ਚੰਦਨ ਜਿੰਦਲ ਦੀ ਮ੍ਰਿਤਕ ਦੇਹ ਬਰਨਾਲਾ ਪੁੱਜੀ, ਨਮ ਅੱਖਾਂ ਨਾਲ ਕੀਤਾ ਸਸਕਾਰ
(ਜਸਵੀਰ ਸਿੰਘ ਗਹਿਲ) ਬਰਨਾਲਾ। ਯੂਕਰੇਨ ’ਚ ਇਲਾਜ ਦੌਰਾਨ ਮੌਤ ਦੇ ਮੂੰਹ ਗਏ ਬਰਨਾਲਾ ਦੇ ਨੌਜਵਾਨ ਚੰਦਨ ਜਿੰਦਲ ਦੀ ਮ੍ਰਿਤਕ ਦੇਹ ਅੱਜ ਬਰਨਾਲਾ ਪੁੱਜੀ ਜਿਸ ਦਾ ਪਰਿਵਾਰਕ ਮੈਬਰਾਂ, ਰਿਸ਼ਤੇਦਾਰਾਂ ਤੇ ਸਨੇਹੀਆਂ ਵੱਲੋਂ ਨਮ ਅੱਖਾਂ ਨਾਲ ਸਸਕਾਰ ਕੀਤਾ ਗਿਆ। ਜਿਕਰਯੋਗ ਹੈ ਕਿ ਬਰਨਾਲਾ ਵਾਸੀ ਨੌਜਵਾਨ ਚੰਦਨ ਜਿੰਦਲ ਚਾਰ ਸਾਲ ਪਹਿਲਾਂ ਡਾਕਟਰੀ ਦੀ ਪੜ੍ਹਾਈ ਲਈ ਯੂਕਰੇਨ ਦੀ ਸਟੇਟ ਵਨੀਸੀਆ ਗਿਆ ਹੋਇਆ ਸੀ, ਜਿੱਥੇ ਲੰਘੀ 2 ਫਰਵਰੀ ਨੂੰ ਉਸ ਦੇ ਦਿਮਾਗ ਅਤੇ ਦਿਲ ’ਚ ਕਲੋਟਜ ਆ ਜਾਣ ਕਾਰਨ ਉਹ ਇਲਾਜ ਅਧੀਨ ਸੀ। ਬੇਸੱਕ ਉਸਦਾ ਅਪਰੇਸਨ ਸਫਲ ਰਿਹਾ ਸੀ ਤੇ ਉਸਦੀ ਸਿਹਤ ਵਿੱਚ ਵੀ ਲਗਾਤਾਰ ਸੁਧਾਰ ਹੋ ਰਿਹਾ ਸੀ, ਪਰ ਚੰਦਨ ਜਿੰਦਲ (22) ਦੀ 2 ਮਾਰਚ ਨੂੰ ਸਵੇਰ ਸਮੇਂ ਇਲਾਜ ਦੌਰਾਨ ਹੀ ਮੌਤ ਹੋ ਗਈ ਸੀ। ਜਿਸ ਦੀ ਲਾਸ਼ ਅੱਜ ਬਾਅਦ ਦੁਪਹਿਰ ਬਰਨਾਲਾ ਪੁੱਜੀ।
ਚੰਦਨ ਜਿੰਦਲ ਦੀ ਮ੍ਰਿਤਕ ਦੇਹ ਬਰਨਾਲਾ ਪਹੁੰਚਦਿਆਂ ਹੀ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਸ਼ਹਿਰੀਆਂ ’ਚ ਸੋਗ ਦੀ ਲਹਿਰ ਦੌੜ ਗਈ ਤੇ ਪੀੜਤ ਪਰਿਵਾਰ ਦੇ ਘਰ ਲੋਕ ਵੱਡੀ ਗਿਣਤੀ ’ਚ ਇਕੱਤਰ ਹੋ ਗਏ। ਚੰਦਨ ਜਿੰਦਲ ਦੀ ਮਿ੍ਰਤਕ ਦੇਹ ਦਾ ਸ਼ਾਮ ਸਮੇਂ ਸ਼ਹਿਰ ਦੇ ਰਾਮ ਬਾਗ ’ਚ ਸਥਿਤ ਸ਼ਮਸਾਨ ਘਾਟ ’ਚ ਸਸਕਾਰ ਕਰ ਦਿੱਤਾ ਗਿਆ। ਜਿੱਥੇ ਚੰਦਨ ਜਿੰਦਲ ਦੀ ਮਿ੍ਰਤਕ ਦੇਹ ਨੂੰ ਉਸਦੇ ਚਚੇਰੇ ਭਰਾ ਨੀਰਜ ਜਿੰਦਲ ਨੇ ਅਗਨੀ ਦਿਖਾਈ। ਇਸ ਦੌਰਾਨ ਮਾਹੌਲ ਬੇਹੱਦ ਹੀ ਗਮਗੀਨ ਸੀ ਕਿਉਂਕਿ ਚੰਦਨ ਜਿੰਦਲ ਦੇ ਦੂਜੇ ਭਰਾ ਦੀ ਤਕਰੀਬਨ 16 ਕੁ ਸਾਲ ਪਹਿਲਾਂ ਮੌਤ ਹੋ ਗਈ ਸੀ ਤੇ ਹੁਣ ਉਹ ਆਪਣੇ ਬਿਰਧ ਮਾਤਾ ਪਿਤਾ ਨੂੰ ਛੱਡ ਦੁਨੀਆਂ ਤੋਂ ਰੁਖਸਤ ਹੋ ਗਿਆ। ਇਸ ਮੌਕੇ ਚੰਦਨ ਜਿੰਦਲ ਦੇ ਪਿਤਾ ਸ਼ੀਸਨ ਕੁਮਾਰ ਜਿੰਦਲ, ਤਾਇਆ ਕਿ੍ਰਸਨ ਗੋਪਾਲ, ਧੀਰਜ ਕੁਮਾਰ ਦੱਧਾਹੂਰ, ਨੀਰਜ ਜਿੰਦਲ, ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ, ਮੱਖਣ ਸਰਮਾ,ਡਾਕਟਰ ਅਭਿਨਾਸ ਬਾਂਸਲ ਆਦਿ ਵੀ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ