ਕਈ ਕੁਝ ਸਿਖਾ ਗਿਆ ਇੱਕ ਸਾਲ ਤੋਂ ਚੱਲਦਾ ਆ ਰਿਹਾ ਜੇਤੂ ਕਿਸਾਨੀ ਸੰਘਰਸ਼

ਕਈ ਕੁਝ ਸਿਖਾ ਗਿਆ ਇੱਕ ਸਾਲ ਤੋਂ ਚੱਲਦਾ ਆ ਰਿਹਾ ਜੇਤੂ ਕਿਸਾਨੀ ਸੰਘਰਸ਼

ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਕਿਸੇ ਨੇ ਵੀ ਐਨਾ ਵੱਡਾ ਅਤੇ ਲੰਮਾ ਕਿਸਾਨੀ ਅੰਦੋਲਨ ਸ਼ਾਇਦ ਹੀ ਦੇਖਿਆ ਹੋਵੇਗਾ ਉਨ੍ਹਾਂ ਕਿਸਾਨ ਭਰਾਵਾਂ ਨੂੰ ਸਦਾ ਨਮਨ ਕਰਨ ਦਾ ਹਰ ਬੰਦੇ ਦਾ ਫਰਜ ਬਣਦਾ ਹੈ ਜਿਨ੍ਹਾਂ ਨੇ ਇਸ ਅੰਦੋਲਨ ਦੌਰਾਨ ਆਪਣੀਆਂ ਕੀਮਤੀ ਜਾਨਾਂ ਦਿੱਤੀਆਂ ਹਨ। ਕੇਂਦਰ ਸਰਕਾਰ ਦੀਆਂ ਬਰੂਹਾਂ ’ਤੇ ਕਰੀਬ ਇੱਕ ਸਾਲ ਤੋਂ ਵੱਧ ਸਮੇਂ ਤੱਕ ਹਜਾਰਾਂ ਨਹੀਂ ਬਲਕਿ ਲੱਖਾਂ ਲੋਕਾਂ ਨੇ ਮਚਲੀ ਹੋਈ ਸਰਕਾਰ ਨੂੰ ਸ਼ਾਂਤਮਈ ਢੰਗ ਨਾਲ ਜਗਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ, ਜਿਨ੍ਹਾਂ ਵਿਚ ਹਰ ਕਿਰਸਾਨ, ਮਜ਼ਦੂਰ, ਦੁਕਾਨਦਾਰ, ਨੌਕਰੀਪੇਸ਼ੇ ਵਾਲੇ, ਵਪਾਰੀ ਵਰਗ, ਗੀਤਕਾਰ, ਗਾਇਕ, ਬੁੱਧੀਜੀਵੀ ਵਰਗ, ਗੱਲ ਕੀ ਹਰ ਪੰਜਾਬੀ ਨੇ ਆਪੋ-ਆਪਣੇ ਵਿੱਤ ਮੂਤਾਬਕ ਯੋਗਦਾਨ ਪਾਇਆ ਅਤੇ ਬਾਹਰਲੇ ਦੇਸ਼ਾਂ ਵਿੱਚ ਬੈਠੇ ਸਾਡੇ ਪੰਜਾਬੀ ਭਾਈਚਾਰੇ ਨੇ ਵੀ ਮੋਢੇ ਨਾਲ ਮੋਢਾ ਲਾਇਆ,

ਪਰ ਸਮੇਂ ਦੀ ਸਰਕਾਰ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕੀ। ਕਿੰਨੀ ਹੈਰਾਨੀ ਦੀ ਅਤੇ ਹਾਸੋਹੀਣੀ ਗੱਲ ਹੈ ਕਿ ਜੋ ਚੀਜ ਕਿਸੇ ਪੰਜਾਬੀ ਜਾਂ ਕਿਸੇ ਹੋਰ ਰਾਜ ਦੇ ਲੋਕਾਂ ਨੂੰ ਚਾਹੀਦੀ ਹੀ ਨਹੀਂ ਉਹ ਜਬਰਦਸਤੀ ਕਿਉਂ ਥੋਪੀ ਜਾ ਰਹੀ ਹੈ? ਅਤੇ ਜਿਹੜੀ ਚੀਜ ਦੀ ਸਾਨੂੰ ਕਿਸਾਨਾਂ ਅਤੇ ਦੇਸ਼ ਵਾਸੀਆਂ ਨੂੰ ਲੋੜ ਹੈ ਉਹ ਦਿੱਤੀ ਹੀ ਨਹੀਂ ਜਾ ਰਹੀ, ਜਿਸ ਵਿੱਚ ਨੌਕਰੀਆਂ, ਰੁਜਗਾਰ ਜਿਸ ਕਰਕੇ ਅੱਜ ਹਰ ਇੱਕ ਨੌਜਵਾਨ ਭਾਵੇਂ ਉਹ ਲੜਕਾ ਹੈ ਜਾਂ ਲੜਕੀ ਬਾਹਰਲੇ ਦੇਸ਼ਾਂ ਨੂੰ ਮੁਹਾਣ ਕਰ ਰਹੇ ਹਨ।

ਇੱਕ ਸਾਲ ਭਰ ਚੱਲੇ ਇਸ ਸੰਘਰਸ਼ਮਈ ਅੰਦੋਲਨ ਦੌਰਾਨ ਜਿਹੜੇ ਰਾਜਾਂ ਨੇ ਪੰਜਾਬ ਵਾਸੀਆਂ ਦਾ ਸਾਥ ਦਿੱਤਾ ਹੈ, ਅਸੀਂ ਉਨ੍ਹਾਂ ਸਾਰੇ ਹੀ ਰਾਜਾਂ ਦੇ ਲੋਕਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਮਰਿਆਦਾ ਵਿੱਚ ਰਹਿੰਦਿਆਂ ਅੰਤਾਂ ਦੀ ਗਰਮੀ/ਸਰਦੀ ਸਹਿੰਦਿਆਂ ਸਾਡਾ ਸਾਥ ਦਿੱਤਾ। ਛੱਬੀ ਨਵੰਬਰ ਦੋ ਹਜਾਰ ਵੀਹ ਦਾ ਦਿਨ ਇਤਿਹਾਸ ਵਿੱਚ ਕਾਲੇ ਅੱਖਰਾਂ ਵਿੱਚ ਲਿਖਿਆ ਜਾਵੇਗਾ, ਜਿਸ ਦਿਨ ਸਮੇਂ ਦੀ ਸਰਕਾਰ ਨੇ ਇਹ ਤਿੰਨ ਕਾਲੇ ਕਾਨੂੰਨ ਹੱਸਦੇ-ਵੱਸਦੇ ਕਿਸਾਨਾਂ ’ਤੇ ਥੋਪੇ ਸਨ।

ਪੂਰਾ ਇੱਕ ਸਾਲ ਕਿਸਾਨਾਂ ਨੇ ਜੀਅ-ਜਾਨ ਨਾਲ ਹੀ ਨਹੀਂ ਬਲਕਿ ਕੁਰਬਾਨੀਆਂ ਦੇ ਕੇ ਸ਼ਾਂਤਮਈ ਢੰਗ ਨਾਲ ਸਰਕਾਰ ਦਾ ਵਿਰੋਧ ਕਰਦਿਆਂ ਅੰਤਾਂ ਦੀ ਗਰਮੀ-ਸਰਦੀ ਝੱਲਦਿਆਂ ਪੂਰਾ ਕੀਤਾ। ਸਾਰੇ ਹੀ ਦੇਸ਼ ਵਾਸੀਆਂ ਨੂੰ ਯਾਦ ਹੀ ਹੋਵੇਗਾ ਕਿ ਸਰਕਾਰ ਨੇ ਸੜਕਾਂ ’ਤੇ ਕਿੱਲ ਠੋਕ ਕੇ, ਟੋਏ ਪੁੱਟ ਕੇ, ਪਾਣੀ ਦੀਆਂ ਬੁਛਾੜਾਂ ਛੱਡੀਆਂ, ਹਰ ਹਥਕੰਡਾ ਵਰਤ ਕੇ ਇਸ ਸੰਘਰਸ਼ ਨੂੰ ਦਬਾਉਣ ਅਤੇ ਕੁਚਲਣ ਦੀ ਕੋਸ਼ਿਸ਼ ਕੀਤੀ। ਪਰ ਸਾਡੇ ਪੰਜਾਬੀ ਅਤੇ ਹੋਰ ਸਾਰੇ ਹੀ ਭਾਰਤ ਦੇਸ਼ ਵਿਚੋਂ ਆਏ ਕਿਸਾਨਾਂ ਨੇ ਆਪ ਤਸੀਹੇ ਝੱਲ ਕੇ ਕਾਲੇ ਕਾਨੂੰਨਾਂ ਵਾਲੀ ਤੱਤੀ ਵਾਅ ਕਿਸਾਨੀ ਨੂੰ ਨਹੀਂ ਲੱਗਣ ਦਿੱਤੀ ਅਤੇ ਆਖ਼ਰੀ ਸਾਡੇ ਕਿਸਾਨਾਂ ਦੀ ਝੋਲੀ ਜਿੱਤ ਦੀਆਂ ਖੁਸ਼ੀਆਂ ਨਾਲ ਭਰ ਗਈ।

ਇਸ ਜਿੱਤ ਨੂੰ ਸਾਂਝੀਵਾਲਤਾ ਦੀ ਪ੍ਰਤੀਕ ਕਰਕੇ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਇਤਿਹਾਸਕ ਜਿੱਤ ਨੇ ਸਾਰੇ ਭਾਰਤ ਦੇਸ਼ ਦਾ ਨਾਂਅ ਸ਼ਾਂਤਮਈ ਅਤੇ ਭਾਈਚਾਰਕ ਸਾਂਝਾਂ ਪਕੇਰੀਆਂ ਕਰਨ ਲਈ ਕੁੱਲ ਦੁਨੀਆਂ ਵਿੱਚ ਉੱਚਾ ਕੀਤਾ ਹੈ। ਪਰ ਸਾਨੂੰ ਇਹ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਕਿ ਹਾਲੇ ਬਹੁਤ ਕੁੱਝ ਕਰਨਾ ਬਾਕੀ ਹੈ। ਇਸ ਇੱਕ ਸਾਲ ਦੌਰਾਨ ਸਾਡੀ ਕਿਸਾਨੀ ਲੀਡਰਸ਼ਿਪ, ਸਮਾਜਸੇਵੀ ਸੰਸਥਾਵਾਂ ਦੇ ਪਤਵੰਤਿਆਂ, ਬੁੱਧੀਜੀਵੀ ਵਰਗ, ਗਾਇਕ, ਗੀਤਕਾਰਾਂ ਅਤੇ ਚੋਣਵੇਂ ਉਨ੍ਹਾਂ ਕਲਾਕਾਰਾਂ ਦਾ ਵੀ ਧੰਨਵਾਦ ਕਰਨਾ ਬਣਦਾ ਹੈ

ਜਿਨ੍ਹਾਂ ਨੇ ਆਪਣੀ ਪਰਿਵਾਰਕ ਜਿੰਮੇਵਾਰੀਆਂ ਦੇ ਨਾਲ-ਨਾਲ ਉਹਨਾਂ ਕਿਸਾਨਾਂ ਦਾ ਜੋ ਘਰੋਂ ਖੱਫਣ ਬੰਨ੍ਹ ਕੇ ਮੈਦਾਨ ਵਿੱਚ ਕੁੱਦੇ ਸਨ ਉਹਨਾਂ ਦਾ ਜੀਅ-ਜਾਨ ਨਾਲ ਸਾਥ ਦਿੱਤਾ। ਬੇਸ਼ੱਕ ਸਰਕਾਰ ਨੇ ਕਿਸਾਨਾਂ ਨੂੰ ਅੱਤਵਾਦੀ, ਵੱਖਵਾਦੀ ਆਦਿ ਤਖੱਲਸਾਂ ਨਾਲ ਵੀ ਨਿਵਾਜਿਆ, ਪਰ ਸਾਡੇ ਕਿਸਾਨ ਵੀਰਾਂ ਨੇ ਆਪਣੇ ਸੰਜਮ ਦੇ ਵਿੱਚ ਰਹਿੰਦਿਆਂ ਇਨ੍ਹਾਂ ਗੱਲਾਂ ਨੂੰ ਵੀ ਝੋਲੀ ਵਿੱਚ ਪਵਾਇਆ। ਜਿਸ ਤੋਂ ਕਿ ਸਾਰੀ ਦੁਨੀਆਂ ਹੀ ਵਾਕਿਫ ਹੈ, ਕਿਸੇ ਦੇ ਕਹਿਣ ਨਾਲ ਨਾ ਤਾਂ ਕੋਈ ਅੱਤਵਾਦੀ, ਵੱਖਵਾਦੀ ਬਣਦਾ ਹੈ, ਤੇ ਨਾ ਹੀ ਦੁੱਧ ਧੋਤਾ ਬਣ ਸਕਦਾ ਹੈ। ਆਮ ਕਹਾਵਤ ਹੈ ਕਿ ਏਕੇ ਵਿੱਚ ਬਹੁਤ ਵੱਡੀ ਤਾਕਤ ਹੁੰਦੀ ਹੈ, ਸੋ ਇਸ ਵਿਚ ਕੋਈ ਦੋ ਰਾਇ ਨਹੀਂ, ਬਿਲਕੁਲ ਹਕੀਕੀ ਗੱਲ ਹੈ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਪੈਂਦੀ। ਪਰ ਸਰਕਾਰ ਨੇ ਹਰ ਕਿਸਮ ਦੇ ਹਥਕੰਡੇ ਅਪਣਾ ਕੇ ਇਸ ਸੰਘਰਸ਼ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ।

ਪਰ ਸਦਕੇ ਜਾਈਏ ਭਾਰਤ ਵਾਸੀਆਂ ਅਤੇ ਖਾਸ ਕਰਕੇ ਪੰਜਾਬ ਵਾਸੀਆਂ ਦੇ ਜਿਨ੍ਹਾਂ ਨੇ ਇਸ ਦੌਰਾਨ ਨਾ ਆਪਸ ਵਿੱਚ ਤਲਖੀ ਵਿਖਾਈ ਤੇ ਨਾ ਹੀ ਕਿਸੇ ਨੂੰ ਵਿਖਾਉਣ ਦਿੱਤੀ ਬਲਕਿ ਹਰ ਇੱਕ ਦੇ ਹਿਰਦੇ ਵਿੱਚ ਪ੍ਰੇਮ ਭਾਵਨਾ ਦੀ ਲਹਿਰ ਪ੍ਰਚੰਡ ਕਰਕੇ ਸਮੁੱਚੀ ਮਾਨਵਤਾ ਨੂੰ ਪ੍ਰੇਮ ਭਾਵਨਾ ਦਾ ਸੰਦੇਸ਼ ਦਿੱਤਾ, ਤੇ ਮੋਰਚਾ ਫਤਿਹ ਕਰਕੇ ਇੱਕ ਵਿਲੱਖਣ ਖੁਸ਼ੀ ਦਾ ਇਜਹਾਰ ਕਰਵਾਇਆ। ਇਸ ਕਰਕੇ ਜਿੱਥੇ ਪੰਜਾਬੀ ਭਾਈਚਾਰੇ ਨੂੰ ਨਮਨ, ਉੱਥੇ ਸਮੁੱਚੇ ਦੇਸ਼ ਵਾਸੀਆਂ ਨੂੰ ਵੀ ਨਮਨ ਕਰੀਏ, ਜਿਨ੍ਹਾਂ ਨੇ ਮੋਢੇ ਨਾਲ ਮੋਢਾ ਲਾ ਕੇ ਸਰਕਾਰ ਨੂੰ ਆਪਣੀ ਗਲਤੀ ਮੰਨਣ ਲਈ ਮਜਬੂਰ ਕਰ ਦਿੱਤਾ ਨਮਨ ਕਰੀਏ ਆਪਣੀਆਂ ਕੀਮਤੀ ਜਾਨਾਂ ਵਾਰਨ ਵਾਲਿਆਂ ਨੂੰ ਜਿਨ੍ਹਾਂ ਦਾ ਨਾਂਅ ਰਹਿੰਦੀ ਦੁਨੀਆਂ ਤੱਕ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਰਹੇਗਾ।

ਸਮੇਂ ਦੀਆਂ ਸਰਕਾਰਾਂ ਨੂੰ ਹਾਲੇ ਵੀ ਸੋਝੀ ਕਰਨੀ ਚਾਹੀਦੀ ਹੈ ਕਿ ਅੱਗੇ ਤੋਂ ਕੋਈ ਵੀ ਕਾਨੂੰਨ ਆਦਿ ਬਣਾਉਣ ਲਈ ਕੋਈ ਅਜਿਹੀ ਵਿਵਸਥਾ ਬਣਾਈ ਜਾਵੇ, ਲੋਕਤੰਤਰ ਦੀ ਮਰਿਆਦਾ ਅੰਦਰ ਰਹਿੰਦਿਆਂ ਕੋਈ ਅਜਿਹਾ ਮੰਚ ਪ੍ਰਦਾਨ ਕੀਤਾ ਜਾਵੇ ਜਿੱਥੇ ਹਰ ਕਿਸੇ ਦੀ ਜਾਇਜ ਸਲਾਹ ਪ੍ਰਵਾਨ ਹੋਵੇ, ਤਾਂ ਹੀ ਲੋਕਤੰਤਰ ਦੇ ਅਸਲੀ ਮਾਇਲੇ ਸਾਰਥਿਕ ਹੋਣਗੇ
ਸ੍ਰੀ ਮੁਕਤਸਰ ਸਾਹਿਬ
ਮੋ. 95691-49556
ਜਸਵੀਰ ਸ਼ਰਮਾਂ ਦੱਦਾਹੂਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ