ਦਿੱਲੀ ਡਾਇਲਾਗ: ਭਾਰਤ ਦੀ ਵੱਡੀ ਕੂਟਨੀਤਿਕ ਜਿੱਤ

Delhi Dialogue Sachkahoon

ਦਿੱਲੀ ਡਾਇਲਾਗ: ਭਾਰਤ ਦੀ ਵੱਡੀ ਕੂਟਨੀਤਿਕ ਜਿੱਤ

ਅਫ਼ਗਾਨਿਸਤਾਨ ਦੇ ਤਾਜ਼ਾ ਹਾਲਾਤ ’ਤੇ ਚਰਚਾ ਕਰਨ ਲਈ ਵੱਖ-ਵੱਖ ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੇ ਵਿਚਕਾਰ ਨਵੀਂ ਦਿੱਲੀ ’ਚ ਹੋਈ ਬੈਠਕ ਭਾਰਤ ਦੇ ਦਿ੍ਰਸ਼ਟੀਕੋਣ ਤੋਂ ਕਾਫ਼ੀ ਅਹਿਮ ਰਹੀ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨਐਸਏ) ਅਜੀਤ ਡੋਭਾਲ ਦੇ ਸੱਦੇ ’ਤੇ ਹੋਈ ਬੈਠਕ ’ਚ ਰੂਸ, ਇਰਾਨ, ਤਾਜ਼ਿਕਿਸਤਾਨ, ਓਜਬੇਕਿਸਤਾਨ, ਤੁਰਕਮੇਨੀਸਤਾਨ, ਕਿਰਗਿਸਤਾਨ ਅਤੇ ਕਜ਼ਾਖਸਤਾਨ ਦੇ ਐਨਐਸਏ ਨੇ ਹਿੱਸਾ ਲਿਆ ਬੈਠਕ ’ਚ ਅਫ਼ਗਾਨਿਸਤਾਨ ਦੇ ਮਨੁੱਖੀ ਸੰਕਟ ਅਤੇ ਅਫ਼ਗਾਨ ਜ਼ਮੀਨ ਤੋਂ ਅੱਤਵਾਦੀਆਂ ਦੇ ਦੂਜੇ ਦੇਸ਼ਾਂ ’ਚ ਜਾਣ ਦੀ ਸੰਭਾਵਨਾ ਅਤੇ ਇਸ ਨੂੰ ਰੋਕਣ ਲਈ ਤਰੀਕਿਆਂ ’ਤੇ ਚਰਚਾ ਕੀਤੀ ਗਈ ਬੈਠਕ ਤੋਂ ਬਾਅਦ ਸਮੂਹਿਕ ਐਲਾਨ ’ਚ ਕਿਹਾ ਗਿਆ ਕਿ ਅਫ਼ਗਾਨ ਖੇਤਰ ਦੀ ਵਰਤੋਂ ਕਿਸੇ ਵੀ ਅੱਤਵਾਦੀ ਗਤੀਵਿਧੀ ਲਈ ਨਹੀਂ ਹੋਣੀ ਚਾਹੀਦਾ ਹੈ ਇਸ ਗੱਲਬਾਤ ’ਚ ਚੀਨ ਅਤੇ ਪਾਕਿਸਤਾਨ ਨੂੰ ਵੀ ਸੱਦਿਆ ਗਿਆ ਸੀ ਪਰ ਦੋਵਾਂ ਹੀ ਦੇਸ਼ਾਂ ਨੇ ਵੱਖ-ਵੱਖ ਕਾਰਨਾਂ ਦਾ ਹਵਾਲਾ ਦਿੰਦਿਆਂ ਇਸ ’ਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ।

‘ਦਿੱਲੀ ਡਾਇਲਾਗ’ ਦੇ ਨਾਂਅ ਨਾਲ ਹੋਈ ਖੇਤਰੀ ਸੁਰੱਖਿਆ ਗੱਲਬਾਤ ’ਚ ਭਾਰਤ, ਰੂਸ, ਇਰਾਨ ਅਤੇ ਹੋਰ ਮੱਧ ਏਸ਼ੀਆਈ ਦੇਸ਼ਾਂ ਦੇ ਸੁਰੱਖਿਆ ਸਲਾਹਕਾਰਾਂ ਨੇ ਅੱਤਵਾਦ, ਕੱਟੜਤਾ, ਸੀਮਾ ਪਾਰ ਦੇ ਖ਼ਤਰੇ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਰਗੇ ਮੁੱਦਿਆਂ ’ਤੇ ਚਰਚਾ ਕੀਤੀ ਬੈਠਕ ’ਚ ਅਫ਼ਗਾਨਿਸਤਾਨ ਨੂੰ ਸ਼ਾਂਤੀਪੂਰਨ, ਸੁਰੱਖਿਆ ਅਤੇ ਸਥਿਰ ਰਾਸ਼ਟਰ ਦੇ ਰੂਪ ’ਚ ਮੁੜ-ਸਥਾਪਿਤ ਕੀਤੇ ਜਾਣ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ ਦਿੱਲੀ ਗੱਲਬਾਤ ਦੌਰਾਨ ਭਾਰਤ ਦੀ ਪਹਿਲ ’ਤੇ ਅਫ਼ਗਾਨਿਸਤਾਨ ਨੂੰ ਲਗਾਤਾਰ, ਪ੍ਰਤੱਖ ਅਤੇ ਯਕੀਨੀ ਤਰੀਕੇ ਨਾਲ ਮਨੁੱਖੀ ਸਹਾਇਤਾ ਪ੍ਰਦਾਨ ਕਰਨ ਅਤੇ ਡਰੱਗਸ ਦੀ ਤਸਕਰੀ ਖਿਲਾਫ਼ ਸਾਮੂਹਿਕ ਸਹਿਯੋਗ ਦਾ ਵੀ ਸੱਦਾ ਦਿੱਤਾ ਗਿਆ।

ਕਾਬਲ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਤਿੰਨ ਮਹੀਨੇ ਬਾਅਦ ਨਵੀਂ ਦਿੱਲੀ ’ਚ ਹੋਈ ਅਫ਼ਗਾਨ ਗੁਆਂਢੀਆਂ ਦੀ ਇਸ ਬੈਠਕ ਨੂੰ ਭਾਰਤ ਦੇ ਨਜ਼ਰੀਏ ਨਾਲ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਸੀ ਇਸ ਦੇ ਕਈ ਕਾਰਨ ਸਨ ਪਹਿਲਾ, ਅਫ਼ਗਾਨਿਸਤਾਨ ’ਚ ਤਾਲਿਬਾਨ ਦੀ ਵਾਪਸੀ ਤੋਂ ਬਾਅਦ ਇਹ ਪਹਿਲਾ ਮੌਕਾ ਸੀ, ਜਦੋਂ ਭਾਰਤ ਦੀ ਅਗਵਾਈ ’ਚ ਰੂਸ, ਇਰਾਨ ਅਤੇ ਹੋਰ ਮੱਧ ਏਸ਼ੀਆਈ ਦੇਸ਼ ਅਫ਼ਗਾਨਿਸਤਾਨ ਦੇ ਹਾਲਾਤ ’ਤੇ ਚਰਚਾ ਕਰਨ ਲਈ ਇੱਕ ਮੰਚ ’ਤੇ ਆਏ ਹਨ ਦੂਜਾ, ਅਫ਼ਗਾਨ ਗੁਆਂਢੀ ਦੇਸ਼ਾਂ ਨੇ ਜਿਸ ਤਰ੍ਹਾਂ ਭਾਰਤ ਦਾ ਸੱਦਾ ਸਵੀਕਾਰ ਕਰਕੇ ਬੈਠਕ ’ਚ ਹਿੱਸਾ ਲੈਣ ’ਤੇ ਸਹਿਮਤੀ ਪ੍ਰਗਟਾਈ, ਉਸ ਤੋਂ ਸਾਫ਼ ਹੈ ਕਿ ਉਹ ਅਫ਼ਗਾਨਿਸਤਾਨ ’ਚ ਸਥਾਈ ਸ਼ਾਂਤੀ ਲਈ ਭਾਰਤ ਦੀ ਭੂਮਿਕਾ ਨੂੰ ਅਹਿਮ ਮੰਨਦੇ ਹਨ ਤੀਜਾ, ਭਾਰਤ ਦੀ ਪ੍ਰਧਾਨਗੀ ’ਚ ਹੋਈ ਇਸ ਬੈਠਕ ਤੋਂ ਬਾਅਦ ਅਫ਼ਗਾਨਿਸਤਾਨ ’ਚ ਭਾਰਤ ਨੂੰ ਅਲੱਗ-ਥਲੱਗ ਕਰਨ ਦੀਆਂ ਚੀਨ ਅਤੇ ਪਾਕਿਸਤਾਨ ਦੀ ਰਣਨੀਤਿਕ ਕੋਸ਼ਿਸ਼ਾਂ ਨੂੰ ਝਟਕਾ ਲੱਗਾ ਹੈ।

ਦਰਅਸਲ, ਕਾਬਲ ਦੀ ਸੱਤਾ ’ਤੇ ਤਾਲਿਬਾਨੀ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ’ਚ ਖਾਣ-ਪੀਣ ਅਤੇ ਦੂਜੀਆਂ ਤਮਾਮ ਤਰ੍ਹਾਂ ਦੀਆਂ ਚੀਜ਼ਾਂ ਦੀ ਭਾਰੀ ਕਿੱਲਤ ਹੈ ਵੱਡੀ ਗਿਣਤੀ ’ਚ ਲੋਕ ਦੂਜੇ ਦੇਸ਼ਾਂ ਵੱਲ ਪਲਾਇਨ ਕਰ ਰਹੇ ਹਨ ਭਾਰਤ ਸਮੇਤ ਤਮਾਮ ਦੇਸ਼ਾਂ ਵੱਲੋਂ ਚਲਾਈਆਂ ਜਾ ਰਹੀਆਂ ਵਿਕਾਸ ਯੋਜਨਾਵਾਂ ਦਾ ਕੰਮ ਠੱਪ ਹੋ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਥੇ ਮਨੁੱਖੀ ਮੱਦਦ ਪਹੰੁਚਾਉਣ ਦੀ ਅਪੀਲ ਕਰ ਚੁੱਕੇ ਹਨ ਅਗਲੇ ਕੁਝ ਦਿਨਾਂ ਬਾਅਦ ਅਫ਼ਗਾਨਿਸਤਾਨ ’ਚ ਠੰਢੇ ਦਿਨਾਂ ਦੀ ਸ਼ੁਰੂਆਤ ਹੋ ਜਾਵੇਗੀ ਅਜਿਹੇ ’ਚ ਸੰਕਟ ਦੇ ਹੋਰ ਜਿਆਦਾ ਵਧਣ ਦਾ ਸ਼ੱਕ ਹੈ ਯੂਐਨ ਸ਼ਰਨਾਰਥੀ ਏਜੰਸੀ (ਯੂਐਨਐਚਸੀਆਰ) ਨੇ ਅਫ਼ਗਾਨਿਸਤਾਨ ’ਚ ਜਾਰੀ ਮਨੁੱਖੀ ਸੰਕਟ ’ਤੇ ਚਿੰਤਾ ਪ੍ਰਗਟਾਈ ਹੈ ਏਜੰਸੀ ਦਾ ਕਹਿਣਾ ਹੈ ਕਿ ਦੇਸ਼ ’ਚ ਮਨੁੱਖੀ ਸੰਕਟ ਲਗਾਤਾਰ ਗਹਿਰਾਉਂਦਾ ਜਾ ਰਿਹਾ ਹੈ ਅਜਿਹੇ ’ਚ ਉਨ੍ਹਾਂ ਲੋਕਾਂ ਲਈ ਜ਼ਿਆਦਾ ਤੇਜ਼ੀ ਨਾਲ ਕੰਮ ਕਰਨ ਦੀ ਲੋੜ ਹੈ, ਜੋ ਆਪਣਿਆਂ ਤੋਂ ਵਿੱਛੜ ਗਏ ਹਨ ਬੈਠਕ ’ਚ ਹਿੱਸਾ ਲੈ ਰਹੇ ਕਈ ਦੇਸ਼ ਤਾਲਿਬਾਨ ਦੇ ਆਉਣ ਨਾਲ ਅਫ਼ਗਾਨਿਸਤਾਨ ਦੇ ਅੱਤਵਾਦ ਦੀ ਪਨਾਹਗਾਹ ਬਣਨ ਦਾ ਸ਼ੱਕ ਪ੍ਰਗਟਾ ਚੁੱਕੇ ਹਨ ਹਾਲਾਂਕਿ ਤਾਲਿਬਾਨ ਵਾਰ-ਵਾਰ ਕਹਿ ਰਿਹਾ ਹੈ ਕਿ ਉਹ ਅਫ਼ਗਾਨਿਸਤਾਨ ਦੀ ਧਰਤੀ ਦਾ ਦੂਜੇ ਦੇਸ਼ਾਂ ਖਿਲਾਫ਼ ਇਸਤੇਮਾਲ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ।

ਸੱਚ ਤਾਂ ਇਹ ਹੈ ਕਿ ਤਾਲਿਬਾਨ ਸਬੰਧੀ ਭਾਰਤ ਦੁਚਿੱਤੀ ਦੀ ਸਥਿਤੀ ’ਚ ਹੈ ਉਹ ਹਾਲੇ ਵੀ ਵੇਟ ਐਂਡ ਵਾਚ ਦੀ ਨੀਤੀ ’ਤੇ ਚੱਲ ਰਿਹਾ ਹੈ ਦੁਨੀਆ ਦੇ ਕਈ ਦੇਸ਼ਾਂ ਨਾਲ ਭਾਰਤ ਪਹਿਲਾਂ ਹੀ ਇਹ ਸਪੱਸ਼ਟ ਕਰ ਚੁੱਕਾ ਹੈ ਕਿ ਬਲਪੂਰਵਕ ਸੱਤਾ ’ਤੇ ਕਾਬਜ਼ ਹੋਣ ਵਾਲਿਆਂ ਨੂੰ ਮਾਨਤਾ ਨਹੀਂ ਦਿੱਤੀ ਜਾਵੇਗੀ ਭਾਰਤ, ਅਮਰੀਕਾ ਅਤੇ ਚੀਨ ਸਮੇਤ 12 ਦੇਸ਼ ਸੰਯੁਕਤ ਰਾਸ਼ਟਰ ਅਤੇ ਯੂੂਰਪੀ ਸੰਘ ਦੇ ਪ੍ਰਤੀਨਿਧੀਆਂ ਨਾਲ ਪਹਿਲਾਂ ਤੋਂ ਹੀ ਇਹ ਫੈਸਲਾ ਕਰ ਚੁੱਕੇ ਹਨ ਕਿ ਉਹ ਅਫ਼ਗਾਨਿਸਤਾਨ ’ਚ ਕਿਸੇ ਵੀ ਅਜਿਹੀ ਸਰਕਾਰ ਨੂੰ ਮਾਨਤਾ ਨਹੀਂ ਦੇਣਗੇ ਜੋ ਬਲਪੂਰਵਕ ਸੱਤਾ ਹਾਸਲ ਕਰਨਾ ਚਾਹੁੰਦੀ ਹੋਵੇ ਭਾਰਤ ਦਾ ਤਾਲਿਬਾਨ ਨੂੰ ਮਾਨਤਾ ਦੇਣਾ ਲੋਕਤੰਤਰਿਕ ਦੇਸ਼ਾਂ ਦੀਆਂ ਪ੍ਰਤੀਕਿਰਿਆਵਾਂ ’ਤੇ ਨਿਰਭਰ ਕਰਦਾ ਹੈ ਕਿਉਂਕਿ ਹਾਲੇ ਲੋਕਤੰਤਰਿਕ ਦੇਸ਼ਾਂ ਨੇ ਤਾਲਿਬਾਨ ਨੂੰ ਮਾਨਤਾ ਨਹੀਂ ਦਿੱਤੀ ਹੈ ਸੰਭਵ ਹੈ ਇਸ ਵਜ੍ਹਾ ਨਾਲ ਭਾਰਤ ਵੱਲੋਂ ਤਾਲਿਬਾਨ ਨੂੰ ਗੱਲਬਾਤ ਲਈ ਸੱਦਾ ਨਹੀਂ ਦਿੱਤਾ ਗਿਆ।

ਦਰਅਸਲ, ਤਾਲਿਬਾਨ ਦੀ ਅਫ਼ਗਾਨ ਸੱਤਾ ’ਚ ਵਾਪਸੀ ਤੋਂ ਬਾਅਦ ਉੱਥੇ ਚੀਨ ਅਤੇ ਪਾਕਿਸਤਾਨ ਦਾ ਪ੍ਰਭਾਵ ਲਗਾਤਾਰ ਵਧਦਾ ਜਾ ਰਿਹਾ ਹੈ ਤਾਲਿਬਾਨ ਦੇ ਉਭਾਰ ਦੇ ਪਿੱਛੇ ਵੀ ਪਾਕਿਸਤਾਨ ਦਾ ਵੱਡਾ ਹੱਥ ਰਿਹਾ ਹੈ ਸਾਲ 1996 ’ਚ ਅਫ਼ਗਾਨਿਸਤਾਨ ’ਤੇ ਕੰਟਰੋਲ ਦੌਰਾਨ ਵੀ ਪਾਕਿਸਤਾਨ ਨੇ ਤਾਲਿਬਾਨ ਨੂੰ ਹਥਿਆਰਾਂ ਤੋਂ ਇਲਾਵਾ ਹੋਰ ਜ਼ਰੂਰੀ ਮੱਦਦ ਮੁਹੱਈਆ ਕਰਵਾਈ ਸੀ 2001 ’ਚ ਅਮਰੀਕਾ ਦੇ ਅਫ਼ਗਾਨਿਸਤਾਨ ’ਚ ਆਉਣ ਅਤੇ ਤਾਲਿਬਾਨ ਦੇ ਸੱਤਾ ਤੋਂ ਬੇਦਖਲ ਹੋਣ ਤੋਂ ਬਾਅਦ ਵੀ ਪਾਕਿਸਤਾਨ ਤਾਲਿਬਾਨ ਦੇ ਵੱਡੇ ਆਗੂਆਂ ਨੂੰ ਹਮਾਇਤ ਦਿੰਦਾ ਰਿਹਾ ਹੁਣ ਤਾਲਿਬਾਨ ਸਰਕਾਰ ਦੇ ਗਠਨ ’ਚ ਜਿਸ ਤਰ੍ਹਾਂ ਪਾਕਿਸਤਾਨ ਅਤੇ ਚੀਨ ਦੀ ਭੂਮਿਕਾ ਰਹੀ ਹੈ, ਉਸ ਤੋਂ ਭਾਰਤ ਕਿਤੇ ਨਾ ਕਿਤੇ ਹਾਸ਼ੀਏ ’ਤੇ ਆ ਗਿਆ ਸੀ ਦੂਜੇ ਪਾਸੇ ਅਫ਼ਗਾਨਿਸਤਾਨ ’ਚ ਭਾਰਤ ਦੇ ਆਪਣੇ ਹਿੱਤ ਹਨ ਭਾਰਤ ਨਹੀਂ ਚਾਹੁੰਦਾ ਕਿ ਅਫ਼ਗਾਨਿਸਤਾਨ ਅੱਵਾਦੀਆਂ ਦਾ ਸੁਰੱਖਿਅਤ ਟਿਕਾਣਾ ਬਣੇ ਅਜਿਹੇ ’ਚ ਭਾਰਤ ਵੱਲੋਂ ਹੋਏ ਦਿੱਲੀ ਡਾਇਲਾਗ ਨੂੰ ਅਫ਼ਗਾਨਿਸਤਾਨ ’ਚ ਆਪਣੀ ਭੂਮਿਕਾ ਅਤੇ ਗੁਆਚੇ ਹੋਏ ਪ੍ਰਭਾਵ ਨੂੰ ਮੁੜ ਸਥਾਪਿਤ ਕਰਨ ਦੇ ਯਤਨ ਦੇ ਤੌਰ ’ਤੇ ਦੇਖਿਆ ਜਾ ਰਿਹਾ ਹੈ ਰੂਸ ਅਤੇ ਇਰਾਨ ਸਮੇਤ ਅਫਗਾਨਿਸਤਾਨ ਦੇ ਸਾਰੇ ਮੁੱਖ ਗੁਆਂਢੀ ਦੇਸ਼ਾਂ ਨੇ ਦਿੱਲੀ ਡਾਇਲਾਗ ਜ਼ਰੀਏ ਜਿਸ ਤਰ੍ਹਾਂ ਭਾਰਤੀ ਅਗਵਾਈ ਨੂੰ ਸਵੀਕਾਰ ਕੀਤਾ ਹੈ, ਉਸ ਨੂੰ ਭਾਰਤ ਦੀ ਕੂਟਨੀਤਿਕ ਜਿੱਤ ਹੀ ਕਿਹਾ ਜਾਣਾ ਚਾਹੀਦਾ ਹੈ।

ਡਾ. ਐਨ. ਕੇ. ਸੋਮਾਨੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ