ਬੇਲਾਰੂਸ ਪਹੁੰਚਿਆ ਯੂਕਰੇਨ ਦਾ ਵਫ਼ਦ, ਜੰਗ ਰੋਕਣ ਲਈ ਰੂਸ ਨਾਲ ਸ਼ੁਰੂ ਹੋਈ ਗੱਲਬਾਤ

Ukrainian delegation arrives in Belarus

ਬੇਲਾਰੂਸ ਪਹੁੰਚਿਆ ਯੂਕਰੇਨ ਦਾ ਵਫ਼ਦ, ਜੰਗ ਰੋਕਣ ਲਈ ਰੂਸ ਨਾਲ ਸ਼ੁਰੂ ਹੋਈ ਗੱਲਬਾਤ

ਨਵੀਂ ਦਿੱਲੀ। ਯੂਕਰੇਨ ਤੇ ਰੂਸ ਦਰਮਿਆਨ ਅੱਜ ਜੰਗ ਦਾ ਪੰਜਵਾਂ ਦਿਨ ਹੈ। ਇਸ ਦੌਰਾਨ ਯੂਕਰੇਨ ਦਾ ਵਫ਼ਦ ਰੂਸ ਨਾਲ ਗੱਲਬਾਤ ਲਈ ਬੇਲਾਰੂਸ ਦੇ ਗੋਮੇਲ ਖੇਤਰ ਪਹੁੰਚ ਗਿਆ ਹੈ। ਵਫ਼ਦ ਵਿੱਚ ਯੂਕਰੇਨ ਦੇ ਰੱਖਿਆ ਮੰਤਰੀ ਓਲੇਕਸੀ ਰੇਜ਼ਨੀਕੋਵ ਵੀ ਸ਼ਾਮਲ ਹਨ। ਗੱਲਬਾਤ ਤੋਂ ਪਹਿਲਾਂ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ- ਸਾਨੂੰ ਉਮੀਦ ਨਹੀਂ ਹੈ ਕਿ ਇਹ ਗੱਲਬਾਤ ਸਫਲ ਹੋਵੇਗੀ, ਪਰ ਸ਼ਾਂਤੀ ਦੀ ਕੋਸ਼ਿਸ਼ ਕਰਨ ਵਿੱਚ ਕੋਈ ਨੁਕਸਾਨ ਨਹੀਂ ਹੈ।

ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ ਯੂਕਰੇਨ ਨੇ ਰੂਸ ਨੂੰ ਯੂਕਰੇਨ ਦੀ ਸਰਹੱਦ ਤੋਂ ਆਪਣੀ ਫੌਜ ਨੂੰ ਹਟਾਉਣ ਲਈ ਕਿਹਾ। ਦੂਜੇ ਪਾਸੇ ਬੇਲਾਰੂਸ ਰੂਸ ਦਾ ਸਮਰਥਨ ਕਰਨ ਲਈ ਯੂਕਰੇਨ ਵਿੱਚ ਫੌਜ ਭੇਜਣ ਦੀ ਤਿਆਰੀ ਕਰ ਰਿਹਾ ਹੈ। ਯੂਕਰੇਨ ‘ਤੇ 16 ਘੰਟਿਆਂ ‘ਚ ਕਬਜ਼ਾ ਕਰਨ ਦਾ ਸੁਪਨਾ ਤਬਾਹ ਹੁੰਦਾ ਦੇਖ ਕੇ ਹੁਣ ਵਲਾਦੀਮੀਰ ਪੁਤਿਨ ਨੇ ਪਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੀ ਭਿਆਨਕ ਯੋਜਨਾ ਬਣਾ ਲਈ ਹੈ। ਰੂਸੀ ਮੀਡੀਆ ਏਜੰਸੀ ‘ਸਪੁਟਨਿਕ’ ਨੇ ਇਸ ਦੀ ਪੁਸ਼ਟੀ ਕੀਤੀ ਹੈ। ਪਰਮਾਣੂ ਕਮਾਂਡ ਵੱਲੋਂ ਕਮਾਂਡ ਕਰਨ ਵਾਲੀਆਂ ਇਕਾਈਆਂ ਦੀ ਛੁੱਟੀ ਰੱਦ ਕਰ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਹਮਲੇ ਲਈ ਤਿਆਰ ਰਹਿਣ ਦੇ ਹੁਕਮ ਦਿੱਤੇ ਗਏ ਹਨ।

ਰੂਸ ‘ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ

ਇਸ ਟਕਰਾਅ ਨੂੰ ਰੋਕਣ ਅਤੇ ਰੂਸ ‘ਤੇ ਦਬਾਅ ਬਣਾਉਣ ਦੇ ਵੀ ਯਤਨ ਜਾਰੀ ਹਨ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਨੇ ਸੋਮਵਾਰ ਨੂੰ ਇਸ ਮੁੱਦੇ ਨੂੰ ਸੰਯੁਕਤ ਰਾਸ਼ਟਰ ਮਹਾਂਸਭਾ (UNGA) ਦੇ ਵਿਸ਼ੇਸ਼ ਐਮਰਜੈਂਸੀ ਸੈਸ਼ਨ ਵਿੱਚ ਭੇਜਣ ਲਈ ਵੋਟ ਕੀਤਾ। ਮਤੇ ਦੇ ਹੱਕ ਵਿੱਚ 11 ਅਤੇ ਵਿਰੋਧ ਵਿੱਚ 1 ਵੋਟਾਂ ਪਈ। ਭਾਰਤ, ਚੀਨ ਅਤੇ ਯੂਏਈ ਨੇ ਫਿਰ ਵੋਟਿੰਗ ਤੋਂ ਦੂਰੀ ਬਣਾਈ ਰੱਖੀ।

ਨਾਟੋ ਯੂਕਰੇਨ ਦੀ ਮਦਦ ਲਈ ਅੱਗੇ ਆਇਆ

ਯੂਕਰੇਨ ਅਤੇ ਰੂਸ ਵਿਚਾਲੇ ਛਿੜੀ ਜੰਗ ਵਿੱਚ ਹੁਣ ਹੌਲੀ-ਹੌਲੀ ਯੂਕਰੇਨ ਨੂੰ ਕਈ ਦੇਸ਼ਾਂ ਦਾ ਸਮਰਥਨ ਮਿਲ ਰਿਹਾ ਹੈ। ਇਸ ਦੌਰਾਨ ਨਾਟੋ ਨੇ ਵੀ ਯੂਕਰੇਨ ਦਾ ਸਮਰਥਨ ਕਰਨ ਲਈ ਕਿਹਾ ਹੈ। ਨਾਟੋ ਦੀ ਤਰਫੋਂ ਕਿਹਾ ਗਿਆ ਹੈ ਕਿ ਸੰਗਠਨ ਦੇ ਸਾਰੇ ਦੇਸ਼ ਯੂਕਰੇਨ ਨੂੰ ਮਨੁੱਖੀ ਅਤੇ ਵਿੱਤੀ ਸਹਾਇਤਾ ਤੋਂ ਇਲਾਵਾ ਹਵਾਈ ਰੱਖਿਆ ਮਿਜ਼ਾਈਲਾਂ, ਟੈਂਕ ਵਿਰੋਧੀ ਹਥਿਆਰ ਦੇਣ ਲਈ ਤਿਆਰ ਹਨ।

ਕਿਸੇ ਵੀ ਭਾਰਤੀ ਨੂੰ ਪਿੱਛੇ ਨਹੀਂ ਛੱਡਿਆ ਜਾਵੇਗਾ : ਵੀਕੇ ਸਿੰਘ

ਸਾਬਕਾ ਥਲ ਸੈਨਾ ਮੁਖੀ ਜਨਰਲ ਅਤੇ ਕੇਂਦਰੀ ਮੰਤਰੀ ਵੀਕੇ ਸਿੰਘ ਨੇ ਕਿਹਾ ਹੈ ਕਿ ਯੂਕਰੇਨ ਵਿੱਚ ਫਸੇ ਕਿਸੇ ਵੀ ਭਾਰਤੀ ਨਾਗਰਿਕ ਨੂੰ ਉੱਥੇ ਛੱਡਿਆ ਨਹੀਂ ਜਾਵੇਗਾ। ਸਭ ਦੀ ਵਾਪਸੀ ਹੋਵੇਗੀ। ਉਨਾਂ ਕਿਹਾ ਕਿ ਜੰਗ ਦੌਰਾਨ ਦੋਵਾਂ ਹੀ ਧਿਰਾਂ ’ਚ ਪਾਬੰਦੀ ਤੇ ਭਰਮ ਦੀ ਸਥਿਤੀ ਬਣੀ ਹੋਈ ਹੇੈ। ਜੇਕਰ ਤੁਹਾਡੇ ’ਚ ਧੀਰਜ ਨਹੀਂ ਤੇ ਤੁਸੀਂ ਦੱਸੇ ਗਏ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਦੇ ਤਾਂ ਹਾਲਾਤ ਵਿਗੜ ਸਕਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ