ਵੋਟ ਦੀ ਕੀਮਤ Value of Vote
ਭਾਰਤੀ ਲੋਕਤੰਤਰ ਨੂੰ ਕੋਈ ਚੰਗਾ ਕਹਿੰਦਾ ਹੈ ਤੇ ਕੋਈ ਬੁਰਾ। ਪਰ ਇਸ ਦੀ ਸਭ ਤੋਂ ਵੱਡੀ ਖੂਬੀ (Value of Vote) ਇਹ ਹੈ ਕਿ ਹਰੇਕ ਦੋ -ਢਾਈ ਸਾਲ ਬਾਅਦ ਕੋਈ ਨਾ ਕੋਈ ਚੋਣ ਆ ਜਾਂਦੀ ਹੈ। ਕਦੇ ਪੰਚਾਇਤ, ਕਦੇ ਮਿਊਂਸੀਪਲ ਕਮੇਟੀਆਂ, ਕਦੇ ਪਾਰਲੀਮੈਂਟ ਤੇ ਕਦੇ ਵਿਧਾਨ ਸਭਾ, ਜਿਸ ਕਾਰਨ ਹਫਤੇ ਦੋ ਹਫਤੇ ਲਈ ਗਰੀਬ ਤੋਂ ਗਰੀਬ ਬੰਦੇ ਦੀ ਵੀ ਕਦਰ ਪੈ ਜਾਂਦੀ ਹੈ। ਆਲੀਸ਼ਾਨ ਕੋਠੀਆਂ ਵਿੱਚ ਰਹਿਣ ਵਾਲੇ ਤੇ ਹਰ ਵੇਲੇ ਗੰਨਮੈਨਾਂ ਨਾਲ ਘਿਰੇ ਰਹਿਣ ਵਾਲੇ ਲੀਡਰ, ਮੰਤਰੀ, ਐਮ. ਪੀ. ਅਤੇ ਐਮ. ਐਲ. ਏ. ਆਦਿ ਗਰੀਬਾਂ ਦੀਆਂ ਗੰਦੀਆਂ ਬਸਤੀਆਂ ਦੀ ਧੂੜ ਫੱਕਣ ਲਈ ਮਜ਼ਬੂਰ ਹੋ ਜਾਂਦੇ ਹਨ। ਜਿਹੜੇ ਲੀਡਰਾਂ ਨੂੰ ਮਿਲਣ ਲਈ ਕਈ-ਕਈ ਦਿਨ ਧੱਕੇ ਖਾਣੇ ਪੈਂਦੇ ਹਨ, ਉਹ ਖੁਦ ਨਿਮਾਣੇ ਜਿਹੇ ਬਣ ਕੇ ਵੋਟਰਾਂ ਦੇ ਬੂਹੇ ’ਤੇ ਪਹੁੰਚ ਜਾਂਦੇ ਹਨ।
ਵਿਚਾਰਿਆਂ ਨੂੰ ਪਸੀਨੇ ਨਾਲ ਤਰਬਤਰ ਮਿਹਨਤਕਸ਼ਾਂ ਨਾਲ ਜੱਫੀਆਂ ਪਾਉਣੀਆਂ ਪੈਂਦੀਆਂ ਹਨ, ਬਜ਼ੁਰਗਾਂ ਦੇ ਪੈਰਾਂ ਨੂੰ ਹੱਥ ਲਾਉਣੇ ਪੈਂਦੇ ਹਨ ਤੇ ਮਿੱਟੀ-ਘੱਟੇ ਵਿੱਚ ਖੇਡ ਰਹੇ ਲਿੱਬੜੇ-ਤਿੱਬੜੇ ਬੱਚਿਆਂ ਦੇ ਮੂੰਹ ਚੁੰਮਣੇ ਪੈਂਦੇ ਹਨ। ਪਰ ਅੱਜ-ਕੱਲ੍ਹ ਲੋਕ ਵੀ ਪਹਿਲਾਂ ਨਾਲੋਂ ਸਿਆਣੇ ਹੋ ਗਏ ਹਨ। ਉਨ੍ਹਾਂ ਨੂੰ ਪਤਾ ਹੈ ਕਿ ਇਹ ਚਾਰ ਦਿਨ ਦੀ ਚਾਨਣੀ ਤੇ ਫਿਰ ਹਨ੍ਹੇਰੀ ਰਾਤ ਵਾਲੀ ਗੱਲ ਹੈ। ਸੋਸ਼ਲ ਮੀਡੀਆ ’ਤੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਲੋਕਾਂ ਦੀਆਂ ਅਨੇਕਾਂ ਵੀਡੀਉ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਉਹ ਲੀਡਰਾਂ ਨੂੰ ਘੇਰ ਕੇ ਅਜਿਹੇ ਕਰੜੇ ਸਵਾਲ ਕਰਦੇ ਹਨ ਕਿ ਉਨ੍ਹਾਂ ਨੂੰ ਜਨਵਰੀ-ਫਰਵਰੀ ਦੀ ਕੜਾਕੇ ਦੀ ਠੰਢ ਵਿੱਚ ਵੀ ਤਰੇਲੀਆਂ ਆ ਜਾਂਦੀਆਂ ਹਨ।
ਲੋਕ ਰਾਜ ਵਿੱਚ ਜਨਤਾ ਦੀ ਜੈ ਹੁੰਦੀ ਹੈ। ਲੋਕ ਜਿਸ ਨੂੰ ਚਾਹੁਣ ਰਾਜ ਬਖਸ਼ ਦੇਣ ਤੇ ਜਿਸ ਨੂੰ ਚਾਹੁਣ ਅਰਸ਼ੋਂ ਫਰਸ਼ ’ਤੇ ਸੁੱਟ ਦੇਣ। ਜਿਸ ਵਿਅਕਤੀ ਦੇ ਹੱਥ ਵਿੱਚ 100-200 ਵੋਟਾਂ ਹੁੰਦੀਆਂ ਹਨ, ਉਹ ਲੀਡਰਾਂ ਦੀਆਂ ਅੱਖਾਂ ਦਾ ਤਾਰਾ ਬਣ ਜਾਂਦਾ ਹੈ। ਸਭ ਤੋਂ ਵੱਧ ਮਹੱਤਤਾ ਗਰੀਬ ਲੋਕਾਂ ਦੀਆਂ ਬਸਤੀਆਂ ਨੂੰ ਦਿੱਤੀ ਜਾਂਦੀ ਹੈ। ਲੀਡਰਾਂ ਨੂੰ ਇਹ ਪੂਰਾ ਹਿਸਾਬ ਲਾਉਣਾ ਪੈਂਦਾ ਹੈ ਕਿ ਕਿਸ ਇਲਾਕੇ ਵਿੱਚੋਂ ਕਿੰਨੀ ਵੋਟ ਖਿੱਚੀ ਜਾ ਸਕਦੀ ਹੈ।
ਕਿਸੇ ਲੀਡਰ ਦੇ ਹਲਕੇ ਵਿੱਚ ਇੱਕ ਵੱਡਾ ਸ਼ਹਿਰ ਵੀ ਪੈਂਦਾ ਸੀ, ਪਰ ਉਹ ਅਮੀਰ ਇਲਾਕਿਆਂ ਦੀ ਬਜਾਏ ਗਰੀਬਾਂ ਦੀਆਂ ਬਸਤੀਆਂ ਵੱਲ ਜ਼ਿਆਦਾ ਜ਼ੋਰ ਲਾ ਰਿਹਾ ਸੀ। ਇੱਕ ਦਿਨ ਉਸ ਦੇ ਪੀ. ਏ. ਨੇ ਪੁੱਛਿਆ ਕਿ ਨੇਤਾ ਜੀ ਤੁਸੀਂ ਝੁੱਗੀਆਂ ਦੀ ਬਜਾਏ ਕੋਠੀਆਂ ਵੱਲ ਗੇੜੇ ਘੱਟ ਕਿਉਂ ਮਾਰਦੇ ਹੋ? ਲੀਡਰ ਅੱਗੋਂ ਹੱਸ ਕੇ ਬੋਲਿਆ, ਕਾਕਾ ਇਨ੍ਹਾਂ ਕੋਠੀਆਂ ਵਾਲਿਆਂ ਤੋਂ ਚੋਣ ਫੰਡ ਜਿੰਨਾ ਮਰਜ਼ੀ ਲੈ ਲਉ, ਪਰ ਇਹ ਵੋਟਾਂ ਪਾਉਣ ਲਈ ਪੋਲਿੰਗ ਬੂਥਾਂ ਤੱਕ ਘੱਟ ਹੀ ਪਹੁੰਚਦੇ ਹਨ। ਚਾਰ ਕਨਾਲ ਦੀ ਕੋਠੀ ਵਿੱਚ ਮਰ ਕੇ 2-3 ਵੋਟਾਂ ਹੁੰਦੀਆਂ ਹਨ ਤੇ ਉਹ ਵੀ ਨਹੀਂ ਭੁਗਤਦੀਆਂ। ਪਰ ਗਰੀਬ ਬਸਤੀਆਂ ਵਿੱਚ ਚਾਰ ਕਨਾਲ ਏਰੀਏ ਵਿੱਚ 200-300 ਵੋਟ ਹੁੰਦੀ ਹੈ ਤੇ ਸਾਰੀ ਭੁਗਤਦੀ ਹੈ। ਆਪਾਂ ਇਨ੍ਹਾਂ ਕੋਠੀਆਂ ਵਾਲਿਆਂ ਤੋਂ ਛੋਲੇ ਲੈਣੇ ਆਂ?
ਪੰਜਾਬ ਦੇ ਲੱਖਾਂ ਲੋਕ ਵਿਦੇਸ਼ਾਂ ਵਿੱਚ ਵੱਸ ਗਏ ਹਨ ਜਿਸ ਕਾਰਨ ਉਨ੍ਹਾਂ ਦੀਆਂ ਵੋਟਾਂ ਇੱਥੋਂ ਕੱਟੀਆਂ ਜਾ ਚੁੱਕੀਆਂ ਹਨ। ਸੈਂਕੜੇ ਪ੍ਰਵਾਸੀ ਭਾਰਤੀਆਂ ਦੇ ਆਪਣੇ ਭਰਾਵਾਂ, ਭਤੀਜਿਆਂ ਤੇ ਗੁਆਂਢੀਆਂ ਆਦਿ ਨਾਲ ਜ਼ਮੀਨ-ਜਾਇਦਾਦ ਸਬੰਧੀ ਕੇਸ ਚੱਲ ਰਹੇ ਹਨ। ਪਰ ਸਥਾਨਕ ਲੀਡਰ ਉਨ੍ਹਾਂ ਦੀ ਬਜਾਏ ਵਿਰੋਧੀਆਂ ਦੀ ਮੱਦਦ ਕਰਨ ਵਿੱਚ ਜਿਆਦਾ ਵਿਸ਼ਵਾਸ ਰੱਖਦੇ ਹਨ, ਕਿਉਂਕਿ ਉਨ੍ਹਾਂ ਨੂੰ ਇੱਥੋਂ ਵਾਲਿਆਂ ਦੀਆਂ ਵੋਟਾਂ ਦੀ ਜ਼ਰੂਰਤ ਹੈ। ਇਸ ਕਾਰਨ ਹਜ਼ਾਰਾਂ ਪ੍ਰਵਾਸੀਆਂ ਦੀ ਜਾਇਦਾਦ ਹੜੱਪੀ ਜਾ ਚੁੱਕੀ ਹੈ।
ਕਈ ਸਾਲ ਪਹਿਲਾਂ ਮੇਰੀ ਡਿਊਟੀ ਇੱਕ ਸੀਨੀਅਰ ਮੰਤਰੀ ਦੇ ਇਲਾਕੇ ਵਿੱਚ ਸੀ। ਉਸ ਦੇ ਪਿੰਡ ਦੇ ਇੱਕ ਗਰੀਬ ਵਿਅਕਤੀ ਰਾਮ ਲਾਲ (ਨਾਂਅ ਬਦਲਿਆ ਹੋਇਆ ਹੈ) ਦੀਆਂ ਦੋ ਧੀਆਂ ਸਨ ਤੇ ਕੁੱਲ ਜਾਇਦਾਦ ਤਿੰਨ-ਚਾਰ ਮਰਲੇ ਦਾ ਇੱਕ ਛੋਟਾ ਜਿਹਾ ਮਕਾਨ ਸੀ। ਰਾਮ ਲਾਲ ਨੇ ਕਈ ਸਾਲ ਪਹਿਲਾਂ ਆਪਣੇ ਭਰਾ ਦਾ ਛੋਟਾ ਜਿਹਾ ਮੁੰਡਾ ਛਿੰਦਾ (ਨਾਂਅ ਬਦਲਿਆ ਹੋਇਆ ਹੈ) ਗੋਦ ਲੈ ਲਿਆ ਸੀ। ਪਰ ਜਦੋਂ ਛਿੰਦਾ ਵੱਡਾ ਹੋਇਆ ਤਾਂ ਸਿਰੇ ਦਾ ਸ਼ਰਾਬੀ, ਨਸ਼ੱਈ ਤੇ ਬਦਮਾਸ਼ ਨਿੱਕਲਿਆ। ਇੱਥੋਂ ਤੱਕ ਕਿ ਉਸ ਨੇ ਕਈ ਵਾਰ ਰਾਮ ਲਾਲ ਤੇ ਉਸ ਦੀ ਪਤਨੀ ਨਾਲ ਵੀ ਕੁੱਟਮਾਰ ਕਰ ਦਿੱਤੀ। ਦੁਖੀ ਹੋ ਕੇ ਰਾਮ ਲਾਲ ਨੇ ਛਿੰਦੇ ਨੂੰ ਘਰੋਂ ਕੱਢ ਦਿੱਤਾ। ਛਿੰਦਾ ਟਰੱਕਾਂ ’ਤੇ ਚਲਾ ਗਿਆ ਤੇ ਪਿੰਡ ਦੇ ਲੋਕ ਉਸ ਬਾਰੇ ਭੁੱਲ-ਭੁਲਾ ਗਏ। ਉਸ ਦੇ ਜਾਣ ਤੋਂ ਬਾਅਦ ਰਾਮ ਲਾਲ ਦੀਆਂ ਦੋਵੇਂ ਧੀਆਂ ਵਿਆਹੀਆਂ ਗਈਆਂ ਤੇ ਥੋੜ੍ਹੇ ਵਕਫੇ ਬਾਅਦ ਹੀ ਰਾਮ ਲਾਲ ਅਤੇ ਉਸ ਦੀ ਪਤਨੀ ਦੀ ਮੌਤ ਹੋ ਗਈ।
ਰਾਮ ਲਾਲ ਦੇ ਮਰਨ ਤੋਂ ਕੁਝ ਦਿਨ ਬਾਅਦ ਪਤਾ ਨਹੀਂ ਛਿੰਦੇ ਨੇ ਕਿੱਥੋਂ ਆਣ ਸਿਰੀ ਕੱਢੀ ਤੇ ਜਿੰਦਰੇ ਭੰਨ੍ਹ ਕੇ ਉਸ ਦੇ ਮਕਾਨ ’ਤੇ ਕਬਜ਼ਾ ਕਰ ਲਿਆ। ਜਦੋਂ ਲੜਕੀਆਂ ਨੂੰ ਉਸ ਦੀ ਕਰਤੂਤ ਦਾ ਪਤਾ ਲੱਗਾ ਤਾਂ ਉਹ ਰੋਂਦੀਆਂ-ਕੁਰਲਾਉਂਦੀਆਂ ਮੰਤਰੀ ਦੇ ਘਰ ਪਹੁੰਚ ਗਈਆਂ। ਰਾਮ ਲਾਲ ਜਵਾਨੀ ਵੇਲੇ ਕਈ ਸਾਲ ਮੰਤਰੀ ਦੇ ਘਰ ਕੰਮ ਕਰਦਾ ਰਿਹਾ ਸੀ ਜਿਸ ਕਾਰਨ ਉਹ ਲੜਕੀਆਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਲੜਕੀਆਂ ਦੀ ਦਰਦ ਕਹਾਣੀ ਸੁਣ ਕੇ ਮੰਤਰੀ ਨੂੰ ਬ੍ਰਹਮ ਕ੍ਰੋਧ ਚੜ੍ਹ ਗਿਆ ਤੇ ਉਹ ਚਾਰੇ ਚੁੱਕ ਕੇ ਨਜ਼ਦੀਕ ਖੜ੍ਹੇ ਐਸ. ਐਚ. ਉ. ਨੂੰ ਪੈ ਗਿਆ, ਇਹ ਕੀ ਜ਼ੁਲਮ ਹੋ ਰਿਹਾ ਭਈ। ਜੇ ਮੇਰੇ ਪਿੰਡ ਦਾ ਇਹ ਹਾਲ ਹੈ ਤਾਂ ਬਾਕੀ ਇਲਾਕੇ ਦਾ ਕੀ ਹਾਲ ਕੀਤਾ ਹੋਣਾ ਤੂੰ? ਐਨਾ ਕਰੜਾ ਦਬਕਾ ਸੁਣ ਕੇ ਐਸ. ਐਚ. ਉ. ਘਬਰਾ ਗਿਆ। ਉਸ ਨੇ ਬੋਲਣ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਮੂੰਹ ਵਿੱਚੋਂ ਮੈਂ.. ਮੈਂ.. ਤੋਂ ਇਲਾਵਾ ਹੋਰ ਕੋਈ ਅਵਾਜ਼ ਨਾ ਨਿੱਕਲੀ।
ਮੰਤਰੀ ਫਿਰ ਗਰਜਿਆ, ਕੀ ਬੱਕਰੀ ਵਾਂਗ ਮੈਂ ਮੈਂ ਕਰੀ ਜਾਨਾ ਆਂ। ਜਾ ਉਸ ਵੱਡੇ ਬਦਮਾਸ਼ ਨੂੰ ਬੰਦਾ ਬਣਾ ਤੇ ਬੀਬੀਆਂ ਨੂੰ ਉਨ੍ਹਾਂ ਦਾ ਹੱਕ ਦਵਾ। ਜੇ ਕੋਈ ਢਿੱਲ-ਮੱਠ ਹੋਈ ਤਾਂ ਆਪਣਾ ਪੜ੍ਹਿਆ-ਲਿਖਿਆ ਵਿਚਾਰ ਲਈਂ। ਸ਼ਰੇਆਮ ਹੋਈ ਬੇਇੱਜ਼ਤੀ ਕਾਰਨ ਸੜਿਆ-ਬਲਿਆ ਐਸ. ਐਚ. ਉ. ਮੰਤਰੀ ਨੂੰ ਸਲਿਊਟ ਮਾਰ ਕੇ ਮਕਾਨ ਖਾਲੀ ਕਰਾਉਣ ਲਈ ਤੁਰਨ ਹੀ ਲੱਗਾ ਸੀ ਕਿ ਪਿੰਡ ਦੇ ਸਰਪੰਚ ਨੇ ਮੰਤਰੀ ਦੇ ਕੰਨਾਂ ਵਿੱਚ ਪਤਾ ਨਹੀਂ ਕੀ ਘੁਸਰ-ਮੁਸਰ ਕੀਤੀ। ਸੁਣਦੇ ਸਾਰ ਮੰਤਰੀ ਦਾ ਪਾਰਾ ਇੱਕਦਮ ਥੱਲੇ ਨੂੰ ਆ ਗਿਆ, ਮੱਥੇ ਦੀਆਂ ਤਿਊੜੀਆਂ ਖਤਮ ਹੋ ਗਈਆਂ ਤੇ ਚਿਹਰੇ ’ਤੇ ਭੇਦ ਭਰੀ ਮੁਸਕਾਨ ਖੇਡਣ ਲੱਗ ਪਈ। ਉਸ ਨੇ ਐਸ.ਐਚ.ਉ. ਨੂੰ ਆਪਣੀ ਕੁਰਸੀ ਦੇ ਨਜ਼ਦੀਕ ਬੁਲਾਇਆ ਤੇ ਹੌਲੀ ਜਿਹੀ ਕਿਹਾ, ਥਾਣੇਦਾਰ ਸਾਹਿਬ, ਇਹ ਮਸਲਾ ਤੁਸੀਂ ਆਪ ਵੇਖਿਉ। ਕਿਸੇ ਧਿਰ ਨਾਲ ਧੱਕਾ ਨਹੀਂ ਹੋਣਾ ਚਾਹੀਦਾ। ਜਿਸ ਦਾ ਹੱਕ ਬਣਦਾ, ਉਸ ਨੂੰ ਮਿਲਣਾ ਚਾਹੀਦਾ ਐ। ਸੁਣ ਕੇ ਐਸ. ਐਚ. ਉ.ਦੇ ਦਿਲ ਦੀ ਧੜਕਣ ਨਾਰਮਲ ਹੋ ਗਈ। ਉਹ ਮੰਤਰੀ ਇਸ਼ਾਰਾ ਸਮਝ ਗਿਆ ਕਿ ਹੁਣ ਇਸ ਕੇਸ ਵਿੱਚ ਕੁਝ ਨਹੀਂ ਕਰਨਾ।
ਕੁਝ ਦੇਰ ਬਾਅਦ ਮੰਤਰੀ ਚੰਡੀਗੜ੍ਹ ਨੂੰ ਰਵਾਨਾ ਹੋ ਗਿਆ ਤੇ ਐਸ. ਐਚ. ਉ. ਨੇ ਸਰਪੰਚ ਨੂੰ ਜਾ ਜੱਫੀ ਪਾਈ, ਸਰਪੰਚਾ, ਇਹ ਕੀ ਜਾਦੂ ਕਰ ਦਿੱਤਾ ਈ। ਮੈਨੂੰ ਤਾਂ ਲੱਗਾ ਸੀ ਕਿ ਅੱਜ ਗਿਆ ਮੈਂ। ਤੂੰ ਤਾਂ ਸਾਰੀ ਗੇਮ ਈ ਘੁਮਾ ਦਿੱਤੀ। ਸਰਪੰਚ ਹੱਸ ਕੇ ਬੋਲਿਆ, ਕੁਝ ਖਾਸ ਨਹੀਂ ਜਨਾਬ। ਮੈਂ ਤਾਂ ਮੰਤਰੀ ਜੀ ਨੂੰ ਸਿਰਫ ਇਹ ਦੱਸਿਆ ਕਿ ਰਾਮ ਲਾਲ ਦੀਆਂ ਕੁੜੀਆਂ ਰਾਜਸਥਾਨ ਵੱਲ ਵਿਆਹੀਆਂ ਹੋਈਆਂ ਨੇ ਤੇ ਇਨ੍ਹਾਂ ਦੀਆਂ ਵੋਟਾਂ ਆਪਣੇ ਪਿੰਡੋਂ ਕੱਟੀਆਂ ਜਾ ਚੁੱਕੀਆਂ ਨੇ। ਦੂਸਰੇ ਪਾਸੇ ਛਿੰਦੇ ਕਿਆਂ ਦਾ ਟੱਬਰ ਬਹੁਤ ਵੱਡਾ ਹੈ। 50 60 ਵੋਟਾਂ ਨੇ ਇੱਟ ਵਰਗੀਆਂ ਤੇ ਹਰ ਵਾਰ ਮੰਤਰੀ ਜੀ ਨੂੰ ਈ ਭੁਗਤਦੀਆਂ ਨੇ।
ਬਲਰਾਜ ਸਿੰਘ ਸਿੱਧੂ
ਕਮਾਂਡੈਂਟ, ਪੰਡੋਰੀ ਸਿੱਧਵਾਂ
ਮੋ. 95011-00062
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ