ਹਾਸਾ ਕੁਦਰਤ ਦਾ ਅਨਮੋਲ ਤੋਹਫਾ
ਇਨਸਾਨ ਨੂੰ ਹਰ ਵੇਲੇ ਖ਼ੁਸ਼ ਰਹਿਣਾ ਚਾਹੀਦਾ ਹੈ ਇਹੀ ਖ਼ੁਸ਼ੀ ਚਿਹਰੇ ’ਤੇ ਹਾਸੇ ਦੇ ਰੂਪ ਵਿਚ ਡੁੱਲ੍ਹ-ਡੁੱਲ੍ਹ ਪੈਂਦੀ ਹੈ ਸਿਆਣਿਆਂ ਨੇ ਠੀਕ ਹੀ ਕਿਹਾ ਹੈ ‘ਹੱਸਦਿਆਂ ਦੇ ਘਰ ਵੱਸਦੇ’। ਬੇਸ਼ੱਕ ਇਨਸਾਨ ਦੀ ਜ਼ਿੰਦਗੀ ਵਿਚ ਕਈ ਵਾਰ ਦੁੱਖਾਂ ਦੀਆਂ ਹਨੇ੍ਹਰੀਆਂ ਝੁੱਲ ਜਾਂਦੀਆਂ ਹਨ, ਪਰ ਫਿਰ ਵੀ ਕਈ ਗੱਲਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਦਾ ਹੱਲ ਦੁਖੀ ਹੋ ਕੇ ਜਾਂ ਰੋ-ਕੁਰਲਾ ਕੇ ਵੀ ਨਹੀਂ ਨਿੱਕਲਦਾ। ਸੋ ਅਜਿਹੀਆਂ ਸਥਿਤੀਆਂ ਵਿਚ ਇਹ ਤਾਂ ਨਹੀਂ ਕਿ ਖਿੜ-ਖਿੜ ਹੱਸਣਾ ਚਾਹੀਦਾ ਹੈ, ਪਰ ਜਿੱਥੋਂ ਤੱਕ ਹੋ ਸਕੇ ਮਨ ’ਤੇ ਕਾਬੂ ਪਾ ਕੇ ਰੱਖਣਾ ਚਾਹੀਦਾ ਹੈ ਤੇ ਦੁੱਖ ਨੂੰ ਭੁੱਲ ਕੇ ਖ਼ੁਸ਼ੀ ਦੀ ਤਲਾਸ਼ ਕਰਨੀ ਚਾਹੀਦੀ ਹੈ। ਸੋ, ਹੱਸਣ ਦੀ ਆਦਤ ਪਾਓ ਕਿਉਂਕਿ ਜ਼ਿੰਦਗੀ ਬਹੁਤ ਥੋੜ੍ਹੀ ਹੈ। ਜੋ ਅੱਜ ਬੀਤ ਗਿਆ, ਉਹ ਕੱਲ੍ਹ ਨਹੀਂ ਹੋਣਾ। ਪੰਜਾਬੀ ਵਿੱਚ ਆਮ ਪ੍ਰਚੱਲਤ ਹੈ ਕਿ ‘ਹਾਸਾ ਨਿਰਾ ਪਤਾਸਾ, ਰੋਣਾ ਉਮਰਾਂ ਦਾ ਧੋਣਾ।’ ਪੰਜਾਬੀਆਂ ਬਾਰੇ ਆਮ ਧਾਰਨਾ ਹੈ ਕਿ ਹਰ ਔਖੀ ਘੜੀ ਵਿੱਚ ਵੀ ਹੱਸਦੇ, ਮੁਸਕਰਾਉਂਦੇ ਤੇ ਮਸਤੀ ਵਿੱਚ ਰਹਿੰਦੇ ਹਨ। ਜਿਵੇਂ ਸਰਹੱਦਾਂ ’ਤੇ ਬੈਠੇ ਫ਼ੌਜੀ ਜਾਨ ਤਲੀ ’ਤੇ ਰੱਖ ਕੇ ਵੀ ਹੱਸਦੇ, ਨੱਚਦੇ ਤੇ ਗਾਉਂਦੇ ਹਨ। ਪੰਜਾਬੀ ਸੱਭਿਆਚਾਰ ਤੇ ਸੰਸਕਿ੍ਰਤੀ ਦਾ ਹਿੱਸਾ ਹੈ ਹੱਸਣਾ-ਹਸਾਉਣਾ, ਸਬੰਧਾਂ ਤੇ ਭਾਵਨਾਵਾਂ ਦੀ ਕਦਰ ਕਰਨਾ।
ਹਾਸਰਸ ਕੀ ਹੈ? ਹਾਸਰਸ ਤੋਂ ਭਾਵ ਹੈ ਕਿਸੇ ਮਜ਼ਾਕੀਆ ਗੱਲ ਨੂੰ ਸੁਣ ਕੇ ਹੱਸਣਾ, ਮੁਸਕਰਾਉਣਾ। ਭਾਵ ਮਨੁੱਖੀ ਸਿਹਤ ਤੇ ਭਾਵਨਾਵਾਂ ਨੂੰ ਕੰਟਰੋਲ ਰੱਖਣ ਵਾਲੀ ਦਵਾਈ। ਹੱਸਣ ਨਾਲ ਦਿਲ, ਫੇਫੜੇ ਤੇ ਜਿਗਰ ਦੀ ਕਸਰਤ ਹੋ ਜਾਂਦੀ ਹੈ। ਖੁੱਲ੍ਹ ਕੇ ਹੱਸਣ ਨਾਲ ਊਰਜਾ ਪੈਦਾ ਹੁੰਦੀ ਹੈ ਤੇ ਪਾਚਣ ਸ਼ਕਤੀ ਵਧਦੀ ਹੈ, ਪੱਠਿਆਂ ਦਾ ਖਿਚਾਅ, ਤਣਾਅ ਵਾਲੇ ਹਾਰਮੋਨਜ਼, ਬੀਪੀ ਅਤੇ ਦਿਲ ਦੇ ਦੌਰੇ ਦਾ ਖ਼ਤਰਾ ਘਟਦਾ ਹੈ। ਸਿਗਮੰਡ ਫਰਾਇਡ ਦਾ ਵੀ ਮਤ ਹੈ- ‘ਹਾਸਾ ਤਣਾਅ ਘਟਾਉਂਦਾ ਤੇ ਮਾਨਸਿਕ ਸੰਤੁਸ਼ਟੀ ਦਿੰਦਾ ਹੈ।’ ਹੱਸਣਾ ਸਭ ਨਾਲੋਂ ਵਧੀਆ ਤੇ ਸਿਹਤਮੰਦ ਖ਼ੁਰਾਕ ਹੈ। 10-15 ਮਿੰਟ ਹੱਸਣ ਨਾਲ 20 ਤੋਂ 40 ਕੈਲੋਰੀਜ਼ ਖ਼ਪਤ ਹੁੰਦੀਆਂ ਹਨ ਤੇ 400 ਮਾਸਪੇਸ਼ੀਆਂ ਹਰਕਤ ਵਿੱਚ ਆਉਂਦੀਆਂ ਹਨ।
ਹਾਸੇ ਦੀਆਂ ਕਈ ਕਿਸਮਾਂ ਹਨ- ਨਿਰਛਲ ਹਾਸਾ, ਮਾਸੂਮ ਹਾਸਾ, ਗੁੱਝਾ ਹਾਸਾ, ਮੁਸ਼ਕੜੀ ਹਾਸਾ, ਬਣਾਵਟੀ ਹਾਸਾ, ਸ਼ਰਮਾਕਲ ਹਾਸਾ, ਹੋਛਾ ਤੇ ਮੀਸਣਾ ਹਾਸਾ, ਖਿੜਖਿੜਾ ਕੇ ਹੱਸਣਾ, ਹਿੜ-ਹਿੜ ਕਰਕੇ ਹੱਸਣਾ ਤੇ ਠਹਾਕੇ ਮਾਰਨ ਵਾਲਾ ਹਾਸਾ ਆਦਿ। ਅਸਲ ਹਾਸਾ ਉਹ ਹੈ ਜੋ ਸੁਭਾਵਿਕ ਹੋਵੇ ਦਿਖਾਵੇ ਦਾ ਨਹੀਂ, ਬੱਚਿਆਂ ਜਿਹਾ ਨਿਰਛਲ ਹਾਸਾ ਹੋਵੇ। ਅੱਜ-ਕੱਲ੍ਹ ਹਾਸਾ ਕਲੱਬ ਬਣੇ ਹੋਏ ਹਨ ਜਿੱਥੇ ਮੈਂਬਰ ਬਣ ਕੇ ਖ਼ੁਸ਼ ਹੋਣ, ਹੱਸਣ ਲਈ ਲੋਕ ਜਾਂਦੇ ਹਨ। ਕਸਰਤ ਤੇ ਯੋਗ ਅਭਿਆਸ ਵਾਲੇ ਤਾਂ ਸਾਡੇ ’ਤੇ ਖੋਖਲਾ ਹਾਸਾ ਥੋਪਦੇ ਹਨ ਜਦੋਂਕਿ ਇਹ ਅੰਤਰੀਵ ਭਾਵਨਾ ਹੈ ਨਾ ਕਿ ਬਾਹਰੀ ਦਿਖਾਵੇ ਦੀ।
ਕਿਹਾ ਜਾਂਦਾ ਹੈ ਕਿ ਹਾਸਾ ਤੇ ਖ਼ੁਸ਼ ਰਹਿਣ ਦੀ ਭਾਵਨਾ 50 ਫ਼ੀਸਦੀ ਮਾਪਿਆਂ ਤੋਂ ਵਿਰਾਸਤ ਵਿੱਚ ਮਿਲਦੀ ਹੈ। 10 ਫ਼ੀਸਦੀ ਸੁਹੱਪਣ, ਅਮੀਰੀ ਤੇ ਸ਼ਾਨੋ-ਸ਼ੌਕਤ ਤੋਂ ਪਰ 40 ਫ਼ੀਸਦੀ ਕੁਦਰਤੀ ਸੋਮੇ ਵਾਂਗ ਇਨਸਾਨ ਦੇ ਆਪਣੇ ਅੰਦਰੋਂ ਫੁੱਟਦੀ ਹੈ। ਕੁਝ ਖ਼ੁਸ਼ੀਆਂ ਤੇ ਹਾਸਾ ਥੋੜ੍ਹ ਚਿਰਾ ਹੁੰਦਾ ਹੈ ਪਰ ਇਹ ਸਦੀਵੀ ਹੋਵੇ ਤਾਂ ਹੀ ਮਨੁੱਖ ਗੁਲਾਬ ਵਾਂਗ ਖਿੜਿਆ ਰਹਿ ਸਕਦਾ ਹੈ। ਹੱਸਣ ਵਾਲੇ ਵਿਅਕਤੀ ਦੀ ਸ਼ਖ਼ਸੀਅਤ ਚੁੰਬਕੀ ਹੁੰਦੀ ਹੈ। ਚਿਹਰੇ ’ਤੇ ਫੁੱਲਾਂ ਜਿਹੀ ਤਾਜ਼ਗੀ ਤੇ ਖੇੜਾ ਰਹਿੰਦਾ ਹੈ। ਸਕਾਰਾਤਮਕ ਸੋਚ ਵਾਲਾ ਵਿਅਕਤੀ ਹੀ ਅਜਿਹੇ ਗੁਣਾਂ ਦਾ ਧਾਰਨੀ ਹੋ ਸਕਦਾ ਹੈ। ਇਹ ਨਿਆਮਤ ਹਰ ਕਿਸੇ ਦੇ ਹਿੱਸੇ ਨਹੀਂ ਆਉਂਦੀ। ਭਰਤ ਮੁਨੀ ਦੇ ਨਾਟ-ਸ਼ਾਸਤਰ ਵਿੱਚ ਹਾਸਰਸ ਨੂੰ ਨੌਂ ਰਸਾਂ ਵਿੱਚੋਂ ਇੱਕ ਮੰਨਿਆ ਗਿਆ ਹੈ ਜੋ ਸਾਡੇ ਅਹਿਸਾਸ ਜਾਂ ਭਾਵਨਾਵਾਂ ਨੂੰ ਪ੍ਰਭਾਵਿਤ ਕਰਦਾ ਹੈ। ਪਹਿਲਾਂ ਰਾਜੇ-ਮਹਾਰਾਜੇ ਆਪਣੇ ਦਰਬਾਰ ਵਿੱਚ ਮਸਖ਼ਰੇ, ਡੂਮ, ਭੰਡ, ਨਕਲਚੀ ਤੇ ਮਰਾਸੀ ਰੱਖਿਆ ਕਰਦੇ ਸਨ ਜੋ ਦਰਬਾਰੀਆਂ ਸਮੇਤ ਸਭ ਦਾ ਮਨ-ਪਰਚਾਵਾ ਕਰਦੇ ਸਨ।
ਅਕਬਰ ਦੇ ਦਰਬਾਰ ਵਿੱਚ ਬੀਰਬਲ ਨੂੰ ਵਜ਼ੀਰ ਦੇ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਸੀ। ਉਹ ਹਾਸੇ ਦਾ ਖ਼ਜ਼ਾਨਾ ਸੀ ਜੋ ਹਰ ਔਖੇ-ਸੌਖੇ ਵੇਲੇ ਅਕਬਰ ਦਾ ਮਨ-ਪਰਚਾਵਾ ਕਰਦਾ ਸੀ ਤਾਂ ਕਿ ਔਖੀ ਘੜੀ ਵਿੱਚ ਸੁਖ ਦਾ ਸਾਹ ਆ ਸਕੇ। ਵਿਆਹ-ਸ਼ਾਦੀਆਂ ’ਤੇ ਵੀ ਭੰਡ, ਮਰਾਸੀ ਆਮ ਵੇਖਣ ਨੂੰ ਮਿਲਦੇ ਸਨ। ਇਹ ਉਨ੍ਹਾਂ ਦੀ ਰੋਜ਼ੀ-ਰੋਟੀ ਦਾ ਸਾਧਨ ਸੀ। ਹੁਣ ਫ਼ਿਲਮਾਂ ਵਿੱਚ ਕਾਮੇਡੀ ਕਲਾਕਾਰ ਆਮ ਹੁੰਦੇ ਹਨ। ਹਾਸੇ ਦਾ ਸਬੰਧ ਦਿਮਾਗ਼ ਨਾਲ ਹੈ ਨਾ ਕਿ ਹਰਕਤਾਂ ਨਾਲ। ਹਲਕੇ ਚੁਟਕਲਿਆਂ ਨੂੰ ਹਾਸਰਸ ਨਹੀਂ ਕਿਹਾ ਜਾ ਸਕਦਾ। ਹਾਸਾ ਦਿਮਾਗ਼ੀ ਪ੍ਰਕਿਰਿਆ ਨਾਲ ਸਬੰਧ ਰੱਖਦਾ ਹੈ। ਵਿਅੰਗ ਨੂੰ ਸਹਿਣਾ, ਵਿਅੰਗ ਕਰਨਾ ਜਾਂ ਹਾਸਰਸ ਵਿੱਚ ਗੱਲ ਨੂੰ ਹਲਕੇ-ਫੁਲਕੇ ਢੰਗ ਨਾਲ ਕਹਿਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ।
ਹਾਸਾ ਅਸਲ ਵਿੱਚ ਉਨ੍ਹਾਂ ਨੂੰ ਆਉਂਦਾ ਹੈ ਜਿਨ੍ਹਾਂ ’ਤੇ ਜ਼ਿੰਮੇਵਾਰੀਆਂ ਦਾ ਬੋਝ ਘੱਟ ਜਾਂ ਨਾਂਹ ਦੇ ਬਰਾਬਰ ਹੋਵੇ। ਮੂਡ ਤਣਾਅ ਰਹਿਤ ਹੋਵੇ। ਕਈ ਲੋਕ ਬਿਨਾਂ ਮਤਲਬ ਤੋਂ ਹੀ ਛੋਟੀ-ਛੋਟੀ ਗੱਲ ਕਰਕੇ ਜਾਂ ਸੁਣ ਕੇ ਹੱਸੀ ਜਾਂਦੇ ਹਨ ਜਾਂ ਫਿਰ ਦੂਜੇ ਨੂੰ ਵਿਅੰਗ ਦਾ ਨਿਸ਼ਾਨਾ ਬਣਾ ਕੇ ਖ਼ੁਸ਼ ਹੁੰਦੇ ਹਨ। ਇਹ ਗੱਲ ਗ਼ਲਤ ਹੈ। ਜ਼ਰੂਰੀ ਨਹੀਂ ਹਰ ਇੱਕ ਦਾ ਮੂਡ ਸਹੀ ਹੋਵੇ ਜਾਂ ਸਹਿਣਸ਼ਕਤੀ ਇੰਨੀ ਹੋਵੇ ਕਿ ਉਹ ਹਰ ਵਿਅੰਗ ਆਰਾਮ ਨਾਲ ਸਹਿਜੇ ਹੀ ਸਹਿ ਜਾਏ। ਹਾਸਾ ਜਾਂ ਵਿਅੰਗ ਰਾਹ ਸਿਰ ਦਾ ਹੀ ਠੀਕ ਹੁੰਦਾ ਹੈ, ਸਬਜ਼ੀ ਵਿੱਚ ਨਮਕ ਵਾਂਗ। ਚੰਗਾ ਹਾਸ ਵਿਅੰਗ ਪਿਆਰਾ ਜਿਹਾ, ਸਹਿਜ਼ ਵਾਲਾ ਤੇ ਖ਼ੁਸ਼ੀ ਬਰਕਰਾਰ ਰੱਖਣ ਵਾਲਾ ਹੋਵੇ ਨਾ ਕਿ ਦਿਲ ਦੁਖਾਉਣ ਵਾਲਾ। ਮਜ਼ਾਕ ਵਿੱਚ ਉਹ ਕੁਝ ਕਿਹਾ ਜਾ ਸਕਦਾ ਹੈ ਜੋ ਅਸੀਂ ਸਧਾਰਨ ਗੱਲਬਾਤ ਵਿੱਚ ਨਹੀਂ ਕਹਿ ਸਕਦੇ। ਗ਼ਲਤੀ ਸਮਾਜੀ ਹੋਵੇ ਜਾਂ ਨਿੱਜੀ ਇਸ ਨੂੰ ਢੰਗ ਸਿਰ ਕਹਿਣ ਜਾਂ ਅਹਿਸਾਸ ਕਰਵਾਉਣਾ ਹੀ ਸਹੀ ਹਾਸ-ਵਿਅੰਗ ਹੈ। ਅਸੀਂ ਇਹ ਅਹਿਸਾਸ ਹਲਕੀ ਮੁਸਕਰਾਹਟ ਰਾਹੀਂ ਵੀ ਕਰਵਾ ਸਕਦੇ ਹਾਂ ਨਾ ਕਿ ਉੱਚੀ-ਉੱਚੀ ਹੱਸ ਕੇ ਜਾਂ ਮਜ਼ਾਕ ਉਡਾ ਕੇ।
ਮਹਾਤਮਾ ਗਾਂਧੀ ਵੇਖਣ ਨੂੰ ਗੰਭੀਰ ਸਨ ਪਰ ਕਿਸੇ ਹੱਦ ਤੱਕ ਉਨ੍ਹਾਂ ਵਿੱਚ ਹਾਸਰਸ ਦੀ ਭਾਵਨਾ ਸੀ ਜਦੋਂਕਿ ਦੂਜੇ ਪਾਸੇ ਜਰਮਨੀ ਦਾ ਡਿਕਟੇਟਰ ਹਿਟਲਰ ਨਾ ਹੱਸਦਾ ਸੀ ਨਾ ਹੀ ਹੱਸਣ ਵਾਲੇ ਨੂੰ ਬਰਦਾਸ਼ਤ ਕਰਦਾ ਸੀ। ਇਹ ਮਨੁੱਖ ਦੇ ਆਪਣੇ ਸੁਭਾਅ ’ਤੇ ਵੀ ਨਿਰਭਰ ਕਰਦਾ ਹੈ। ਹੱਸਣਾ ਤੇ ਖ਼ੁਸ਼ ਰਹਿਣਾ ਇੱਕ ਵਰਦਾਨ ਹੈ। ਕਈਆਂ ਨੂੰ ਇਹ ਆਪ-ਮੁਹਾਰਾ ਮਿਲਦਾ ਹੈ ਤੇ ਕਈਆਂ ਨੂੰ ਲੱਭਣ ਜਾਣਾ ਪੈਂਦਾ ਹੈ। ਜਦੋਂ ਇਹ ਤੁਹਾਡੇ ਦਿਲ ਦਾ ਦਰ ਖੜਕਾਏ ਤਾਂ ਝੱਟ ਸੰਭਾਲ ਲਓ ਕਿਉਂਕਿ ਜਿੱਥੇ ਇਹ ਇਨਸਾਨੀ ਸਰੀਰ ਤੇ ਦਿਮਾਗ਼ ਨੂੰ ਤੰਦਰੁਸਤ ਰੱਖਦਾ ਹੈ, ਉੱਥੇ ਜ਼ਿੰਦਗੀ ਦੇ ਥਪੇੜੇ ਸਹਿਣ ਦੀ ਸਮਰੱਥਾ ਵੀ ਬਖ਼ਸ਼ਦਾ ਹੈ। ਉਦਾਸੀ ਦੀ ਦਲਦਲ ਵਿੱਚੋਂ ਕੱਢਦਾ ਹੈ। ਲੰਮੀ ਸੈਰ, ਯੋਗ ਸਾਧਨਾ, ਸਮਾਧੀ, ਸਹੀ ਖਾਣ-ਪੀਣ ਪੂਰੀ ਨੀਂਦ ਤੇ ਹਾਂ-ਪੱਖੀ ਨਜ਼ਰੀਏ ਲਈ ਪੱਛਮ ਵਿੱਚ ਸਕੂਲਾਂ-ਕਾਲਜਾਂ ਵਿੱਚ ਸਿਖਲਾਈ ਦਿੱਤੀ ਜਾਂਦੀ ਹੈ।
ਖ਼ੁਸ਼ੀ ਅਤੇ ਹਾਸਾ ਮਨੁੱਖ ਨੂੰ ਹਰ ਹੀਲੇ ਪ੍ਰਭਾਵਿਤ ਕਰਦੇ ਹਨ ਤੇ ਇੱਕ ਤੋਂ ਦੂਜੇ ਤੱਕ ਪੁੱਜਦੇ ਹਨ। ਖ਼ੁਸ਼ ਤਬੀਅਤ ਮਨੁੱਖਾਂ ਦੀ ਸੰਗਤ ਵਿੱਚ ਰਹੋ, ਸਮਾਗਮਾਂ ਵਿੱਚ ਸ਼ਾਮਲ ਹੋਵੋ, ਬੋਰੀਅਤ ਤੋਂ ਬਚਣ ਲਈ ਨਵੇਂ ਲੋਕਾਂ ਨੂੰ ਮਿਲੋ। ਨਵੀਆਂ ਥਾਵਾਂ ਦੀ ਯਾਤਰਾ ਕਰੋ, ਤੀਰਥਾਂ, ਪਹਾੜਾਂ ’ਤੇ ਜਾਓ, ਤੁਸੀਂ ਆਪਣੇ-ਆਪ ਨੂੰ ਸੱਜਰਾ-ਸੱਜਰਾ ਮਹਿਸੂਸ ਕਰੋਗੇ। ਜ਼ਿੰਦਗੀ ਜਿਉਣ ਦੀ ਤਮੰਨਾ ਵਧੇਗੀ। ਹੋਰ ਤੇ ਹੋਰ ਆਪਣੇ ਹਮ-ਖ਼ਿਆਲ ਬਚਪਨ ਦੇ ਦੋਸਤਾਂ-ਮਿੱਤਰਾਂ ਨੂੰ ਮਿਲੋ, ਪੁਰਾਣੀਆਂ ਯਾਦਾਂ ਸਾਂਝੀਆਂ ਕਰੋ। ਮੌਜ-ਮਸਤੀ ਕਰੋ ਤੇ ਖ਼ੁਸ਼ੀਆਂ ਮਾਣੋ। ਖ਼ੁਸ਼ ਨਿਗਾਹਾਂ ਦੀ ਚਮਕ ਰਾਹੀਂ ਇਹ ਸੰਸਾਰ ਪਿਆਰਾ ਤੇ ਆਲਾ-ਦੁਆਲਾ ਸੁਹਾਵਣਾ ਜਾਪੇਗਾ।
ਡਾ. ਵਨੀਤ ਸਿੰਗਲਾ
ਬੁਢਲਾਡਾ, ਮਾਨਸਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ