ਡੇਰਾ ਬੱਸੀ ਤੋਂ ਲੈ ਕੇ ਲੁਧਿਆਣਾ ਤੱਕ, ਫਿਲੌਰ ਤੋਂ ਲੈ ਕੇ ਅੰਮ੍ਰਿਤਸਰ ਅਕਾਲੀ ਦਲ (Akali Dal) ਨੂੰ ਹੋ ਰਿਹਾ ਐ ਨੁਕਸਾਨ
- ਮਾਲਵਾ ਦੀ 40 ਸੀਟਾਂ ‘ਤੇ ਭਾਜਪਾ ਉਮੀਦਵਾਰ ਪਹੁੰਚਾਉਣਗੇ ਅਕਾਲੀਆਂ ਨੂੰ ਨੁਕਸਾਨ
- 5 ਹਜ਼ਾਰ ਤੱਕ ਜਿੱਤ ਹਾਰ ਵਾਲੀ ਸੀਟਾਂ ‘ਤੇ ਭਾਜਪਾ ਦੀ 10 ਹਜ਼ਾਰ ਤੋਂ ਜਿਆਦਾ ਪੱਕੀ ਵੋਟ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (Akali Dal) ਦੀ ‘ਤੱਕੜੀ’ ਦਾ ਭਾਰ ਭਾਰਤੀ ਜਨਤਾ ਪਾਰਟੀ ਕਾਫ਼ੀ ਜਿਆਦਾ ਘਟਾਉਣ ਵਿੱਚ ਲਗੀ ਹੋਈ ਹੈ। ਇਨਾਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਜੇਕਰ ਨੁਕਸਾਨ ਕਿਸੇ ਸਿਆਸੀ ਪਾਰਟੀ ਨੂੰ ਹੋ ਰਿਹਾ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਹੀ ਹੈ।
ਸ਼੍ਰੋਮਣੀ ਅਕਾਲੀ ਦਲ ਨੂੰ ਸਭ ਤੋਂ ਜਿਆਦਾ ਨੁਕਸਾਨ ਉਨਾਂ ਸ਼ਹਿਰੀ ਸੀਟਾਂ ’ਤੇ ਹੁੰਦਾ ਨਜ਼ਰ ਆ ਰਿਹਾ ਹੈ, ਜਿਨਾਂ ਸੀਟਾਂ ‘ਤੇ ਭਾਜਪਾ ਦੀ 15 ਹਜ਼ਾਰ ਤੋਂ ਜਿਆਦਾ ਵੋਟ ਬੈਂਕ ਹੈ। ਪਿਛਲੇ ਕਈ ਦਹਾਕੇ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਭਾਜਪਾ ਦਾ ਵੋਟ ਬੈਂਕ ਮਿਲਦਾ ਆਇਆ ਹੈ ਪਰ ਇਸ ਵਾਰ ਭਾਜਪਾ ਨਾਲ ਗਠਜੋੜ ਨਾ ਹੋਣ ਕਰਕੇ ਭਾਜਪਾ ਦਾ ਇਹ ਵੋਟ ਬੈਂਕ ਸ਼੍ਰੋਮਣੀ ਅਕਾਲੀ ਦੇ ਹੱਥੋਂ ਖਿਸਕ ਗਿਆ ਹੈ ਅਤੇ ਇਸ ਦਾ ਨੁਕਸਾਨ ਸਾਫ਼ ਤੌਰ ’ਤੇ ਹੁੰਦਾ ਹੋਇਆ ਵੀ ਨਜ਼ਰ ਆਏਗਾ।
ਸੁਖਬੀਰ ਬਾਦਲ ਦੀ ਲੋਕ ਸਭਾ ਸੀਟ ਫਿਰੋਜ਼ਪੁਰ ਵੀ ਇਸ ਨੁਕਸਾਨ ਤੋਂ ਪਿੱਛੇ ਨਹੀਂ
ਜਿਸ ਕਾਰਨ ਹੀ ਚੰਡੀਗੜ ਦੀ ਸਭ ਤੋਂ ਨੇੜਲੀ ਸੀਟ ਡੇਰਾ ਬੱਸੀ ਤੋਂ ਲੈ ਕੇ ਰਾਜਪੁਰਾ ਹੁੰਦੇ ਹੋਏ ਲੁਧਿਆਣਾ ਤੱਕ ਅਸਰ ਦਿਖਾਈ ਦੇ ਰਿਹਾ ਹੈ ਅਤੇ ਫਿਲੌਰ ਤੋਂ ਲੈ ਕੇ ਜਲੰਧਰ-ਅੰਮ੍ਰਿਤਸਰ ਤੱਕ ਨੁਕਸਾਨ ਪੁੱਜ ਸਕਦਾ ਹੈ। ਅਕਾਲੀ ਸੰਸਦ ਮੈਂਬਰ ਹਰਸਿਮਰਤ ਕੌਰ ਦੇ ਸੰਸਦੀ ਹਲਕੇ ਵਿੱਚ ਬਠਿੰਡਾ ਸ਼ਹਿਰੀ ’ਚ ਇਸ ਦਾ ਅਸਰ ਦਿਖਾਈ ਦੇ ਰਿਹਾ ਹੈ ਅਤੇ ਸੁਖਬੀਰ ਬਾਦਲ ਦੀ ਲੋਕ ਸਭਾ ਸੀਟ ਫਿਰੋਜ਼ਪੁਰ ਵੀ ਇਸ ਨੁਕਸਾਨ ਤੋਂ ਪਿੱਛੇ ਨਹੀਂ ਹੈ।
ਸਿੱਧੇ ਤੌਰ ’ਤੇ ਕਿਹਾ ਜਾ ਸਕਦਾ ਹੈ ਕਿ ਸ਼ੋ੍ਰਮਣੀ ਅਕਾਲੀ ਦਲ ਨੂੰ ਇਨਾਂ ਵਿਧਾਨ ਸਭਾ ਚੋਣਾ ਵਿੱਚ ਭਾਜਪਾ ਨਾਲ ਗੱਠਜੋੜ ਨਹੀਂ ਹੋਣ ਦਾ ਸਿੱਧਾ ਅਸਰ ਦਿਖਾਈ ਦੇ ਰਿਹਾ ਹੈ ਤਾਂ ਉਨਾਂ ਉਮੀਦਵਾਰਾਂ ਵਿੱਚ ਸਭ ਤੋਂ ਜਿਆਦਾ ਘਬਰਾਹਟ ਹੈ, ਜਿਹੜੇ ਕਿ ਪਿਛਲੇ ਸਮੇਂ ਦੌਰਾਨ 5 ਹਜ਼ਾਰ ਤੋਂ 10 ਹਜ਼ਾਰ ਤੱਕ ਵੋਟ ਨਾਲ ਜਿੱਤਦੇ ਜਾ ਫਿਰ ਹਾਰਦੇ ਆਏ ਹਨ। ਇਨਾਂ 10 ਹਜ਼ਾਰ ਤੋਂ ਘੱਟ ਜਿੱਤ-ਹਾਰ ਦੇ ਫਾਸਲੇ ਵਾਲੇ ਵਿਧਾਨ ਸਭਾ ਹਲਕੇ ਵਿੱਚ ਸ਼ੋ੍ਰਮਣੀ ਅਕਾਲੀ ਦਲ ਨੂੰ ਜਿਆਦਾ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।
6 ਫੀਸਦੀ ਤੱਕ ਵੋਟ ਬੈਂਕ ਦਾ ਸਿੱਧਾ ਘਾਟਾ
ਭਾਜਪਾ ਨਾਲ ਗਠਜੋੜ ਟੁੱਟਣ ਤੋਂ ਬਾਅਦ ਸ਼ੋ੍ਰਮਣੀ ਅਕਾਲੀ ਦਲ ਨੂੰ ਲਗਭਗ ਹਰ ਸੀਟ ’ਤੇ 3 ਤੋਂ 6 ਫੀਸਦੀ ਤੱਕ ਵੋਟ ਬੈਂਕ ਦਾ ਘਾਟਾ ਪੈਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਪਿੰਡਾਂ ਵਿੱਚ ਭਾਜਪਾ ਦਾ ਕੋਈ ਜਿਆਦਾ ਆਧਾਰ ਨਹੀਂ ਹੈ ਪਰ ਸਹਿਰਾ ਵਿੱਚ ਭਾਜਪਾ ਪਿਛਲੇ ਸਮੇਂ ਤੋਂ ਕਾਫ਼ੀ ਜਿਆਦਾ ਵੋਟ ਬੈਂਕ ਤਿਆਰ ਕਰਦੀ ਨਜ਼ਰ ਆਈ ਹੈ। ਪੰਜਾਬ ਦੇ ਜਿਆਦਾ ਸ਼ਹਿਰਾਂ ਵਿੱਚ ਭਾਜਪਾ ਦੇ 3 ਫੀਸਦੀ ਤੋਂ ਲੈ ਕੇ 6 ਫੀਸਦੀ ਤੱਕ ਵੋਟਰ ਹਨ, ਜਿਹੜੇ ਕਿ ਭਾਜਪਾ ‘ਤੇ ਹੀ ਆਪਣੀ ਮੁਹਰ ਲਗਾਉਂਦੇ ਨਜ਼ਰ ਆਉਂਦੇ ਹਨ।
ਪਿਛਲੇ ਵਿਧਾਨ ਸਭਾ ਚੋਣਾਂ ਤੱਕ ਭਾਜਪਾ ਦਾ ਵੋਟਰ ਅਕਾਲੀ ਦਲ ਦੇ ਉਮੀਦਵਾਰ ਨੂੰ ਆਪਣੀ ਵੋਟ ਦਿੰਦਾ ਸੀ ਪਰ ਇਸ ਵਾਰ ਉਹ ਅਕਾਲੀ ਦਲ ਦੀ ਥਾਂ ‘ਤੇ ਭਾਜਪਾ ਦੇ ਉਮੀਦਵਾਰ ਜਾਂ ਫਿਰ ਗਠਜੋੜ ਵਿੱਚ ਅਕਾਲੀ ਦਲ ਸੰਯੁਕਤ ਅਤੇ ਪੰਜਾਬ ਲੋਕ ਕਾਂਗਰਸ ਨੂੰ ਆਪਣੀ ਵੋਟ ਦਿੰਦਾ ਨਜ਼ਰ ਆਏਗਾ। ਜਿਸ ਕਾਰਨ ਅਕਾਲੀ ਦਲ ਨੂੰ ਇਸ ਦਾ ਨੁਕਸਾਨ ਹੋਏਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ