ਪਲਵਿੰਦਰ ਸਿੰਘ ਖੁੱਡੀ ਕਲਾਂ ਦੀ ਬਰਾਤ ਦੀ ਰਵਾਨਗੀ ਧਰਨਾ -ਸਥਲ ਤੋਂ ਹੋਈ
ਦਿੱਲੀ ਮੋਰਚੇ ਦੀ ਪਹਿਲੀ ਵਰ੍ਹੇਗੰਢ ਲਈ ਵੱਡੇ ਕਾਫਲੇ ਭੇਜਣ ਵਾਸਤੇ ਲਾਮਬੰਦੀ ਜ਼ੋਰਾਂ ’ਤੇ: ਆਗੂ
(ਜਸਵੀਰ ਸਿੰਘ ਗਹਿਲ/ਰਜਿੰਦਰ ਸ਼ਰਮਾ) ਬਰਨਾਲਾ। ਕਿਸਾਨ ਅੰਦੋਲਨ ਦੇ ਸ਼ੁਰੂ ਹੋਣ ਤੋਂ ਬਾਅਦ ਪੰਜਾਬ ਦੇ ਸਮਾਜਿਕ ਸਮਾਗਮਾਂ ਦੀ ਖਾਸੀਅਤ ’ਚ ਸਪੱਸ਼ਟ ਤਬਦੀਲੀ ਆਈ ਹੈ। ਸਮਾਗਮਾਂ ਦੀਆਂ ਰਸਮਾਂ ਨੂੰ ਕਿਸੇ ਨਾ ਕਿਸੇ ਰੂਪ ’ਚ ਕਿਸਾਨ ਅੰਦੋਲਨ ਨਾਲ ਜੋੜਿਆ ਜਾਂਦਾ ਹੈ। ਇਸੇ ਤਹਿਤ ਪਿੰਡ ਖੁੱਡੀ ਕਲਾਂ ਦੇ ਪਲਵਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਨੇ ਆਪਣੀ ਬਰਾਤ ਦੀ ਰਵਾਨਗੀ ਲਈ ਧਰਨੇ ਵਾਲੀ ਥਾਂ ਨੂੰ ਚੁਣਿਆ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲਾਏ ਆਕਾਸ਼-ਗੁੰਜਾਊ ਨਾਅਰਿਆਂ ਨਾਲ ਬਰਾਤ ਨੂੰ ਬਹੁਤ ਭਾਵੁਕ ਅੰਦਾਜ਼ ਨਾਲ ਰਵਾਨਾ ਕੀਤਾ ਗਿਆ ।
ਖੇਤੀ ਕਾਨੂੰਨਾਂ ਦੇ ਵਿਰੋਧ ’ਚ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ’ਚ ਚੱਲ ਰਿਹਾ ਪੱਕਾ ਮੋਰਚਾ ਅੱਜ ਵੀ ਜਾਰੀ ਰਿਹਾ। ਇਸ ਦੌਰਾਨ ਦਿੱਲੀ ਮੋਰਚੇ ਦੀ ਪਹਿਲੀ ਵਰੇ੍ਹਗੰਢ 26 ਨਵੰਬਰ ਨੂੰ ਮਨਾਉਣ ਲਈ ਵੱਡੇ ਕਾਫ਼ਲੇ ਦਿੱਲੀ ਭੇਜਣ ਲਈ ਵਿਚਾਰਾਂ ਕੀਤੀਆਂ ਗਈਆਂ। ਆਗੂਆਂ ਦੱਸਿਆ ਕਿ ਕਾਫ਼ਲਿਆਂ ’ਚ ਕਿਸਾਨਾਂ ਦੀ ਭਰਵੀਂ ਸ਼ਮੂਲੀਅਤ ਯਕੀਨੀ ਬਣਾਉਣ ਲਈ ਲਾਮਬੰਦੀ ਤੇ ਮੀਟਿੰਗਾਂ ਦਾ ਸ਼ਿਲਸਿਲਾ ਜੋਰਾਂ ’ਤੇ ਚੱਲ ਰਿਹਾ ਹੈ।
ਕਰਨੈਲ ਸਿੰਘ ਗਾਂਧੀ, ਬਾਬੂ ਸਿੰਘ ਖੁੱਡੀ ਕਲਾਂ, ਜਸਵੰਤ ਕੌਰ ਬਰਨਾਲਾ, ਹਰਚਰਨ ਸਿੰਘ ਚੰਨਾ,ਬਲਵਿੰਦਰ ਕੌਰ ਖੁੱਡੀ, ਪ੍ਰੇਮਪਾਲ ਕੌਰ, ਨਛੱਤਰ ਸਿੰਘ ਸਾਹੌਰ, ਰਣਧੀਰ ਸਿੰਘ ਰਾਜਗੜ, ਬਲਵੀਰ ਕੌਰ ਕਰਮਗੜ, ਧਰਮ ਸਿੰਘ ਭੈਣੀ ਜੱਸਾ, ਕੁਲਵੰਤ ਸਿੰਘ ਠੀਕਰੀਵਾਲਾ, ਗੋਰਾ ਸਿੰਘ ਢਿੱਲਵਾਂ ਨੇ ਕਿਹਾ ਕਿ ਬਰਨਾਲਾ ਵਿਖੇ ਚੱਲ ਰਹੇ ਮੋਰਚੇ ਨੂੰ ਵੀ ਅੱਜ 409 ਵੇਂ ਦਿਨ ਪੂਰੇ ਹੋ ਗਏ ਹਨ। ਇਸੇ ਤਰਾਂ ਦਿੱਲੀ ਵਿਖੇ ਸ਼ੁਰੂ ਹੋਏ ਪੱਕੇ ਮੋਰਚੇ ਨੂੰ ਵੀ 26 ਨਵੰਬਰ ਨੂੰ ਇੱਕ ਸਾਲ ਪੂਰਾ ਹੋਣ ਜਾ ਰਿਹਾ ਹੈ, ਜਿਸ ਨੂੰ ਮਨਾਉਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਨੇੜਲੇ ਪੰਜ ਰਾਜਾਂ ਦੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਵਿਦਿਆਰਥੀਆਂ ਦਾ ਵੱਡਾ ਇਕੱਠ ਕਰਨ ਦਾ ਸੱਦਾ ਦਿੱਤਾ ਹੋਇਆ ਹੈ।
ਜਦਕਿ ਦਿੱਲੀ ਤੋਂ ਦੂਰ ਵਾਲੇ ਸੂਬੇ ਆਪਣੀਆਂ ਰਾਜਧਾਨੀ ਹੈਡਕੁਆਰਟਰਾਂ ਉਪਰ ਵੱਡੇ ਇਕੱਠ ਕਰਕੇ ਰੋਸ ਪ੍ਰਦਰਸ਼ਨ ਕਰਨਗੇ। ਆਗੂਆਂ ਦੱਸਿਆ ਕਿ ਅੱਜ ਧਰਨੇ ’ਚ ਇਸ ਮੌਕੇ ਲਈ ਦਿੱਲੀ ਵੱਲ ਵੱਡੇ ਕਾਫਲੇ ਭੇਜਣ ਲਈ ਠੋਸ ਵਿਉਂਤਬੰਦੀ ਕੀਤੀ। ਪਿੰਡਾਂ ’ਚੋਂ ਇਸ ਮਕਸਦ ਲਈ ਲਾਮਬੰਦੀ ਕਰਨ ਲਈ ਮੀਟਿੰਗਾਂ ਕਰਨ ਦੇ ਪ੍ਰੋਗਰਾਮ ਉਲੀਕੇ ਗਏ। ਕਾਰਕੁੰਨਾਂ ਦੀ ਪਿੰਡ ਪੱਧਰ ’ਤੇ ਡਿਊਟੀਆਂ ਲਗਾਈਆਂ ਗਈਆਂ ਹਨ। ਦਿੱਲੀ ਜਾਣ ਲਈ ਕਿਸਾਨਾਂ, ਔਰਤਾਂ, ਮਜ਼ਦੂਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ