ਭਾਰਤੀ ਫੌਜ ਦੇ ਮੌਜ਼ੂਦਾ ਮੁਖੀ ਪੰਜਾਬੀ ਯੂਨੀਵਰਸਿਟੀ ਤੋਂ ਕਰ ਰਹੇ ਨੇ ਪੀਐਚਡੀ, ਯੂਨੀਵਰਸਿਟੀ ਦੇ ਸਮਾਗਮ ’ਚ ਕੀਤੀ ਸ਼ਿਰਕਤ

Indian Army Chief Sachkahoon

ਭਵਿੱਖ ’ਚ ਰਵਾਇਤੀ ਢੰਗ ਦੇ ਹਥਿਆਰ ਸਾਡੀ ਸੰਪੂਰਨ ਸੁਰੱਖਿਆ ਲਈ ਨਾਕਾਫ਼ੀ ਹੋਣਗੇ : ਐੱਮ.ਐੱਮ. ਨਰਾਵਨੇ

(ਖੁਸਵੀਰ ਸਿੰਘ ਤੂਰ) ਪਟਿਆਲਾ। ਭਵਿੱਖ ’ਚ ਜੰਗ ਦਾ ਸਰੂਪ ਬਿਲਕੁਲ ਬਦਲ ਜਾਵੇਗਾ ਤੇ ਆਰਟੀਫੀਸੀਅਲ ਇੰਟੈਲੀਜੈਂਸ ਦੇ ਦਖਲ ਨਾਲ ਬਿਲਕੁਲ ਨਵੇਂ ਢੰਗ ਈਜਾਦ ਹੋ ਜਾਣਗੇ। ਸਾਨੂੰ ਤਕਨਾਲੋਜੀ ਅਤੇ ਖੋਜ ਦੇ ਖੇਤਰ ਵਿੱਚ ਵਿਕਾਸ ਕਰਨ ਦੇ ਵੱਧ ਤੋਂ ਵੱਧ ਉਪਰਾਲੇ ਕਰਨ ਦੀ ਲੋੜ ਹੈ ਕਿਉਂਕਿ ਭਵਿੱਖ ਵਿੱਚ ਰਵਾਇਤੀ ਢੰਗ ਦੇ ਹਥਿਆਰ ਸਾਡੀ ਸੰਪੂਰਨ ਸੁਰੱਖਿਆ ਲਈ ਨਾਕਾਫ਼ੀ ਹੋਣਗੇ।

ਇਹ ਵਿਚਾਰ ਭਾਰਤੀ ਫੌਜ ਦੇ ਮੌਜ਼ੂਦਾ ਮੁਖੀ ਐੱਮ.ਐੱਮ. ਨਰਾਵਨੇ ਵੱਲੋਂ ਪ੍ਰਗਟਾਏ ਗਏ । ਨਰਾਵਨੇ ਅੱਜ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਹੋਏ ਰਾਸਟਰੀ ਸੈਮੀਨਾਰ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਲਈ ਪੁੱਜੇ ਸਨ। ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਹੈ ਕਿ ਕਿਸੇ ਸਖਸੀਅਤ ਵੱਲੋਂ ਚੀਫ ਆਫ ਆਰਮੀ ਵੱਲੋਂ ਪੰਜਾਬੀ ਯੂਨੀਵਰਸਿਟੀ ਵਿੱਚ ਇਸ ਤਰ੍ਹਾਂ ਕਿਸੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ ਗਈ ਹੋਵੇ। ਉਹ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੁਰੱਖਿਆ ਅਤੇ ਯੁੱਧਨੀਤੀ ਅਧਿਐਨ ਵਿਭਾਗ ਵੱਲੋਂ 1971 ਦੀ ਭਾਰਤ-ਪਾਕਿ ਜੰਗ ਦੇ 50 ਸਾਲ ਪੂਰੇ ਹੋਣ ਮੌਕੇ ਕਰਵਾਏ ਗਏ ਰਾਸਟਰੀ ਸੈਮੀਨਾਰ ਵਿੱਚ ਸਿਰਕਤ ਕਰਨ ਲਈ ਪੁੱਜੇ ਸਨ। ਇਸ ਸੈਮੀਨਾਰ ਦੇ ਕੋਆਰਡੀਨੇਟਰ ਡਾ. ਉਮਰਾਉ ਸਿੰਘ ਵੱਲੋਂ ਦੱਸਿਆ ਗਿਆ ਕਿ ਪੰਜਾਬੀ ਯੂਨੀਵਰਸਿਟੀ ਲਈ ਇਹ ਹੋਰ ਵੀ ਮਾਣ ਵਾਲੀ ਗੱਲ ਹੈ ਕਿ ਭਾਰਤੀ ਫੌਜ ਦੇ ਮੌਜੂਦਾ ਮੁਖੀ ਐੱਮ.ਐੱਮ. ਨਰਵਾਨੇ ਮੌਜੂਦਾ ਸਮੇਂ ਪੰਜਾਬੀ ਯੂਨੀਵਰਸਿਟੀ ਤੋਂ ਪੀ-ਐੱਚ.ਡੀ. ਕਰ ਰਹੇ ਹਨ।

ਐੱਮ.ਐੱਮ. ਨਰਾਵਨੇ ਵੱਲੋਂ ਆਪਣੇ ਸੰਬੋਧਨ ਵਿੱਚ ਆਪਣੇ ਵਿਦਿਆਰਥੀ ਹੋਣ ਦਾ ਜ਼ਿਕਰ ਕਰਦਿਆਂ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੂੰ ‘ਆਪਣਾ ਵਾਈਸ ਚਾਂਸਲਰ’ ਕਹਿ ਕੇ ਪੁਕਾਰਿਆ ਗਿਆ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਸ ਮੌਕੇ ਬੋਲਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਵੱਲੋਂ ਯੂਨੀਵਰਸਿਟੀ ਦੇ ਅਕਾਦਮਿਕ ਵੱਕਾਰ ਨੂੰ ਵੇਖਦਿਆਂ ਇੱਥੇ ਪੀ-ਐੱਚ.ਡੀ. ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਦੇ ਇਸ ਫੈਸਲੇ ਦੀ ਕਦਰ ਕਰਦੇ ਹਾਂ। ਪ੍ਰੋ. ਅਰਵਿੰਦ ਵੱਲੋਂ ਇਸ ਮੌਕੇ ਐਲਾਨ ਕੀਤਾ ਗਿਆ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਵਿਧੀਵਤ ਰੂਪ ਵਿੱਚ 1971 ਦੀ ਜੰਗ ਦਾ ਇਤਿਹਾਸ ਲਿਖਿਆ ਜਾਵੇਗਾ। ਇਸ ਪ੍ਰਾਜੈਕਟ ਵਿਚ ਸੁਰੱਖਿਆ ਅਤੇ ਯੁੱਧਨੀਤੀ ਅਧਿਐਨ ਮੋਹਰੀ ਭੂਮਿਕਾ ਨਿਭਾਵੇਗਾ। ਇਸ ਮੌਕੇ ਉਨ੍ਹਾਂ ਵੱਲੋਂ ਕੁਆਂਟਮ ਤਕਨਾਲੌਜੀ ਦੇ ਹਵਾਲੇ ਨਾਲ ਵੀ ਆਪਣੇ ਵਿਚਾਰ ਪ੍ਰਗਟਾਏ ਗਏ।

ਇਸ ਮੌਕੇ ਮਹਾਰਾਜਾ ਭੁਪਿੰਦਰ ਸਿੰਘ ਖੇਡ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਲੈਫ. ਜਨ. ਜਗਬੀਰ ਸਿੰਘ ਚੀਮਾ ਵੱਲੋਂ ਵੀ ਆਪਣੇ ਵਿਚਾਰ ਪ੍ਰਗਟਾਏ ਗਏ। ਲੈਫ. ਜਨ. ਐੱਚ. ਐੱਸ. ਪਨਾਗ ਅਤੇ ਮੇਜਰ ਜਨਰਲ ਬੀ. ਐੱਸ. ਗਰੇਵਾਲ ਵੱਲੋਂ 1971 ਦੀ ਜੰਗ ਸਬੰਧੀ ਬਹੁਤ ਸਾਰੀਆਂ ਯਾਦਾਂ ਸਾਂਝੀਆਂ ਕੀਤੀਆਂ ਗਈਆਂ।ਇਸ ਸੈਮੀਨਾਰ ਉਪਰੰਤ ਐੱਮ.ਐੱਮ. ਨਰਾਵਨੇ ਯੂਨੀਵਰਸਿਟੀ ਦੇ ਬੋਟੈਨੀਕਲ ਗਾਰਡਨ ਵਿੱਚ ਗਏ ਜਿੱਥੇ ਉਨ੍ਹਾਂ ਵੱਲੋਂ ਇੱਕ ਬੂਟਾ ਲਗਾਇਆ ਗਿਆ। ਇਸ ਉਪਰੰਤ ਉਹ ਸੁਰੱਖਿਆ ਅਤੇ ਯੁੱਧਨੀਤੀ ਅਧਿਐਨ ਵਿਭਾਗ, ਜਿੱਥੇ ਕਿ ਉਹ ਖ਼ੁਦ ਵਿਦਿਆਰਥੀ ਹਨ, ਵਿਖੇ ਪਹੁੰਚੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ