ਆਓ! ਜ਼ਿੰਦਗੀ ਦੇ ਅਸਲੀ ਮਕਸਦ ਨੂੰ ਸਮਝੀਏ

ਆਓ! ਜ਼ਿੰਦਗੀ ਦੇ ਅਸਲੀ ਮਕਸਦ ਨੂੰ ਸਮਝੀਏ

ਜਿੰਦਗੀ ਖੂਬਸੂਰਤ ਹੈ। ਅਸੀਂ ਸਾਰੇ ਇਸ ਸੰਸਾਰ ਵਿਚ ਵਿਚਰਦੇ ਹਾਂ। ਹਰ ਇੱਕ ਇਨਸਾਨ ਦਾ ਜਿੰਦਗੀ ਵਿੱਚ ਕੋਈ ਨਾ ਕੋਈ ਉਦੇਸ਼ ਹੁੰਦਾ ਹੈ। ਸਾਨੂੰ ਨਿਰੰਕਾਰ ਪ੍ਰਭੂ ਪਰਮਾਤਮਾ ਨੇ ਇਸ ਧਰਤੀ ’ਤੇ ਭੇਜਿਆ ਹੈ। ਇਸ ਧਰਤੀ ’ਤੇ ਆਉਣ ਦਾ ਸਾਡਾ ਵੀ ਕੋਈ ਉਦੇਸ਼ ਹੈ। ਅਸੀਂ ਇੱਥੇ ਕੋਈ ਸਦਾ ਲਈ ਨਹੀਂ ਆਏ ਹਾਂ। ਅਸੀਂ ਕੋਈ ਸਦਾ ਇੱਥੇ ਰਹਿਣ ਲਈ ਰਜਿਸਟਰੀ ਨਹੀਂ ਕਰਵਾ ਲਈ ਐ। ਅਸੀਂ ਇੱਕ ਨਾ ਇੱਕ ਦਿਨ ਇਸ ਸੰਸਾਰ ਤੋਂ ਰੁਖਸਤ ਹੋਣਾ ਹੈ। ਜੋ ਅਸੀਂ ਇੱਥੇ ਮਹਿਲ-ਮਾੜੀਆਂ ਬਣਾ ਰਹੇ ਹਾਂ, ਇੱਕ ਨਾ ਇੱਕ ਦਿਨ ਅਸੀਂ ਇਸ ਸੰਸਾਰ ਤੋਂ ਸਭ ਨੂੰ ਛੱਡ ਕੇ ਚਲੇ ਜਾਣਾ ਹੈ। ਪਰ ਜੋ ਅੱਜ ਦਾ ਇਨਸਾਨ ਹੈ, ਉਹ ਜਿੰਦਗੀ ਦਾ ਮਕਸਦ ਭੁੱਲ ਚੁੱਕਾ ਹੈ। ਪਰਮਾਤਮਾ ਨੇ ਉਸਨੂੰ ਧਰਤੀ ’ਤੇ ਕੀ ਕਰਨ ਲਈ ਭੇਜਿਆ ਸੀ ਤੇ ਉਹ ਅੱਜ ਕੀ ਕਰ ਰਿਹਾ ਹੈ। ਉਸਨੇ ਜਿੰਦਗੀ ਦਾ ਅਸਲੀ ਉਦੇਸ਼ ਭੁਲਾ ਦਿੱਤਾ ਹੈ।

2005 ਵਿਚ ਸੁਨਾਮੀ ਨੇ ਜੋ ਕਹਿਰ ਮਚਾਇਆ, ਅਸੀਂ ਭੁੱਲ ਨਹੀਂ ਸਕਦੇ। ਫਿਰ 2012 ਵਿੱਚ ਉੱਤਰਾਖੰਡ ਵਿੱਚ ਹੜ੍ਹ ਦੀ ਮਾਰ ਕਾਰਨ ਜੋ ਤਬਾਹੀ ਮੱਚੀ, ਦਿਲ ਕੰਬਾਉਣ ਵਾਲੀ ਸੀ। ਹੜ੍ਹਾਂ ’ਚ ਗੱਡੀਆਂ ਦੀਆਂ ਗੱਡੀਆਂ ਰੁੜ੍ਹ ਗਈਆਂ। ਜਾਨ-ਮਾਲ ਦਾ ਬਹੁਤ ਨੁਕਸਾਨ ਹੋਇਆ। ਫਿਰ ਵੀ ਇਨਸਾਨ ਨਹੀਂ ਸੁਧਰਿਆ। 2003 ਵਿਚ ਗੁਜਰਾਤ ਵਿਖੇ ਭੂਚਾਲ ਕਾਰਨ ਹਜਾਰਾਂ ਹੀ ਲੋਕ ਮਰ ਗਏ। ਕੁਦਰਤ ਇਨਸਾਨ ਨੂੰ ਲਗਾਤਾਰ ਇਸ਼ਾਰੇ ਕਰ ਰਹੀ ਹੈ।

ਪਰ ਅੱਜ ਦਾ ਇਨਸਾਨ ਬਿਲਕੁਲ ਵੀ ਨਹੀਂ ਸੁਧਰ ਰਿਹਾ। 2020 ਵਿੱਚ ਕੋਰੋਨਾ ਨੇ ਭਾਰਤ ਵਿੱਚ ਦਸਤਕ ਦਿੱਤੀ ਸੀ। ਜਿੰਦਗੀ ਰੁਕ ਚੁੱਕੀ ਸੀ। ਕੁਦਰਤ ਨਵੀਂ ਵਹੁਟੀ ਵਾਂਗ ਸੱਜ ਗਈ ਸੀ। ਸਿਰਫ ਜੀਵ-ਜੰਤੂ ਆਜ਼ਾਦ ਸੀ। ਇਨਸਾਨ ਘਰ ਦੇ ਅੰਦਰ ਬੈਠਾ ਸੀ। ਦਰਿਆ ਤੱਕ ਸਾਫ ਹੋ ਗਏ ਸਨ। ਪੰਛੀ ਅਠਖੇਲੀਆਂ ਕਰਦੇ ਹੋਏ ਨਜ਼ਰ ਆ ਰਹੇ ਸਨ। ਵਿਚਾਰਨ ਵਾਲੀ ਗੱਲ ਹੈ ਫਿਰ ਵੀ ਇਨਸਾਨ ਕਿਉਂ ਨਹੀਂ ਸੁਧਰਿਆ? ਕਿਉਂ ਲਗਾਤਾਰ ਕੁਦਰਤ ਇਨਸਾਨ ਨੂੰ ਇਸ਼ਾਰੇ ਕਰ ਰਹੀ ਹੈ? ਅੱਜ ਦਾ ਇਨਸਾਨ ਆਪਣੇ ਅਸਲੀ ਉਦੇਸ਼ ਨੂੰ ਭੁੱਲ ਚੁੱਕਾ ਹੈ। ਸਾਨੂੰ ਸਾਰਿਆਂ ਨੂੰ ਹੀ ਚੰਗੇ ਕਰਮ ਕਰਨੇ ਚਾਹੀਦੇ ਹਨ। ਇਹੀ ਭਗਤੀ ਹੈ। ਜੇਕਰ ਅਸੀਂ ਚੰਗੇ ਕਰਮ ਕਰਾਂਗੇ ਤਾਂ ਸਾਡੀ ਸਮਾਜ ’ਚ ਵੀ ਇੱਜਤ ਹੋਏਗੀ।

ਜਦੋਂ ਅਪਰੈਲ-ਮਈ ਮਹੀਨੇ ਕੋਰੋਨਾ ਦੀ ਦੂਜੀ ਲਹਿਰ ਚੱਲ ਰਹੀ ਸੀ, ਤਾਂ ਇਨਸਾਨੀਅਤ ਸਰਮਸ਼ਾਰ ਹੋ ਚੁੱਕੀ ਸੀ। ਆਕਸੀਜਨ ਦੀ ਕਮੀ ਹੋ ਗਈ ਸੀ। ਕਈ ਦਵਾਈਆਂ ਵਾਲੀਆਂ ਦੁਕਾਨਾਂ ਨੇ ਜਿਹੜੇ ਮੈਡੀਕਲ ਉਪਕਰਨਾਂ ਜਿਵੇਂ ਥਰਮਾਮੀਟਰ ਜਿਸ ਦੀ ਕੀਮਤ 50 ਰੁਪਏ ਜਾਂ ਰੈਮੇਡੇਸੀਵਰ ਦਵਾਈ ਜਿਸ ਦੀ ਕੀਮਤ ਸਿਰਫ 4000 ਦੇ ਆਸ-ਪਾਸ ਹੈ। ਅਜਿਹੇ ਲੋਕਾਂ ਨੇ ਉਹ ਦਵਾਈ ਚਾਰ ਗੁਣਾ ਮਹਿੰਗੇ ਰੇਟਾਂ ’ਤੇ ਵੇਚੀ।

ਮਜਬੂਰੀ ਨੂੰ ਲੋਕਾਂ ਨੇ ਆਪਣੇ ਗਹਿਣੇ ਵੇਚ ਕੇ ਇਹ ਦਵਾਈ ਲਈ। ਸੋਚਣ ਵਾਲੀ ਗੱਲ ਹੈ, ਭਲਾ ਇਹੀ ਕਮਾਈ ਨਾਲ ਕਿੰਨੇ ਕੁ ਉਹ ਮਹਿਲ ਖੜ੍ਹੇ ਕਰ ਲੈਣਗੇ? ਐਂਬੂਲੈਂਸਾਂ ਵਾਲਿਆਂ ਦਾ ਤਾਂ ਪੁੁੱਛੋ ਹੀ ਨਾ। ਉਨ੍ਹਾਂ ਨੇ ਵੀ ਕੋਈ ਕਸਰ ਨਹੀਂ ਛੱਡੀ ਸੀ। ਦਸ ਕੁ ਕਿਲੋਮੀਟਰ ਦਾ ਪੈਂਡਾ ਤੈਅ ਕਰਨ ਲਈ ਹਜਾਰਾਂ ਰੁਪਏ ਮਰੀਜਾਂ ਦੇ ਘਰਵਾਲਿਆਂ ਤੋਂ ਵਸੂਲੇ। ਕੀ ਇਹ ਅਸੀਂ ਚੰਗੇ ਕਰਮ ਕਰ ਰਹੇ ਹਾਂ? ਅਸੀਂ ਇਨਸਾਨ ਦੀ ਜਰੂਰਤ ਕਿਉਂ ਨਹੀਂ ਬਣਦੇ? ਕਿਉਂ ਅਸੀਂ ਮੁਸੀਬਤ ਵੇਲੇ ਕਿਸੇ ਦਾ ਸਾਥ ਨਹੀਂ ਦੇ ਪਾਉਂਦੇ। ਪੈਸਾ ਹੀ ਸਭ ਕੁਝ ਨਹੀਂ ਹੁੰਦਾ। ਜੇ ਅਸੀਂ ਕਿਸੇ ਦੀ ਮੱਦਦ ਕਰ ਦਿੰਦੇ ਹਾਂ ਤਾਂ ਉਹ ਬੰਦਾ ਸਾਰੀ ਉਮਰ ਸਾਡਾ ਅਹਿਸਾਨ ਨਹੀਂ ਭੁੱਲਦਾ ਕਿ ਤੂੰ ਭਾਈ ਮੁਸ਼ਕਲ ਵੇਲੇ ਸਾਡੇ ਨਾਲ ਖੜ੍ਹਾ ਸੀ।

ਅਸੀਂ ਇਸ ਧਰਤੀ ’ਤੇ ਕੀ ਕਰਨ ਲਈ ਆਏ ਹਾਂ ਤੇ ਕੀ ਕਰ ਰਹੇ ਹਾਂ? ਸਾਨੂੰ ਗੁਰੂ ਨਾਨਕ ਦੇਵ ਜੀ ਨੇ ਦਸਾਂ ਨਹੁੰਆਂ ਦੀ ਕਿਰਤ ਕਰਨ ਲਈ ਕਿਹਾ ਸੀ। ਮਿਹਨਤ ਕਰਨ ਲਈ ਪ੍ਰੇਰਿਆ ਸੀ। ਨਿੱਜੀ ਸਵਾਰਥਾਂ ਖਾਤਰ ਅਸੀਂ ਕੁਦਰਤ ਨਾਲ ਵੀ ਖਿਲਵਾੜ ਕਰ ਰਹੇ ਹਾਂ। ਪੈਸੇ ਦੀ ਹੋੜ ਲੱਗੀ ਹੋਈ ਹੈ। ਮਾਇਆ, ਪੈਸਾ ਤਾਂ ਸਾਡੇ ਗੁਜ਼ਾਰੇ ਲਈ ਹੈ। ਇਨਸਾਨ ਗਲਤ ਕੰਮ ਕਰਕੇ ਆਪਣੇ ਬੈਂਕਾਂ ਵਿੱਚ ਮਾਇਆ ਇਕੱਠੀ ਕਰ ਰਿਹਾ ਹੈ। ਇਨਸਾਨੀਅਤ ਖਤਮ ਹੋ ਚੁੱਕੀ ਹੈ। ਪੈਸੇ ਦੀ ਹੋੜ ਕਾਰਨ ਭਰਾ-ਭਰਾ ਦਾ ਦੁਸ਼ਮਣ ਬਣ ਗਿਆ ਹੈ। ਇਨਸਾਨ ਨੂੰ ਰੱਬ ਦਾ ਬਿਲਕੁਲ ਵੀ ਡਰ ਨਹੀਂ ਰਿਹਾ ਹੈ।

ਵਿਚਾਰਨ ਵਾਲੀ ਗੱਲ ਹੈ ਕਿ ਰੱਬ ਨੇ ਸਾਨੂੰ ਇਸ ਧਰਤੀ ’ਤੇ ਮਾਇਆ ਇਕੱਠੀ ਕਰਨ ਲਈ ਭੇਜਿਆ ਹੈ? ਜੋ ਸਾਡਾ ਜਿੰਦਗੀ ਦਾ ਅਸਲੀ ਮਕਸਦ ਹੈ, ਉਹ ਅਸੀਂ ਭੁੱਲ ਗਏ ਹਾਂ। ਜਦੋਂ ਅਸੀਂ ਇਸ ਸੰਸਾਰ ਤੋਂ ਰੁਖਸਤ ਹੋਵਾਂਗੇ ਤਾਂ ਪਰਮਾਤਮਾ ਦੀ ਦਰਗਾਹ ਵਿੱਚ ਸਾਡੇ ਕਰਮਾਂ ਦਾ ਲੇਖਾ-ਜੋਖਾ ਹੋਵੇਗਾ। ਸੋ, ਉਹ ਸਮਾਂ ਭਾਵੇਂ ਕੋਰੋਨਾ ਵਰਗੀ ਕਿਸੇ ਵੀ ਮਹਾਂਮਾਰੀ ਦਾ ਹੋਵੇ ਜਾਂ ਸਾਡੀ ਰੋਜ਼ਾਨਾ ਜਿੰਦਗੀ ਵਿਚ ਹੋਣ ਵਾਲੀਆਂ ਛੋਟੀਆਂ-ਛੋਟੀਆਂ ਘਟਨਾਵਾਂ ਹੋਣ, ਸਾਡੀ ਜਿੰਦਗੀ ਦਾ ਅਸਲ ਮਕਸਤ ਹਮੇਸ਼ਾ ਇੱਕ-ਦੂਜੇ ਦੇ ਕੰਮ ਆਉਣਾ ਹੋਣਾ ਚਾਹੀਦਾ ਹੈ ਮਨੁੱਖ ਪਸ਼ੂ ਤੋਂ ਬਿਹਤਰ ਏਸੇ ਕਰਕੇ ਹੈ

ਕਿਉਂਕਿ ਇਸ ਵਿਚ ਸੋਚਣ-ਸਮਝਣ ਅਤੇ ਫੈਸਲਾ ਕਰਨ ਦੀ ਸਮਰੱਥਾ ਹੈ ਕੋਰੋਨਾ ਵਰਗੀ ਮਹਾਂਮਾਰੀ ਦੌਰਾਨ ਵੀ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਹੋਈਆਂ ਜਿਨ੍ਹਾਂ ਨੇ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਪਰ ਅਜਿਹੀਆਂ ਵਿਚ ਬਹੁਤ ਸਾਰੀਆਂ ਉਦਾਹਰਨਾਂ ਹਨ ਜਿਨ੍ਹਾਂ ਕਰਕੇ ਮਨੁੱਖਤਾ, ਖਾਸ ਕਰਕੇ ਭਾਰਤ ਦੀ ਪਰੰਪਰਾ, ਦਾ ਸਿਰ ਹਮੇਸ਼ਾ ਫਖ਼ਰ ਨਾਲ ਉੱਚਾ ਰਿਹਾ ਹੈ ਅਤੇ ਹਮੇਸ਼ਾ ਰਹੇਗਾ ਇਸ ਲਈ ਇਨਸਾਨ ਨੂੰ ਆਪਣੇ ਇਨਸਾਨੀ ਇਖ਼ਲਾਕ ਤੋਂ ਕਦੇ ਨਹੀਂ ਡੋਲਣਾ ਚਾਹੀਦਾ ਜੇਕਰ ਏਦਾਂ ਹੋ ਜਾਵੇ ਤਾਂ ਦੁਨੀਆਂ ਵਿਚੋਂ ਕਈ ਅਪਰਾਧ ਆਪਣੇ-ਆਪ ਹੀ ਸਮਾਪਤ ਹੋ ਜਾਣ
ਮੋਹਾਲੀ
ਸੰਜੀਵ ਸਿੰਘ ਸੈਣੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ