ਕਰੋਨਾ ਕਾਰਨ ਆਈ ਆਰਥਿਕ ਤੰਗੀ ਨੇ ਪਿਉ- ਪੁੱਤ ਦੀ ਲਈ ਜਾਨ

ਕਰੋਨਾ ਕਾਰਨ ਆਈ ਆਰਥਿਕ ਤੰਗੀ ਨੇ ਪਿਉ- ਪੁੱਤ ਦੀ ਲਈ ਜਾਨ

(ਜਸਵੀਰ ਸਿੰਘ ਗਹਿਲ) ਬਰਨਾਲਾ। ਕੋਰੋਨਾ ਕਾਰਨ ਆਈ ਆਰਥਿਕ ਤੰਗੀ ਨੇ ਬਰਨਾਲਾ ਦੇ ਇੱਕ ਪਿਉ- ਪੁੱਤ ਨੂੰ ਨਿਗਲ ਲਿਆ। ਜਿਸ ਕਾਰਨ ਪਿਛਲਾ ਪਰਿਵਾਰ ਗਹਿਰੇ ਸਦਮੇ ਵਿੱਚ ਡੁੱਬਾ ਪਿਆ ਹੈ। ਸਿਵਲ ਹਸਪਤਾਲ ਵਿਖੇ ਜਾਣਕਾਰੀ ਦਿੰਦਿਆਂ ਬੱਸ ਅੱਡਾ ਪੁਲਿਸ ਚੌਂਕੀ ਦੇ ਸਹਾਇਕ ਥਾਣੇਦਾਰ ਦਲਵਿੰਦਰ ਸਿੰਘ ਨੇ ਦੱਸਿਆ ਕਿ ਸਥਾਨਕ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਗਲੀ ਨੰਬਰ 5 ਏ ਵਸਨੀਕ ਭਾਰਤ ਭੂਸ਼ਣ ਪੁੱਤਰ ਗਣੇਸ਼ ਦਾਸ ਅਤੇ ਉਸਦੇ ਪੁੱਤਰ ਮੁਨੀਸ ਕੁਮਾਰ ਕਿਰਾਏ ਦੇ ਮਕਾਨ ’ਚ ਰਹਿ ਕੇ ਜਿੰਦਗੀ ਗੁਜ਼ਰ- ਬਸਰ ਕਰ ਰਹੇ ਸਨ।

ਜਿਸ ਦੇ ਤਹਿਤ ਪਿਤਾ ਭਾਰਤ ਭੂਸ਼ਣ ਰੇਹੜੀ ਲਗਾ ਕੇ ਅਤੇ ਮੁਨੀਸ ਕੁਮਾਰ ਛੋਟਾ ਹਾਥੀ ਗੱਡੀ ’ਤੇ ਡਰਾਇਵਰ ਵਜੋਂ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਦਾ ਭਰ ਰਹੇ ਸੀ। ਪਰ ਲੰਘੇ ਸਮੇਂ ਕਰੋਨਾ ਮਹਾਂਮਾਰੀ ਕਾਰਨ ਆਈ ਮੰਦੀ ਕਾਰਨ ਦੋਵੇਂ ਪਿਉ- ਪੁੱਤ ਮਾਨਸਿਕ ਤੌਰ ’ਤੇ ਕਾਫ਼ੀ ਪ੍ਰੇਸ਼ਾਨ ਰਹਿੰਦੇ ਸਨ। ਜਿੰਨਾਂ ਨੇ 22 ਸਤੰਬਰ ਨੂੰ ਇਕੱਠਿਆਂ ਹੀ ਕੋਈ ਜ਼ਹਿਰੀਲੀ ਚੀਜ ਨਿਗਲ ਲਈ। ਜਿਸ ਕਾਰਨ ਮੁਨੀਸ ਕੁਮਾਰ ਦੀ ਹਾਲਤ ਖ਼ਰਾਬ ਹੋਣ ’ਤੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਇਲਾਜ਼ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਭਰਤੀ ਕਰਵਾਇਆ ਜਿੱਥੋਂ ਉਸਦੀ ਗੰਭੀਰ ਹਾਲਤ ਨੂੰ ਦੇਖਦਿਆਂ ਮੁਢਲੀ ਸਹਾਇਤਾ ਦੇ ਕੇ ਅਗਲੇਰੇ ਇਲਾਜ਼ ਲਈ ਰਜਿੰਦਰ ਹਸਪਤਾਲ ਪਟਿਆਲਾ ਨੂੰ ਰੈਫਰ ਕਰ ਦਿੱਤਾ।

ਜਿੱਥੇ ਮੁਨੀਸ ਕੁਮਾਰ ਦੇ ਨਾਲ ਹੀ ਗਏ ਉਸਦੇ ਪਿਤਾ ਭਾਰਤ ਭੂਸ਼ਣ ਦੀ ਹਾਲਤ ਵੀ ਵਿਗੜ ਗਈ। ਉਨਾਂ ਦੱਸਿਆ ਕਿ ਰਜਿੰਦਰਾ ਹਸਪਤਾਲ ਵਿਖੇ ਦੋਵੇਂ ਇਲਾਜ਼ ਅਧੀਨ ਸਨ, ਜਿੱਥੇ 23 ਸਤੰਬਰ ਨੂੰ ਸਵੇਰ ਸਮੇਂ ਮੁਨੀਸ ਕੁਮਾਰ (25) ਅਤੇ ਸ਼ਾਮ ਨੂੰ ਭਾਰਤ ਭੂਸ਼ਣ (55) ਦੀ ਮੌਤ ਹੋ ਗਈ। ਉਨਾਂ ਦੱਸਿਆ ਕਿ ਦੋਵੇਂ ਮਿ੍ਰਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤਾ ਤੇ ਮਿ੍ਰਤਕ ਭਾਰਤ ਭੂਸ਼ਣ ਦੀ ਪਤਨੀ ਸੰਤੋਸ਼ ਰਾਣੀ ਦੇ ਬਿਆਨਾਂ ਦੇ ਅਧਾਰ ’ਤੇ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਪਿਉ- ਪੁੱਤ ਦੇ ਇਕੱਠਿਆਂ ਦੇ ਫੌਤ ਹੋ ਜਾਣ ਕਾਰਨ ਜਿੱਥੇ ਪਿਛਲਾ ਪਰਿਵਾਰਕ ਮੈਂਬਰ ਗਹਿਰੇ ਸਦਮੇ ਵਿੱਚ ਹਨ ਉੱਥੇ ਹੀ ਇਲਾਕੇ ’ਚ ਵੀ ਸੋਗ ਫੈਲਿਆ ਹੋਇਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ