ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ ਆਪਣੀ ਨਵੀਂ ਪਾਰੀ ਦੀ ਸੁਰੂਆਤ
ਹਲਕਾ ਮਹਿਲ ਕਲਾਂ ਤੋਂ ਐਲਾਨਿਆ ਸੁਖਵਿੰਦਰ ਸਿੰਘ ਟਿੱਬਾ ਨੂੰ ਆਪਣਾ ਪਹਿਲਾ ਉਮੀਦਵਾਰ
(ਰਵੀ ਗੁਰਮਾ) ਸ਼ੇਰਪੁਰ। ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਕਾਲੀ ਦਲ ਸੰਯੁਕਤ ਵੱਲੋਂ ਵੀ ਆਪਣੀਆਂ ਸਰਗਰਮੀਆਂ ਸ਼ੁਰੂ ਕਰਦੇ ਹੋਏ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ ਹੈ। ਅਕਾਲੀ ਦਲ ਸੰਯੁਕਤ ਵੱਲੋਂ ਹਲਕਾ ਮਹਿਲ ਕਲਾਂ ਤੋਂ ਬਾਬਾ ਸੁਖਵਿੰਦਰ ਸਿੰਘ ਟਿੱਬਾ ਨੂੰ ਆਪਣਾ ਪਹਿਲਾ ਉਮੀਦਵਾਰ ਐਲਾਨਿਆ ਗਿਆ ਹੈ। ਇਸ ਸੰਬੰਧੀ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੌਜੂਦਾ ਵਿਧਾਇਕ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਆਪਣੀ ਰਿਹਾਇਸ਼ ਵਿਖੇ ਐਲਾਨ ਕੀਤਾ ਉਨ੍ਹਾਂ ਕਿਹਾ ਕਿ ਸੁਖਵਿੰਦਰ ਸਿੰਘ ਟਿੱਬਾ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਉਮੀਦਵਾਰ ਹੋਣਗੇ ਇਸ ਸੰਬੰਧੀ ਆਉਣ ਵਾਲੇ ਕੁਝ ਦਿਨਾਂ ਵਿਚ ਰਸਮੀ ਐਲਾਨ ਵੀ ਹੋਵੇਗਾ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਸੰਯੁਕਤ ਸਮੇਂ ਦੀ ਵੱਡੀ ਲੋੜ ਹੈ ਕਿਉਂਕਿ ਅਕਾਲੀ ਦਲ ਦੀ ਪਰਿਭਾਸ਼ਾ ਇਹ ਹੈ ਕਿ ਧਰਮ ਦੇ ਭੈਅ ਅਨੁਸਾਰ ਹੀ ਰਾਜਨੀਤੀ ਚੱਲੇ ਕਿਉਂਕਿ ਧਾਰਮਿਕ ਪ੍ਰਵਿਰਤੀ ਵਾਲਾ ਵਿਅਕਤੀ ਕਦੇ ਗਲਤ ਫੈਸਲੇ ਨਹੀਂ ਲੈ ਸਕਦਾ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ’ਤੇ ਵਰ੍ਹਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਗ੍ਹਾ ਬਾਦਲ ਦਲ ਬਣਕੇ ਰਹਿ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਆਪਣੀ ਜ਼ਿੰੰਮਵਾਰੀ ਤੋਂ ਭੱਜਿਆ ਹੈ। ਨੌਜਵਾਨ ਵਰਗ ਸ਼੍ਰੋਮਣੀ ਅਕਾਲੀ ਦਲ ਤੋਂ ਕਿਨਾਰਾ ਕਰ ਰਿਹਾ ਹੈ । ਉਮੀਦਵਾਰ ਸੁਖਵਿੰਦਰ ਸਿੰਘ ਟਿੱਬਾ ਨੇ ਬੋਲਦਿਆਂ ਕਿਹਾ ਕਿ ਉਹ ਪਾਰਟੀ ਦੇ ਸਰਪ੍ਰਸਤ ਰਣਜੀਤ ਸਿੰਘ ਬ੍ਰਹਮਪੁਰਾ, ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ’ਤੇ ਪਰਮਿੰਦਰ ਸਿੰਘ ਢੀਂਡਸਾ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਮੇਰੇ ਉੱਪਰ ਵਿਸ਼ਵਾਸ ਜਤਾਉਂਦਿਆਂ ਮੈਨੂੰ ਆਪਣੀ ਪਾਰਟੀ ਦਾ ਪਹਿਲਾ ਉਮੀਦਵਾਰ ਐਲਾਨਿਆ ਹੈ।
ਉਨ੍ਹਾਂ ਕਿਹਾ ਕਿ ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਹਲਕਾ ਮਹਿਲ ਕਲਾਂ ਤੋਂ ਇਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਵਾਂਗਾ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਢੀਂਡਸਾ ਨੇ ਕਿਹਾ ਕਿ ਸੰਯੁਕਤ ਅਕਾਲੀ ਦਲ ਕਿੰਨੀਆਂ ਸੀਟਾਂ ਤੇ ਚੋਣ ਲੜੇਗਾ ਇਸ ਸਬੰਧੀ ਫੈਸਲਾ ਹਾਲੇ ਕੀਤਾ ਜਾਵੇਗਾ। ਜਦੋਂ ਉਨ੍ਹਾਂ ਤੋਂ ਇਹ ਪੁੱਛਿਆ ਕਿ ਇਹ ਪਾਰਟੀ ਦੇ ਪਹਿਲੇ ਉਮੀਦਵਾਰ ਹਨ ਤਾਂ ਉਨ੍ਹਾਂ ਪੁਸ਼ਟੀ ਕਰਦਿਆਂ ਕਿਹਾ ਕਿ ਸੁਖਵਿੰਦਰ ਸਿੰਘ ਟਿੱਬਾ ਪਾਰਟੀ ਦੇ ਪਹਿਲੇ ਉਮੀਦਵਾਰ ਹਨ ਤੇ ਇਨ੍ਹਾਂ ਦੀਆਂ ਸੇਵਾਵਾਂ ਪੂਰੇ ਪੰਜਾਬ ਵਿੱਚ ਲਈਆਂ ਜਾਣਗੀਆਂ। ਇਸ ਮੌਕੇ ਗੁਰਮੀਤ ਸਿੰਘ ਜੌਹਲ, ਮਹਿਤਾਬ ਸਿੰਘ ਗੰਡੇਵਾਲ, ਜੱਗੀ ਗੰਡੇਵਾਲ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ