ਮਜ਼ਦੂਰਾਂ ਨੇ ਬੀਡੀਪੀਓ ਦਫ਼ਤਰ ਮੂਹਰੇ ਲਾਇਆ ਧਰਨਾ
ਪੰਜ-ਪੰਜ ਮਰਲੇ ਪਲਾਟਾਂ ਅਤੇ ਹੋਰ ਮੰਗਾਂ ਸਬੰਧੀ ਬੁਢਲਾਡਾ ਸ਼ਹਿਰ ’ਚ ਕੀਤਾ ਰੋਸ ਮਾਰਚ
ਸੰਜੀਵ ਤਾਇਲ, ਬੁਢਲਡਾ। ਪੰਜ-ਪੰਜ ਮਰਲੇ ਪਲਾਟ ਵੰਡਣ ਸਬੰਧੀ ਜਾਰੀ ਹੋਈਆਂ ਹਦਾਇਤਾਂ ਦੀ ਪੰਚਾਇਤਾਂ ਵੱਲੋਂ ਉਲੰਘਣਾ ਕਰਨ ਖ਼ਿਲਾਫ਼ ਅਤੇ ਪੇਂਡੂ ਖੇਤ ਮਜ਼ਦੂਰਾਂ, ਲੋੜਵੰਦਾਂ/ ਬੇਜ਼ਮੀਨਿਆਂ ਦੇ ਬਿਨਾਂ ਸ਼ਰਤ ਕਰਜ਼ੇ ਮੁਆਫ਼ ਕਰਵਾਉਣ ਅਤੇ ਸਹਿਕਾਰੀ ਸੁਸਾਇਟੀਆਂ ਦੇ ਬਿਨਾਂ ਸ਼ਰਤ ਮੈਂਬਰ ਬਣਵਾਉਣ ਅਤੇ ਹੋਰ ਮਜ਼ਦੂਰ ਮੰਗਾਂ ਸਬੰਧੀ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਵੱਲੋਂ ਅੱਜ ਬੁਢਲਾਡਾ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਅਤੇ ਬੀਡੀਪੀਓ ਦਫ਼ਤਰ ਮੂਹਰੇ ਧਰਨਾ ਲਗਾਇਆ ਗਿਆ ।
ਅੱਜ ਦੇ ਰੋਸ ਮਾਰਚ ਅਤੇ ਧਰਨੇ ਨੂੰ ਯੂਨੀਅਨ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ, ਬੁਢਲਾਡਾ ਇਲਾਕੇ ਦੇ ਆਗੂ ਜੱਗੀ ਹੀਰੋਂ ਖੁਰਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੋ ਪੇਂਡੂ ਤੇ ਪੰਚਾਇਤੀ ਵਿਭਾਗ ਦੇ ਡਾਇਰੈਕਟਰ ਵੱਲੋਂ ਜੋ ਲੋੜਵੰਦਾਂ/ ਬੇਜ਼ਮੀਨਿਆਂ ਨੂੰ ਪਿੰਡਾਂ ਵਿੱਚ ਗ੍ਰਾਮ ਸਭਾ ਦਾ ਅਜਲਾਸ ਬੁਲਾ ਕੇ ਪੰਜ – ਪੰਜ ਮਰਲੇ ਪਲਾਟ ਵੰਡਣ ਸਬੰਧੀ ਹਦਾਇਤਾਂ ਜਾਰੀ ਹੋਈਆਂ ਹਨ ਕਿ ਜਿਹੜਾ ਲੜਕਾ ਪਰਿਵਾਰ ’ਚੋਂ ਵਿਆਹਿਆ ਜਾਂਦਾ ਹੈ ਜਾਂ ਉਹ ਪਰਿਵਾਰਕ ਤੌਰ ’ਤੇ ਅਲੱਗ ਯੂਨਿਟ ਬਣਦੇ ਹਨ ।ਉਹ ਪੰਜ ਮਰਲੇ ਪਲਾਟ ਦੇ ਹੱਕਦਾਰ ਬਣਦੇ ਹਨ ਪਰ ਪਿੰਡਾਂ ਵਿੱਚ ਕਿਤੇ ਵੀ ਅਜਿਹਾ ਨਹੀਂ ਕੀਤਾ ਜਾ ਰਿਹਾ ਹੈ, ਹਦਾਇਤਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਖੇਤ ਮਜ਼ਦੂਰਾਂ, ਲੋੜਵੰਦਾਂ/ ਬੇਜ਼ਮੀਨਿਆਂ ਦੇ ਸਾਰੇ ਕਰਜ਼ੇ ਮੁਆਫ਼ ਕੀਤੇ ਜਾਣ ਅਤੇ ਸਹਿਕਾਰੀ ਸੁਸਾਇਟੀਆਂ ਦੇ ਬਿਨਾਂ ਸ਼ਰਤ ਮੈਂਬਰ ਬਣਾ ਕੇ ਹੱਦ ਕਰਜ਼ੇ ਦੇਣਾ ਯਕੀਨੀ ਬਣਾਇਆ ਜਾਵੇ , ਲੋੜਵੰਦਾਂ ਲਈ ਮਕਾਨਾਂ ਦੀ ਉਸਾਰੀ ਲਈ 2012 ਵਿੱਚ ਜਾਰੀ ਹੋਈ ਰਾਸ਼ੀ ਦੀ ਲਿਸਟ ਜੋ ਅਜੇ ਤੱਕ ਲੋੜਵੰਦਾਂ ਨੂੰ ਨਹੀਂ ਮਿਲੇ’ ਉਸ ਨੂੰ ਜਾਰੀ ਕੀਤਾ ਜਾਵੇ , ਪਿੰਡਾਂ ਵਿੱਚ ਲੋੜਵੰਦਾਂ ਲਈ ਫਲੱਸ਼ਾਂ ਬਣਾਈਆਂ ਜਾਣ , ਪਸ਼ੂਆਂ ਲਈ ਸ਼ੈੱਡਾਂ ਦੀ ਚੱਲ ਰਹੀ ਸਕੀਮ ਨੂੰ ਫੌਰੀ ਲਾਗੂ ਕੀਤਾ ਜਾਵੇ । ਉਪਰੋਕਤ ਬੁਲਾਰਿਆਂ ਤੋਂ ਇਲਾਵਾ ਨਛੱਤਰ ਸਿੰਘ ,ਗੁਰਦੀਪ ਸਿੰਘ, ਜਗਸੀਰ ਕੌਰ, ਕਾਲਾ ਸਿੰਘ ਨੇ ਸੰਬੋਧਨ ਕੀਤਾ ।ਇੰਨ੍ਹਾਂ ਮੰਗਾਂ ਸਬੰਧੀ ਐਸਡੀਐਮ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ