ਇੰਗਲੈਂਡ ਬੋਰਡ ਨੇ ਜੇਸਨ ਰਾਏ ਨੂੰ ਦੋ ਮੈਚਾਂ ਲਈ ਮੁਅੱਤਲ ਕਰ ਦਿੱਤਾ
ਲੰਡਨ। ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈ.ਸੀ.ਬੀ.) ਨੇ ਜੇਸਨ ਰਾਏ ‘ਤੇ ਦੋ ਮੈਚਾਂ ਦੀ ਪਾਬੰਦੀ ਲਗਾ ਦਿੱਤੀ ਹੈ। ਮਾੜੇ ਆਚਰਣ ਕਾਰਨ ਉਹਨਾਂ ਵਿਰੁੱਧ ਇਹ ਕਾਰਵਾਈ ਕੀਤੀ ਗਈ ਹੈ। ਈਸੀਬੀ ਨੇ ਇੱਕ ਬਿਆਨ ਵਿੱਚ ਕਿਹਾ, “ਜੇਸਨ (Jason Roy) ਵੱਲੋਂ ਆਪਣੇ ਵਿਰੁੱਧ ਦੋਸ਼ਾਂ ਨੂੰ ਸਵੀਕਾਰ ਕਰਨ ਤੋਂ ਬਾਅਦ, ਕ੍ਰਿਕਟ ਅਨੁਸ਼ਾਸਨੀ ਕਮੇਟੀ (ਸੀਡੀਸੀ) ਦੇ ਅਨੁਸ਼ਾਸਨੀ ਪੈਨਲ ਨੇ ਉਸਦੇ ਖਿਲਾਫ ਆਪਣਾ ਫੈਸਲਾ ਸੁਣਾਇਆ ਹੈ।” ਰਾਏ ਦਾ ਮੰਨਣਾ ਹੈ ਕਿ ਉਸ ਨੇ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ ਹੈ, ਉਸ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ ਕਿਉਂਕਿ ਇਸ ਨਾਲ ਕ੍ਰਿਕਟ, ਈਸੀਬੀ ਅਤੇ ਖੁਦ ਦੀ ਬਦਨਾਮੀ ਹੋਈ ਹੈ। ਜੇਸਨ ਨੇ ਈਸੀਬੀ ਦਿਸ਼ਾ ਨਿਰਦੇਸ਼ਾਂ 3.3 ਦੀ ਉਲੰਘਣਾ ਕੀਤੀ ਹੈ।
ਹਾਲਾਂਕਿ, ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇੱਥੇ ਉਸ ਦੇ ਕਿਸ ਮਾੜੇ ਆਚਰਣ ਦੀ ਗੱਲ ਕੀਤੀ ਜਾ ਰਹੀ ਹੈ। ਪਰ ਕੁਝ ਮੀਡੀਆ ਰਿਪੋਰਟਾਂ ’ਚ ਦੱਸਿਆ ਜਾ ਰਿਹਾ ਹੈ ਕਿ ਰਾਏ, ਜਿਸ ਨੂੰ ਗੁਜਰਾਤ ਟਾਈਟਨਸ ਨੂੰ ਆਈਪੀਐਲ 2022 ਲਈ ਖਰੀਦਿਆ ਸੀ, ਨੇ ਬਾਇਓ ਬੱਬਲ ਦਾ ਹਵਾਲਾ ਦਿੰਦੇ ਹੋਏ ਲੀਗ ਦੇ 15ਵੇਂ ਸੀਜ਼ਨ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ ਅਤੇ ਇਸ ਕਾਰਨ ਉਨ੍ਹਾਂ ’ਤੇ ਪਾਬੰਦੀ ਲਗਾਈ ਗਈ ਹੈ।
ਈਸੀਬੀ ਨੇ ਕਿਹਾ, ‘ਜੇਸਨ ਨੂੰ ਇੰਗਲੈਂਡ ਵਿੱਚ ਅਗਲੇ ਦੋ ਮੈਚਾਂ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ ਜਿਸ ਵਿੱਚ ਉਹ ਚੋਣ ਲਈ ਯੋਗ ਹੋਵੇਗਾ, ਪਰ ਇਹ ਮੁਅੱਤਲੀ 12 ਮਹੀਨਿਆਂ ਤੱਕ ਵੀ ਹੋ ਸਕਦੀ ਹੈ।’ ਹਾਲਾਂਕਿ ਇਹ ਉਨ੍ਹਾਂ ਦੇ ਵਿਵਹਾਰ ‘ਤੇ ਨਿਰਭਰ ਕਰਦਾ ਹੈ। ਇਸ ਤੋਂ ਇਲਾਵਾ ਉਸ ’ਤੇ 2,500 ਯੂਰੋ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ, ਜੋ ਉਸ ਨੂੰ 31 ਮਾਰਚ 2022 ਤੱਕ ਅਦਾ ਕਰਨਾ ਹੋਵੇਗਾ। ਜ਼ਿਕਰਯੋਗ ਹੈ ਕਿ ਸਾਲ 2019 ਵਿੱਚ ਇੰਗਲੈਂਡ ਨੂੰ 50 ਓਵਰਾਂ ਦਾ ਵਿਸ਼ਵ ਕੱਪ ਜਿੱਤਣ ਵਿੱਚ ਮਦਦ ਕਰਨ ਵਾਲੇ ਜੇਸਨ ਨੇ ਹਾਲ ਵਿੱਚ ਹੀ ਐਲਾਨ ਕੀਤਾ ਸੀ ਕਿ ਉਹ ਕੁਝ ਸਮੇਂ ਲਈ ਕ੍ਰਿਕਟ ਤੋਂ ਬ੍ਰੇਕ ਲੈ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ