ਮੁਕਤਸਰ ਦੇ ਡੀਸੀ ਤੇ ਡੀਐਸਪੀ ‘ਤੇ ਹੋਵੇਗੀ ਕਾਰਵਾਈ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਲੰਬੀ ਵਿਖੇ ਕਿਸਾਨਾਂ ਅਤੇ ਤਹਿਸੀਲਦਾਰ ਦਫ਼ਤਰ ਦੇ ਅਧਿਕਾਰੀਆਂ ਨਾਲ ਹੋਏ ਝਗੜੇ ਨੂੰ ਲੈ ਕੇ ਹੁਣ ਕਿਸਾਨਾਂ ਦੇ ਦਬਾਅ ਹੇਠ ਮੁੱਖ ਮੰਤਰੀ ਭਗਵੰਤ ਮਾਨ ਨੇ ਡਿਪਟੀ ਕਮਿਸ਼ਨਰ ਮੁਕਤਸਰ ਅਤੇ ਡੀਐਸਪੀ ਮਲੋਟ ਦੇ ਖ਼ਿਲਾਫ਼ ਕਾਰਵਾਈ ਕਰਨ ਮੰਨ ਬਣਾ ਲਿਆ ਹੈ। ਮੁੱਖ ਮੰਤਰੀ ਵਲੋਂ ਕਿਸਾਨ ਲੀਡਰਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੇ ਨਾਲ ਹੀ ਪੀੜਤ ਕਿਸਾਨਾਂ ਖ਼ਿਲਾਫ਼ ਦਰਜ਼ ਹੋਏ ਸਾਰੇ ਮਾਮਲੇ ਵੀ ਵਾਪਸ ਹੋਣਗੇ। ਮੁੱਖ ਮੰਤਰੀ ਦੇ ਇਸ ਭਰੋਸੇ ਤੋਂ ਬਾਅਦ ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਚਲਾਈ ਜਾਣ ਮੁਹਿੰਮ ਨੂੰ ਵੀ ਫਿਲਹਾਲ ਰੋਕ ਦਿੱਤਾ ਗਿਆ ਹੈ ਅਤੇ ਡਿਪਟੀ ਕਮਿਸ਼ਨਰ ਅੱਗੇ ਚਲ ਰਹੇ ਧਰਨਾ ਨੂੰ ਵੀ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ।
ਚੰਡੀਗੜ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਬੀਕੇਯੂ ਏਕਤਾ ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੂੰ ਮੀਟਿੰਗ ਲਈ ਸੱਦਿਆ ਗਿਆ ਸੀ। ਇਨਾਂ ਯੂਨੀਅਨਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜੋਰਾ ਸਿੰਘ ਨਸਰਾਲੀ ਸਣੇ ਦੋਹੇ ਯੂਨੀਅਨਾਂ ਵਲੋਂ ਕਈ ਕਿਸਾਨ ਲੀਡਰ ਵੀ ਮੀਟਿੰਗ ਵਿੱਚ ਸ਼ਾਮਲ ਹੋਏ ਸਨ।
ਮੀਟਿੰਗ ਤੋਂ ਬਾਅਦ ਜੋਗਿੰਦਰ ਉਗਰਾਹਾਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੱਸਿਆ ਗਿਆ ਕਿ ਮੁਕਤਸਰ ਦੇ ਡਿਪਟੀ ਕਮਿਸ਼ਨਰ ਵਲੋਂ ਜਾਣ-ਬੱੁਝ ਕੇ ਗੁਲਾਬੀ ਸੁੰਡੀ ਨਾਲ ਹੋਏ ਨਰਮੇ ਦੇ ਨੁਕਸਾਨ ਦੀ ਠੀਕ ਢੰਗ ਨਾਲ ਗਿਰਦਾਵਰੀ ਨਹੀਂ ਕੀਤੀ ਗਈ ਅਤੇ ਨਰਮਾ ਚੱੁਕਣ ਵਾਲੇ ਮਜ਼ਦੂਰਾਂ ਦੀ ਸ਼ਨਾਖ਼ਤ ਦਾ ਕੰਮ ਵੀ ਸ਼ੁਰੂ ਨਹੀਂ ਕਰਵਾਇਆ ਗਿਆ ਹੈ। ਜਿਸ ਕਾਰਨ ਫਸਲ ਦੇ ਨੁਕਸਾਨ ਲਈ ਮਿਲਣ ਵਾਲਾ ਮੁਆਵਜ਼ਾ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਤੱਕ ਨਹੀਂ ਪੁੱਜ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਜਦੋਂ ਕਿਸਾਨਾਂ ਵਲੋਂ ਅਧਿਕਾਰੀਆਂ ਤੋਂ ਪੁੱਛਿਆ ਜਾ ਰਿਹਾ ਸੀ ਅਤੇ ਧਰਨਾ ਦਿੱਤਾ ਜਾ ਰਿਹਾ ਸੀ ਤਾਂ ਕਿਸਾਨਾਂ ’ਤੇ ਲਾਠੀ-ਚਾਰਜ ਕਰਵਾਇਆ ਗਿਆ ਅਤੇ ਮੌਕੇ ’ਤੇ ਸਰਕਾਰੀ ਕਰਮਚਾਰੀਆਂ ਨੇ ਵੀ ਕਿਸਾਨਾਂ ’ਤੇ ਹਮਲਾ ਕੀਤਾ। ਇਸ ਲਈ ਇਨਾਂ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਮੁੱਖ ਮੰਤਰੀ ਤੋਂ ਕੀਤੀ ਗਈ ਸੀ।
ਜੋਗਿੰਦਰ ਸਿੰਘ ਉਗਰਾਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੰਦੇ ਹੋਏ ਭਰੋਸਾ ਦਿੱਤਾ ਕਿ ਮੁਕਤਸਰ ਸਾਹਿਬ ਵਿਖੇ ਨਰਮੇ ਦੀ ਫਸਲ ਨਾਲ ਹੋਏ ਨੁਕਸਾਨ ਦੀ ਭਰਪਾਈ ਜਲਦ ਹੀ ਕੀਤੀ ਜਾਏਗੀ ਅਤੇ ਕਿਸੇ ਵੀ ਕਿਸਾਨ ਜਾਂ ਫਿਰ ਖੇਤ ਮਜ਼ਦੂਰ ਨਾਲ ਧੱਕਾ ਨਹੀਂ ਕੀਤਾ ਜਾਏਗਾ। ਇਥੇ ਹੀ ਮੁਕਤਸਰ ਜ਼ਿਲੇ ਵਿੱਚ ਨੁਕਸਾਨ ਦੀ 50 ਫੀਸਦੀ ਮੁਆਵਜ਼ੇ ਵਜੋਂ 50 ਕਰੋੜ ਰੁਪਏ ਕਿਸਾਨਾਂ ਨੂੰ ਮਿਲੇਗਾ ਤਾਂ ਬਾਕੀਆਂ ਮੰਗਾਂ ’ਤੇ ਵੀ ਜਲਦ ਹੀ ਸਰਕਾਰ ਵਲੋਂ ਕਾਰਵਾਈ ਕੀਤੀ ਜਾਏਗੀ।
ਖੇਤ ਮਾਲਕ ਨੂੰ ਨਹੀਂ ਖੇਤੀ ਕਰਨ ਵਾਲੇ ਨੂੰ ਮਿਲੇਗਾ ਮੁਆਵਜ਼ਾ
ਕਿਸਾਨ ਆਗੂਆਂ ਨੇ ਦੱਸਿਆ ਕਿ ਮੁਕਤਸਰ ਜ਼ਿਲ੍ਹੇ ਵਿੱਚ ਹੋਏ ਨੁਕਸਾਨ ਦਾ 50 ਫੀਸਦੀ ਮੁਆਵਜ਼ਾ ਦੇਣ ਬਾਰੇ ਸਮਝੌਤਾ ਹੋ ਗਿਆ ਹੈ। ਇਸ ਵਿੱਚ ਕਿਸਾਨਾਂ ਨੂੰ 50 ਕਰੋੜ ਰੁਪਏ ਮਿਲਣਗੇ। ਇਸ ਦੇ ਨਾਲ ਹੀ ਇਸ ਦਾ 10 ਫੀਸਦੀ ਭਾਵ 5 ਕਰੋੜ ਰੁਪਏ ਖੇਤ ਮਜ਼ਦੂਰਾਂ ਨੂੰ ਦਿੱਤੇ ਜਾਣਗੇ। ਇਸ ਤੋਂ ਇਲਾਵਾ ਪਟਿਆਲਾ, ਫਾਜ਼ਿਲਕਾ, ਅੰਮ੍ਰਿਤਸਰ ਵਿੱਚ ਗੜੇਮਾਰੀ ਕਾਰਨ ਹੋਏ ਨੁਕਸਾਨ ਦੀ ਵੀ ਜਲਦੀ ਗਿਰਦਾਵਰੀ ਕਰਵਾਈ ਜਾਵੇਗੀ। ਕਿਸਾਨ ਆਗੂਆਂ ਨੇ ਕਿਹਾ ਕਿ ਪਹਿਲਾਂ ਖੇਤ ਮਾਲਕ ਕਿਸਾਨ ਤੋਂ ਠੇਕਾ ਲੈਂਦੇ ਸਨ ਤੇ ਮੁਆਵਜ਼ਾ ਵੀ, ਇਸ ਵਾਰ ਇਹ ਮੁਆਵਜ਼ਾ ਕਾਸ਼ਤਕਾਰ ਨੂੰ ਹੀ ਦਿੱਤਾ ਜਾਵੇਗਾ। ਫਿਲਹਾਲ ਕਿਸਾਨਾਂ ਨੇ ਆਪਣਾ ਧਰਨਾ ਖਤਮ ਕਰਨ ’ਤੇ ਕੋਈ ਫੈਸਲਾ ਨਹੀਂ ਲਿਆ ਹੈ। ਉਨਾਂ ਦਾ ਕਹਿਣਾ ਹੈ ਕਿ ਅਸੀਂ ਡੀਸੀ ਅਤੇ ਡੀਐਸਪੀ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ