਹੀ ਹੈ ਅਤੇ ਇਸ ਮਾਮਲੇ ਵਿੱਚ ਉਹ ਉੱਚ ਪੱਧਰੀ ਜਾਂਚ ਕਰਵਾਉਣ ਦੇ ਨਾਲ ਹੀ ‘ਸਿਫ਼ਾਰਸ਼ੀ’ ਕਰਮਚਾਰੀਆਂ ਨੂੰ ਛੁੱਟੀ ਕਰਕੇ ਘਰ ਤੋਰਨ ਦੇ ਮੂਡ ਵਿੱਚ ਨਜ਼ਰ ਆ ਰਹੇ ਹਨ।
ਜਲਦ ਕੀਤੀ ਜਾਵੇਗੀ ਕਾਰਵਾਈ, ਯੋਗ ਉਮੀਦਵਾਰਾਂ ਨਾਲ ਹੋਇਐ ਧੋਖਾ : ਕੁਲਤਾਰ ਸੰਧਵਾਂ
ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵਿੱਚ ਭਰਤੀ ਦੌਰਾਨ ਜੇਕਰ ਸਿਫ਼ਾਰਸ਼ੀ ਕਰਮਚਾਰੀਆਂ ਨੂੰ ਭਰਤੀ ਕੀਤਾ ਗਿਆ ਹੈ ਤਾਂ ਇਹ ਯੋਗ ਉਮੀਦਵਾਰਾਂ ਨਾਲ ਧੋਖਾ ਹੋਇਆ ਹੈ ਅਤੇ ਸਰਕਾਰ ਨਾਲ ਵੀ ਜਾਲਸਾਜ਼ੀ ਕੀਤੀ ਗਈ ਹੈ। ਦੋਸ਼ੀ ਪਾਏ ਜਾਣ ਵਾਲੇ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਥੇ ਇਹ ਵੀ ਕਿਹਾ ਕਿ ਜਿਹੜੇ ਵੀ ਕਰਮਚਾਰੀ ਪਿਛਲੀ ਸਰਕਾਰ ਵਿੱਚ ਆਪਣੀ ਯੋਗਤਾ ਅਤੇ ਨਿਯਮਾਂ ਅਨੁਸਾਰ ਪ੍ਰਕਿਰਿਆ ਰਾਹੀਂ ਭਰਤੀ ਹੋਏ ਹਨ, ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ