ਕਹਾਣੀ : ਰਬੜ ਦੀ ਗੁੱਡੀ (Rubber Doll)
ਮੇਰਾ ਵਜੂਦ ਰਬੜ ਦੀ ਗੁੱਡੀ (Rubber Doll) ਵਰਗਾ ਐ, ਜੋ ਬਾਬਲ ਦੇ ਘਰ ਦੀ ਵੱਡੀ ਸਵਾਤ ਵਿੱਚ ਬਣੀ ਉੱਚੀ ਕੰਸ ’ਤੇ ਰੱਖੀ ਹੋਈ ਆ, ਤੇ ਬਾਬਲ ਹਰ ਕਿਸੇ ਨੂੰ ਇਹੀ ਕਹਿੰਦਾ ਕਿ, ‘‘ਇਹ ਮੇਰੀ ਗੁੱਡੀ ਆ।’’ ਪਰ ਉਹ ਇਹ ਮੋਹ, ਤੇ ਦੁਲਾਰ ਨਾਲ ਭਿੱਜੇ ਇਹਨਾਂ ਲਫਜ਼ਾਂ ਨੂੰ ਮੇਰੇ ਸਾਹਮਣੇ ਨਹੀਂ ਕਹਿੰਦਾ, ਕਿਉਂਕਿ ਉਸ ਵੇਲੇ ਉਹ ਸਿਰਫ ਅਣਖ ਤੇ ਰੋਹਬ ਨਾਲ ਤਣਿਆ ਪੁਰਸ਼ ਹੁੰਦਾ ਏ, ਜੋ ਆਪਣੇ ਅੰਦਰ ਜਗੇ ਦੁਲਾਰ ’ਤੇ ਵੀ ਜਿੱਤ ਪਾ ਲੈਂਦਾ ਏ। ਉਸ ਗੁੱਡੀ ਨੂੰ ਬੜੀ ਹੀ ਸੰਭਾਲ ਨਾਲ ਰੱਖਿਆ ਜਾਂਦਾ ਕਿਤੇ ਕੋਈ ਦਰਵਾਜੇ ਉਹਲੇ ਖਲੋ ਜਾਂ ਬਾਰੀ ਦੀ ਵਿਰਲ ਵਿੱਚੋਂ ਕਿਸੇ ਦੀ ਨਜ਼ਰੀਂ ਨਾ ਪੈ ਜਾਵੇ। ਵੀਰਾ… ਉਹ ਵੀ ਬਹੁਤ ਖਿਆਲ ਰੱਖਦਾ, ਆਪਣੀ ਪੱਗ ਦਾ, ਮਾਂ… ਉਹ ਵੀ ਸ਼ਾਇਦ ਗੁੱਡੀ ਸੀ ਰਬੜ ਦੀ, ਤੇ ਇਉਂ ਮੈਨੂੰ ਬੜੀ ਹੀ ਸਾਂਭ-ਸੰਭਾਲ ਨਾਲ ਰੱਖਿਆ ਗਿਆ।
ਬਾਬਲ ਦੇ ਘਰ ਦੀ ਵੱਡੀ ਸਵਾਤ ਵਿੱਚ ਬਣੀ ਉੱਚੀ ਕੰਸ ’ਤੇ, ਫਿਰ ਇੱਕ ਦਿਨ ਉਸ ਸਵਾਤ ਵਿੱਚ ਕਈ ਜਾਣੇ ਇਕੱਠੇ ਹੋਏ, ਉਹ ਸਭ ਗੱਲਾਂ ਕਰ ਰਹੇ ਸੀ ਕਿ ਵੇਲਾ ਮਾੜਾ ਏ, ਪਰਾਇਆ ਧਨ ਐ, ਆਪਣੇ ਘਰ ਜਾਵੇ ਤੇ ਤੁਹਾਡਾ ਵੀ ਭਾਰ ਲਹਿਜੂ, ਇਹ ਗੱਲਾਂ ਭਾਵੇਂ ਮੈਨੂੰ ਸਮਝ ਨਹੀਂ ਆਈਆਂ, ਪਰ ਗੱਲ ਮੇਰੀ ਹੀ ਹੋ ਰਹੀ ਸੀ। ਇਹ ਪਤਾ ਲੱਗਾ ਮੈਨੂੰ ਜਦ ਸਭ ਮੇਰੇ ਵੱਲ ਤੱਕ ਰਹੇ ਸਨ, ਮੈਂ ਸੋਚਿਆ ਕਿ ਸ਼ਾਇਦ ਮੇਰਾ ਘਰ ਕੋਈ ਹੋਰ ਹੋਣਾ ਤਾਂ ਹੀ ਇੰਨਾ ਸੋਚਿਆ ਜਾ ਰਿਹਾ ਮੇਰੇ ਬਾਰੇ
ਫਿਰ ਇੱਕ ਦਿਨ ਮੈਨੂੰ ਖੂਬ ਸਜਾਇਆ ਗਿਆ। ਜਰੀ ਦਾ ਭਾਰਾ ਲਹਿੰਗਾ, ਹੱਥੀਂ ਮਹਿੰਦੀ, ਸੁਰਖ ਚੂੜਾ ਤੇ ਭਾਰੀ ਗਹਿਣੇ, ਮੈਂ ਕੰਸ ਤੋਂ ਹੇਠਾਂ ਆ ਚੁੱਕੀ ਸੀ, ਮੇਰੇ ਆਸ-ਪਾਸ ਬਹੁਤ ਭੀੜ ਸੀ, ਸਭ ਦੇਖ ਰਹੇ ਸੀ ਪਰ ਅੱਜ ਕਿਸੇ ਨੇ ਬੂਹਾ ਨੀ ਭੇੜਿਆ, ਮੈਂ ਸ਼ੀਸ਼ੇ ’ਚ ਦੇਖਿਆ ਖੁਦ ਨੂੰ, ਤੇ ਇੱਕ ਨਵਾਂ ਹੀ ਵਾਰ ਆਉਂਦਾ ਦਿਸਿਆ। ਪਰ ਦਿਨ ਭਰ ਵਿੱਚ ਹੋਣ ਵਾਲੇ ਕਾਰ-ਵਿਹਾਰ ਮੈਨੂੰ ਨਵੇਂ ਸਫੇ ਜਿਹੇ ਲੱਗੇ, ਤੇ ਫਿਰ ਅਚਾਨਕ ਮੈਂ ਦੇਖਿਆ ਕਿ ਹਮੇਸ਼ਾ ਸੀਨਾ ਤਾਣ ਕੇ ਚੱਲਣ ਵਾਲਾ ਬਾਬਲ ਅੱਜ ਕੁਝ ਝੁਕਿਆ ਜਿਹਾ ਦਿਸ ਰਿਹਾ ਸੀ।
ਰਬੜ ਦੀ ਗੁੱਡੀ
ਜੋ ਵਾਰ-ਵਾਰ ਮੈਨੂੰ ਆ ਕੇ ਦੇਖਦਾ, ਕਦੇ ਕੁਝ ਖਾਣ ਲਈ ਲੈ ਕੇ ਆਉਂਦਾ ਜਾਂ ਕੋਈ ਚੀਜ ਚੁੱਕਣ ਬਹਾਨੇ, ਉਹ ਵੀਰ ਜੋ ਰੋਹਬ ਨਾਲ ਰਹਿੰਦਾ ਮੁੱਛਾਂ ’ਤੇ ਹੱਥ ਰੱਖ ਕੇ, ਅੱਜ ਉਹ ਕੁਝ ਰੁਲਿਆ ਜਿਹਾ ਲੱਗਾ, ਭੱਜ-ਭੱਜ ਕੇ ਸਭ ਲੋਕਾਂ ਦੀ ਦੇਖਭਾਲ ਕਰਦਾ ਪਰ ਕਈ ਵਾਰ ਵੇਖਿਆ ਉਹਨੂੰ ਮੇਰੇ ਵੱਲ ਤੱਕ ਕੇ ਅੱਖਾਂ ਦੇ ਕੋਇਆਂ ’ਚੋਂ ਸਿੰਮਦੇ ਪਾਣੀ ਨੂੰ ਪੈਂਟ ਦੀ ਜੇਬ੍ਹ ਵਿੱਚੋਂ ਰੁਮਾਲ ਕੱਢ ਕੇ ਪੂੰਝਦੇ ਹੋਏ ਤੇ ਮਾਂ! ਉਹ ਤਾਂ ਕੁਝ ਸੁੰਨੀ ਜਿਹੀ ਜਾਪੀ ਜੋ ਕੰਮ ਕਰਦੀ ਕਈ ਵਾਰ ਆਈ ਤੇ ਆ ਕੇ ਮੇਰਾ ਮੱਥਾ ਚੁੰਮ ਜਾਂਦੀ
ਮੈਂ ਇਹੀ ਸੋਚ ਰਹੀ ਸੀ ਕਿ ਇਹ ਸਭ ਅੱਜ ਕਿਸੇ ਪਰਾਈ ਚੀਜ ਦਾ ਏਨਾ ਤੇਹ ਕਿਉਂ ਕਰੀ ਜਾਂਦੇ, ਤੇ ਫਿਰ ਸਭ ਕਾਰ-ਵਿਹਾਰ ਨਿੱਬੜੇ ਤਾਂ ਦੇਖਿਆ ਕਿ ਉਹ ਅਣਖ ਨਾਲ ਭਰਿਆ ਪੁਰਸ਼ ਖੜੋਤਾ ਸੀ, ਆਏ ਹੋਏ ਉਹਨਾਂ ਖਾਸ ਮਹਿਮਾਨਾਂ ਸਾਹਵੇਂ ਹੱਥ ਜੋੜ ਕੇ, ਤੇ ਹੰਝੂਆਂ ਨਾਲ ਭਿੱਜੀ ਦਾਹੜੀ ਮੇਰਾ ਕਾਲਜਾ ਵਲੂੰਧਰ ਗਈ, ਉਹ ਮੇਰਾ ਬਾਬਲ ਕਹਿ ਰਿਹਾ ਸੀ, ਖਿਆਲ ਰੱਖਿਓ ਮੇਰੀ ਗੁੱਡੀ ਦਾ, ਤੇ ਉਹਦਾ ਮੋਢਾ ਫੜੀ ਖੜ੍ਹਾ ਵੀਰ ਜਿਵੇਂ ਉਹਦੀ ਗੱਲ ’ਚ ਹੁੰਗਾਰਾ ਭਰਦਿਆਂ ਹਾੜਾ ਕੱਢ ਰਿਹਾ ਸੀ, ਉਦੋਂ ਮੇਰਾ ਦਿਲ ਕੀਤਾ ਕਿ ਆ ਕੇ ਗਲ ਲੱਗਜਾਂ ਬਾਬਲ ਦੇ ਤੇ ਕਹਾਂ ਕਿ ਮੈਂ ਨਹੀਂ ਜਾਣਾ ਆਪਣੇ ਘਰ, ਜਾਂ ਪੁੱਛਾਂ ਕਿ ਪਰਾਈ ਚੀਜ ਸੀ ਤਾਂ ਏਨਾ ਮੋਹ ਕਿਉਂ? ਪਰ ਨਹੀਂ ਕਿਹਾ ਗਿਆ, ਜ਼ਰੀ ਦੇ ਲਹਿੰਗੇ ਤੇ ਗਹਿਣਿਆਂ ਤੋਂ ਵੀ ਭਾਰਾ ਹੋਇਆ ਸੀ ਮਨ, ਹੰਝੂਆਂ ਦੇ ਆਏ ਹੜ੍ਹ ਵਿੱਚ ਮਨ ਦੀਆਂ ਕੰਧਾਂ ਖੁਰਦੀਆਂ ਜਾਪੀਆਂ।
ਮਨਦੀਪ ਰਾਣੀ,
ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ