ਆਪਣੀ ਗੱਡੀ ਸਟੇਸ਼ਨ ’ਤੇ ਲਾਉਣ ਲਈ ਹੋ ਰਹੇ ਮੁੜ੍ਹਕੋ-ਮੁੜ੍ਹਕੀ, ਆਪ ਨੇ ਬਦਲੇ ਸਮੀਕਰਨ
(ਰਾਜਨ ਮਾਨ) ਅੰਮ੍ਰਿਤਸਰ। ਕਿਸੇ ਸਮੇਂ ਤਖਤਾ ਪਲਟਾਉਣ ਵਾਲੀ ਕਾਂਗਰਸ ਦੀ ਮਾਝਾ ਐਕਸਪ੍ਰੈੱਸ (Majha Express) ਵਿਧਾਨ ਸਭਾ ਚੋਣਾਂ ਵਿੱਚ ਕਸੂਤੀ ਫਸੀ ਹੋਈ ਨਜ਼ਰ ਆ ਰਹੀ ਹੈ ਕਾਂਗਰਸ ਪਾਰਟੀ ਵਿੱਚ ਮਾਝਾ ਐਕਸਪ੍ਰੈੱਸ ਜਾਂ ਮਾਝਾ ਬਿ੍ਰਗੇਡ ਨਾਲ ਜਾਣੇ ਜਾਣ ਵਾਲੇ ਮੁੱਖ ਆਗੂ ਸੁਖਜਿੰਦਰ ਸਿੰਘ ਰੰਧਾਵਾ, ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਅਤੇ ਸੁੱਖ ਸਰਕਾਰੀਆ ਇਸ ਵੇਲੇ ਵਿਧਾਨ ਸਭਾ ਚੋਣਾਂ ਵਿੱਚ ਵਿਰੋਧੀਆਂ ਦੇ ਨਾਲ ਫਸਵੀਂ ਟੱਕਰ ਹੋਣ ਕਰਕੇ ਆਪੋ-ਆਪਣੇ ਹਲਕਿਆਂ ’ਚ ਉਲਝੇ ਹੋਏ ਹਨ। ਮਾਝਾ ਐਕਸਪ੍ਰੈੱਸ ਵੱਲੋਂ ਕਿਸੇ ਸਮੇਂ ਕੈਪਟਨ ਅਮਰਿੰਦਰ ਸਿੰਘ ਨੂੰ ਤਖ਼ਤ ਤੋਂ ਲਾਹੁਣ ਲਈ ਅਹਿਮ ਰੋਲ ਅਦਾ ਕੀਤਾ ਗਿਆ ਸੀ। ਪੰਜਾਬ ਦੀ ਸਿਆਸਤ ਵਿੱਚ ਹਮੇਸ਼ਾ ਹੀ ਮਾਝਾ ਐਕਸਪ੍ਰੈੱਸ ਦਾ ਅਹਿਮ ਰੋਲ ਰਿਹਾ ਹੈ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਤਖ਼ਤ ਤੇ ਬਿਠਾਉਣ ਦੀ ਗੱਲ ਹੋਵੇ ਜਾਂ ਕੈਪਟਨ ਅਮਰਿੰਦਰ ਸਿੰਘ ਨੂੰ ਤਖ਼ਤ ਤੋਂ ਲਾਹੁਣ ਦੀ ਗੱਲ ਹੋਵੇ।
ਵਿਧਾਨ ਸਭਾ ਚੋਣਾਂ ’ਚ ਇਸ ਵਾਰ ਆਮ ਆਦਮੀ ਪਾਰਟੀ ਵੱਲੋਂ ਦਸਤਕ ਦਿੱਤੇ ਜਾਣ ਤੋਂ ਬਾਅਦ ਹਲਕਿਆਂ ’ਚ ਮੁਕਾਬਲਾ ਸਖ਼ਤ ਬਣ ਜਾਣ ਕਰਕੇ ਮਾਝਾ ਐਕਸਪ੍ਰੈੱਸ ਦੇ ਇਹ ਤਿੰਨੇ ਆਗੂ ਆਪਣੀ ਗੱਡੀ ਨੂੰ ਹੁਣ ਵਿਧਾਨ ਸਭਾ ਵਾਲੇ ਸਟੇਸ਼ਨ ’ਤੇ ਲਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ। ਮਾਝਾ ਐਕਸਪ੍ਰੈਸ ਦੇ ਇਹ ਆਗੂ ਬੁਰੀ ਤਰ੍ਹਾਂ ਫਸੇ ਨਜ਼ਰ ਆ ਰਹੇ ਹਨ। ਇਹ ਧਨਾਢ ਆਗੂ ਪਹਿਲਾਂ ਵਿਧਾਨ ਸਭਾ ਚੋਣਾਂ ਦੌਰਾਨ ਮਾਝੇ ਦੀਆਂ ਦੂਸਰੀਆਂ ਸੀਟਾਂ ’ਤੇ ਵੀ ਜਾ ਕੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਲਈ ਪ੍ਰਚਾਰ ਕਰਦੇ ਸਨ ਪਰ ਇਸ ਵਾਰ ਕੁੰਡੀ ਜ਼ਿਆਦਾ ਫਸੀ ਹੋਣ ਕਾਰਨ ਆਪੋ-ਆਪਣੇ ਹਲਕਿਆਂ ’ਚ ਹੀ ਸਿਮਟ ਕੇ ਰਹਿ ਗਏ ਹਨ। ਹਰ ਆਗੂ ਆਪਣੀ ਸੀਟ ਕੱਢਣ ਲਈ ਤਰਲੋ-ਮੱਛੀ ਹੋ ਰਿਹਾ ਹੈ। ਹਾਲਾਤ ਇਹ ਬਣ ਗਏ ਹਨ ਕਿ ਆਮ ਆਦਮੀ ਪਾਰਟੀ ਦੇ ਤੀਜੀ ਧਿਰ ਵੱਲੋਂ ਖੜ੍ਹੇ ਹੋ ਜਾਣ ਕਾਰਨ ਆਗੂ ਉੱਪ ਚੋਣ ਦੀ ਤਰਜ ਤੇ ਇਹ ਚੋਣ ਲੜ ਰਹੇ ਹਨ। ਰੁੱਸਿਆਂ ਨੂੰ ਮਨਾਇਆ ਜਾ ਰਿਹਾ ਹੈ ਉਨ੍ਹਾਂ ਦੇ ਗਿਲੇ ਸ਼ਿਕਵੇ ਦੂਰ ਕਰਨ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸੁਖਜਿੰਦਰ ਸਿੰਘ ਰੰਧਾਵਾ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਚੋਣ ਲੜ ਰਹੇ ਹਨ ਉਨ੍ਹਾਂ ਦਾ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਵੀਕਰਨ ਸਿੰਘ ਕਾਹਲੋਂ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਦੇ ਨਾਲ ਬਣਿਆ ਹੋਇਆ ਹੈ ਇਸ ਹਲਕੇ ਤੋਂ ਇਸ ਸਮੇਂ ਤਿਕੋਣੀ ਟੱਕਰ ਬਣੀ ਹੈ। ਸਾਰੇ ਉਮੀਦਵਾਰਾਂ ਵੱਲੋਂ ਆਪਣੀ ਜਿੱਤ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ ਸੁਖਜਿੰਦਰ ਸਿੰਘ ਰੰਧਾਵਾ ਇਸ ਹਲਕੇ ਤੋਂ ਲਗਾਤਾਰ ਦੋ ਵਾਰ ਜਿੱਤਦੇ ਆ ਰਹੇ ਹਨ ਅਤੇ ਇਸ ਵਾਰ ਉਹ ਹੈਟਿ੍ਰਕ ਮਾਰਨ ਲਈ ਪੂਰੀ ਤਰ੍ਹਾਂ ਪੱਬਾਂ ਭਾਰ ਹੋਏ ਹਨ। ਅਕਾਲੀ ਦਲ ਦੇ ਉਮੀਦਵਾਰ ਦੇ ਹੱਕ ਵਿੱਚ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਉੱਤਰ ਆਏ ਹਨ। ਲੰਗਾਹ ਦੀ ਹਮਾਇਤ ਨਾਲ ਅਕਾਲੀ ਦਲ ਟੱਕਰ ਦੇ ਰਿਹਾ ਹੈ। ਉਧਰ ਆਪ ਦੇ ਉਮੀਦਵਾਰ ਨੂੰ ਵੀ ਲੋਕਾਂ ਵੱਲੋਂ ਚੰਗਾ ਹੁੰਗਾਰਾ ਦਿੱਤਾ ਜਾ ਰਿਹਾ ਹੈ। ਫਸਵੀਂ ਟੱਕਰ ਹੋਣ ਕਾਰਨ ਕਾਂਗਰਸੀ ਉਮੀਦਵਾਰ ਰੰਧਾਵਾ ਦਾ ਹਲਕੇ ਵਿੱਚੋਂ ਨਿਕਲਣਾ ਔਖਾ ਹੋਇਆ ਹੈ।
ਉਧਰ ਐਕਸਪ੍ਰੈਸ ਦੇ ਦੂਜੇ ਆਗੂ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਵੀ ਬੜੀ ਕਸੂਤੀ ਸਥਿਤੀ ’ਚ ਫਸੇ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਮੁਕਾਬਲਾ ਅਕਾਲੀ ਦਲ ਦੇ ਲਖਬੀਰ ਸਿੰਘ ਲੋਧੀਨੰਗਲ ਤੇ ਆਮ ਆਦਮੀ ਪਾਰਟੀ ਦੇ ਬਲਬੀਰ ਸਿੰਘ ਪੰਨੂੰ ਦੇ ਨਾਲ ਹੈ। ਇਸ ਹਲਕੇ ’ਚ ਵੀ ਤਿਕੋਣੀ ਟੱਕਰ ਬਣੀ ਹੋਈ ਹੈ।ਕੈਬਨਿਟ ਮੰਤਰੀ ਰਹਿਣ ਤੇ ਕੈਪਟਨ ਦੇ ਖਾਸ ਹੋਣ ਕਰਕੇ ਵੀ ਹਲਕੇ ਦੇ ਲੋਕਾਂ ਦੀ ਨਾਰਾਜ਼ਗੀ ਦਾ ਉਨ੍ਹਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਸਾਰੀਆਂ ਹੀ ਧਿਰਾਂ ਵੱਲੋਂ ਅੱਡੀ-ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਆਪ ਨੇ ਹਲਕੇ ਦੇ ਸਿਆਸੀ ਸਮੀਕਰਨ ਬਦਲ ਦਿੱਤੇ ਹਨ।
ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਐਕਸਪ੍ਰੈਸ ਦੇ ਤੀਜੇ ਆਗੂ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਮੈਦਾਨ ’ਚ ਹਨ ਅਤੇ ਉਨ੍ਹਾਂ ਦਾ ਮੁਕਾਬਲਾ ਅਕਾਲੀ ਦਲ ਦੇ ਵੀਰ ਸਿੰਘ ਲੋਪੋਕੋ ਅਤੇ ਆਪ ਦੇ ਬਲਦੇਵ ਸਿੰਘ ਮਿਆਦੀਆਂ ਨਾਲ ਹੈ। ਆਪ ਦੀ ਹਲਕੇ ਵਿੱਚ ਵੱਧ ਰਹੀ ਸਰਗਰਮੀ ਨੇ ਇਨ੍ਹਾਂ ਦੋਵਾਂ ਪਾਰਟੀਆਂ ਦੇ ਉਮੀਦਵਾਰਾਂ ਦੀ ਨੀਂਦ ਉਡਾਈ ਹੋਈ ਹੈ। ਨਿੱਤ ਦਿਨ ਆਦਮੀ ਕਾਂਗਰਸ ਪਾਰਟੀ ਵਿੱਚ ਸਾਮਲ ਤਾਂ ਹੋ ਰਹੇ ਹਨ ਪਰ ਇਸਦੇ ਬਾਵਜ਼ੂਦ ਇਨ੍ਹਾਂ ਦੀ ਪਰੇਸ਼ਾਨੀ ਬਰਕਰਾਰ ਹੈ।
ਇਸੇ ਤਰ੍ਹਾਂ ਐਕਸਪ੍ਰੈਸ ਦਾ ਇੱਕ ਹੋਰ ਡੱਬਾ ਵੀ ਅਜਨਾਲਾ ਹਲਕੇ ’ਚ ਆਪਣੀ ਲੜਾਈ ਲੜ ਰਿਹਾ ਹੈ। ਅਜਨਾਲਾ ਤੋਂ ਕਾਂਗਰਸ ਉਮੀਦਵਾਰ ਹਰਪ੍ਰਤਾਪ ਸਿੰਘ ਅਜਨਾਲਾ ਵੀ ਇਸ ਐਕਸਪ੍ਰੈਸ ਦਾ ਹਿੱਸਾ ਹਨ ਅਤੇ ਉਹ ਵੀ ਆਪਣੀ ਜਿੱਤ ਲਈ ਪਸੀਨਾ ਵਹਾ ਰਹੇ ਹਨ। ਅਜਨਾਲਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਰੀਵਾਲ ਨੇ ਕਾਂਗਰਸ ਤੇ ਅਕਾਲੀ ਦਾ ਗਣਿਤ ਵਿਗਾੜ ਦਿੱਤਾ ਹੈ। ਦੋਹਾਂ ਰਵਾਇਤੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ। ਧਾਰੀਵਾਲ ਨੂੰ ਲੋਕਾਂ ਦੇ ਮਿਲ ਰਹੇ ਵੱਡੇ ਹੁੰਗਾਰੇ ਨੇ ਇਹਨਾਂ ਦੀ ਨੀਂਦ ਉੱਡਾ ਦਿੱਤੀ ਹੈ। ਇਸ ਹਲਕੇ ਤੋਂ ਵੀ ਤਿਕੋਣੀ ਟੱਕਰ ਬਣੀ ਹੋਈ ਹੈ। ਇਹ ਗੰਲ ਆਮ ਵੇਖਣ ਵਿੱਚ ਆ ਰਹੀ ਹੈ ਕਿ ਕਈ ਲੋਕ ਸਰੀਰ ਤੌਰ ਤੇ ਤੁਰੇ ਤਾਂ ਰਵਾਇਤੀ ਪਾਰਟੀਆਂ ਵਾਲਿਆਂ ਨਾਲ ਨਜਰ ਆ ਰਹੇ ਹਨ ਪਰ ਮਨ ਉਨ੍ਹਾਂ ਦੇ ਵੀ ਬਦਲਾਅ ਦੀ ਗੱਲ ਕਰ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ