ਕੀ ਸਿੱਖਿਆ ਦਾ ਉਦੇਸ਼ ਸਿਰਫ਼ ਸਰਕਾਰੀ ਨੌਕਰੀ ਏ ?
ਸਰਕਾਰੀ ਨੌਕਰੀ ਪ੍ਰਾਪਤ ਕਰਨਾ ਈ ਸਿੱਖਿਆ ਦਾ ਉਦੇਸ਼ ਨਹੀਂ ਏ, ਸਿੱਖਿਆ ਦਾ ਉਦੇਸ਼ ਸਬੰਧਤ ਵਿਦਿਆਰਥੀ ਦਾ ਸਰਵਪੱਖੀ ਵਿਕਾਸ ਕਰਨਾ ਏ ਤਾਂ ਜੋ ਸੱਭਿਅਕ ਤੇ ਆਦਰਸ਼ ਸਮਾਜ ਦਾ ਨਿਰਮਾਣ ਹੋ ਸਕੇ ਪਰ ਸਾਡੇ ਦੇਸ਼ ਦੀ ਹੱਦੋਂ ਵੱਧ ਜਨਸੰਖਿਆ ਨੇ, ਬੇਰੁਜ਼ਗਾਰੀ ਦਾ ਜਬਰਦਸਤ ਵਿਸਫੋਟ ਕਰ ਦਿੱਤਾ ਏ। ਹਾਲਾਤ ਇਹ ਨੇ ਕਿ ਅੱਜ ਵਿਆਹ ਮੁੰਡੇ-ਕੁੜੀਆਂ ਦੀ ਥਾਂ, ਨੌਕਰੀਆਂ ਦੇ ਹੋ ਰਹੇ ਹਨ।
ਸਰਕਾਰੀ ਨੌਕਰੀ ਪ੍ਰਾਪਤ ਕਰਨ ਲਈ ਚੱਲੀ ਅੰਨ੍ਹੀ ਦੌੜ ਨੇ, ਜਿੱਥੇ ਖੁੰਬਾਂ ਵਾਂਗ ਅਕੈਡਮੀਆਂ ਤੇ ਕੋਚਿੰਗ ਸੈਂਟਰ ਪੈਦਾ ਕਰ, ਨੌਕਰੀਆਂ ਲਈ ਤਿਆਰੀ ਕਰਵਾਉਣ ਨੂੰ ਵੀ ਇੱਕ ਬਹੁਤ ਵੱਡਾ ਕਾਰੋਬਾਰ ਬਣਾ ਦਿੱਤਾ ਏ, ਉੱਥੇ ਈ ਨੌਜਵਾਨ ਵਰਗ ’ਤੇ ਇੱਕ ਖਤਰਨਾਕ ਦਬਾਅ ਵੀ ਪੈਦਾ ਕਰ ਦਿੱਤਾ ਏ। ਸਾਡੇ ਦੇਸ਼ ਦੀ ਸਿੱਖਿਆ ਪ੍ਰਣਾਲੀ ਨੂੰ ਵੀ, ਇਸ ਸਥਿਤੀ ਲਈ ਦੋਸ਼ਮੁਕਤ ਨਹੀਂ ਮੰਨਿਆ ਜਾ ਸਕਦਾ। ਵਿਕਸਿਤ ਦੇਸ਼ਾਂ ’ਚ, ਵਿਦਿਆਰਥੀ ਆਪਣੇ ਸ਼ੌਂਕ ਅਨੁਸਾਰ ਕੋਰਸਾਂ ਦੀ ਚੋਣ ਕਰ, ਉਸੇ ਖੇਤਰ ’ਚ ਆਪਣਾ ਕਰੀਅਰ ਬਣਾਉਂਦੇ ਹਨ, ਜਿਸ ’ਚ ਉਨ੍ਹਾਂ ਦੀ ਰੁਚੀ ਹੁੰਦੀ ਏ, ਇਸ ਲਈ ਉਨ੍ਹਾਂ ਦਾ ਸ਼ੁਗਲ, ਉਨ੍ਹਾਂ ਦਾ ਕਿੱਤਾ ਬਣ ਜਾਂਦਾ ਏ ਤੇ ਉਹ ਸਾਰੀ ਉਮਰ ਆਪਣੇ ਕੰਮ ’ਚ ਵੀ ਆਨੰਦ ਮਾਣਦੇ ਨੇ ਪਰ ਸਾਡੇ ਦੇਸ਼ ’ਚ ਤਾਂ ਕੰਮ ਸੂਤ ਆਏ ਦਾ ਏ।
ਰੁਜ਼ਗਾਰ ਦੀ ਕਮੀ ਨੇ ਸਾਡੇ ਦੇਸ਼ ’ਚ, ਨੌਜਵਾਨ ਵਰਗ ’ਚ ਕਰੀਅਰ ਦੀ, ਆਪਣੀ ਰੁਚੀ ਅਨੁਸਾਰ ਚੋਣ ਦੀ ਭਾਵਨਾ ਦਾ ਕਤਲ ਈ ਕਰ ਦਿੱਤਾ ਏ, ਹਾਲਾਤ ਇਹ ਨੇ ਕਿ ਇੱਥੇ ਇੰਜੀਨੀਅਰ ਸਕੂਲ ਅਧਿਆਪਕ ਏ, ਕੋਈ ਬੀ. ਐਡ ਕਰਕੇ ਬੈਂਕ ’ਚ ਏ ਤੇ ਕੋਈ ਮਾਸਟਰ ਡਿਗਰੀ ਕਰਕੇ ਐਮਐਲਏ ਸਾਬ੍ਹ ਦੀਆਂ ਲੇਲ੍ਹੜੀਆਂ ਕੱਢ, ਸਰਕਾਰੀ ਦਫਤਰਾਂ ’ਚ ਪਾਣੀ ਪਿਆਉਣ ਆਲੀ ਕੱਚੀ ਨੌਕਰੀ ’ਚ ਵਿਅਸਤ ਏ।
ਮਹਾਤਮਾ ਗਾਂਧੀ ਜੀ ਨੇ ਕਿਹਾ ਸੀ ਕਿ ਸਿੱਖਿਆ ਰੁਜਗਾਰ ਦੀ ਗਰੰਟੀ ਹੋਣੀ ਚਾਹੀਦੀ ਏ, ਮੈਂ ਵੀ ਇਸ ਗੱਲ ਨਾਲ ਬਿਲਕੁਲ ਸਹਿਮਤ ਆਂ ਪਰ ਸਾਡੇ ਦੇਸ਼ ਨੇ, ਰੁਜਗਾਰ ਦਾ ਅਰਥ ਸਰਕਾਰੀ ਨੌਕਰੀ ਈ ਮੰਨ ਲਿਆ ਏ। ਅੱਜ ਹਾਲਾਤ ਇਹ ਨੇ ਕਿ ਪ੍ਰਾਇਮਰੀ ਪੱਧਰ ਤੋਂ ਈ ਸਰਕਾਰੀ ਨੌਕਰੀ ਦੀ ਭੁੱਖ ’ਚ, ਜ਼ਿਆਦਾ ਪੜ੍ਹੇ-ਲਿਖੇ ਮਾਪਿਆਂ ਨੇ ਬੱਚਿਆਂ ਨੂੰ ਮਸ਼ੀਨਾਂ ’ਚ ਬਦਲ, ਉਨ੍ਹਾਂ ਦਾ ਬਚਪਨ ਖੋਹ ਲਿਆ ਏ। ਅੰਕਾਂ ਦੀ ਦੌੜ ’ਚ ਵਿਦਿਆਰਥੀ, ਸ਼ੁਰੂ ਤੋਂ ਈ ਦਬਾਅ ’ਚ ਆ ਜਾਂਦੇ ਨੇ। ਡਾਕਟਰੀ ਵਰਗੇ ਕੋਰਸਾਂ ਦੇ ਔਖੇ ਟੈਸਟ ਲਈ, ਲਗਾਤਾਰ ਸਖ਼ਤ ਮਿਹਨਤ ਤੇ ਮਹਿੰਗੀ ਕੋਚਿੰਗ ਤੋਂ ਬਾਅਦ ਵੀ ਅਸਫਲਤਾ ਕਾਰਨ, ਦਬਾਅ ’ਚ ਬਹੁਤ ਸਾਰੇ ਹੋਣਹਾਰ ਵਿਦਿਆਰਥੀ ਖੁਦਕੁਸ਼ੀ ਤੀਕ ਕਰ ਚੁੱਕੇ ਨੇ।
ਕਰੀਅਰ ਬਣਾਉਣ ਲਈ ਸਭ ਨੂੰ ਸਖਤ ਮਿਹਨਤ ਕਰਨੀ ਚਾਹੀਦੀ ਏ ਪਰ ਇਸ ਨੂੰ ਜੀਣ-ਮਰਨ ਦਾ ਸਵਾਲ ਬਣਾ ਲੈਣਾ, ਕਿੱਥੋਂ ਤੀਕ ਜਾਇਜ਼ ਏ? ਨੌਜਵਾਨ ਵਰਗ ਦਾ, ਇਸ ਅੰਨ੍ਹੀ ਦੌੜ ’ਚ, ਸਾਹਿਤ, ਸੱਭਿਆਚਾਰ, ਖੇਡ ਤੇ ਹੋਰ ਸਮਾਜਿਕ ਗਤੀਵਿਧੀਆਂ ਤੋਂ ਦੂਰ ਹੋਣਾ, ਸਮਾਜ ਤੇ ਦੇਸ਼ ਦੇ ਭਵਿੱਖ ਲਈ ਬਹੁਤ ਖਤਰਨਾਕ ਸਿੱਧ ਹੋਵੇਗਾ। ਸਾਹਿਤ, ਸਮਾਜ ਦਾ ਸ਼ੀਸ਼ਾ ਹੁੰਦਾ ਏ, ਨੌਜਵਾਨ ਵਰਗ ਦੀ ਸਾਹਿਤ ਤੋਂ ਦੂਰੀ, ਸਮਾਜ ਦੇ ਨੈਤਿਕ ਪਤਨ ਦਾ ਮੁੱਖ ਕਾਰਨ ਏ। ਸਿਰਫ ਪਾਠਕ੍ਰਮ ਆਲੀਆਂ ਕਿਤਾਬਾਂ ਪੜ੍ਹ ਕੇ ਤੁਸੀਂ ਸਾਖਰ ਤਾਂ ਹੋ ਜਾਵੋਗੇ ਪਰ ਸਿੱਖਿਅਤ ਨਹੀਂ, ਇਸੇ ਤਰ੍ਹਾਂ ਖੇਡਾਂ ਰਾਹੀਂ ਨਰੋਆ ਸਰੀਰ ਤੇ ਸ਼ਾਂਤ ਮਾਨਸਿਕਤਾ ਕਮਾ ਕੇ ਸਿਹਤਮੰਦ ਵਿਅਕਤੀ ਈ, ਸਿਹਤਮੰਦ ਸਮਾਜ ਦਾ ਨਿਰਮਾਣ ਕਰਦਾ ਏ।
ਸਰਕਾਰੀ ਨੌਕਰੀ ਈ ਚੰਗੇ ਭਵਿੱਖ ਦੀ ਗਰੰਟੀ ਨਹੀਂ ਏ, ਬਿਜ਼ਨਸ ਤੇ ਵੱਖ-ਵੱਖ ਕਿੱਤਿਆਂ ਰਾਹੀਂ ਵੀ ਦੁਨੀਆ, ਬਹੁਤ ਪੈਸਾ, ਸ਼ੋਹਰਤ ਤੇ ਇੱਜਤ ਕਮਾ ਰਹੀ ਏ। ਸਰਕਾਰੀ ਨੌਕਰੀ ਦੀ ਭੁੱਖ ’ਚ, ਨੈਤਿਕ-ਅਨੈਤਿਕ ਢੰਗ ਨਾਲ ਨੌਕਰੀ ਪ੍ਰਾਪਤ ਕਰਨ ਦੀ ਸਾਡੀ ਇੱਛਾ ’ਚ ਅਸੀਂ ਠੱਗਾਂ ਦੇ ਜਾਲ ’ਚ ਫਸ ਜਾਂਦੇ ਆਂ, ਜਾਂ ਹੋਰ ਸੱਚ ਆਖਾਂ ਤਾਂ, ਭੂਆ ਆਪ ਜਾਉਂ-ਜਾਉਂ ਕਰਦੀ ਸੀ ਤੇ ਫੁੱਫੜ ਲੈਣ ਈ ਆ ਗਿਆ। ਆਪਾਂ ਲੱਖਾਂ ਰੁਪਈਆਂ ਦਾ ਰਗੜਾ ਲਵਾ, ਲੋਕਾਂ ਦੇ ਮਜ਼ਾਕ ਦਾ ਪਾਤਰ ਬਣ ਜਾਂਦੇ ਆਂ। ਸਾਡੇ ਪਿੰਡ ਆਮ ਘਰ ਦੇ ਕਿਸਾਨ ਪਰਿਵਾਰ ਨੂੰ, ਮੁੰਡੇ ਦੀ ਵਿਦੇਸ਼ ’ਚ ਨੌਕਰੀ ਦੇ ਝਾਂਸੇ ’ਚ ਇੱਕ ਠੱਗ ਜਲਾਲਾਬਾਦ ਤੋਂ ਈ ਮੁੰਡੇ ਨੂੰ ਜਹਾਜ਼ ਚੜ੍ਹਾਉਣ ਦਾ ਸੁਪਨਾ ਦਿਖਾ, ਤਿੰਨ ਲੱਖ ਦੀ ਚਪਤ ਲਾ ਗਿਆ ਸੀ।
ਕੁੱਝ ਕੁ ਸ਼ਾਤਿਰ, ਅਸਮਾਜਿਕ ਤੇ ਅਨੈਤਿਕ ਲੋਕ ਅਕੈਡਮੀਆਂ ਤੇ ਟ੍ਰੇਨਿੰਗ ਸੈਂਟਰਾਂ ਦੀ ਆੜ ’ਚ ਵੀ ਨੌਜਵਾਨ ਵਰਗ ਨੂੰ ਭਰਮਾ ਕੇ, ਉਨ੍ਹਾਂ ਦਾ ਹਰ ਤਰ੍ਹਾਂ ਦਾ ਸ਼ੋਸ਼ਣ ਕਰ ਜਾਂਦੇ ਨੇ, ਖਾਸਕਰ ਮੇਰੀਆਂ ਭੈਣਾਂ ਨੂੰ, ਇਨ੍ਹਾਂ ਗਲਤ ਲੋਕਾਂ ਤੋਂ ਸਿਰਫ ਦੂਰੀ ਈ ਨ੍ਹੀਂ ਬਣਾਉਣੀ ਚਾਹੀਦੀ ਸਗੋਂ ਕਿਸੇ ਵੀ ਤਰ੍ਹਾਂ ਦੇ ਸ਼ੋਸ਼ਣ ਦੀ ਜਨਤਕ ਸ਼ਿਕਾਇਤ ਵੀ ਕਰਨੀ ਚਾਹੀਦੀ ਏ ਤਾਂ ਜੋ ਸਿਖਲਾਈ ਦੇ ਪਵਿੱਤਰ ਕਾਰਜ ’ਚ, ਇਸ ਤਰ੍ਹਾਂ ਦੇ ਭਿ੍ਰਸ਼ਟਾਚਾਰ ਨੂੰ ਠੱਲ੍ਹ ਪੈ ਸਕੇ। ਸਾਨੂੰ ਆਜ਼ਾਦ ਹੋਇਆਂ ਨੂੰ ਪੌਣੀ ਸਦੀ ਹੋ ਚੁੱਕੀ ਹੈ ਪਰ ਕੀ ਇਸ ਪੌਣੀ ਸਦੀ ਚ, ਕੇਂਦਰ ਤੇ ਰਾਜ ਸਰਕਾਰਾਂ ਨੇ, ਬੇਰੁਜ਼ਗਾਰੀ ਦੇ ਗੰਭੀਰ ਵਿਸ਼ੇ ਤੇ ਧਰਮ, ਖੇਤਰ, ਜਾਤੀ ਤੇ ਵੋਟਬੈਂਕ ਤੋਂ ਉੱਪਰ ਉੱਠ ਕੇ ਯਤਨ ਕੀਤੇ ਨੇ?
ਰਾਜਨੀਤੀ ਦੀ ਵਿਡੰਬਨਾ ਏ ਕਿ, ਇੱਥੇ ਲਗਭਗ ਹਰੇਕ ਰਾਜਨੀਤਕ ਪਾਰਟੀ ਦਾ ਉਦੇਸ਼, ਕਿਸੇ ਵੀ ਨੀਤੀ ਰਾਹੀਂ ਸੱਤਾ ਪ੍ਰਾਪਤ ਕਰਨਾ ਤੇ ਉਸ ’ਤੇ ਲਗਾਤਾਰ ਕਾਬਜ ਰਹਿਣਾ ਏ, ਪਰ ਅਸੀਂ ਵੀ ਤਾਂ ਘੱਟ ਨ੍ਹੀਂ ਗੁਜਾਰੀ, ਰੁਜਗਾਰ ਤੇ ਸਿਹਤ ਸਹੂਲਤਾਂ ਦੀ ਥਾਂ, ਸਬਸਿਡੀਆਂ ਤੇ ਮੁਫਤ ਚੀਜਾਂ ਦੀ ਮੰਗ ਕਰਦਿਆਂ-ਕਰਦਿਆਂ ਅਸੀਂ ਸਰਕਾਰੀ ਖਜਾਨੇ ਮਾਂਜ ਕੇ, ਆਪ ਵੀ ਲਗਭਗ ਮੰਗਤੇ ਈ ਬਣ ਚੁੱਕੇ ਆਂ ਇਸ ਮਾਹੌਲ ’ਚ ਨੌਜਵਾਨ ਵਰਗ ਨੂੰ ਆਪਣੇ ਉਦੇਸ਼ ਨਿਸ਼ਚਿਤ ਕਰ, ਲਗਾਤਾਰ ਸਖਤ ਮਿਹਨਤ ਕਰਨ ਦੀ ਲੋੜ ਏ। ਜਿੱਥੇ ਸਰਕਾਰਾਂ ਨੂੰ ਤੁਰੰਤ ਇਨਕਲਾਬੀ ਸੁਧਾਰ ਕਰਦਿਆਂ, ਜੰਗੀ ਪੱਧਰ ’ਤੇ ਰੁਜਗਾਰ ਦੇ ਮੌਕੇ ਪੈਦਾ ਕਰਨ ਦੀ ਜਰੂਰਤ ਏ, ਉੱਥੇ ਹੀ ਨੌਜਵਾਨ ਵਰਗ ਲਈ ਇੱਕ ਸੁਰੱਖਿਅਤ ਤੇ ਦਬਾਅ ਰਹਿਤ ਮਾਹੌਲ ਦੀ ਸਿਰਜਣਾ ਕਰਨ ਦੀ ਜਿੰਮੇਵਾਰੀ, ਮਾਪਿਆਂ ਤੇ ਅਧਿਆਪਕਾਂ ਦੀ ਵੀ ਏ।
ਕਾਲਮ ਨਵੀਸ,
ਖੂਈ ਖੇੜਾ, ਫਾਜ਼ਿਲਕਾ
ਮੋ. 98727-05078
ਅਸ਼ੋਕ ਸੋਨੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ