ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਾਗਾਲੈਂਡ ਹਿੰਸਾ ‘ਤੇ ਦਿੱਤਾ ਬਿਆਨ, ਕਿਹਾ- SIT ਇੱਕ ਮਹੀਨੇ ‘ਚ ਪੂਰੀ ਕਰੇਗੀ ਜਾਂਚ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਾਗਾਲੈਂਡ ਹਿੰਸਾ ‘ਤੇ ਦਿੱਤਾ ਬਿਆਨ, ਕਿਹਾ- SIT ਇੱਕ ਮਹੀਨੇ ‘ਚ ਪੂਰੀ ਕਰੇਗੀ ਜਾਂਚ

(ਏਜੰਸੀ) ਨਵੀਂ ਦਿੱਲੀ। ਕੇਂਦਰ ਸਰਕਾਰ ਨੇ ਸੋਮਵਾਰ ਨੂੰ ਸੰਸਦ ‘ਚ ਮੰਨਿਆ ਕਿ ਨਾਗਾਲੈਂਡ ‘ਚ ਫੌਜ ਦੀ ਗੋਲੀਬਾਰੀ ਗਲਤੀ ਸੀ। ਫੌਜ ਦੀ ਗੋਲੀਬਾਰੀ ‘ਚ 14 ਨਾਗਰਿਕਾਂ ਦੀ ਮੌਤ ਤੋਂ ਬਾਅਦ ਵਿਰੋਧੀ ਧਿਰ ਨੇ ਸੰਸਦ ‘ਚ ਸਰਕਾਰ ਤੋਂ ਜਵਾਬ ਮੰਗਿਆ ਸੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ‘ਚ ਇਸ ਘਟਨਾ ‘ਤੇ ਸਰਕਾਰ ਦਾ ਪੱਖ ਪੇਸ਼ ਕੀਤਾ। ਉਨ੍ਹਾਂ ਕਿਹਾ- ਫੌਜ ਨੇ ਨਾਗਰਿਕਾਂ ਦੀ ਪਛਾਣ ਕਰਨ ‘ਚ ਗਲਤੀ ਕੀਤੀ। ਘਟਨਾ ਦੀ ਜਾਂਚ ਲਈ ਇੱਕ ਐਸਆਈਟੀ ਬਣਾਈ ਜਾਵੇਗੀ, ਜੋ ਇੱਕ ਮਹੀਨੇ ਵਿੱਚ ਆਪਣੀ ਰਿਪੋਰਟ ਦੇਵੇਗੀ।

ਅਮਿਤ ਸ਼ਾਹ ਨੇ ਕਿਹਾ- ਅਸੀਂ ਇਸ ਘਟਨਾ ‘ਤੇ ਡੂੰਘਾ ਦੁੱਖ ਪ੍ਰਗਟ ਕਰਦੇ ਹਾਂ। ਮ੍ਰਿਤਕਾਂ ਦੇ ਪਰਿਵਾਰਾਂ ਨਾਲ ਵੀ ਸਾਡੀ ਸੰਵੇਦਨਾ ਹੈ। ਹੁਣ ਇਹ ਫੈਸਲਾ ਕੀਤਾ ਗਿਆ ਹੈ ਕਿ ਅਜਿਹੀਆਂ ਕਾਰਵਾਈਆਂ ਕਰਦੇ ਸਮੇਂ ਸਾਰੀਆਂ ਏਜੰਸੀਆਂ ਇਹ ਯਕੀਨੀ ਬਣਾਉਣਗੀਆਂ ਕਿ ਭਵਿੱਖ ਵਿੱਚ ਅਜਿਹੀ ਮੰਦਭਾਗੀ ਘਟਨਾ ਨਾ ਵਾਪਰੇ। ਅਸੀਂ ਇਸ ਘਟਨਾ ਦੀ ਜਾਂਚ ਕਰ ਰਹੇ ਹਾਂ ਅਤੇ ਸ਼ਾਂਤੀ ਬਣਾਈ ਰੱਖਣ ਲਈ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ।

ਜਿਕਰਯੋਗ ਹੈ ਕਿ 4 ਦਸੰਬਰ ਨੂੰ ਨਾਗਾਲੈਂਡ ਦੇ ਓਟਿੰਗ ‘ਚ ਫੌਜ ਨੇ ਅੱਤਵਾਦੀਆਂ ਖਿਲਾਫ ਮੁਹਿੰਮ ਚਲਾਈ ਸੀ। ਸੈਨਾ ਨੇ ਇੱਕ ਵਾਹਨ ਨੂੰ ਰੁਕਣ ਦਾ ਇਸ਼ਾਰਾ ਕੀਤਾ, ਕਮਾਂਡੋਆਂ ਨੂੰ ਸ਼ੱਕ ਸੀ ਕਿ ਇਹ ਅਤਿਵਾਦੀਆਂ ਨੂੰ ਲੈ ਕੇ ਜਾ ਰਿਹਾ ਸੀ। 21 ਕਮਾਂਡੋਜ਼ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਗੋਲੀਬਾਰੀ ਵਿੱਚ 7 ​​ਦੀ ਮੌਤ ਹੋ ਗਈ। ਇਸ ਘਟਨਾ ਦੇ ਵਿਰੋਧ ਵਿੱਚ ਲੋਕਾਂ ਨੇ ਕਮਾਂਡੋਜ਼ ਨੂੰ ਘੇਰ ਲਿਆ ਅਤੇ ਗੱਡੀਆਂ ਨੂੰ ਅੱਗ ਲਾਉਣੀ ਸ਼ੁਰੂ ਕਰ ਦਿੱਤੀ। ਇੱਕ ਨੌਜਵਾਨ ਦੀ ਮੌਤ ਹੋ ਗਈ। ਭੀੜ ਨੂੰ ਸੰਭਾਲਣ ਲਈ ਕੀਤੀ ਗਈ ਗੋਲੀਬਾਰੀ ਵਿੱਚ 7 ​​ਹੋਰ ਲੋਕ ਮਾਰੇ ਗਏ।

ਨਾਗਾਲੈਂਡ ਹਿੰਸਾ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ

ਨਾਗਾਲੈਂਡ ਤੋਂ ਐਨਡੀਪੀਪੀ ਸੰਸਦ ਟੀ. ਯੇਪਥੇਮੀ ਨੇ ਲੋਕ ਸਭਾ ਵਿੱਚ ਕਿਹਾ ਕਿ ਨਾਗਾਲੈਂਡ ਹਿੰਸਾ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਪੀੜਤ ਪਰਿਵਾਰਾਂ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਹੈ। ਕੇਂਦਰ ਸਰਕਾਰ ਨੂੰ ਵੀ ਪੀੜਤ ਪਰਿਵਾਰਾਂ ਨੂੰ ਢੁੱਕਵਾਂ ਮੁਆਵਜ਼ਾ ਦੇਣਾ ਚਾਹੀਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ