ਗੈਂਗਸਟਰ ਗਰੁੱਪ ਦੇ ਮੈਂਬਰ ਸਮੇਤ ਚਾਰ ਜਣੇ ਹਥਿਆਰਾਂ ਸਮੇਤ ਕਾਬੂ
(ਸੁਖਜੀਤ ਮਾਨ) ਬਠਿੰਡਾ। ਬਠਿੰਡਾ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਗਰੁੱਪ ਦੇ ਇੱਕ ਮੈਂਬਰ ਸਮੇਤ ਚਾਰ ਜਣਿਆਂ ਨੂੰ ਗਿ੍ਰਫਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਗਿ੍ਰਫ਼ਤਾਰ ਵਿਅਕਤੀਆਂ ਦੀ ਨਿਸ਼ਾਨਦੇਹੀ ’ਤੇ 10 ਦੇਸੀ ਪਿਸਤੌਲ ਬਰਾਮਦ ਕੀਤੇ ਹਨ। ਇਨ੍ਹਾਂ ਚਾਰਾਂ ਜਣਿਆਂ ਦੇ ਇੱਕ ਸਾਥੀ ਦੀ ਗਿ੍ਰਫਤਾਰੀ ਬਾਕੀ ਹੈ।
ਪੁਲਿਸ ਵੱਲੋਂ ਗਿ੍ਰਫਤਾਰ ਮੁਲਜ਼ਮਾਂ ਦੀ ਪਛਾਣ ਲਾਰੈਂਸ ਗਰੁੱਪ ਦੇ ਸਮਨਦੀਪ ਸਿੰਘ ਉਰਫ ਦੀਪ ਪੁੱਤਰ ਮਿੱਠੂ ਸਿੰਘ ਵਾਸੀ ਪਿੰਡ ਗੜੀਆ ਜ਼ਿਲ੍ਹਾ ਫਤਿਹਾਬਾਦ ਹਾਲ ਅਬਾਦ ਤਲਵੰਡੀ ਸਾਬੋ ਤੋਂ ਇਲਾਵਾ ਪੰਕਜ਼ ਸ਼ਰਮਾ ਪੁੱਤਰ ਆਨੰਦ ਪ੍ਰਕਾਸ਼ ਪਿੰਡ ਝੜੌਦ ਜ਼ਿਲ੍ਹਾ ਹਿਸਾਰ ਹਰਿਆਣਾ, ਪਵਨ ਕੁਮਾਰ ਪੁੱਤਰ ਕਰਨ ਸਿੰਘ ਵਾਸੀ ਮੋਠ ਸਰਾਂਈ ਜ਼ਿਲ੍ਹਾ ਹਿਸਾਰ ਹਰਿਆਣਾ ਅਤੇ ਹਰਪ੍ਰੀਤ ਸਿੰਘ ਉਰਫ ਥਾਪਾ ਪੁੱਤਰ ਮੋਹਨ ਲਾਲ ਵਾਸੀ ਲੁਧਿਆਣਾ ਵਜੋਂ ਕੀਤੀ ਗਈ ਹੈ। ਇਸ ਗਿਰੋਹ ਦੇ ਇੱਕ ਮੈਂਬਰ ਜਗਰੂਪ ਸਿੰਘ ਉਰਫ ਗੁੱਲੂ ਪੁੱਤਰ ਸੁਖਵਿੰਦਰ ਸਿੰਘ ਵਾਸੀ ਸੁਰਜੀਤਪੁਰਾ ਝੁੱਗੀਆਂ ਦਿਆਲਪੁਰਾ ਭਾਈ ਜ਼ਿਲ੍ਹਾ ਬਠਿੰਡਾ ਦੀ ਗਿ੍ਰਫਤਾਰੀ ਬਾਕੀ ਹੈ।ਇਸ ਸਫ਼ਲਤਾ ਦਾ ਖੁਲਾਸਾ ਅੱਜ ਐਸਐਸਪੀ ਬਠਿੰਡਾ ਅਜੈ ਮਲੂਜਾ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ।
ਉਹਨਾਂ ਦੱਸਿਆ ਕਿ ਸੀਆਈਏ ਸਟਾਫ ਦੇ ਇੰਚਾਰਜ ਸਬ ਇੰਸਪੈਕਟਰ ਤਰਜਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸਮਨਦੀਪ ਸਿੰਘ,ਪੰਕਜ਼ ਸ਼ਰਮਾ, ਪਵਨ ਕੁਮਾਰ ਅਤੇ ਜਗਰੂਪ ਸਿੰਘ ਨੇ ਇੱਕ ਗਿਰੋਹ ਬਣਾਇਆ ਹੈ ਜੋਕਿ ਲੁੱਟਾਂ-ਖੋਹਾਂ ਕਰਦੇ ਅਤੇ ਉੱਤਰ ਪ੍ਰਦੇਸ਼ ਤੋਂ ਨਜਾਇਜ ਅਸਲਾ ਲਿਆ ਕੇ ਬਠਿੰਡਾ ਅਤੇ ਆਸ ਪਾਸ ਦੇ ਜਿਲਿਆਂ ’ਚ ਵੇਚਦੇ ਹਨ।
ਉਨਾਂ ਦੱਸਿਆ ਕਿ ਪੁਲਿਸ ਨੂੰ ਇਹ ਵੀ ਜਾਣਕਾਰੀ ਮਿਲੀ ਸੀ ਕਿ ਅੱਜ ਇਹ ਗਿਰੋਹ ਖੁਸ਼ਕ ਬੰਦਰਗਾਹ ਦੇ ਨਜ਼ਦੀਕ ਬਣੇ ਕੈਂਸਰ ਹਸਪਤਾਲ ਦੇ ਸਾਹਮਣੇ ਬਣੇ ਪਾਰਕ ਵਿੱਚ ਕਿਸੇ ਵੱਡੇ ਵਪਾਰੀ ਨੂੰ ਲੁੱਟਣ ਦੀ ਯੋਜਨਾ ਬਣਾ ਰਹੇ ਸੀ। ਉਨਾਂ ਦੱਸਿਆ ਕਿ ਥਾਣਾ ਸਦਰ ਬਠਿੰਡਾ ’ਚ ਪੰਜਾਂ ਖਿਲਾਫ ਮੁਕੱਦਮਾ ਦਰਜ ਕਰਵਾਉਣ ਉਪਰੰ ਸਮਨਦੀਪ ਸਿੰਘ,ਪੰਕਜ਼ ਸ਼ਰਮਾ ਅਤੇ ਪਵਨ ਕੁਮਾਰ ਨੂੰ ਆਲਟੋ ਕਾਰ ਸਮੇਤ ਗਿ੍ਰਫਤਾਰ ਕਰ ਲਿਆ ਅਤੇ ਮੁਲਜਮਾਂ ਕੋਲੋਂ 32 ਬੋਰ ਦੇ ਚਾਰ ਦੇਸੀ ਪਿਸਤੌਲ ਤੇ 20 ਰੌਂਦ ਬਰਾਮਦ ਕੀਤੇ ਹਨ।
ਉਨਾਂ ਦੱਸਿਆ ਕਿ ਮੁਢਲੀ ਪੁੱਛ ਪੜਤਾਲ ਦੌਰਾਨ ਸਮਨਦੀਪ ਸਿੰਘ ਦੀ ਨਿਸ਼ਾਨਦੇਹੀ ਤੇ ਉਸ ਦੇ ਤਲਵੰਡੀ ਸਾਬੋ ਵਿਚਲੇ ਕਿਰਾਏ ਦੇ ਮੁਕਾਨ ਵਿੱਚੋਂ 32 ਬੋਰ ਦੇ 4 ਪਿਸਤੌਲ ਅਤੇ 315 ਬੋਰ ਦੇ ਦੋ ਪਿਸਤੌਲ ਬਰਾਮਦ ਕੀਤੇ ਹਨ। ਮੁਲਜਮ ਹਸਨਦੀਪ ਸਿੰਘ ਖਿਲਾਫ ਬਰਨਾਲਾ ਜਿਲੇ ਦੇ ਥਾਣਾ ਭਦੌੜ ’ਚ ਅਸਲਾ ਐਕਟ ਤਹਿਤ ਇੱਕ ਮੁਕੱਦਮਾ ਦਰਜ ਹੈ। ਪੰਕਜ਼ ਕੁਮਾਰ ਅਤੇ ਪਵਨ ਕੁਮਾਰ ਖਿਲਾਫ ਦੀ ਲੜਾਈ ਝਗੜਿਆਂ ਦੇ ਦੋ ਦੋ ਮੁਕੱਦਮੇ ਦਰਜ ਹਨ ਜਿੰਨਾਂ ਬਾਰੇ ਸਬੰਧਤ ਥਾਣਿਆਂ ਤੋਂ ਰਿਕਾਰਡ ਮੰਗਵਾਇਆ ਜਾ ਰਿਹਾ ਹੈ। ਐਸ ਐਸ ਪੀ ਨੇ ਦੱਸਿਆ ਕਿ ਮੁਲਜਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਏਗਾ ਜਿਸ ਦੌਰਾਨ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਏਗੀ। ਉਨਾਂ ਦੱਸਿਆ ਕਿ ਅਗਲੇਰੀ ਤਫਤੀਸ਼ ਦੌਰਾਨ ਹੋਰ ਵੀ ਖੁਲਾਸਿਆਂ ਦੀ ਉਮੀਦ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ