ਬਿਨਾ ਟੈਕਸ ਅਦਾ ਕਰੇ ਬੱਸਾਂ ਨਹੀਂ ਚੱਲਣ ਦਿਆਂਗਾ : ਰਾਜਾ ਵੜਿੰਗ
ਗਿੱਦੜਬਾਹਾ (ਰਾਜਵਿੰਦਰ ਬਰਾੜ)। ਜਦ ਤੱਕ ਟਰਾਂਸਪੋਰਟ ਕੰਪਨੀਆਂ ਆਪਣਾ ਬਣਦਾ ਟੈਕਸ ਅਦਾ ਨਹੀਂ ਕਰਦੀਆਂ ਉਨਾਂ ਦੀਆਂ ਬੱਸਾਂ ਨੂੰ ਚੱਲਣ ਦੀ ਇਜ਼ਾਜ਼ਤ ਨਹੀਂ ਦਿੱਤੀ ਜਾਵੇਗੀ, ਇਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇੇ ਅੱਜ ਗਿੱਦੜਬਾਹਾ ਵਿਖੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਰਾਜਾ ਵੜਿੰਗ ਨੇ ਕਿਹਾ ਕਿ ਕਰੋਨਾ ਸਮੇਂ ਦੌਰਾਨ ਪੰਜਾਬ ਸਰਕਾਰ ਨੇ ਪੰਜਾਬ ਦੀਆਂ ਟਰਾਂਸਪੋਰਟ ਕੰਪਨੀਆਂ ਦਾ 95 ਕਰੋੜ ਰੁਪਏ ਦਾ ਟੈਕਸ ਮਾਫ਼ ਕੀਤਾ ਹੈ ਜਦਕਿ ਸਰਕਾਰ ਵੱਲੋਂ ਹੋਰ ਕਿਸੇ ਵਰਗ ਨੂੰ ਕੋਈ ਰਿਆਇਤ ਨਹੀਂ ਦਿੱਤੀ ਗਈ। ਉਨਾਂ ਕਿਹਾ ਕਿ ਉਹ ਸ਼ੁਰੂ ਤੋਂ ਹੀ ਵੱਡੇ ਟਰਾਂਸਪੋਰਟਰਾਂ ਨੂੰ ਰਿਆਇਤਾਂ ਦੇਣ ਦੇ ਹੱਕ ਵਿੱਚ ਨਹੀਂ ਰਹੇ ਪਰ ਹੁਣ ਬਿਨਾ ਟੈਕਸ ਦੇ ਬੱਸਾਂ ਸੜਕਾਂ ‘ਤੇ ਨਹੀਂ ਚੱਲਣ ਦੇਣਗੇ ਅਤੇ ਪੂਰਾ ਟੈਕਸ ਅਦਾ ਕਰਨ ਉਪਰੰਤ ਹੀ ਟਰਾਂਸਪੋਰਟਰ ਆਪਣੀਆਂ ਬੱਸਾਂ ਚਲਾ ਸਕਣਗੇ।
ਉਨਾਂ ਕਿਹਾ ਕਿ ਮੇਰੀ ਕਾਰਗੁਜਾਰੀ ‘ਤੇ ਸਵਾਲ ਖੜੇ ਕਰਨ ਵਾਲੇ ਇਕ ਵੱਡੇ ਟਰਾਂਸਪੋਰਟ ਘਰਾਣੇ ਨੇ ਮੇਰੇ ਵਿਭਾਗ ਖ਼ਿਲਾਫ਼ ਮਾਨਯੋਗ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਕਿ ਟੈਕਸ ਭਰਨ ਦੇ ਬਾਵਜੂਦ ਉਨਾਂ ਦੀਆਂ ਬੱਸਾਂ ਨੂੰ ਟਰਾਂਸਪੋਰਟ ਵਿਭਾਗ ਵੱਲੋਂ ਰਿਲੀਜ਼ ਨਹੀਂ ਕੀਤਾ ਜਾ ਰਿਹਾ ਅਤੇ ਇਸ ਪਟੀਸ਼ਨ ਨੂੰ ਮਾਨਯੋਗ ਹਾਈਕੋਰਟ ਨੇ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਟਰਾਂਸਪੋਰਟ ਕੰਪਨੀ ਵੱਲੋਂ ਸਵਾਰੀ ਪਾਸੋਂ ਬੱਸ ਵਿੱਚ ਬੈਠਣ ਸਮੇਂ ਟੈਕਸ ਲੈ ਲਿਆ ਜਾਂਦਾ ਹੈ ਫਿਰ ਟੈਕਸ ਸਰਕਾਰ ਨੂੰ ਅਦਾ ਕਿਓ ਨਹੀਂ ਕੀਤਾ ਜਾਂਦਾ। ਮਾਨਯੋਗ ਹਾਈਕਰੋਟ ਨੇ ਇਹ ਵੀ ਸਾਫ਼ ਕੀਤਾ ਹੈ ਕਿ ਟਰਾਂਸਪੋਰਟ ਕੰਪਨੀਆਂ ਸਾਰਾ ਟੈਕਸ ਅਦਾ ਕਰਨ ਉਪਰੰਤ ਹੀ ਬੱਸਾਂ ਚਲਾ ਸਕਦੀਆਂ ਹਨ।
ਰਾਜਾ ਵੜਿੰਗ ਨੇ ਕਿਹਾ ਕਿ ਸਿਰਫ਼ ਵੱਡੇ ਘਰਾਣਿਆਂ ਵਾਲੇ ਟਰਾਂਸਪੋਰਟਰ ਸਰਕਾਰ ਨੂੰ ਟੈਕਸ ਅਦਾ ਕਰਨ ਵਿੱਚ ਆਨਾਕਾਨੀ ਕਰ ਰਹੇ ਹਨ, ਜਦਕਿ ਛੋਟੇ ਟਰਾਂਸਪੋਰਟਰ ਆਪਣਾ ਬਣਦਾ ਟੈਕਸ ਅਦਾ ਕਰ ਰਹੇ ਹਨ। ਉਨਾ ਦੱਸਿਆ ਕਿ ਗਿੱਦੜਬਾਹਾ ਵਿਖੇ ਬਣਨ ਵਾਲੇ ਪੀ ਆਰ ਟੀ ਸੀ ਦੇ ਸਬ ਡਿਪੂ ਲਈ ਸਾਢੇ ਤਿੰਨ ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ, ਇਸ ਤੋਂ ਇਲਾਵਾ ਗਿੱਦੜਬਾਹਾ ਦੇ ਬੱਸ ਅੱਡੇ ਦੇ ਨਵੀਨੀਕਰਨ ਅਤੇ ਸੁੰਦਰੀਕਰਨ ਲਈ ਵੀ 75 ਲੱਖ ਰੁਪਏ ਦੀ ਰਾਸ਼ੀ ਮਨਜੂਰ ਕੀਤੀ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ