ਕਿਸਾਨਾਂ ਨੂੰ ਸਰਕਾਰ ਦੀ ਦੋ ਟੁਕ, ਨਹੀਂ ਮਿਲੇਗਾ 60 ਹਜ਼ਾਰ ਮੁਆਵਜ਼ਾ

ਨਿਯਮਾਂ ਅਨੁਸਾਰ 12 ਹਜ਼ਾਰ ਮਿਲ ਸਕਦੈ ਮੁਆਵਜ਼ਾ, 16 ਹਜ਼ਾਰ ਦੇਣ ਨੂੰ ਤਿਆਰ ਪੰਜਾਬ ਸਰਕਾਰ

  • ਵੀਰਵਾਰ ਨੂੰ ਮੁੱਖ ਮੰਤਰੀ ਚਰਨਜੀਤ ਚੰਨੀ ਕਰਨਗੇ 3 ਕੈਬਨਿਟ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਮੀਟਿੰਗ
  • ਕਾਟਨ ਬੈਲਟ ਕਿਸਾਨਾਂ ਨੂੰ ਕਿੰਨਾ ਦਿੱਤਾ ਜਾਵੇ ਮੁਆਵਜ਼ਾ, ਅੱਜ ਹੋਵੇਗਾ ਮੀਟਿੰਗ ‘ਚ ਫੈਸਲਾ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਦੋ ਟੁਕ ਜੁਆਬ ਵਿੱਚ ਸਾਫ਼ ਕਰ ਦਿੱਤਾ ਗਿਆ ਹੈ ਕਿ ਖਰਾਬ ਹੋਈ ਨਰਮੇ ਦੀ ਫਸਲ ਦਾ ਮੁਆਵਜ਼ਾ ਕਿਸੇ ਵੀ ਹਾਲਤ ਵਿੱਚ 60 ਹਜ਼ਾਰ ਰੁਪਏ ਪ੍ਰਤੀ ਏਕੜ ਨਹੀਂ ਮਿਲੇਗਾ। ਜੇਕਰ ਸਰਕਾਰ ਚੋਣਾਂ ਨੂੰ ਦੇਖਦੇ ਹੋਏ ਇਸ ਤਰ੍ਹਾਂ ਦਾ ਫੈਸਲਾ ਲੈਂਦੀ ਹੈ ਤਾਂ ਭਵਿੱਖ ਲਈ ਇਹ ਨਵੀਂ ਰੀਤ ਬਣ ਜਾਵੇਗੀ ਅਤੇ ਹਰ ਫਸਲ ਲਈ ਇੰਨਾ ਹੀ ਮੁਆਵਜ਼ਾ ਦੇਣਾ ਪਵੇਗਾ। ਇਸ ਲਈ ਕਿਸਾਨਾਂ ਨੂੰ ਨਿਯਮਾਂ ਅਨੁਸਾਰ 12 ਹਜ਼ਾਰ ਰੁਪਏ ਪ੍ਰਤੀ ਏਕੜ ਹੀ ਮੁਆਵਜ਼ਾ ਮਿਲੇਗਾ। ਹਾਲਾਂਕਿ ਕਿਸਾਨਾਂ ਦੇ ਧਰਨੇ ਨੂੰ ਦੇਖਦੇ ਹੋਏ ਸਰਕਾਰ ਇਸ ਮੁਆਵਜ਼ੇ ਵਿੱਚ 30 ਫੀਸਦੀ ਵਾਧਾ ਕਰਦੇ ਹੋਏ 16 ਹਜ਼ਾਰ ਰੁਪਏ ਦੇਣ ਨੂੰ ਤਿਆਰ ਹੈ ਪਰ ਇਸ ਸਬੰਧੀ ਆਖਰੀ ਫੈਸਲਾ ਵੀਰਵਾਰ ਨੂੰ ਸਕੱਤਰੇਤ ਵਿਖੇ ਹੋਣ ਵਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੀਟਿੰਗ ਵਿੱਚ ਹੋਵੇਗਾ। ਇਸ ਮੀਟਿੰਗ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਖੇਤੀਬਾੜੀ ਮੰਤਰੀ ਰਣਦੀਪ ਸਿੰਘ, ਖਜਾਨਾ ਮੰਤਰੀ ਮਨਪ੍ਰੀਤ ਬਾਦਲ ਅਤੇ ਮਾਲ ਤੇ ਮੁੜ ਵਸੇਬਾ ਮੰਤਰੀ ਅਰੂਣਾ ਚੌਧਰੀ ਮੌਜੂਦ ਰਹਿਣਗੇ।

ਜਾਣਕਾਰੀ ਅਨੁਸਾਰ ਕਪਾਹ ਪੱਟੀ ਵਜੋਂ ਪਹਿਚਾਣ ਬਣਾ ਚੁੱਕੇ ਮਾਲਵੇ ਦੇ 4 ਜ਼ਿਲ੍ਹਿਆਂ ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ ਅਤੇ ਫਾਜ਼ਿਲਕਾ ਵਿੱਚ ਗੁਲਾਬੀ ਸੰੁਡੀ ਨਾਲ ਨਰਮੇ ਦੀ ਫਸਲ ਕਾਫ਼ੀ ਜ਼ਿਆਦਾ ਨੁਕਸਾਨ ਹੋਇਆ ਸੀ। ਕਿਸਾਨਾਂ ਦੀ ਖਰਾਬ ਹੋਈ ਫਸਲ ਨੂੰ ਦੇਖਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਬਠਿੰਡਾ ਦੇ ਕੁਝ ਪਿੰਡਾਂ ਦਾ ਦੌਰਾ ਕੀਤਾ ਸੀ ਅਤੇ ਮੌਕੇ ’ਤੇ ਕਿਸਾਨਾਂ ਨੂੰ ਵਾਅਦਾ ਕੀਤਾ ਸੀ ਕਿ ਸਰਕਾਰ ਜਲਦ ਅਤੇ ਚੰਗਾ ਮੁਆਵਜ਼ਾ ਕਿਸਾਨਾਂ ਨੂੰ ਦੇਵੇਗੀ ਤਾਂ ਕਿ ਉਨ੍ਹਾਂ ਨੂੰ ਕੁਝ ਰਾਹਤ ਮਿਲ ਸਕੇ।

ਪੰਜਾਬ ਸਰਕਾਰ ਵੱਲੋਂ ਇਸ ਖਰਾਬ ਹੋਈ ਫਸਲ ਦੀ ਗਰਦੌਰੀ ਕਰਨ ਤੋਂ ਬਾਅਦ ਹੁਣ ਮੁਆਵਜ਼ਾ ਦੇਣ ਦੀ ਗੱਲ ਆਈ ਹੈ ਤਾਂ ਸਰਕਾਰ ਨਿਯਮਾਂ ਅਨੁਸਾਰ 12 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣਾ ਚਾਹੁੰਦੀ ਹੈ ਪਰ ਪ੍ਰਭਾਵਿਤ ਕਿਸਾਨ 60 ਹਜ਼ਾਰ ਤੋਂ ਘੱਟ ਮੁਆਵਜ਼ਾ ਲੈਣ ਨੂੰ ਤਿਆਰ ਨਹੀਂ, ਜਿਸ ਕਾਰਨ ਹੀ ਕਿਸਾਨਾਂ ਵੱਲੋਂ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਹਲਕੇ ਵਿੱਚ ਉਨ੍ਹਾਂ ਦੀ ਕੋਠੀ ਦੇ ਬਾਹਰ ਪੱਕਾ ਧਰਨਾ ਵੀ ਲਾਇਆ ਹੋਇਆ ਹੈ। ਇਸ ਸਬੰਧੀ ਪਿਛਲੇ ਦਿਨਾਂ ਤੋਂ ਪੰਜਾਬ ਸਰਕਾਰ ਕਿਸਾਨਾਂ ਨੂੰ ਸਮਝਾਉਣ ਵਿੱਚ ਲੱਗੀ ਹੋਈ ਹੈ ਕਿ ਉਹ ਧਰਨਾ ਖਤਮ ਕਰਨ ਨਿਯਮਾਂ ਅਨੁਸਾਰ ਮੁਆਵਜ਼ਾ ਲੈ ਲੈਣ, ਪਰ ਕਿਸਾਨਾਂ ਵੱਲੋਂ ਇਸ ਸਬੰਧੀ ਸਾਫ਼ ਇਨਕਾਰ ਕਰ ਦਿੱਤਾ ਗਿਆ ਹੈ।

ਦੂਜੇ ਪਾਸੇ ਪੰਜਾਬ ਸਰਕਾਰ ਨੇ ਵੀ ਸਾਫ਼ ਕਰ ਦਿੱਤਾ ਹੈ ਕਿ ਇਸ ਤਰੀਕੇ ਨਾਲ ਮੁਆਵਜ਼ਾ ਨਹੀਂ ਦਿੱਤਾ ਜਾ ਸਕਦਾ ਹੈ, ਕਿਉਂਕਿ ਭਵਿੱਖ ਵਿੱਚ ਹਰ ਖ਼ਰਾਬ ਹੋਣ ਵਾਲੀ ਫਸਲ ਦਾ ਮੁਆਵਜ਼ਾ ਵੀ ਵੱਧ ਮੰਗਿਆ ਜਾਣਾ ਸ਼ੁਰੂ ਹੋ ਜਾਵੇਗਾ, ਜਿਸ ਕਾਰਨ ਨਿਯਮਾਂ ਅਨੁਸਾਰ 12 ਹਜ਼ਾਰ ਰੁਪਏ ਦਿੱਤਾ ਜਾਣਾ ਹੈ ਪਰ ਸਰਕਾਰ 16 ਹਜ਼ਾਰ ਰੁਪਏ ਤੱਕ ਮੁਆਵਜ਼ਾ ਦੇਣ ਨੂੰ ਤਿਆਰ ਹੈ।

60 ਹਜ਼ਾਰ ਕਿਵੇਂ ਦੇ ਦੇਈਏ, ਭਵਿੱਖ ’ਚ ਹਰ ਕੋਈ ਮੰਗੇਗਾ ਜ਼ਿਆਦਾ ਮੁਆਵਜ਼ਾ : ਰਣਦੀਪ ਸਿੰਘ

ਖੇਤੀਬਾੜੀ ਵਿਭਾਗ ਦੇ ਮੰਤਰੀ ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਕਿਸਾਨਾਂ ਵੱਲੋਂ ਪ੍ਰਤੀ ਏਕੜ 60 ਹਜ਼ਾਰ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ ਪਰ ਸਰਕਾਰ ਇਨ੍ਹਾਂ ਮੁਆਵਜ਼ਾ ਦੇਣ ਬਾਰੇ ਸੋਚ ਵੀ ਨਹੀਂ ਸਕਦੀ ਹੈ, ਕਿਉਂਕਿ ਨਿਯਮਾਂ ਅਨੁਸਾਰ 12 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾ ਸਕਦਾ ਹੈ। ਜੇਕਰ ਜ਼ਿਆਦਾ ਮੁਆਵਜ਼ਾ ਦੇਣ ਬਾਰੇ ਫੈਸਲਾ ਕਰ ਲਿਆ ਗਿਆ ਤਾਂ ਭਵਿੱਖ ਲਈ ਉਹ ਹੀ ਮੁਆਵਜ਼ਾ ਤੈਅ ਰਹਿ ਜਾਵੇਗਾ ਅਤੇ ਹਰ ਫਸਲ ਦੇ ਨੁਕਸਾਨ ’ਤੇ ਕਿਸਾਨ ਵਾਧੂ ਮੁਆਵਜ਼ਾ ਹੀ ਮੰਗਣਗੇ। ਇਸ ਲਈ ਵੀਰਵਾਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਮੀਟਿੰਗ ਸੱਦੀ ਗਈ ਹੈ, ਜਿਸ ਵਿੱਚ ਖਜਾਨਾ ਮੰਤਰੀ ਵੀ ਮੌਜੂਦ ਰਹਿਣਗੇ ਅਤੇ ਇਸੇ ਮੀਟਿੰਗ ਵਿੱਚ ਫਾਈਨਲ ਤੈਅ ਕੀਤਾ ਜਾਵੇਗਾ ਕਿ ਮੁਆਵਜ਼ਾ ਕਿੰਨਾ ਜ਼ਿਆਦਾ ਦਿੱਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ