ਮਾਫ਼ੀਆ ਖ਼ਿਲਾਫ਼ ਹੋਈ ਕਾਰਵਾਈ ਨੂੰ ਲੈ ਕੇ ਰਜ਼ੀਆ ਸੁਲਤਾਨਾ ਦਾ ਦਾਅਵਾ

ਟਰਾਂਸਪੋਰਟ ਮਾਫ਼ੀਆ ਦਾ ਖ਼ਾਤਮਾ ‘ਰਾਜਾ ਵੜਿੰਗ’ ਦੀ ਨਹੀਂ ਮੇਰੀ ਦੇਣ, ਮੈਂ ਹੀ ਸ਼ੁਰੂ ਕੀਤੀ ਸੀ ਸਾਰੀ ਪ੍ਰਕਿ੍ਰਆ, ਹੁਣ ਤਾਂ ਸਿਰਫ਼ ਅਮਲ ਹੋਇਆ

  • ਮੇਰੇ ਵਲੋਂ ਕਾਗ਼ਜ਼ਾਤ ਚੈਕਿੰਗ ਕਰਵਾਈ ਗਈ ਅਤੇ ਫਿਰ ਜਾਰੀ ਕੀਤੇ ਗਏ ਸਨ ਨੋਟਿਸ, ਹੁਣ ਨੋਟਿਸ ਤੋਂ ਬਾਅਦ ਹੋਈ ਐ ਕਾਰਵਾਈ : ਰਜ਼ੀਆ ਸੁਲਤਾਨਾ

(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਵਿੱਚ ਟਰਾਂਸਪੋਰਟ ਮਾਫ਼ੀਆ ਦੇ ਖ਼ਿਲਾਫ਼ ਕੀਤੀ ਜਾ ਰਹੀ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਕਾਰਵਾਈ ਨੂੰ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਖ਼ੁਦ ਦੀ ਦੇਣ ਦਿੱਤੀ ਹੈ। ਰਜ਼ੀਆ ਸੁਲਤਾਨਾ ਦਾ ਦਾਅਵਾ ਹੈ ਕਿ ਜਦੋਂ ਉਹ ਟਰਾਂਸਪੋਰਟ ਮੰਤਰੀ ਹੁੰਦੇ ਸਨ ਤਾਂ ਉਨਾਂ ਨੇ ਹੀ ਮਾਫ਼ੀਆ ਖ਼ਿਲਾਫ਼ ਸਾਰੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਅਤੇ ਉਸ ਪ੍ਰਕਿਰਿਆ ਦੇ ਮੁਕੰਮਲ ਹੋਣ ਤੋਂ ਬਾਅਦ ਹੁਣ ਅਧਿਕਾਰੀ ਕਾਰਵਾਈ ਕਰ ਰਹੇ ਹਨ। ਇਸ ਵਿੱਚ ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਉਨਾਂ ਨੇ ਆਪਣੇ ਸਮੇਂ ਦੌਰਾਨ ਟਰਾਂਸਪੋਰਟ ਮਾਫ਼ੀਆ ਖ਼ਿਲਾਫ਼ ਕੁਝ ਵੀ ਨਹੀਂ ਕੀਤਾ ਹੈ।

ਬੀਤੇ ਕੁਝ ਦਿਨਾਂ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਫ਼ੀ ਜਿਆਦਾ ਕਾਰਵਾਈ ਕਰਨ ਦੇ ਮੂਡ ਵਿੱਚ ਨਜ਼ਰ ਆ ਰਹੇ ਹਨ ਅਤੇ ਉਨਾਂ ਵਲੋਂ ਬੀਤੇ 4-5 ਦਿਨਾਂ ਵਿੱਚ ਹੀ 4 ਦਰਜਨ ਦੇ ਕਰੀਬ ਬੱਸਾਂ ਨੂੰ ਜ਼ਬਤ ਕਰਦੇ ਹੋਏ ਉਨਾਂ ਨੂੰ ਬੰਦ ਕਰ ਦਿੱਤਾ ਹੈ। ਇਸ ਕਾਰਵਾਈ ਨੂੰ ਪੰਜਾਬ ਭਰ ਵਿੱਚ ਕਾਫ਼ੀ ਵੱਡੀ ਕਾਰਵਾਈ ਕਿਹਾ ਜਾ ਰਿਹਾ ਹੈ। ਸਿਰਫ਼ ਇੱਕ-ਡੇਢ ਹਫ਼ਤਾ ਪਹਿਲਾਂ ਹੀ ਕੈਬਨਿਟ ਮੰਤਰੀ ਬਣੇ ਰਾਜਾ ਵੜਿੰਗ ਦੀ ਇਸ ਕਾਰਵਾਈ ਨੂੰ ਦੇਖਦੇ ਹੋਏ ਵਿਰੋਧੀ ਧਿਰਾਂ ਨੇ ਇਸ ਵਿਭਾਗ ਦੀ ਮੰਤਰੀ ਰਹੀ ਰਜ਼ੀਆ ਸੁਲਤਾਨਾ ਤੋਂ ਅਸਤੀਫ਼ੇ ਦੀ ਮੰਗ ਕਰ ਦਿੱਤੀ ਸੀ। ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਤਾਂ ਇਥੇ ਤੱਕ ਕਹਿ ਦਿੱਤਾ ਕਿ ਰਜ਼ੀਆ ਸੁਲਤਾਨਾ ਦੇ ਖ਼ਿਲਾਫ਼ ਮਾਮਲਾ ਤੱਕ ਦਰਜ਼ ਹੋਣਾ ਚਾਹੀਦਾ ਹੈ ਕਿ ਉਨਾਂ ਨੇ ਆਪਣੇ ਕਾਰਜਕਾਲ ਸਮੇਂ ਟਰਾਂਸਪੋਰਟ ਮਾਫ਼ੀਆ ਨੂੰ ਖੱੁਲੀ ਛੋਟ ਦੇ ਕੇ ਰੱਖੀ ਸੀ।

  • ਰਜ਼ੀਆ ਸੁਲਤਾਨਾ ਨੇ ਚੰਡੀਗੜ ਵਿਖੇ ਇਸ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਦੱਸਿਆ

ਇਸ ਤੋਂ ਬਾਅਦ ਰਜ਼ੀਆ ਸੁਲਤਾਨਾ ਨੇ ਚੰਡੀਗੜ ਵਿਖੇ ਇਸ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਪੰਜਾਬ ਵਿੱਚ ਜਿਹੜੀ ਕਾਰਵਾਈ ਇਸ ਸਮੇਂ ਹੋ ਰਹੀ ਹੈ, ਉਹ ਅਚਾਨਕ ਨਹੀਂ ਹੋ ਰਹੀ ਹੈ, ਸਗੋਂ ਇਸ ਕਾਰਵਾਈ ਦੀ ਨੀਂਹ ਉਨਾਂ ਵੱਲੋਂ ਹੀ ਰੱਖੀ ਗਈ ਸੀ। ਉਨਾਂ ਨੇ ਮੰਤਰੀ ਰਹਿੰਦੇ ਹੋਏ ਪੰਜਾਬ ਦੇ ਪ੍ਰਾਈਵੇਟ ਟਰਾਂਸਪੋਟਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ ਅਤੇ ਜਿਸ ਤੋਂ ਬਾਅਦ ਉਨਾਂ ਦੇ ਜੁਆਬ ਵੀ ਆਏ ਸਨ। ਉਨਾਂ ਦੱਸਿਆ ਕਿ ਇਸ ਨਾਲ ਹੀ ਵਿਭਾਗ ਦੇ ਅਧਿਕਾਰੀਆਂ ਨੂੰ ਸਰਕਾਰੀ ਫਾਈਲਾਂ ਵੀ ਚੈੱਕ ਕਰਨ ਦੇ ਆਦੇਸ਼ ਦਿੱਤੇ ਸਨ। ਜਿਸ ਤੋਂ ਬਾਅਦ ਤਿਆਰ ਹੋਏ ਰਿਕਾਰਡ ਅਨੁਸਾਰ ਹੀ ਹੁਣ ਨਾਜਾਇਜ਼ ਸਾਬਤ ਹੋ ਰਹੇ ਰੂਟ ਅਤੇ ਪ੍ਰਾਈਵੇਟ ਬੱਸਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਇਸ ਲਈ ਹੁਣ ਜਿਹੜੀ ਵੀ ਨਾਜਾਇਜ਼ ਬੱਸਾਂ ਨੂੰ ਜ਼ਬਤ ਕੀਤਾ ਜਾ ਰਿਹਾ ਹੈ ਜਾਂ ਫਿਰ ਕਾਰਵਾਈ ਕੀਤੀ ਜਾ ਰਹੀ ਹੈ, ਇਹ ਉਨਾਂ ਦੀ ਮਿਹਨਤ ਦੀ ਹੀ ਦੇਣ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ