ਪ੍ਰਾਈਵੇਟ ਜੈਟ ਨੂੰ ਪੰਜਾਬ ਸਰਕਾਰ ਨੇ ਨਹੀਂ ਲਿਆ ਕਿਰਾਏ ’ਤੇ, ਨਵਜੋਤ ਸਿੱਧੂ ਨੇ ਖ਼ੁਦ ਕੀਤਾ ਇੰਤਜ਼ਾਮ
ਹਰੀਸ਼ ਰਾਵਤ ਨੂੰ ਦਿੱਲੀ ਲੈ ਕੇ ਜਾਣ ਲਈ ਚੰਡੀਗੜ ਤੋਂ ਉੱਤਰਾਖੰਡ ਅਤੇ ਦਿੱਲੀ ਲਈ ਮਾਰੀ ਸੀ ਉਡਾਰੀ
(ਅਸ਼ਵਨੀ ਚਾਵਲਾ) ਚੰਡੀਗੜ । ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਦਿੱਲੀ ਉਡਾਰੀ ਨੂੰ ਲੈ ਕੇ ਹੰਗਾਮਾ ਕਰ ਰਹੀਆਂ ਵਿਰੋਧੀ ਪਾਰਟੀਆਂ ਨੂੰ ਇਹ ਜਾਣਕਾਰੀ ਹੀ ਨਹੀਂ ਕਿ ਦਿੱਲੀ ਜਾਣ ਲਈ ਪ੍ਰਾਈਵੇਟ ਜੈਟ ਪੰਜਾਬ ਸਰਕਾਰ ਨੇ ਸਰਕਾਰੀ ਖ਼ਰਚੇ ’ਤੇ ਕਿਰਾਏ ’ਤੇ ਲਿਆ ਹੀ ਨਹੀਂ ਸਗੋਂ ਨਵਜੋਤ ਸਿੱਧੂ ਨੇ ਖ਼ੁਦ ਇਸ ਦਾ ਇੰਤਜ਼ਾਮ ਕੀਤਾ ਸੀ। ਪੰਜਾਬ ਸਰਕਾਰ ਵਲੋਂ ਕੋਈ ਪ੍ਰਾਈਵੇਟ ਜੈਟ ਬੁੱਕ ਹੀ ਨਹੀਂ ਕਰਵਾਇਆ ਗਿਆ ਅਤੇ ਨਾ ਹੀ ਸਰਕਾਰੀ ਖਜਾਨੇ ’ਤੇ ਇਸ ਦਾ ਬੋਝ ਪਾਇਆ ਗਿਆ ਹੈ। ਹਾਲਾਂਕਿ ਪੰਜਾਬ ਸਰਕਾਰ ਦਾ ਅਧਿਕਾਰਤ ਹੈਲੀਕਾਪਟਰ ਜਰੂਰ ਪੰਜਾਬ ਕਾਂਗਰਸ ਇਨਚਾਰਜ ਹਰੀਸ਼ ਰਾਵਤ ਦੀ ਹਜ਼ੂਰੀ ਵਿੱਚ ਹਾਜ਼ਰ ਸੀ। ਸਰਕਾਰੀ ਹੈਲੀਕਾਪਟਰ ਨੇ ਸਵੇਰੇ 11 ਵਜੇ ਦੇ ਕਰੀਬ ਉੱਤਰਾਖੰਡ ਲਈ ਉਡਾਰੀ ਮਾਰੀ ਸੀ ਅਤੇ ਉੱਤਰਾਖੰਡ ਤੋਂ ਹਰੀਸ਼ ਰਾਵਤ ਨੂੰ ਲੈ ਕੇ ਹੈਲੀਕਾਪਟਰ ਦਿੱਲੀ ਗਿਆ ਹੈ ਅਤੇ ਮੰਗਲਵਾਰ ਰਾਤ ਤੱਕ ਸਰਕਾਰੀ ਹੈਲੀਕਾਪਟਰ ਦਿੱਲੀ ਵਿਖੇ ਹੀ ਸੀ।
ਜਾਣਕਾਰੀ ਅਨੁਸਾਰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਨ ਤੋਂ ਬਾਅਦ ਦਿੱਲੀ ਦੌਰੇ ’ਤੇ ਗਏ ਹੋਏ ਹਨ। ਮੁੱਖ ਮੰਤਰੀ ਚਰਨਜੀਤ ਚੰਨੀ ਦੇ ਨਾਲ ਦੋਵੇਂ ਉਪ ਮੁੱਖ ਮੰਤਰੀ ਓ.ਪੀ. ਸੋਨੀ ਅਤੇ ਸੁਖਜਿੰਦਰ ਰੰਧਾਵਾ ਸਣੇ ਨਵਜੋਤ ਸਿੱਧੂ ਵੀ ਦਿੱਲੀ ਲਈ ਰਵਾਨਾ ਹੋਏ ਹਨ। ਦਿੱਲੀ ਜਾਣ ਲਈ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਕਰਨ ਲਈ ਬਕਾਇਦਾ ਪ੍ਰਾਈਵੇਟ ਜੈਟ ਮੰਗਵਾਇਆ ਗਿਆ ਸੀ। ਇਸ ਪ੍ਰਾਈਵੇਟ ਜੈਟ ਨਾਲ ਤਸਵੀਰ ਨਵਜੋਤ ਸਿੱਧੂ ਵਲੋਂ ਜਾਰੀ ਕਰਨ ਤੋਂ ਬਾਅਦ ਕਾਫ਼ੀ ਜਿਆਦਾ ਹੰਗਾਮਾ ਹੋ ਗਿਆ। ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਅੱਗੇ ਆ ਕੇ ਇਹ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਕਿ ਇਹ ਪ੍ਰਾਈਵੇਟ ਜੈਟ ਪੰਜਾਬ ਸਰਕਾਰ ਵੱਲੋਂ ਬੁੱਕ ਕਰਵਾਇਆ ਗਿਆ ਹੈ ਅਤੇ ਇਸ ’ਤੇ ਲੱਖਾਂ ਰੁਪਏ ਦਾ ਸਰਕਾਰੀ ਖ਼ਰਚ ਕੀਤਾ ਜਾ ਰਿਹਾ ਹੈ।
ਮੰਗਲਵਾਰ ਨੂੰ ਸਾਰਾ ਦਿਨ ਇਹ ਵਿਵਾਦ ਚੱਲਣ ਤੋਂ ਬਾਅਦ ਜਦੋਂ ਸੱਚ ਕਹੂੰ ਵਲੋਂ ਇਸ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਗਈ ਤਾਂ ਪਤਾ ਚੱਲਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਤਰਾਂ ਦੇ ਕਿਸੇ ਵੀ ਪ੍ਰਾਈਵੇਟ ਜੈਟ ਨੂੰ ਕਿਰਾਏ ’ਤੇ ਲਿਆ ਹੀ ਨਹੀਂ ਅਤੇ ਨਾ ਹੀ ਸਰਕਾਰ ਦੇ ਪੈਸੇ ਦੀ ਵਰਤੋਂ ਇਸ ਤਰਾਂ ਦੇ ਕਿਸੇ ਪ੍ਰਾਈਵੇਟ ਜੈਟ ਲਈ ਕੀਤੀ ਗਈ ਹੈ। ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵਲੋਂ ਆਪਣੇ ਪੱਧਰ ’ਤੇ ਇਸ ਪ੍ਰਾਈਵੇਟ ਜੈਟ ਦਾ ਇੰਤਜ਼ਾਮ ਕੀਤਾ ਗਿਆ ਹੈ। ਇਸ ਪ੍ਰਾਈਵੇਟ ਜੈਟ ਨੂੰ ਮੁਫ਼ਤ ਵਿੱਚ ਲਿਆਂਦਾ ਗਿਆ ਹੈ ਜਾਂ ਫਿਰ ਪੰਜਾਬ ਕਾਂਗਰਸ ਆਪਣੀ ਜੇਬ ਵਿੱਚੋਂ ਇਸ ਦਾ ਭੁਗਤਾਨ ਕਰੇਗੀ, ਇਸ ਸਬੰਧੀ ਸਰਕਾਰ ਕੋਲ ਨਾ ਹੀ ਕੋਈ ਜਾਣਕਾਰੀ ਹੈ ਅਤੇ ਨਾ ਹੀ ਸਰਕਾਰ ਦੇ ਅਧਿਕਾਰੀ ਇਸ ਸਬੰਧੀ ਕੁਝ ਕਹਿਣ ਨੂੰ ਤਿਆਰ ਹਨ।
ਹਾਲਾਂਕਿ ਇਥੇ ਸਰਕਾਰ ਵਲੋਂ ਇਹ ਜਰੂਰ ਮੰਨਿਆ ਜਾ ਰਿਹਾ ਹੈ ਕਿ ਹਰੀਸ਼ ਰਾਵਤ ਨੇ ਦਿੱਲੀ ਜਾਣਾ ਸੀ, ਇਸ ਸਰਕਾਰੀ ਹੈਲੀਕਾਪਟਰ ਨੂੰ ਚੰਡੀਗੜ ਤੋਂ ਉੱਤਰਾਖੰਡ ਭੇਜਿਆ ਗਿਆ ਅਤੇ ਉੱਤਰਾਖੰਡ ਤੋਂ ਹਰੀਸ਼ ਰਾਵਤ ਨੂੰ ਲੈ ਕੇ ਇਹ ਸਰਕਾਰੀ ਹੈਲੀਕਾਪਟਰ ਦਿੱਲੀ ਲਈ ਰਵਾਨਾ ਹੋਇਆ ਹੈ। ਜਿਸ ’ਤੇ ਕਾਫ਼ੀ ਜਿਆਦਾ ਖ਼ਰਚ ਪੰਜਾਬ ਸਰਕਾਰ ਦੀ ਜੇਬ ਵਿੱਚੋਂ ਹੀ ਹੋਇਆ ਹੈ।
ਬਿਨਾਂ ਇਜਾਜ਼ਤ ਉੱਡਿਆਂ ਹੈਲੀਕਾਪਟਰ, ਮੁੱਖ ਮੰਤਰੀ ਦੀ ਲਿਖਤ ਇਜਾਜ਼ਤ ਜਰੂਰੀ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਲਿਖਤ ਇਜਾਜ਼ਤ ਮਿਲਣ ਤੋਂ ਬਿਨਾਂ ਹੀ ਸਰਕਾਰੀ ਹੈਲੀਕਾਪਟਰ ਹਰੀਸ਼ ਰਾਵਤ ਨੂੰ ਲੈਣ ਲਈ ਉੱਤਰਾਖੰਡ ਲਈ ਉੱਡਿਆਂ ਹੈ। ਸਰਕਾਰੀ ਨਿਯਮਾਂ ਅਨੁਸਾਰ ਕਿਸੇ ਵਿਅਕਤੀ ਵਿਸ਼ੇਸ਼ ਲਈ ਸਰਕਾਰੀ ਹੈਲੀਕਾਪਟਰ ਨੂੰ ਭੇਜਣ ਤੋਂ ਪਹਿਲਾਂ ਮੁੱਖ ਮੰਤਰੀ ਵਲੋਂ ਲਿਖਤੀ ਪ੍ਰਵਾਨਗੀ ਦੇਣੀ ਹੁੰਦੀ ਹੈ, ਉਸ ਪ੍ਰਵਾਨਗੀ ਤੋਂ ਬਾਅਦ ਹੀ ਹੈਲੀਕਾਪਟਰ ਨੂੰ ਉੱਡਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਪਰ ਮੰਗਲਵਾਰ ਨੂੰ ਇਸ ਤਰਾਂ ਦੀ ਕੋਈ ਲਿਖਤ ਪ੍ਰਵਾਨਗੀ ਚਰਨਜੀਤ ਸਿੰਘ ਚੰਨੀ ਵਲੋਂ ਨਹੀਂ ਦਿੱਤੀ ਗਈ ਸੀ ਪਰ ਮੁੱਖ ਮੰਤਰੀ ਦਫ਼ਤਰ ਤੋਂ ਇੱਕ ਅਧਿਕਾਰੀ ਦੇ ਫੋਨ ’ਤੇ ਇਸ ਸਰਕਾਰੀ ਹੈਲੀਕਾਪਟਰ ਨੂੰ ਚੰਡੀਗੜ ਤੋਂ ਉੱਤਰਾਖੰਡ ਅਤੇ ਉੱਤਰਾਖੰਡ ਤੋਂ ਦਿੱਲੀ ਭੇਜਿਆ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ