ਨਾ ਮੁੱਖ ਮੰਤਰੀ ਦਾ ਚਿਹਰਾ ਤੇ ਨਾ ਟਿਕਟਾਂ ’ਚ ਤਰਜੀਹ (Women’s Issues)
(ਭੁਪਿੰਦਰ ਸਿੰਘ) ਚੰਡੀਗੜ੍ਹ। 16ਵੀਂਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਸਾਰੀਆਂ ਸਿਆਸੀ ਪਾਰਟੀਆਂ ਪੂਰੀ ਤਰ੍ਹਾਂ ਸਰਗਰਮ ਹਨ ਹਰ ਪਾਰਟੀ ਵੱਲੋਂ ਸੱਤਾ ਪ੍ਰਾਪਤ ਕਰਨ ਲਈ ਔਰਤਾਂ ਨੂੰ ਮੁੱਖ ਮੁੱਦਾ ਬਣਾ ਤਰ੍ਹਾਂ-ਤਰ੍ਹਾਂ ਦੇ ਵਾਅਦੇ ਕੀਤੇ ਜਾ ਰਹੇ ਹਨ ਜਿਹਨਾਂ ’ਚ ਸਭ ਤੋਂ ਅਹਿਮ ਹੈ ਔਰਤਾਂ ਨੂੰ ਆਰਥਿਕ ਭੱਤੇ ਦਾ ਕੋਈ ਪਾਰਟੀ 2 ਹਜ਼ਾਰ, ਕੋਈ 1 ਹਜ਼ਾਰ ਤੇ ਕੋਈ ਕੁਝ ਦੇਣ ਦੇ ਦਾਅਵੇ ਕਰ ਰਹੀ ਹੈ ਪਰ ਕਿਸੇ ਵੀ ਪਾਰਟੀ ਨੇ ਅਜੇ ਤੱਕ ਔਰਤ ਨੂੰ ਮੁੱਖ ਚਿਹਰਾ ਭਾਵ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਅੱਗੇ ਰੱਖ ਕੇ ਚੋਣ ਲੜਨ ਦਾ ਐਲਾਨ ਨਹੀਂ ਕੀਤਾ ਪੰਜਾਬ ਦੇ ਸਿਆਸੀ ਪਿਛੋਕੜ ’ਤੇ ਝਾਤ ਮਾਰੀਏ ਤਾਂ ਪਿਛਲੇ ਕਰੀਬ ਢਾਈ ਦਹਾਕਿਆਂ ਤੋਂ ਸਿਆਸਤ ਦੀਆਂ ਮੂਹਰਲੀਆਂ ਸਫਾਂ ’ਚੋਂ ਔਰਤਾਂ ਗੈਰ-ਹਾਜ਼ਰ ਹੀ ਰਹੀਆਂ ਹਨ ਸਿਰਫ 1996 ’ਚ ਹੀ ਮਹਿਲਾ ਮੁੱਖ ਮੰਤਰੀ ਵਜੋਂ ਰਜਿੰਦਰ ਕੌਰ ਭੱਠਲ ਸਾਹਮਣੇ ਆਉਂਦੇ ਹਨ ਜਿਹਨਾਂ ਦਾ ਇਹ ਕਾਰਜਕਾਲ ਤਿੰਨ ਮਹੀਨੇ ਤੋਂ ਵੀ ਘੱਟ ਦਾ ਰਿਹਾ ਹੈ।
(Women’s Issues) ਪੰਜਾਬ ਦੀ ਸਿਆਸਤ ਵਿੱਚ ਮਹਿਲਾਵਾਂ ਦੇ ਯੋਗਦਾਨ ਦੀ ਗੱਲ ਕਰੀਏ ਤਾਂ ਇਹਨਾਂ ਦੀ ਗਿਣਤੀ ਵੀ ਕੋਈ ਜ਼ਿਆਦਾ ਨਹੀਂ ਹੈ ਸਿਆਸਤ ਵਿੱਚ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਤੇ ਸ੍ਰੋਮਣੀ ਅਕਾਲੀ ’ਚ ਰਜਿੰਦਰ ਕੌਰ ਭੱਠਲ, ਅਰੁਣਾ ਚੌਧਰੀ, ਅੰਬਿਕਾ ਸੋਨੀ, ਰਜੀਆ ਸੁਲਤਾਨਾ , ਬੀਬੀ ਜਗੀਰ ਕੌਰ, ਬੀਬੀ ਉਪਿੰਦਰਜੀਤ ਕੌਰ ਦੇ ਨਾਲ ਹੋਰ ਬਹੁਤ ਥੋੜ੍ਹੇ ਨਾਂਅ ਹਨ ਜੋ ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ’ਚ ਆਪਣੀ ਮੌਜ਼ੂਦਗੀ ਦਰਜ ਕਰਵਾ ਸਕੀਆਂ ਹਨ ਪਰ ਇਹ ਨਾਂਅ ਵੀ ਸਿਰਫ ਵਿਧਾਇਕ ਦੀ ਕੁਰਸੀ ਤੱਕ ਪਹੁੰਚ ਸਕੇ ਹਨ, ਇਹਨਾਂ ਨੂੰ ਮੁੱਖ ਮੰਤਰੀ ਦੇ ਦਾਅਵੇਦਾਰ ਵਜੋਂ ਕਿਸੇ ਵੀ ਪਾਰਟੀ ਨੇ ਤਰਜੀਹ ਨਹੀਂ ਦਿੱਤੀ।
ਦੇਸ਼ ਦੀ ਰਾਜਧਾਨੀ ’ਤੇ ਰਿਹੈ ਮਹਿਲਾ ਮੁੱਖ ਮੰਤਰੀ ਦਾ ਰਾਜ
ਹੁਣ ਤੱਕ ਜੇਕਰ ਦੇਸ਼ ਵਿੱਚ ਮਹਿਲਾ ਮੁੱਖ ਮੰਤਰੀ ਦੇ ਕਾਰਜਕਾਲ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਤੋਂ ਸ਼ੀਲਾ ਦੀਕਸ਼ਿਤ 1998 ਤੋਂ 2013 ਤੱਕ ਰਿਕਾਰਡ 15 ਸਾਲ ਦੇਸ਼ ਦੀ ਰਾਜਧਾਨੀ ਦਿੱਲੀ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ ਉਹ ਲਗਾਤਾਰ ਤਿੰਨ ਵਾਰ ਇਹ ਅਹੁਦੇ ’ਤੇ ਰਹੇ ਜੋ ਕਿ ਇੱਕ ਮਹਿਲਾ ਲਈ ਮਾਣ ਵਾਲੀ ਗੱਲ ਹੈ ਇਹਨਾਂ ਤੋਂ ਪਹਿਲਾਂ ਵੀ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ’ਤੇ ਇੱਕ ਮਹਿਲਾ, ਸੁਸ਼ਮਾ ਸਵਰਾਜ ਹੀ ਬਿਰਾਜਮਾਨ ਸਨ, ਪਰ ਉਹਨਾਂ ਦਾ ਕਾਰਜਕਾਲ ਬਹੁਤ ਥੋੜ੍ਹਾ ਸੀ।
ਟਿਕਟ ਦੇਣ ’ਚ ਪਾਰਟੀਆਂ ਖਿੱਚ ਰਹੀਆਂ ਹੱਥ
ਮੁੱਖ ਮੰਤਰੀ ਦੇ ਚਿਹਰੇ ਲਈ ਔਰਤ ਉਮੀਦਵਾਰ ਦਾ ਐਲਾਨ ਤਾਂ ਦੂਰ ਇਸ ਵਾਰ ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਸਾਰੀਆਂ ਪਾਰਟੀਆਂ ਔਰਤਾਂ ਨੂੰ ਟਿਕਟ ਦੇਣ ’ਚ ਹੱਥ ਖਿੱਚ ਰਹੀਆਂ ਹਨ ਹੁਣ ਤੱਕ ਪਾਰਟੀਆਂ ਵੱਲੋਂ ਐਲਾਨ ਉਮੀਦਵਾਰਾਂ ’ਤੇ ਝਾਤ ਮਾਰੀਏ ਤਾਂ ਸਿਰਫ 26 ਮਹਿਲਾ ਉਮੀਦਵਾਰਾਂ ਦੇ ਨਾਂਅ ਸਾਹਮਣੇ ਆਏ ਹਨ, ਜਿਹਨਾਂ ’ਚ ਸਭ ਤੋਂ ਵੱਧ ਆਮ ਆਦਮੀ ਪਾਰਟੀ ਨੇ 12, ਕਾਂਗਰਸ ਨੇ 9, ਅਕਾਲੀ ਦਲ ਨੇ 4 ਅਤੇ ਸੰਯੁਕਤ ਸਮਾਜ ਮੋਰਚਾ ਨੇ 1 ਮਹਿਲਾ ਉਮੀਦਵਾਰ ਨੂੰ ਟਿਕਟ ਦੇਕੇ ਚੋਣ ਮੈਦਾਨ ’ਚ ਉਤਾਰਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ