ਪੂਜਨੀਕ ਗੁਰੂ ਜੀ ਨੇ ਵਿਸ਼ਵ ਸ਼ਾਂਤੀ ਲਈ ਕੀਤੀ ਕਾਮਨਾ
- ਯੂਕਰੇਨ ਅਤੇ ਰੂਸ ਦਰਮਿਆਨ ਚੱਲ ਰਹੀ ਜੰਗ ਸਬੰਧੀ ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਲਈ ਭੇਜਿਆ ਸੰਦੇਸ਼
(ਸੁਨੀਲ ਵਰਮਾ) ਸਰਸਾ। ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ 62ਵਾਂ ਪਵਿੱਤਰ ਮਹਾਂ ਰਹਿਮੋ-ਕਰ (ਗੁਰਗੱਦੀਨਸ਼ੀਨੀ) ਦਿਵਸ ਸੋਮਵਾਰ ਨੂੰ ਡੇਰਾ ਸੱਚਾ ਸੌਦਾ ਸ਼ਾਹ ਸਤਿਨਾਮ ਜੀ ਧਾਮ ’ਚ ਸਾਧ-ਸੰਗਤ ਨੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸ਼ੁੱਭ ਮੌਕੇ ਇੱਕ ਵਾਰ ਫਿਰ ਮਾਨਵਤਾ ਨੂੰ ਸਭ ਤੋਂ ਉੱਪਰ ਰੱਖਦਿਆਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨਾਂ ਅਨੁਸਾਰ ਲੱਖਾਂ ਦੀ ਗਿਣਤੀ ’ਚ ਪਹੁੰਚੀ ਸਾਧ-ਸੰਗਤ ਨੇ ਵਿਸ਼ਵ ਸ਼ਾਂਤੀ ਲਈ ਅਰਦਾਸ ਕੀਤੀ ਉੱਥੇ ਕਰੋੜਾਂ ਲੋਕਾਂ ਨੇ ਆਨਲਾਈਨ ਪਲੇਟਫਾਰਮ ’ਤੇ ਨਾਮ ਚਰਚਾ ਦਾ ਲਾਭ ਉਠਾਇਆ ਨਾਲ ਹੀ ਮਾਨਵਤਾ ਭਲਾਈ ਕਾਰਜਾਂ ਨੂੰ ਨਵੀਂ ਰਫਤਾਰ ਦਿੰਦਿਆਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਆਪਣੀ ਨੇਕ, ਮਿਹਨਤ ਦੀ ਕਮਾਈ ’ਚੋਂ 138ਵੇਂ ਮਾਨਵਤਾ ਭਲਾਈ ਕਾਰਜ ਤਹਿਤ ਗਰੀਬ ਅਤੇ ਅਨਾਥ 162 ਬੱਚਿਆਂ ਨੂੰ ਪੌਸ਼ਟਿਕ ਖੁਰਾਕ ਦੀਆਂ ਕਿੱਟਾਂ ਦਿੱਤੀਆਂ ਗਈਆਂ। ਇਸ ਦੇ ਨਾਲ ਹੀ ਵੱਖ-ਵੱਖ ਬਲਾਕਾਂ ਵੱਲੋਂ ਆਸ਼ਿਆਨਾ ਮੁਹਿੰਮ ਤਹਿਤ 10 ਜ਼ਰੂਰਤਮੰਦ ਪਰਿਵਾਰਾਂ ਨੂੰ ਮਕਾਨਾਂ ਦੀਆਂ ਚਾਬੀਆਂ ਸੌਂਪੀਆਂ ਗਈਆਂ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਦੇ ਗੁਰੂਗ੍ਰਾਮ ਪਧਾਰਨ ਦੀ ਖੁਸ਼ੀ ’ਚ ਪੂਰੇ ਗੁਰੂਗ੍ਰਾਮ ’ਚ ਸਫਾਈ ਮਹਾਂ ਅਭਿਆਨ ਚਲਾਉਣ ਦੀ ਹੱਥ ਖੜੇ ਕਰਕੇ ਸਹਿਮਤੀ ਪ੍ਰਗਟਾਈ।
ਪਵਿੱਤਰ ਮਹਾਂ ਰਹਿਮੋ-ਕਰਮ ਦਿਵਸ ਦੇ ਭੰਡਾਰੇ ਸਬੰਧੀ ਸਾਧ-ਸੰਗਤ ’ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਸੋਮਵਾਰ ਸਵੇਰ ਤੋਂ ਹੀ ਵੱਡੀ ਗਿਣਤੀ ’ਚ ਸਾਧ-ਸੰਗਤ ਸ਼ਾਹ ਸਤਿਨਾਮ ਜੀ ਧਾਮ ਪਹੁੰਚਣੀ ਸ਼ੁਰੂ ਹੋ ਗਈ 10 ਵਜੇ ਨਾਮ ਚਰਚਾ ਸ਼ੁਰੂ ਹੋਣ ਤੱਕ ਹੀ ਵਿਸ਼ਾਲ ਪੰਡਾਲ ਸਾਧ-ਸੰਗਤ ਨਾਲ ਭਰ ਗਿਆ ਅਤੇ ਨਾਮ ਚਰਚਾ ਦੀ ਸਮਾਪਤੀ ਤੱਕ ਆਉਣਾ ਲਗਾਤਾਰ ਜਾਰੀ ਰਿਹਾ। ਦਰਬਾਰ ਨੂੰ ਆਉਣ ਵਾਲੇ ਸਾਰੇ ਰਸਤਿਆਂ ’ਤੇ ਸੰਗਤ ਦੇ ਵਾਹਨਾਂ ਦੀ ਕਈ ਕਿਲੋਮੀਟਰ ਤੱਕ ਲੰਮੀਆਂ-ਲੰਮੀਆਂ ਕਤਾਰਾਂ ਨਜ਼ਰ ਆ ਰਹੀਆਂ ਸਨ। ਪਵਿੱਤਰ ਨਾਅਰੇ ਦੇ ਰੂਪ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪਵਿੱਤਰ ਮਹਾਂ ਰਹਿਮੋ-ਕਰਮ ਦਿਵਸ ਦੀ ਵਧਾਈ ਦੇ ਨਾਲ ਹੀ ਭੰਡਾਰੇ ਦੀ ਨਾਮ ਚਰਚਾ ਦਾ ਆਗਾਜ਼ ਹੋਇਆ। ਇਸ ਤੋਂ ਬਾਅਦ ਕਵੀਰਾਜ ਵੀਰਾਂ ਨੇ ਵੱਖ-ਵੱਖ ਭਗਤੀਮਈ ਸ਼ਬਰਾਂ ਰਾਹੀਂ ਗੁਰੂ ਜੱਸ ਦਾ ਗੁਣਗਾਨ ਕੀਤਾ ਵੱਡੀਆਂ-ਵੱਡੀਆਂ ਸਕਰੀਨਾਂ ਰਾਹੀਂ ਪੂਜਨੀਕ ਗੁਰੂ ਜੀ ਦੇ ਰਿਕਾਰਡਿਡ ਅਨਮੋਲ ਬਚਨ ਚਲਾਏ ਗਏ। ਇਸ ਤੋਂ ਬਾਅਦ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਮਾਨਵਤਾ ’ਤੇ ਕੀਤੇ ਗਏ ਉਪਕਾਰਾਂ ਨੂੰ ਦਰਸਾਉਂਦੀ ਡਾਕਿਊਮੈਂਟਰੀ ਚਲਾਈ ਗਈ ਨਾਮ ਚਰਚਾ ਦੀ ਸਮਾਪਤੀ ’ਤੇ ਆਈ ਹੋਈ ਸਾਧ-ਸੰਗਤ ਨੂੰ ਪੂਜਨੀਕ ਗੁਰੂ ਜੀ ਦੇ ਬਚਨਾਂ ਅਨੁਸਾਰ ਲੱਡੂ ਦਾ ਪ੍ਰਸਾਦ ਵੰਡਿਆ ਗਿਆ ਅਤੇ ਲੰਗਰ ਭੋਜਨ ਵੀ ਕੁਝ ਹੀ ਮਿੰਟਾਂ ’ਚ ਛਕਾ ਦਿੱਤਾ ਗਿਆ।
ਗੁਰੂ-ਸ਼ਿਸ਼ ਮਰਿਆਦਾ ਸਿਖਾਉਂਦਾ ਹੈ ਇਹ ਦਿਨ: ਪੂਜਨੀਕ ਗੁਰੂ ਜੀ
ਪਵਿੱਤਰ ਭੰਡਾਰੇ ਦੀ ਨਾਮ ਚਰਚਾ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰਿਕਾਰਡਿਡ ਅਨਮੋਲ ਬਚਨ ਵੱਡੀਆਂ-ਵੱਡੀਆਂ ਸਕਰੀਨਾਂ ਰਾਹੀਂ ਚਲਾਏ ਗਏ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਅੱਜ ਦੇ ਦਿਨ ਸਾਈਂ, ਦਾਤਾ, ਰਹਿਬਰ, ਸ਼ਾਹ ਮਸਤਾਨਾ ਜੀ ਮਹਾਰਾਜ ਨੇ, ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਆਪਣਾ ਰੂਪ ਬਣਾਇਆ ਅਤੇ ਇਹ ਬਚਨ ਫਰਮਾਏ ‘ਅਸੀਂ ਸਾਂ, ਅਸੀਂ ਹਾਂ ਅਤੇ ਅਸੀਂ ਹੀ ਰਹਾਂਗੇ’ ਰੂਹਾਨੀਅਤ, ਸੂਫੀਅਤ ਬਹੁਤ ਡੂੰਘੀ ਹੁੰਦੀ ਹੈ ਸੂਫੀਅਤ, ਰੂਹਾਨੀਅਤ ’ਚ ਉੱਚਾ ਦਰਜਾ ਪ੍ਰਾਪਤ ਕਰਨਾ, ਸਮਝੋ ਦੋਵਾਂ ਜਹਾਨ ਦਾ ਗੋਲਡ ਮੈਡਲ ਜਿੱਤਣਾ ਹੈ। ਇਹ ਰੂਹਾਨੀਅਤ ਇੰਨੀ ਡੂੰਘੀ ਹੈ, ਜਿੰਨੇ ਅੰਦਰ ਜਾਂਦੇ ਜਾਓ, ਓਨੀ ਡੂੰਘਾਈ ਦਾ ਪਤਾ ਲੱਗਦਾ ਹੈ ਅਤੇ ਓਨੀਆਂ ਹੀ ਆਨੰਦ ਅਤੇ ਲੱਜਤਾਂ ਇਨਸਾਨ ਨੂੰ ਮਹਿਸੂਸ ਹੁੰਦੀਆਂ ਹਨ। ਕਿਸੇ ਹੋਰ ਡੂੰਘਾਈ ’ਚ ਤੁਸੀਂ ਜਾਓਗੇ ਤਾਂ ਤੁਹਾਨੂੰ ਘੁਟਣ ਮਹਿਸੂਸ ਹੋਵੇਗੀ, ਜਿੰਦਗੀ ਦਾ ਖਤਰਾ ਲੱਗੇਗਾ, ਕਮਬੈਕ ਕਿਵੇਂ ਕਰੋਗੇ, ਮੈਂ ਇੰਨਾ ਡੂੰਘਾ ਉਤਰ ਗਿਆ ਹਾਂ ਵਾਪਸ ਉੱਪਰ ਕਿਵੇਂ ਆਵਾਂਗਾ, ਬਹੁਤ ਡਰ ਸਤਾਉਂਦੇ ਹਨ ਪਰ ਰੂਹਾਨੀਅਤ, ਸੂਫੀਅਤ, ਸਾਡੇ ਧਰਮਾਂ ਦੀ ਬਾਣੀ ਜਿੰਨੀ ਡੂੰਘਾਈ ਨਾਲ ਉਤਰਦੀ ਜਾਂਦੀ ਹੈ ਅਤੇ ਅਸੀਂ ਉਸ ’ਚ ਉਤਰਦੇ ਜਾਂਦੇ ਹਾਂ, ਉਦੋਂ ਡਰ ਦੀ ਗੱਲ ਛੱਡ ਅਸੀਂ ਉੱਡਣ ਲੱਗਦੇ ਹਾਂ, ਅਸੀਂ ਆਨੰਦਮਈ ਸਥਿਤੀ ’ਚ ਪਹੁੰਚ ਜਾਂਦੇ ਹਾਂ ਅਤੇ ਅਜਿਹੀ ਖੁਸ਼ੀਆਂ ਮਿਲਦੀਆਂ ਹਨ, ਜਿਸ ਦੀ ਲਿਖ-ਬੋਲ ਕੇ ਕਲਪਨਾ ਨਹੀਂ ਕੀਤੀ ਜਾ ਸਕਦੀ।
ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਅੱਜ ਦਾ ਦਿਨ ਸਿਖਾਉਂਦਾ ਹੈ ਗੁਰੂ-ਸ਼ਿਸ਼ ਦੀ ਮਰਿਆਦਾ ਤੁਹਾਨੂੰ ਕਾਫੀ ਚੀਜ਼ਾਂ ਦੱਸਾਂਗੇ ਪਰ ਪਹਿਲਾਂ ਅੱਜ ਜੋ ‘ਸ਼ਿਸ਼’ ਬਣਿਆ ਅਤੇ ਉਹ ‘ਸ਼ਿਸ਼’ ਜੋ ‘ਗੁਰੂ’ ’ਚ ਸਮਾਇਆ ਜਾਂ ‘ਗੁਰੂ’ ਉਸ ’ਚ ਸਮਾਇਆ, ਉਸ ਦੀ ਗੱਲ ਸੁਣਾਉਂਦੇ ਹਾਂ। ਸ਼ਾਹ ਸਤਿਨਾਮ ਜੀ ਦਾਤਾ ਦੀ ਸ਼ਾਹ ਮਸਤਾਨਾ ਜੀ ਰਹਿਮੋ-ਕਰਮ ਦੇ ਮਾਲਿਕ ਨੇ ਜਦੋਂ ਪੂਜਨੀਕ ਪਰਮ ਪਿਤਾ ਜੀ ਨੂੰ ਗੁਰਗੱਦੀ ’ਤੇ ਬਿਠਾਇਆ ਤਾਂ ਸਾਈਂ ਜੀ ਨੇ ਬਚਨ ਕੀਤੇ ਭਾਈ! ਸਭ ਕੁਝ ਛੱਡ ਕੇ ਆਸ਼ਰਮ ’ਚ ਆ ਜਾਓ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਆਸ਼ਰਮ ’ਚ ਆ ਗਏ ਸੇਵਾ ਕਰਨ ਲਈ ਕਿਹਾ ਤਾਂ ਸੇਵਾ ਕਰਨ ਲੱਗੇ ਸ੍ਰੀ ਜਲਾਲਆਣਾ ਸਾਹਿਬ ਦੇ ਜੈਲਦਾਰ, ਪੂਰੇ ਪਿੰਡ ਦੇ ਹੈਡ ਕਹੀਏ ਤਾਂ ਗਲਤ ਨਹੀਂ ਹੋਵੇਗਾ ਸਭ ਤੋਂ ਵੱਡੇ ਜ਼ਿੰਮੀਦਾਰ ਕਹੀਏ ਤਾਂ ਵੀ ਗਲਤ ਨਹੀਂ ਆਪਣੇ ਹੀ ਪਿੰਡ ’ਚ ਕੱਚੀਆਂ ਇੱਟਾਂ ਬਣਾਈਆਂ, ਉਨ੍ਹਾਂ ਨਾਲ, ਜਿਨ੍ਹਾਂ ਨੂੰ ਆਪਣੇ ਖੇਤ ’ਚ ਨੌਕਰ ਰੱਖਦੇ ਸਨ, ਜਿਨ੍ਹਾਂ ਦੇ ਨਾਲ ਉਹ ਕੰਮ ਕਰਦੇ ਸਨ ਪੂਰਾ ਪਿੰਡ ਵੇਖ ਰਿਹਾ ਸੀ ਅਤੇ ਉਹ ਇੱਟਾਂ ਬਣਾ ਰਹੇ ਸਨ।
ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਬਚਨ ਫਰਮਾਏ, ਆਪਣਾ ਘਰ-ਬਾਰ ਢਾਹ ਦੇ ਭਾਈ, ਕਹਿਣਾ ਅਸਾਨ ਹੈ, ਇੱਕ ਦੁਕਾਨ ਨਹੀਂ ਢਹਿੰਦੀ ਜੇਕਰ ਢਾਹੁਣੀ ਪਵੇ ਤਾਂ ਪਰ ਪੂਜਨੀਕ ਪਰਮ ਪਿਤਾ ਜੀ ਗਏ ਅਤੇ ਘਰ ਢਾਹੁਣ ਲੱਗੇ ਕਿਸੇ ਨੇ ਤਾਹਨਾ ਮਾਰਿਆ ਕਿ ਵੇਖੋ ਇਸ ਦਾ ਘਰ ਬਰਬਾਦ ਕਰ ਦਿੱਤਾ। ਬੋਲਣ ਵਾਲੇ ਤੁਹਾਨੂੰ ਪਤਾ ਹੈ ਕਿ ਬੋਲਣ ਤੋਂ ਬਾਜ ਨਹੀਂ ਆਉਂਦੇ ਘਰ ਢਾਹ ਦਿੱਤਾ ਗਿਆ। ਸਾਰਾ ਸਮਾਨ ਚੁੱਕ ਕੇ ਸਰਸਾ ’ਚ ਲੈ ਆਏ ਪੂਜਨੀਕ ਪਰਮ ਪਿਤਾ ਜੀ ਕੋਲ ਉਸ ਸਮੇਂ ਵੀ ਮੋਟਰਸਾਈਕਲ ਸੀ ਜੋ ਵੀ ਸਾਜੋ ਸਮਾਨ ਸੀ ਸਭ ਕੁਝ ਆਸ਼ਰਮ ’ਚ ਆ ਗਿਆ ਤਾਂ ਸਾਈਂ ਜੀ ਬਹੁਤ ਖੁਸ਼ ਹੋਏ ਅਤੇ ਕਹਿੰਦੇ ਭਾਈ ਤੇਰਾ ਸਮਾਨ ਆਇਆ ਹੈ ਤਾਂ ਰੱਖਵਾਲੀ ਵੀ ਤੂੰ ਹੀ ਕਰ। ਮੀਂਹ ਪੈ ਰਿਹਾ ਸੀ, ਹੰਨ੍ਹੇਰੀ ਚੱਲ ਰਹੀ ਸੀ ਸਾਈਂ ਜੀ ਕਹਿੰਦੇ ਤੇਰਾ ਸਮਾਨ ਤੂੰ ਜਾਣੇ ਹੁਣ ਸ਼ਾਹ ਸਤਿਨਾਮ ਜੀ ਦਾਤਾ ਰਹਿਬਰ ਨੇ ਲੋਕਾਂ ਨੂੰ ਸੱਦਿਆ ਅਤੇ ਇੱਕ ਰਾਤ ’ਚ ਸਾਰਾ ਸਮਾਨ ਲੁਟਾ ਦਿੱਤਾ।
ਸਵੇਰੇ ਸਾਈਂ ਜੀ ਬਾਹਰ ਆਏ ਤਾਂ ਵੇਖਿਆ ਉੱਥੇ ਕੁਝ ਵੀ ਨਹੀਂ ਕਹਿੰਦੇ ਵਰੀ! ਸਮਾਨ ਕਿੱਧਰ ਹੈ ਚੋਰੀ ਹੋ ਗਿਆ ਕੀ? ਇਸ ’ਤੇ ਪੂਜਨੀਕ ਪਰਮ ਪਿਤਾ ਜੀ ਕਹਿੰਦੇ ਸਾਈਂ ਜੀ ਤੁਸੀਂ ਕਿਹਾ ਸੀ, ਤੁਹਾਡਾ ਸਮਾਨ ਤੁਸੀਂ ਜਾਣੋ ਸਾਈਂ ਜੀ ਬੋਲੇ, ਤੁਸੀਂ ਕੀ ਕੀਤਾ? ਪੂਜਨੀਕ ਪਰਮ ਪਿਤਾ ਜੀ ਕਹਿੰਦੇ ਵੰਡ ਦਿੱਤਾ। ਤੁਹਾਡੇ ਦਰਸ਼ਨਾਂ ਤੋਂ ਮੈਂ ਦੂਰ ਰਹਿੰਦਾ ਸੀ, ਸਾਰਾ ਦਿਨ ਇਸ ਦੀ ਰੱਖਵਾਲੀ ਕੌਣ ਕਰੇ, ਆਇਆ ਤਾਂ ਤੁਹਾਡੇ ਦਰਸ਼ਨਾਂ ਲਈ ਹਾਂ ਸਾਈਂ ਜੀ ਬੋਲੇ, ਵਾਹ! ਭਾਈ ਵਾਹ!
ਪੂਜਨੀਕ ਗੁਰੂ ਜੀ ਨੇ ਅੱਗੇ ਫਰਮਾਇਆ ਕਿ ਸੋਚ ਕੇ ਵੇਖੋ ਹੁਣ ਛੋਟੇ-ਛੋਟੇ ਬੱਚੇ ਘਰ ’ਚ ਰਹਿਣ ਦਾ ਆਸਰਾ ਹੀ ਨਹੀਂ, ਜਗ੍ਹਾ ਨਹੀਂ ਹੈ, ਉਹ ਬਾਪ ਜੋ ਆਪਣੇ ਬੱਚਿਆਂ ਨਾਲ ਪਿਆਰ ਕਰਦਾ ਸੀ, ਉਹ ਬਾਪ ਜੋ ਬੇਇੰਤਹਾ ਮੁਹੱਬਤ ਕਰਦਾ ਸੀ ਆਪਣੀ ਔਲਾਦ ਨਾਲ, ਇੱਕ ਪਲ ਨਹੀਂ ਲਾਇਆ ਗੁਰੂ ਦੇ ਕਹਿਣ ’ਤੇ, ਸਾਰਾ ਘਰ ਲਿਆ ਢੇਰੀ ਕਰ ਦਿੱਤਾ ਕੀ ਹੁਣ ਤੁਸੀਂ ਸੋਚਦੇ ਹੋ ਕਿ ਗੁਰੂ-ਪੀਰ ਫਕੀਰਾਂ ਦੇ ਅੰਦਰ ਦਿਲ ਨਹੀਂ ਹੁੰਦਾ, ਕੀ ਤੁਸੀਂ ਸੋਚਦੇ ਹੋ ਗੁਰੂ, ਪੀਰ-ਫਕੀਰਾਂ ਦੇ ਅੰਦਰ ਭਾਵਨਾ ਨਹੀਂ ਹੁੰਦੀ, ਉਨਨ੍ਹਾਂ ਜਿੰਨੀ ਭਾਵਨਾ ਤਾਂ ਕਿਸੇ ਦੇ ਅੰਦਰ ਹੋ ਹੀ ਨਹੀਂ ਸਕਦੀ ਹੈ ਪਰ ਉਹ ਸਾਰੀ ਭਾਵਨਾ ਆਪਣੇ ਗੁਰੂ ਮੁਰਸ਼ਿਦ-ਏ-ਕਾਮਿਲ ਲਈ ਰਿਜ਼ਰਵ ਹੋ ਜਾਂਦੀ ਹੈ ਤਾਂ ਉਹ ਤੜਫਦੇ ਬੱਚੇ, ਛੋਟੇ-ਛੋਟੇ ਬੱਚੇ ਬਿਨਾ ਮਕਾਨ ਦੇ, ਜਰਾ ਕਲਪਨਾ ਕਰਕੇ ਵੇਖੋ ਪਰ ਪਰਵਾਹ ਨਹੀਂ ਕੀਤੀ ਤਾਂ ਇਹ ਦਿਨ ਆਇਆ ਅਤੇ ਸਾਈਂ ਜੀ ਨੇ ਸ਼ਾਹ ਸਤਿਨਾਮ ਜੀ ਦਾਤਾ ਰਹਿਬਰ ਨੂੰ ਗੁਰਗੱਦੀ ’ਤੇ ਬਿਠਾਇਆ ਦੋਵਾਂ ਜਹਾਨ ਦੀ ਸ਼ਕਤੀ ਸੌਂਪ ਦਿੱਤੀ ਅਤੇ ਬੇਪਰਵਾਹ ਸਾਈਂ ਮਸਤਾਨਾ ਜੀ ਮਹਾਰਾਜ, ਸ਼ਾਹ ਸਤਿਨਾਮ ਜੀ ਮਹਾਰਾਜ ਦਾਤਾ ਰਹਿਬਰ ’ਚ ਵਿਲੀਨ ਹੋ ਗਏ ਦੋਵੇਂ ਇੱਕ ਹੋ ਗਏ।
ਪੂਜਨੀਕ ਗੁਰੂ ਜੀ ਨੇ ਆਪਣੀ ਨੇਕ, ਸਖ਼ਤ ਮਿਹਨਤ ਦੀ ਕਮਾਈ ’ਚੋਂ 162 ਬੱਚਿਆਂ ਨੂੰ ਦਿੱਤੀ ਪੌਸ਼ਟਿਕ ਖੁਰਾਕ
ਪੂਰੇ ਵਿਸ਼ਵ ’ਚ ਸਮਾਜ ਉਥਾਨ ਲਈ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਗਏ 138 ਮਾਨਵਤਾ ਭਲਾਈ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ ਸਾਧ-ਸੰਗਤ ਲਗਾਤਾਰ ਇਨ੍ਹਾਂ ਮਾਨਵਤਾ ਭਲਾਈ ਕਾਰਜਾਂ ’ਚ ਅੱਗੇ ਵਧ ਰਹੀ ਹੈ ਇਸੇ ਕੜੀ ’ਚ 138ਵੇਂ ਮਾਨਵਤਾ ਭਲਾਈ ਕਾਰਜ ‘‘ਗਰੀਬ ਅਤੇ ਅਨਾਥ ਬਿਮਾਰ ਬੱਚਿਆਂ ਦਾ ਇਲਾਜ ਕਰਵਾਉਣਾ ਅਤੇ ਉਨ੍ਹਾਂ ਨੂੰ ਖਾਣ ਦਾ ਸਮਾਨ ਦੇਣਾ’’ ਤਹਿਤ ਇਸ ਸ਼ੁੱਭ ਮੌਕੇ ਪੂਜਨੀਕ ਗੁਰੂ ਜੀ ਵੱਲੋਂ ਉਨ੍ਹਾਂ ਦੀ ਨੇਕ ਅਤੇ ਮਿਹਨਤ ਦੀ ਕਮਾਈ ’ਚੋਂ 162 ਬੱਚਿਆਂ ਨੂੰ ਪੌਸ਼ਟਿਕ ਖੁਰਾਕ ਦੀਆਂ ਕਿੱਟਾਂ ਵੰਡੀਆਂ ਗਈਆਂ
ਸ਼ਲਾਘਾਯੋਗ: ਆਸ਼ਿਆਨਾ ਮੁਹਿੰਮ ਤਹਿਤ 10 ਜ਼ਰੂਰਤਮੰਦ ਪਰਿਵਾਰਾਂ ਨੂੰ ਬਣਾ ਕੇ ਦਿੱਤੇ ਮਕਾਨ
ਪਵਿੱਤਰ ਮਹਾਂ ਰਹਿਮੋ-ਕਰਮ ਦੇ ਸ਼ੁੱਭ ਮੌਕੇ ਡੇਰਾ ਸੱਚਾ ਸੌਦਾ ਦੀ ‘ਆਸ਼ਿਆਨਾ ਮੁਹਿੰਮ’ ਤਹਿਤ ਸਾਧ-ਸੰਗਤ ਵੱਲੋਂ 10 ਜ਼ਰੂਰਤਮੰਦ ਪਰਿਵਾਰਾਂ ਨੂੰ ਮਕਾਨ ਬਣਾ ਕੇ ਉਨ੍ਹਾਂ ਦੀਆਂ ਚਾਬੀਆਂ ਬਲਾਕ ਦੇ ਜ਼ਿੰਮੇਵਾਰਾਂ ਵੱਲੋਂ ਸੌਂਪੀਆਂ ਗਈਆਂ ਇਸ ਮੁਹਿੰਮ ਤਹਿਤ ਬਲਾਕ ਸਰਸਾ ਵੱਲੋਂ ਨਟਾਰ ਪਿੰਡ (ਸਰਸਾ) ਨਿਵਾਸੀ ਬਿੱਲੂ ਰਾਮ ਨੂੰ ਮਕਾਨ ਬਣਾ ਕੇ ਉਸ ਦੀ ਚਾਬੀ ਸੌਂਪੀ
204 ਯੂਨਿਟ ਖੂਨਦਾਨ, 711 ਮਰੀਜ਼ਾਂ ਦੀ ਜਾਂਚ
ਪਵਿੱਤਰ ਮਹਾਂ ਰਹਿਮੋ-ਕਰਮ ਦਿਵਸ ਮੌਕੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਜਨ ਕਲਿਆਣ ਪਰਮਾਰਥੀ ਕੈਂਪ ਲਾਇਆ ਗਿਆ ਜਿਸ ’ਚ ਡਾਕਟਰਾਂ ਵੱਲੋਂ 711 ਮਰੀਜ਼ਾਂ ਦੀ ਮੁਫਤ ਜਾਂਚ ਕੀਤੀ ਗਈ ਉੱਥੇ ਪੂਜਨੀਕ ਬਾਪੂ ਮੱਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਬੈਂਕ ’ਚ 204 ਯੂਨਿਟ ਖੂਨਦਾਨ ਕੀਤਾ ਗਿਆ
ਬੇਮਿਸਾਲ ਸਾਧ-ਸੰਗਤ ਦਾ ਉਤਸ਼ਾਹ, ਸ਼ਾਨਦਾਰ ਰਹੇ ਪ੍ਰਬੰਧ
ਪਵਿੱਤਰ ਮਹਾਂ ਰਹਿਮੋ-ਕਰਮ ਦਿਵਸ ’ਤੇ ਪਹੁੰਚਣ ਵਾਲੀ ਸਾਧ-ਸੰਗਤ ਲਈ ਡੇਰਾ ਸੱਚਾ ਸੌਦਾ ਪ੍ਰਬੰਧਕੀ ਕਮੇਟੀ ਵੱਲੋਂ ਸ਼ਾਨਦਾਰ ਪ੍ਰਬੰਧ ਕੀਤੇ ਗਏ ਇਸ ਦੇ ਬਾਵਜੂਦ ਸਾਧ-ਸੰਗਤ ਦੇ ਭਾਰੀ ਉਤਸ਼ਾਹ ਸਾਹਮਣੇ ਸਾਰੇ ਪ੍ਰਬੰਧ ਛੋਟੇ ਪੈਂਦੇ ਨਜ਼ਰ ਆਏ ਨਾਮ ਚਰਚਾ ਦੀ ਸ਼ੁਰੂਆਤ ’ਚ ਹੀ ਸਾਰੇ ਟੈ੍ਰਫਿਕ ਗਰਾਊਂਡ ਸਾਧ-ਸੰਗਤ ਦੀਆਂ ਗੱਡੀਆਂ ਨਾਲ ਖਚਾਖਚ ਭਰ ਗਏ ਸਨ ਇਸ ਦੌਰਾਨ ਟੈ੍ਰਫਿਕ ਸੰਮਤੀ ਦੇ ਸੇਵਾਦਾਰਾਂ ਨੇ ਮੁੱਖ ਮਾਰਗਾਂ ’ਤੇ ਗੱਡੀਆਂ ਦੀ ਆਵਾਜਾਈ ਨੂੰ ਚੰਗੀ ਤਰ੍ਹਾਂ ਸੁਚਾਰੂ ਰੱਖਿਆ ਉੱਥੇ ਪਾਣੀ ਸੰਮਤੀ ਦੇ ਸੇਵਾਦਾਰਾਂ ਨੇ ਵੀ ਬਖੂਬੀ ਸਵੱਛ ਪਾਣੀ ਦਾ ਪ੍ਰਬੰਧ ਕੀਤਾ ਨਾਲ ਹੀ ਪੰਡਾਲ ’ਚ ਸੇਵਾਦਾਰ ਟਰੇਅ ਰਾਹੀਂ ਵੀ ਪਾਣੀ ਪਿਆ ਰਹੇ ਸਨ ਇਸ ਤੋਂ ਇਲਾਵਾ ਸਫਾਈ ਸੰਮਤੀ ਦੇ ਸੇਵਾਦਾਰਾਂ ਨੇ ਵੀ ਬੇਮਿਸਾਲ ਸੇਵਾ ਭਾਵਨਾ ਵਿਖਾਈ ਇਸ ਦੌਰਾਨ ਥਾਂ-ਥਾਂ ’ਤੇ ਡਸਟਬੀਨ ਰੱਖੇ ਗਏ ਸਨ ਜਿੱਥੇ ਵੀ ਥੋੜਾ ਜਿਹਾ ਕੂੜਾ ਨਜ਼ਰ ਆਉਂਦਾ ਸੇਵਾਦਾਰ ਤੁਰੰਤ ਉਸ ਨੂੰ ਸਾਫ ਕਰ ਦਿੰਦੇ ਆਈ ਹੋਈ ਸਾਧ-ਸੰਗਤ ਨੂੰ ਲੰਗਰ ਸੰਮਤੀ ਦੇ ਸੈਂਕੜੇ ਸੇਵਾਦਾਰਾਂ ਨੇ ਕੁਝ ਹੀ ਮਿੰਟਾਂ ’ਚ ਪ੍ਰਸਾਦ ਅਤੇ ਲੰਗਰ ਭੋਜਨ ਛਕਾ ਦਿੱਤਾ ਇਸ ਤੋਂ ਬਾਅਦ ਸਾਧ-ਸੰਗਤ ਸਤਿਗੁਰੂ ਜੀ ਤੋਂ ਖੁਸ਼ੀਆਂ ਪ੍ਰਾਪਤ ਕਰਕੇ ਆਪਣੇ ਘਰਾਂ ਨੂੰ ਪਰਤ ਗਈ
ਕੋਰੋਨਾ ਦੇ ਨਿਯਮਾਂ ਦੀ ਕੀਤੀ ਪੂਰੀ ਤਰ੍ਹਾਂ ਪਾਲਣਾ
ਪਵਿੱਤਰ ਮਹਾਂ ਰਹਿਮੋ-ਕਰਮ ਦਿਵਸ ਮੌਕੇ ਸ਼ਾਹ ਸਤਿਨਾਮ ਜੀ ਧਾਮ ’ਚ ਕੋਰੋਨਾ ਦੇ ਮੱਦੇਨਜ਼ਰ ਸਰਕਾਰ ਵੱਲੋਂ ਤੈਅ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਗਈ ਸ਼ਾਹ ਸਤਿਨਾਮ ਜੀ ਧਾਮ ’ਚ ਦਾਖਲ ਹੋਣ ਤੋਂ ਪਹਿਲਾਂ ਹਰ ਸ਼ਰਧਾਲੂ ਦੀ ਥਰਮਲ ਸਕੈਨਿੰਗ, ਸੈਨੇਟਾਈਜੇਸ਼ਨ ਦੇ ਨਾਲ-ਨਾਲ ਪੰਡਾਲ ’ਚ ਸਾਧ-ਸੰਗਤ ਨੇ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਖਿਆਲ ਰੱਖਿਆ
ਸਤਿਗੁਰੂ ਦੇ ਵੈਰਾਗ ’ਚ ਹੀ ਹੰਝੂਆਂ ਦੀ ਧਾਰਾ
ਪਵਿੱਤਰ ਮਹਾਂ ਰਹਿਮੋ-ਕਰਮ ਦਿਵਸ ਮੌਕੇ ਡੇਰਾ ਸੱਚਾ ਸੌਦਾ ਦੇ ਬੁਲਾਰੇ ਸੰਦੀਪ ਕੌਰ ਇੰਸਾਂ ਨੇ ਪੂਜਨੀਕ ਗੁਰੂ ਜੀ ਦੇ ਆਗਮਨ ’ਤੇ ਸਾਧ-ਸੰਗਤ ਵੱਲੋਂ ਵਿਖਾਏ ਗਏ ਬੇਮਿਸਾਲ ਅਨੁਸ਼ਾਸਨ ਅਤੇ ਘਰਾਂ ’ਚ ਘਿਓ ਦੇ ਦੀਵੇ ਜਗਾ ਕੇ ਮਨਾਈ ਖੁਸ਼ੀ ਦੀ ਭਰਪੂਰ ਸ਼ਲਾਘਾ ਕੀਤੀ ਇਸ ਦੌਰਾਨ ਜਦੋਂ ਉਨ੍ਹਾਂ ਨੇ ਕਿਹਾ ਕਿ ਸਾਧ-ਸੰਗਤ ਨੂੰ ਪੂਜਨੀਕ ਗੁਰੂ ਜੀ ਦੇ ਦਰਸ਼ਨਾਂ ਦੀ ਡੂੰਘੀ ਤੜਫ ਸੀ, ਫਿਰ ਵੀ ਸਾਧ-ਸੰਗਤ ਨੇ ਆਪਣੇ ਜਜਬਾਤਾਂ ਨੂੰ ਸੰਜਮ ’ਚ ਰੱਖਿਆ ਅਤੇ ਗੁਰੂਗ੍ਰਾਮ ਨਾ ਜਾ ਕੇ ਅਨੁਸ਼ਾਸਨ ਦਾ ਪ੍ਰਮਾਣ ਦਿੱਤਾ ਇਹ ਸ਼ਬਦ ਸੁਣਦੇ ਹੀ ਲੱਖਾਂ ਦੀ ਗਿਣਤੀ ’ਚ ਪਹੰੁਚੀ ਸਾਧ-ਸੰਗਤ ਦੇ ਦਿਲ ਭਰ ਗਏ ਅਤੇ ਉਨ੍ਹਾਂ ਦਾ ਆਪਣੇ ਸਤਿਗੁਰੂ ਪ੍ਰਤੀ ਪ੍ਰੇਮ ਵੈਰਾਗ ਦੇ ਰੂਪ ’ਚ ਅੱਖਾਂ ’ਚੋਂ ਹੰਝੂ ਧਾਰਾ ਵਹਿ ਪਈ
ਗੁਰੂਗ੍ਰਾਮ ’ਚ ਫਿਰ ‘ਸਫਾਈ ਮਹਾਂ ਅਭਿਆਨ’ ਚਲਾਉਣ ਦੀ ਪ੍ਰਗਟਾਈ ਸਹਿਮਤੀ
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਮਹਾਂ ਰਹਿਮੋ-ਕਰਮ ਦਿਵਸ ਮੌਕੇ ਪੰਡਾਲ ’ਚ ਮੌਜ਼ੂਦ ਸਮੂਹ ਸਾਧ-ਸੰਗਤ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 21 ਦਿਨ ਗੁਰੂਗ੍ਰਾਮ ਪਧਾਰਨ ਦੀ ਖੁਸ਼ੀ ’ਚ ਹੱਥ ਉਠਾ ਕੇ ਜ਼ਿਲ੍ਹਾ ਗੁਰੂਗ੍ਰਾਮ ’ਚ ‘ਸਫਾਈ ਮਹਾਂ ਅਭਿਆਨ’ ਚਲਾਉਣ ਦੀ ਸਹਿਮਤੀ ਪ੍ਰਗਟਾਈ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ 17 ਦਸੰਬਰ 2011 ’ਚ ਗੁਰੂਗ੍ਰਾਮ ਨੂੰ 3 ਲੱਖ ਸੇਵਾਦਾਰਾਂ ਦੁਆਰਾ 7 ਘੰਟੇ ’ਚ ਗੰਦਗੀ ਮੁਕਤ ਕੀਤਾ ਗਿਆ ਸੀ ਸਾਧ-ਸੰਗਤ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਅਤੇ ਪ੍ਰਸ਼ਾਸਨ ਮਨਜ਼ੂਰੀ ਦਿੰਦਾ ਹੈ ਤਾਂ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਅਤੇ ਸ਼ਰਧਾਲੂ ਫਿਰ ‘ਸਫਾਈ ਮਹਾਂ ਅਭਿਆਨ’ ਚਲਾ ਕੇ ਗੁਰੂ ਦ੍ਰੋਣਾਚਾਰਿਆ ਦੀ ਨਗਰੀ ਨੂੰ ਸਵੱਛ ਕਰਨ ਲਈ ਤਿਆਰ ਹੈ
ਪਵਿੱਤਰ ਭੰਡਾਰੇ ਦੇ ਮੁੱਖ ਅੰਸ਼
- ਪੂਜਨੀਕ ਗੁਰੂ ਜੀ ਵੱਲੋਂ 162 ਬੱਚਿਆਂ ਨੂੰ ਪੌਸ਼ਟਿਕ ਭੋਜਨ ਦਿੱਤਾ ਗਿਆ।
- ਸਾਧ-ਸੰਗਤ ਨੇ 10 ਲੋੜਵੰਦ ਪਰਿਵਾਰਾਂ ਨੂੰ ਮਕਾਨ ਬਣਾ ਕੇ ਦਿੱਤੇ।
- ਪਵਿੱਤਰ ਭੰਡਾਰੇ ਮੌਕੇ ਵਿਆਹ ਕਰਵਾਏ ਗਏ।
- ਪਵਿੱਤਰ ਭੰਡਾਰੇ ਉਪਰੰਤ ਸਾਧ-ਸੰਗਤ ਨੂੰ ਲੱਡੂਆਂ ਦਾ ਪ੍ਰਸ਼ਾਦ ਵੰਡਿਆ ਗਿਆ।
- ਪਵਿੱਤਰ ਭੰਡਾਰੇ ਉਪਰੰਤ ਸਾਧ-ਸੰਗਤ ਨੂੰ ਲੰਗਰ ਛਕਾਇਆ ਗਿਆ।
- ਪਵਿੱਤਰ ਭੰਡਾਰੇ ਮੌਕੇ ਪੰਡਾਲ ਖਚਾਖਚ ਭਰਿਆ ਹੋਇਆ ਸੀ।
- ਸਾਧ-ਸੰਗਤ ਨੇ ਗੁਰੂਗ੍ਰਾਮ ਵਿੱਚ ਸਫਾਈ ਅਭਿਆਨ ਚਲਾਉਣ ਦਾ ਡੇਰਾ ਦੀ ਮੈਨਜਮੈਂਟ ਨੂੰ ਦਿੱਤਾ ਸੁਝਾਅ।
- ਇਸ ਮੌਕੇ ਸ਼ਾਹ ਸਤਿਨਾਮ ਜੀ ਹਸਪਤਾਲ ਵਿਖੇ ਮੁਫ਼ਤ ਕੈਂਪ ਲਗਾਇਆ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ