ਯੂਕਰੇਨ ਤੋਂ ਆਪਣੇ ਬਿਮਾਰ ਭਤੀਜੇ ਦਾ ਪਤਾ ਲੈ ਕੇ ਪਰਤੇ ਬਰਨਾਲਾ ਦੇ ਕ੍ਰਿਸ਼ਨ ਗੋਪਾਲ ਨੇ ਸੁਣਾਈ ਹੱਡਬੀਤੀ
(ਜਸਵੀਰ ਸਿੰਘ ਗਹਿਲ) ਬਰਨਾਲਾ। ਭਾਰਤ ਤੋਂ ਯੂਕਰੇਨ ਵਿਖੇ ਡਾਕਟਰੀ ਦੀ ਪੜ੍ਹਾਈ ਕਰਨ ਲਈ ਗਏ ਲਾਡਲਿਆਂ ਦੀ ਰੂਸ ਤੇ ਯੂਕਰੇਨ ਦਰਮਿਆਨ ਚੱਲ ਰਹੀ ਜੰਗ ਦੌਰਾਨ ਸੁਰੱਖਿਅਤ ਵਤਨ ਵਾਪਸੀ ਲਈ ਉਨ੍ਹਾਂ ਦੇ ਮਾਪਿਆਂ ਨੂੰ ਬੇਸ਼ੱਕ ਡਾਹਢੀ ਚਿੰਤਾ ਸਤਾ ਰਹੀ ਹੈ ਪਰ ਯੂਕਰੇਨ ਤੋਂ ਪਰਤੇ ਇੱਕ ਵਿਅਕਤੀ ਦੇ ਦੱਸਣ ਮੁਤਾਬਕ ਯੂਕਰੇਨ ਪੜ੍ਹਾਈ ਕਰਨ ਗਏ ਭਾਰਤੀ ਵਿਦਿਆਰਥੀਆਂ ਨੂੰ ਲੋੜੀਂਦੀ ਕੋਈ ਵੀ ਸਹਾਇਤਾ ਪ੍ਰਾਪਤ ਨਹੀਂ ਹੋ ਰਹੀ। ਜਿਸ ਕਾਰਨ ਉਨ੍ਹਾਂ ਦੀ ਹਾਲਤ ਬੇਹੱਦ ਤਰਸਯੋਗ ਬਣੀ ਹੋਈ ਹੈ।
ਬਰਨਾਲਾ ਦੇ ਕ੍ਰਿਸ਼ਨ ਗੋਪਾਲ ਨੇ ਦੱਸਿਆ ਕਿ ਉਹ ਯੂਕਰੇਨ ਦੀ ਸਟੇਟ ਵਨੀਸੀਆ ਵਿਖੇ ਇਲਾਜ਼ ਅਧੀਨ ਆਪਣੇ ਭਰਾ ਸਮੇਤ ਆਪਣੇ ਭਤੀਜੇ ਚੰਦਨ ਜਿੰਦਲ ਦਾ ਪਤਾ ਲੈਣ ਗਿਆ ਸੀ। ਜਿੱਥੇ ਭਾਰਤੀ ਵਿਦਿਆਰਥੀਆਂ ਦੀ ਮੌਜੂਦਾ ਹਾਲਤ ਬੇਹੱਦ ਤਰਸਯੋਗ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਭਾਰਤੀ ਵਿਦਿਆਰਥੀ ਉੱਧਰ ਪੂਰੀ ਤਰ੍ਹਾਂ ਡਰੇ ਹੋਏ ਹਨ ਕਿਉਂਕਿ ਉਨ੍ਹਾਂ ਨੂੰ ਯੂਕਰੇਨ ਅੰਬੈਸੀ ਵੱਲੋਂ ਕੋਈ ਵੀ ਸਹਾਇਤਾ ਮੁਹੱਈਆ ਨਹੀਂ ਕਰਵਾਈ ਜਾ ਰਹੀ। ਉਨ੍ਹਾਂ ਦੱਸਿਆ ਕਿ ਉਹ ਵੀ ਵਿਦਿਆਰਥੀਆਂ ਦੇ ਨਾਲ ਆਪਣੇ ਖਰਚੇ ’ਤੇ ਪ੍ਰਾਈਵੇਟ ਬੱਸ ਕਰਕੇ ਬੁਚਸਟ ਬਾਰਡਰ ਵੱਲ ਤੁਰੇ। ਜਿਸ ਦੇ ਲਈ ਉਨ੍ਹਾਂ ਨੂੰ ਪ੍ਰਤੀ ਵਿਅਕਤੀ ਇੱਕ ਹਜ਼ਾਰ ਗਿਰੀਬੀਅਨ ਅਦਾ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਵਨੀਸੀਆ ਤੋਂ ਬੁਚਸਟ ਬਾਰਡਰ ਤੱਕ ਤਕਰੀਬਨ 12 ਘੰਟਿਆਂ ਦੇ ਸਫ਼ਰ ਦੌਰਾਨ ਇੱਕ ਜਗ੍ਹਾ ’ਤੇ ਭਾਰਤੀ ਲੋਕਾਂ ਦੁਆਰਾ ਉਨ੍ਹਾਂ ਨੂੰ ਕੁੱਝ ਘੰਟਿਆਂ ਲਈ ਅਰਾਮ ਕਰਨ ਵਾਸਤੇ ਜਗ੍ਹਾ ਦਿੱਤੀ।
ਇਸ ਤੋਂ ਬਾਅਦ ਮੁੜ ਉਨ੍ਹਾਂ ਨੂੰ ਪ੍ਰਤੀ ਵਿਅਕਤੀ ਸੌ ਗਿਰੀਬੀਅਨ ਤਾਰਨਾ ਪਿਆ। ਉਨ੍ਹਾਂ ਦੱਸਿਆ ਕਿ ਬਾਰਡਰ ’ਤੇ ਪਹੁੰਚਿਆਂ ਹੀ ਉਨ੍ਹਾਂ ਨੂੰ ਡਰ ਮਹਿਸੂਸ ਹੋਣ ਲੱਗਾ ਕਿਉਂਕਿ ਇੱਥੇ ਪਿਛਲੇ ਦੋ-ਦੋ ਦਿਨਾਂ ਤੋਂ ਭਾਰਤੀ ਵਿਦਿਆਰਥੀ ਵਤਨ ਪਰਤਨ ਲਈ ਭੁੱਖਣ-ਭਾਣੇ ਲਾਇਨਾਂ ’ਚ ਲੱਗੇ ਖੜੇ ਸਨ, ਜਿਨ੍ਹਾਂ ਨੂੰ ਡਰਾਉਣ ਲਈ ਰੋਮਾਨੀਆ ਮਿਲਟਰੀ ਦੁਆਰਾ ਉਨ੍ਹਾਂ ’ਤੇ ਫਾਇਰਿੰਗ ਵੀ ਕੀਤੀ ਗਈ ਤੇ ਉਨ੍ਹਾਂ ਨੂੰ ਕੁੱਟਿਆ ਵੀ ਗਿਆ। ਉਨ੍ਹਾਂ ਦੱਸਿਆ ਕਿ ਵੀਜ਼ਾ ਲੱਗ ਜਾਣ ਤੋਂ ਬਾਅਦ ਜਦ ਉਹ ਬਾਹਰ ਨਿੱਕਲੇ ਤਾਂ ਉਨ੍ਹਾਂ ਨੂੰ ਕੁੱਝ ਲੋਕ ਖਾਣ-ਪੀਣ ਦੀ ਵਸਤਾਂ ਵੰਡਦੇ ਦਿਖਾਈ ਦਿੱਤੇ। ਪਤਾ ਕੀਤੇ ਜਾਣ ’ਤੇ ਪਤਾ ਲੱਗਾ ਕਿ ਇਹ ਲੰਗਰ ਖਾਲਸਾ ਏਡ ਦੁਆਰਾ ਲਗਾਏ ਗਏ ਹਨ ਨਾ ਕਿ ਉੱਥੋਂ ਦੀ ਕਿਸੇ ਸੰਸਥਾ ਜਾਂ ਵਿਅਕਤੀ ਵਿਸ਼ੇਸ਼ ਵੱਲੋਂ। ਉਨ੍ਹਾਂ ਦੱਸਿਆ ਕਿ ਵਨੀਸੀਆ ਤੋਂ ਬਾਰਡਰ ਤਕਰੀਬਨ 8 ਸੌ ਤੋਂ 9 ਸੌ ਕਿਲੋਮੀਟਰ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਚਾਰ ਤੋਂ ਪੰਜ ਦਿਨ ਭੁੱਖ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਉਹ ਆਪਣੀ ਘਰ ਵਾਪਸੀ ਲਈ ਭੱਜ ਦੌੜ ਕਰ ਰਹੇ ਸਨ। ਉਨ੍ਹਾਂ ਅੱਖਾਂ ਸਾਫ਼ ਕਰਦਿਆਂ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਭੁੱਖ ਲੱਗ ਵੀ ਨਹੀਂ ਰਹੀ ਸੀ ਕਿਉਂਕਿ ਜਿੱਥੇ ਉਨ੍ਹਾਂ ਦਾ ਭਤੀਜਾ ਗੰਭੀਰ ਹਾਲਤ ’ਚ ਸੀ ਉਥੇ ਹੀ ਉਨ੍ਹਾਂ ਬਾਰਡਰ ਪਾਰ ਕਰਨ ਦਾ ਵੀ ਫਿਕਰ ਸੀ।
ਯੂਕਰੇਨ ਅੰਬੈਸੀ ਨੇ ਨਹੀਂ ਕੀਤੀ ਕੋਈ ਮੱਦਦ : ਕ੍ਰਿਸ਼ਨ ਗੋਪਾਲ
ਕ੍ਰਿਸ਼ਨ ਗੋਪਾਲ ਨੇ ਦੱਸਿਆ ਕਿ ਆਪਣੇ ਭਤੀਜੇ ਦਾ ਪਤਾ ਲੈਣ ਦੌਰਾਨ ਹੀ ਉਥੋਂ ਦੇ ਰਾਜਦੂਤ ਨਾਲ ਮੱਦਦ ਲਈ ਸੰਪਰਕ ਕੀਤਾ ਕਿਉਂਕਿ ਉਨ੍ਹਾਂ ਨੂੰ ਉੱਥੇ ਭਾਸ਼ਾ ਆਦਿ ਸਮਝ ਨਾ ਆਉਣ ਕਾਰਨ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਉਨ੍ਹਾਂ ਨੇ ਇੱਕ-ਦੋ ਵਾਰ ਉਨ੍ਹਾਂ ਦਾ ਫੋਨ ਤਾਂ ਚੁੱਕਿਆ ਪ੍ਰੰਤੂ ਉਨ੍ਹਾਂ ਵੱਲੋਂ ਮੰਗੀ ਗਈ ਕੋਈ ਵੀ ਸਹਾਇਤਾ ਉਨ੍ਹਾਂ ਨੂੰ ਮੁਹੱਈਆ ਨਹੀਂ ਕਰਵਾਈ। ਉਨ੍ਹਾਂ ਇਹ ਵੀ ਕਿਹਾ ਕਿ ਅੰਬੈਸੀ ਵੱਲੋਂ ਨਾ ਉਨ੍ਹਾਂ ਨੂੰ ਗਾਈਡ ਕੀਤਾ ਗਿਆ ਹੈ ਅਤੇ ਨਾ ਉਨ੍ਹਾਂ ਨੂੰ ਕੋਈ ਮੱਦਦ ਦਿੱਤੀ ਗਈ ਹੈ ਜਿਸ ਦੀ ਉਨ੍ਹਾਂ ਨੂੰ ਬੇਹੱਦ ਲੋੜ ਸੀ। ਪਰ ਜਿਉਂ ਹੀ ਉਹ ਰੋਮਾਨੀਆ ਪਹੁੰਚੇ ਤਾਂ ਉਥੋਂ ਭਾਰਤ ਸਰਕਾਰ ਨੇ ਉਨ੍ਹਾਂ ਦੀ ਹਰ ਤਰ੍ਹਾਂ ਨਾਲ ਪੂਰੀ ਮੱਦਦ ਕੀਤੀ। ਨਿਯੁਕਤ ਅਧਿਕਾਰੀਆਂ ਦੁਆਰਾ ਹਰ ਕਦਮ ’ਤੇ ਭਾਰਤ ਸਰਕਾਰ ਦੇ ਹੁਕਮਾਂ ਮੁਤਾਬਕ ਉਨ੍ਹਾਂ ਨੂੰ ਬਰਨਾਲਾ ਪਹੁੰਚਣ ਤੱਕ ਸਭ ਲੋੜੀਂਦੀਆਂ ਸਹੂਲਤਾਂ ਮੁਫ਼ਤ ਮੁਹੱਈਆ ਕਰਵਾਈਆਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ