ਅਕਾਲੀ ਦਲ ਅਤੇ ਕਾਂਗਰਸ ਨੂੰ ਟੱਕਰ ਦੇਣ ਲਈ ਮਨਜਿੰਦਰ ਸਰਸਾ ਨੂੰ ਅੱਗੇ ਕਰਨ ਦੀ ਤਿਆਰੀ
- ਮੌਜੂਦਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਐ ਭਾਜਪਾ ਹਾਈ ਕਮਾਨ
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਵੱਲੋਂ ਮੁੱਖ ਚਿਹਰੇੇ ਵਜੋਂ ਅੱਗੇ ਨਹੀਂ ਹੋਣਗੇ, ਕਿਉਂਕਿ ਭਾਜਪਾ ਵਲੋਂ ਮੁੱਖ ਚਿਹਰੇ ਵਜੋਂ ਮਨਜਿੰਦਰ ਸਰਸਾ ਨੂੰ ਪੰਜਾਬ ਵਿੱਚ ਅੱਗੇ ਰੱਖਣ ਦਾ ਫੈਸਲਾ ਕੀਤਾ ਜਾ ਸਕਦਾ ਹੈ। ਭਾਜਪਾ ਹਾਈ ਕਮਾਨ ਇਸ ਲਈ ਸਰਸਾ ਨੂੰ ਪੰਜਾਬ ਵਿੱਚ ਰਹਿਣ ਲਈ ਆਦੇਸ਼ ਦੇ ਚੁੱਕੇ ਹਨ। ਆਉਣ ਵਾਲੇ ਦਿਨਾਂ ਵਿੱਚ ਸਰਸਾ ਪੰਜਾਬ ਵਿੱਚ ਰਹਿੰਦੇ ਹੋਏ ਭਾਜਪਾ ਦੇ ਅਹਿਮ ਫੈਸਲੇ ਲੈਂਦੇ ਨਜ਼ਰ ਆਉਣਗੇ। ਇਸ ਮੌਕੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਭੂਮਿਕਾ ਕੋਈ ਜਿਆਦਾ ਨਜ਼ਰ ਨਹੀਂ ਆਏਗੀ। ਇਸ ਲਈ ਜਲਦ ਹੀ ਅਸ਼ਵਨੀ ਸ਼ਰਮਾ ਨੂੰ ਭਾਜਪਾ ਹਾਈ ਕਮਾਨ ਵਲੋਂ ਇਸ਼ਾਰਾ ਵੀ ਕਰ ਦਿੱਤਾ ਜਾਏਗਾ।
ਮਨਜਿੰਦਰ ਸਰਸਾ ਵੱਲੋਂ ਦਿੱਲੀ ਕਿਸਾਨ ਅੰਦੋਲਨ ਦੌਰਾਨ ਚੰਗੀ ਭੂਮਿਕਾ ਨਿਭਾਈ ਗਈ ਸੀ ਅਤੇ ਉਨਾਂ ਦਾ ਕਿਸਾਨਾਂ ਦੇ ਨਾਲ ਕੋਈ ਵੈਰ ਵਿਰੋਧ ਵੀ ਨਹੀਂ ਹੈ ਅਤੇ ਕਿਸਾਨ ਜਥੇਬੰਦੀਆਂ ਵਲੋਂ ਸਿੱਧੇ ਤੌਰ ’ਤੇ ਕੋਈ ਵਿਰੋਧ ਵੀ ਨਹੀਂ ਕੀਤਾ ਜਾਣਾ ਮਨਜਿੰਦਰ ਸਰਸਾ ਨੂੰ ਕਿਸਾਨਾਂ ਵੱਲੋਂ ਚੰਗਾ ਲੀਡਰ ਮੰਨਿਆ ਜਾਂਦਾ ਰਿਹਾ ਹੈ।
ਇਸ ਦੇ ਨਾਲ ਹੀ ਪਿੰਡਾਂ ਦੀ ਨਬਜ਼ ਵੀ ਮਨਜਿੰਦਰ ਸਰਸਾ ਚੰਗੀ ਤਰਾਂ ਜਾਣਦੇ ਹਨ, ਜਿਸ ਕਾਰਨ ਹੀ ਉਹ ਨੂੰ ਪੰਜਾਬ ਵਿੱਚ ਵੱਡਾ ਚਿਹਰੇ ਬਣਾ ਕੇ ਭੇਜਿਆ ਜਾ ਰਿਹਾ ਹੈ। ਉਹ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਲਈ ਨਹੀਂ ਆ ਰਹੇ ਹਨ। ਇਸ ਤੋਂ ਪਹਿਲਾਂ 2012 ਅਤੇ 2017 ਵਿੱਚ ਵੀ ਮਨਜਿੰਦਰ ਸਰਸਾ ਪੰਜਾਬ ਵਿਧਾਨ ਸਭਾ ਵਿੱਚ ਅਹਿਮ ਰੋਲ ਨਿਭਾਉਣ ਲਈ ਪੰਜਾਬ ਵਿੱਚ ਆ ਚੁੱਕੇ ਹਨ ਪਰ ਉਸ ਸਮੇਂ ਮਨਜਿੰਦਰ ਸ਼ੋ੍ਰਮਣੀ ਅਕਾਲੀ ਦਲ ਲਈ ਪੰਜਾਬ ਵਿੱਚ ਆਉਂਦੇ ਸਨ ਅਤੇ ਸੁਖਬੀਰ ਬਾਦਲ ਨਾਲ ਮਿਲ ਕੇ ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ਦੀ ਨੇੜੇ ਤੋਂ ਨਜ਼ਰ ਰਖਦੇ ਹੋਏ ਵਿਉਂਤਬੰਦੀ ਕਰਦੇ ਸਨ। ਅਕਾਲੀ ਦਲ ਨਾਲ ਕੰਮ ਕਰਨ ਕਰਕੇ ਮਨਜਿੰਦਰ ਸਰਸਾ ਨੂੰ ਅਕਾਲੀ ਦਲ ਦੇ ਤੌਰ ਤਰੀਕੇ ਪਤਾ ਹਨ, ਇਸ ਲਈ ਉਹ ਅਕਾਲੀ ਦਲ ਦੀ ਪਲੈਨਿੰਗ ਨੂੰ ਤੋੜਨ ਵਿੱਚ ਵੀ ਕਾਮਯਾਬ ਸਾਬਤ ਹੋ ਸਕਦੇ ਹਨ, ਜਿਸ ਦਾ ਫਾਇਦਾ ਭਾਜਪਾ ਨੂੰ ਹੀ ਹੋਏਗਾ।
ਇਸ ਲਈ ਭਾਜਪਾ ਵੀ ਚਾਹੁੰਦੀ ਹੈ ਕਿ ਮਨਜਿੰਦਰ ਸਿਰਸਾ ਪੰਜਾਬ ਵਿੱਚ ਜਾ ਕੇ ਮੁੱਖ ਚਿਹਰੇ ਵਜੋਂ ਕੰਮ ਕਰਨ ਤਾਂ ਕਿ ਭਾਜਪਾ ਨੂੰ ਇਨਾਂ ਵਿਧਾਨ ਸਭਾ ਚੋਣਾਂ ਵਿੱਚ ਕਾਫ਼ੀ ਜਿਆਦਾ ਫਾਇਦਾ ਮਿਲਦੇ ਹੋਏ ਚੰਗੀ ਸੀਟਾਂ ’ਤੇ ਜਿੱਤ ਪ੍ਰਾਪਤ ਹੋ ਸਕੇ। ਮਨਜਿੰਦਰ ਸਿਰਸਾ ਇਸ ਸਮੇਂ ਪੰਜਾਬ ਵਿੱਚ ਕੇਂਦਰੀ ਮੰਤਰੀ ਗਜੇਂਦਰ ਸੇਖਾਵਤ ਨਾਲ ਹੀ ਆ ਰਹੇ ਹਨ ਅਤੇ ਗਜੇਂਦਰ ਸੇਖਾਵਤ ਵੱਲੋਂ ਕੀਤੀਆਂ ਜਾ ਰਹੀਆਂ ਅਹਿਮ ਮੀਟਿੰਗਾਂ ਦਾ ਹਿੱਸਾ ਵੀ ਬਣ ਰਹੇ ਹਨ। ਜਿਸ ਕਾਰਨ ਇਹ ਲਗ ਰਿਹਾ ਹੈ ਕਿ ਭਾਜਪਾ ਮਨਜਿੰਦਰ ਸਰਸਾ ’ਤੇ ਪੰਜਾਬ ਵਿੱਚ ਦਾਅ ਖੇਡਣਾ ਚਾਹੁੰਦੀ ਹੈ।