ਪਿੰਡਾਂ ਦੀਆਂ ਸੱਥਾਂ ਵਿੱਚ ਆਪ ਦੀ ਚਰਚਾ ਹੋਈ ਸ਼ੁਰੂ Assembly Election
ਆਪ, ਕਾਂਗਰਸ ਤੇ ਅਕਾਲੀ ਦਲ ’ਚ ਬਣੀ ਤਿਕੋਣੀ ਟੱਕਰ
(ਰਾਜਨ ਮਾਨ) ਅੰਮ੍ਰਿਤਸਰ। ਵਿਧਾਨ ਸਭਾ ਚੋਣਾਂ (Assembly Election) ਵਿੱਚ ਜਿਉਂ ਜਿਉਂ ਚੋਣ ਪ੍ਰਚਾਰ ਤੇਜੀ ਫੜਦਾ ਜਾ ਰਿਹਾ ਹੈ ਤਿਵੇਂ ਤਿਵੇਂ ਮਾਝੇ ਦੀ ਫਿਜਾ ਵਿੱਚ ਬਦਲਾਓ ਦੀ ਮਹਿਕ ਨੇ ਰਵਾਇਤੀ ਪਾਰਟੀਆਂ ਨੂੰ ਜੁਕਾਮ ਲਾ ਦਿੱਤਾ ਹੈ। ਪਿੰਡਾਂ ਦੀਆਂ ਸੱਥਾਂ ਵਿੱਚ ਆਪ ਦੀ ਚਰਚਾ ਤੋਂ ਵਿਰੋਧੀ ਧਿਰਾਂ ਘਬਰਾਈਆਂ ਨਜ਼ਰ ਆ ਰਹੀਆਂ ਹਨ। ਭਾਵੇਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਪ ਦਾ ਵੱਡਾ ਪ੍ਰਚਾਰ ਹੋਣ ਦੇ ਬਾਵਜੂਦ ਉਸਦੇ ਮਾਝੇ ਵਿੱਚ ਪੈਰ ਨਹੀਂ ਸਨ ਲੱਗੇ ਪਰ ਇਸ ਵਾਰ ਚਾਹੇ ਆਪ ਦਾ ਵੱਡੇ ਪੱਧਰ ’ਤੇ ਪ੍ਰਚਾਰ ਤਾਂ ਨਹੀਂ ਹੈ ਪਰ ਹੇਠਲੇ ਪੱਧਰ ’ਤੇ ਲੋਕਾਂ ਵਿੱਚ ਚਰਚਾ ਸ਼ੁਰੂ ਹੋ ਗਈ ਹੈ। ਆਮ ਲੋਕ ਬਦਲਾਉ ਦੀ ਗੱਲ ਕਰਦੇ ਵੇਖੇ ਜਾ ਰਹੇ ਹਨ। ਕਈ ਪਿੰਡਾਂ ਵਿੱਚ ਲੋਕ ਆਪ ਮੁਹਾਰੇ ਆਪ ਦੀ ਝੰਡੀ ਨੂੰ ਹੁਲਾਰਾ ਦਿੰਦੇ ਨਜਰ ਆ ਰਹੇ ਹਨ।
ਵੱਖ-ਵੱਖ ਪਿੰਡਾਂ ਅਤੇ ਕਸਬਿਆਂ ਦਾ ਦੌਰਾ ਕਰਨ ’ਤੇ ਇਹ ਗੱਲ ਸਾਹਮਣੇ ਆਈ ਹੈ ਕਿ ਲੋਕ ਰਵਾਇਤੀ ਪਾਰਟੀਆਂ ਤੋਂ ਨਾਰਾਜ ਨਜਰ ਆ ਰਹੇ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਮਾਝੇ ਦੇ ਸਿਰਫ ਇੱਕੋ ਵਿਧਾਨ ਸਭਾ ਹਲਕਾ ਬਟਾਲਾ ਜਿੱਥੋਂ ਗੁਰਪਰੀਤ ਸਿੰਘ ਘੁੱਗੀ ਮੈਦਾਨ ਵਿੱਚ ਸਨ ਨੇ ਵੱਡੀ ਟੱਕਰ ਦਿੱਤੀ ਸੀ ਅਤੇ ਬਾਕੀ ਤੇ ਲਗਭਗ ਸਾਰੇ ਹਲਕਿਆਂ ਤੋਂ ਜਮਾਨਤਾਂ ਜਬਤ ਹੋ ਗਈਆਂ ਸਨ। ਇਸ ਵਾਰ ਆਪ ਦਾ ਪਿਛਲੀ ਵਾਰ ਨਾਲੋਂ ਚੰਗਾ ਪ੍ਰਦਰਸ਼ਨ ਨਜਰ ਆ ਰਿਹਾ ਹੈ। ਹਾਲ ਦੀ ਘੜੀ ਲੋਕਾਂ ਵਿੱਚ ਆਪ ਨੂੰ ਲੈ ਕੇ ਦੰਦ ਕਥਾ ਸ਼ੁਰੂ ਹੋਈ ਹੈ।
ਮਾਝੇ ਦੀਆਂ 25 ਵਿਧਾਨ ਸਭਾ (Assembly Election) ਸੀਟਾਂ ’ਚੋਂ ਬਹੁਤੀਆਂ ਤੇ ਤਿਕੋਣੇ ਮੁਕਾਬਲੇ ਬਣਦੇ ਨਜਰ ਆ ਰਹੇ ਹਨ। ਪਠਾਨਕੋਟ ਜਿਲ੍ਹੇ ਦੀਆਂ ਤਿੰਨ ਵਿਧਾਨ ਸਭਾ ਸੀਟਾਂ ਉਪਰ ਵੀ ਆਪ ਦੇ ਉਮੀਦਵਾਰ ਮੁਕਾਬਲੇ ਵਿੱਚ ਨਜਰ ਆ ਰਹੇ ਹਨ। ਪਠਾਨਕੋਟ, ਸੁਜਾਨਪੁਰ ਅਤੇ ਭੋਆ ਹਲਕਿਆਂ ਤੋਂ ਕਾਂਗਰਸ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਹਮੇਸਾਂ ਮੁਕਾਬਲਾ ਹੁੰਦਾ ਆਇਆ ਹੈ ਅਤੇ ਇਸਵਾਰ ਇਹਨਾਂ ਸੀਟਾਂ ਤੇ ਆਪ ਦੇ ਉਮੀਦਵਾਰ ਵੀ ਟੱਕਰ ਦੇ ਰਹੇ ਹਨ। ਪਠਾਨਕੋਟ ਅਤੇ ਭੋਆ ਸੀਟਾਂ ਅਕਾਲੀ ਦਲ ਵੱਲੋਂ ਆਪਣੀ ਭਾਈਵਾਲ ਪਾਰਟੀ ਬਹੁਜਨ ਸਮਾਜ ਪਾਰਟੀ ਨੂੰ ਦਿੱਤੀਆਂ ਗਈਆਂ ਹਨ ਅਤੇ ਜਦਕਿ ਸੁਜਾਨਪੁਰ ਤੋਂ ਅਕਾਲੀ ਦਲ ਚੋਣ ਮੈਦਾਨ ਵਿੱਚ ਪਹਿਲੀਵਾਰ ਆਇਆ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਇਹਨਾਂ ਹਲਕਿਆਂ ਤੋਂ ਆਪ ਦੇ ਉਮੀਦਵਾਰਾਂ ਦੀਆਂ ਜਮਾਨਤਾਂ ਜਬਤ ਹੋ ਗਈਆਂ ਸਨ।
ਇਸੇ ਤਰ੍ਹਾਂ ਗੁਰਦਾਸਪੁਰ ਜਿਲੇ ਦੀਆਂ 7 ਵਿਧਾਨ ਸਭਾ ਹਲਕਿਆਂ ਵਿੱਚ ਵੀ ਕੁਝ ਹਲਕਿਆਂ ਤੋਂ ਆਪ ਦੇ ਉਮੀਦਵਾਰ ਆਪਣੀ ਪੈਰ ਅਜਮਾਈ ਕਰਦੇ ਨਜਰ ਆ ਰਹੇ ਹਨ। ਹਲਕਾ ਗੁਰਦਾਸਪੁਰ ਤੋਂ ਟੱਕਰ ਤਿਕੋਣੀ ਬਣੀ ਹੋਈ ਹੈ। ਹਲਕੇ ਤੋਂ ਮੁੱਖ ਮੁਕਾਬਲਾ ਕਾਂਗਰਸ ਦੇ ਉਮੀਦਵਾਰ ਸ੍ਰੀ ਪਾਹੜਾ, ਅਕਾਲੀ ਦਲ ਦੇ ਸ੍ਰੀ ਬੱਬੇਹਾਲੀ ਅਤੇ ਆਪ ਦੇ ਰਮਨ ਬਹਿਲ ਵਿਚਕਾਰ ਬਣ ਗਿਆ ਹੈ। ਰਮਨ ਬਹਿਲ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿਕੇ ਆਪ ਵਿੱਚ ਆਏ ਸਨ। ਉਹਨਾਂ ਦੇ ਪਿਤਾ ਖੁਸਹਾਲ ਬਹਿਲ ਕਈ ਵਾਰ ਕਾਂਗਰਸ ਪਾਰਟੀ ਵੱਲੋਂ ਮੰਤਰੀ ਰਹੇ ਸਨ। ਬਟਾਲੇ ਦੇ ਨਾਲ-ਨਾਲ ਫਤਹਿਗੜ੍ਹ ਚੂੜੀਆਂ ਹਲਕਿਆਂ ਵਿੱਚ ਵੀ ਆਪ ਦੇ ਉਮੀਦਵਾਰ ਪੈਰ ਅਜਮਾਈ ਕਰਦੇ ਨਜਰ ਆ ਜਹੇ ਹਨ। ਡੇਰਾ ਬਾਬਾ ਨਾਨਕ ਹਲਕੇ ਤੋਂ ਵੀ ਆਪ ਦੇ ਉਮੀਦਵਾਰ ਵੱਲੋਂ ਚੰਗਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਅੰਮਿ੍ਰਤਸਰ ਜਿਲ੍ਹੇ ਦੀਆਂ 11 ਸੀਟਾਂ ਉਪਰ ਵੀ ਆਪ ਦੀ ਚਰਚਾ ਹੁੰਦੀ ਨਜਰ ਆ ਰਹੀ ਹੈ।
ਇਸੇ ਤਰ੍ਹਾਂ ਮਜੀਠਾ ਹਲਕੇ ਤੋਂ ਵੀ ਆਪ ਦੇ ਉਮੀਦਵਾਰ ਲਾਲੀ ਮਜੀਠੀਆ ਟੱਕਰ ਦੇ ਰਹੇ ਹਨ। ਲਾਲੀ ਮਜੀਠੀਆ ਤਿੰਨ ਵਾਰ ਇਸ ਹਲਕੇ ਤੋਂ ਕਾਂਗਰਸ ਦੀ ਟਿਕਟ ’ਤੇ ਕਿਸਮਤ ਅਜਮਾਈ ਕਰ ਚੁੱਕੇ ਹਨ ਅਤੇ ਇਸ ਵਾਰ ਆਪ ਵਿੱਚ ਸਾਮਿਲ ਹੋ ਕੇ ਮੈਦਾਨ ਵਿੱਚ ਨਿੱਤਰੇ ਹਨ। ਹਲਕਾ ਰਾਜਾਸਾਂਸੀ ਤੋਂ ਵੀ ਆਪ ਵੱਲੋਂ ਤਿਕੋਣੀ ਟੱਕਰ ਦਿੱਤੀ ਜਾ ਰਹੀ ਹੈ। ਹਲਕਾ ਅਟਾਰੀ ਤੋਂ ਵੀ ਆਪ ਦਾ ਉਮੀਦਵਾਰ ਮੁੱਖ ਟੱਕਰ ਦੇ ਰਿਹਾ ਹੈ। ਇਸੇ ਤਰ੍ਹਾਂ ਹਲਕਾ ਬਾਬਾ ਬਕਾਲਾ ਤੋਂ ਹਾਲ ਦੀ ਘੜੀ ਆਪ ਦੇ ਉਮੀਦਵਾਰ ਤੇ ਅਕਾਲੀ ਦਲ ਦੇ ਉਮੀਦਵਾਰ ਵਿੱਚ ਮੁੱਖ ਮੁਕਾਬਲਾ ਨਜਰ ਆ ਰਿਹਾ ਹੈ।ਇਸੇ ਤਰ੍ਹਾਂ ਤਰਨ ਤਾਰਨ ਜਿਲ੍ਹੇ ਅੰਦਰ ਵੀ ਆਪ ਪੈਰ ਅਜਮਾ ਰਹੀ ਹੈ। ਵਿਧਾਨ ਸਭਾ ਹਲਕਾ ਪੱਟੀ ਅਤੇ ਖੇਮਕਰਨ ਤੋਂ ਵੀ ਆਪ ਦੇ ਉਮੀਦਵਾਰ ਟੱਕਰ ਦੇ ਰਹੇ ਹਨ। ਖੇਮਕਰਨ ਤੋਂ ਆਪ ਦੇ ਉਮੀਦਵਾਰ ਸਰਵਨ ਸਿੰਘ ਧੁੰਨ ਵੱਲੋਂ ਹਲਕੇ ਅੰਦਰ ਆਪਣੀ ਚੰਗੀ ਪੈਠ ਅਜਮਾਈ ਗਈ ਹੈ।ਖਡੂਰ ਸਾਹਿਬ ਤੇ ਤਰਨ ਤਾਰਨ ਹਲਕਿਆਂ ਵਿੱਚ ਵੀ ਆਪ ਦਾ ਲੋਕਾਂ ਦੀਆਂ ਮਹਿਫਲਾਂ ਵਿੱਚ ਜਿਕਰ ਹੋ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ