ਸਿੱਖਿਆ ਬੋਰਡ ’ਚ 28 ਤੇ 29 ਦਸੰਬਰ ਨੂੰ ਹੋਵੇਗੀ ਹੜਤਾਲ
(ਕੁਲਵੰਤ ਕੋਟਲੀ) ਮੋਹਾਲੀ। ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਚੰਡੀਗੜ੍ਹ ਵੱਲੋਂ 28 ਤੇ 29 ਦਸੰਬਰ ਦੇ ਦਿੱਤੇ ਹੜਤਾਲ ਦੇ ਸੱਦੇ ਦੇ ਚਲਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਅਤੇ ਸਮੂਹ ਜ਼ਿਲ੍ਹਿਆਂ ’ਚ ਸਥਿਤ ਖੇਤਰੀ ਦਫ਼ਤਰ ਮੁਕੰਮਲ ਤੌਰ ’ਤੇ ਹੜਤਾਲ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਅਤੇ ਜਨਰਲ ਸਕੱਤਰ ਸੁਖਚੈਨ ਸਿੰਘ ਸੈਣੀ ਨੇ ਦੱਸਿਆ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ।
ਮੁਲਾਜ਼ਮਾਂ ਨੂੰ ਅਧੂਰਾ ਪੇਅ ਕਮਿਸ਼ਨ ਦਿੱਤਾ ਗਿਆ ਹੈ। ਮੁਲਾਜ਼ਮ ਜਥੇਬੰਦੀ ਦੀਆਂ ਸਰਕਾਰ ਨਾਲ ਸਮੇਂ-ਸਮੇਂ ਤੇ ਹੋਈਆਂ ਮੀਟਿੰਗਾਂ ਦੌਰਾਨ ਸਰਕਾਰੀ ਨੁਮਾਇੰਦਿਆਂ ਵੱਲੋਂ ਮੁਲਾਜ਼ਮ ਮੰਗਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਜਾਂਦਾ ਰਿਹਾ ਹੈ ਪਰੰਤੂ ਹਕੀਕਤ ਕੁਝ ਹੋਰ ਹੈ। ਸਰਕਰ ਵੱਲੋਂ 31-12-2015 ਨੂੰ ਡੀਏ ਦੀ 119 ਫੀਸਦੀ ਦਰ ਨਾਲ ਦੇਣ ਸਬੰਧੀ ਕੀਤੇ ਵਾਅਦੇ ਬਾਰੇ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਹੈ। 36000 ਮੁਲਾਜ਼ਮ ਪੱਕੇ ਕਰਨ ਦਾ ਦਾਅਵਾ ਵੀ ਫੋਕਾ ਨਿਕਲਿਆ ਹੈ। ਬੋਰਡ ਦਫ਼ਤਰ ਸਮੇਤ ਵੱਖ-ਵੱਖ ਦਫ਼ਤਰਾਂ ਵਿੱਚ ਕੰਮ ਕਰਦੇ ਡੇਲੀਵੇਜ਼ ਅਤੇ ਕੰਟਰੈਕਟ ਵਰਕਰਾਂ ਨੂੰ ਇਸ ਖੋਖਲੇ ਨੋਟੀਫਿਕੇਸ਼ਨ ਦਾ ਕੋਈ ਫਾਇਦਾ ਨਹੀਂ ਹੈ। ਬੋਰਡ ਦਫ਼ਤਰਾਂ ਵਿੱਚ ਕੰਮ ਕਰ ਰਹੇ ਕੰਟਰੈਕਟ ਅਤੇ ਡੇਲੀਵੇਜ਼ ਮੁਲਾਜ਼ਮਾਂ ਨੂੰ ਸਰਕਾਰ ਦੇ ਨੋਟੀਫਿਕੇਸ਼ਨ ਦਾ ਕੋਈ ਫਾਇਦਾ ਨਾ ਹੋਣ ਕਾਰਨ ਇਨ੍ਹਾਂ ਮੁਲਜ਼ਾਮਾਂ ਦੇ ਮਨਾਂ ਵਿੱਚ ਸਰਕਾਰ ਪ੍ਰਤੀ ਰੋਹ ਪਾਇਆ ਜਾ ਰਿਹਾ ਹੈ। 28 ਅਤੇ 29 ਦਸੰਬਰ ਦੀ ਹੜਤਾਲ ਹੋਣ ਕਾਰਨ ਸਿੱਖਿਆ ਬੋਰਡ ਵਿੱਚ ਦੂਰ-ਦੁਰਾਡੇ ਤੋਂ ਆਪਣੇ ਕੰਮ ਆਉਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ