ਨਵੇਂ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਆਦੇਸ਼, ਅਧਿਕਾਰੀ ਨਾ ਸੰਭਲੇ ਤਾਂ ਹੋਏਗੀ ਸਖ਼ਤ ਕਾਰਵਾਈ
- ਪਿੰਡਾਂ ਵਾਲਿਆਂ ਨੂੰ ਨਹੀਂ ਭਰਨਾ ਪਵੇਗਾ ਪਾਣੀ ਦਾ ਬਿੱਲ
- ਗਰੀਬਾਂ ਦੇ ਕੱਟੇ ਹੋਏ ਬਿਜਲੀ ਕੁਨੈਕਸ਼ਨ ਹੋਣਗੇ ਬਹਾਲ
(ਅਸ਼ਵਨੀ ਚਾਵਲਾ) ਚੰਡੀਗੜ। ਮੁੱਖ ਮੰਤਰੀ ਬਣਨ ਤੋਂ ਬਾਅਦ ਚਰਨਜੀਤ ਚੰਨੀ ਪੂਰੀ ਤਰਾਂ ਸਖ਼ਤੀ ਦੇ ਮੂਡ ’ਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਮੁੱਖ ਮੰਤਰੀ ਦੀ ਸਹੰੁ ਚੁੱਕਣ ਤੋਂ ਬਾਅਦ ਪਹਿਲਾਂ ਪੰਜਾਬ ਭਰ ਦੇ ਡਿਪਟੀ ਕਮਿਸ਼ਨਰਾਂ ਅਤੇ ਐਸ.ਐਸ.ਪੀ. ਨੂੰ ਆਦੇਸ਼ ਕੀਤਾ ਹੈ ਕਿ ਉਹ ਆਪਣੇ ਏ.ਸੀ. ਦਫ਼ਤਰਾਂ ਵਿੱਚ ਬੈਠ ਕੇ ਚਾਹ ਪੀਣ ਦੀ ਥਾਂ ’ਤੇ ਬਾਹਰ ਬੈਠੇ ਆਮ ਲੋਕਾਂ ਦੀ ਮੁਸ਼ਕਿਲ ਨੂੰ ਸੁਣਦੇ ਹੋਏ ਉਨ੍ਹਾਂ ਦਾ ਹੱਲ ਕੱਢਣ, ਨਹੀਂ ਤਾਂ ਉਨਾਂ ਦੇ ਖ਼ਿਲਾਫ਼ ਕਾਰਵਾਈ ਉਹ ਖ਼ੁਦ ਕਰਨਗੇ ਅਧਿਕਾਰੀ ਆਮ ਲੋਕਾਂ ਦੀ ਸੁਣਨਗੇ, ਕਿਉਂਕਿ ਪੰਜਾਬ ਵਿੱਚ ਆਮ ਵਿਅਕਤੀ ਦਾ ਮੁੱਖ ਮੰਤਰੀ ਆ ਗਿਆ ਹੈ।
ਚਰਨਜੀਤ ਚੰਨੀ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਵੱਡੀ ਜਿੰਮੇਵਾਰੀ ਮਿਲੀ ਹੈ ਅਤੇ ਕੰਮ ਵੀ ਬਹੁਤ ਜਿਆਦਾ ਹੈ ਪਰ ਸਮਾਂ ਬਹੁਤ ਘੱਟ ਹੈ। ਇਸ ਲਈ ਉਨ੍ਹਾਂ ਨੂੰ ਕੰਮ ਕਰਨ ਵਾਲੇ ਅਧਿਕਾਰੀ ਚਾਹੀਦੇ ਹਨ, ਜਿਹੜੇ ਅਧਿਕਾਰੀ ਆਮ ਜਨਤਾ ਦੀ ਨਹੀਂ ਸੁਣਨਗੇ, ਉਨ੍ਹਾਂ ਦੀ ਸੁਣਵਾਈ ਮੁੱਖ ਮੰਤਰੀ ਦਰਬਾਰ ਵਿੱਚ ਵੀ ਨਹੀਂ ਹੋਏਗੀ। ਚਰਨਜੀਤ ਚੰਨੀ ਨੇ ਅੱਗੇ ਕਿਹਾ ਕਿ ਪੰਜਾਬ ਦੀਆਂ ਤਹਿਸੀਲਾਂ ਵਿੱਚ ਹੁਣ ਤੋਂ ਬਾਅਦ ਭਿ੍ਰਸ਼ਟਾਚਾਰ ਨਹੀਂ ਦਿਖਾਈ ਦੇਵੇਗਾ। ਉਹ ਸਿੱਧੇ ਤੌਰ ’ਤੇ ਤਹਿਸੀਲਦਾਰਾਂ ਨੂੰ ਕਹਿਣਾ ਚਾਹੁੰਦੇ ਹਨ ਕਿ ਹੁਣ ਭਿ੍ਰਸ਼ਟਾਚਾਰ ਰਹੇਗਾ ਜਾਂ ਫਿਰ ਉਹ ਮੁੱਖ ਮੰਤਰੀ ਰਹਿਣਗੇ। ਦੋਹਾਂ ਵਿੱਚੋਂ ਇੱਕ ਨੂੰ ਪੰਜਾਬ ਨੂੰ ਛੱਡਣਾ ਹੀ ਪਏਗਾ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਸ ਨਾਲ ਹੀ ਥਾਣਿਆਂ ਵਿੱਚ ਮੁਨਸ਼ੀ ਅਤੇ ਥਾਣੇਦਾਰ ਆਮ ਲੋਕਾਂ ਨੂੰ ਪਰੇਸ਼ਾਨ ਕਰਨਾ ਬੰਦ ਕਰ ਦੇਣ। ਇਹ ਪੁਰਾਣਾ ਕਲਚਰ ਨਹੀਂ ਚੱਲੇਗਾ।
ਬਿਲ ਪਾੜ ਕੇ ਸੁੱਟ ਦੇਣ, ਹੁਣ ਨਹੀਂ ਆਏਗਾ ਪਾਣੀ ਦਾ ਬਿੱਲ
ਚਰਨਜੀਤ ਚੰਨੀ ਨੇ ਮੁੱਖ ਮੰਤਰੀ ਬਣਦੇ ਹੀ ਵੱਡਾ ਐਲਾਨ ਕਰ ਦਿੱਤਾ ਹੈ ਕਿ ਪੰਜਾਬ ਦੇ ਪਿੰਡਾਂ ਵਿੱਚ ਹੁਣ ਤੋਂ ਬਾਅਦ ਆਮ ਲੋਕਾਂ ਨੂੰ ਪਾਣੀ ਦਾ ਬਿੱਲ ਨਹੀਂ ਦੇਣਾ ਪਏਗਾ। ਚਰਨਜੀਤ ਚੰਨੀ ਨੇ ਐਲਾਨ ਕੀਤਾ ਕਿ ਜਿਹੜੇ ਵੀ ਲੋਕਾਂ ਦੇ ਪਾਣੀ ਬਿਲ ਬਕਾਇਆ ਖੜੇ ਹਨ ਜਾਂ ਫਿਰ ਨਵਾਂ ਬਿਲ ਆਇਆ ਹੋਇਆ ਹੈ ਤਾਂ ਉਹ ਬਿੱਲ ਨੂੰ ਪਾੜ ਕੇ ਸੁੱਟ ਦੇਣ ਕਿਉਂਕਿ ਹੁਣ ਤੋਂ ਬਾਅਦ ਕੋਈ ਵੀ ਪਾਣੀ ਦਾ ਬਿੱਲ ਨਹੀਂ ਆਏਗਾ ਅਤੇ ਨਾ ਹੀ ਕੋਈ ਬਕਾਇਆ ਲਿਆ ਜਾਏਗਾ। ਉਹ ਹੁਣ ਤੋਂ ਪੰਜਾਬ ਦੇ ਪਿੰਡਾਂ ਵਿੱਚ ਪਾਣੀ ਮੁਫ਼ਤ ਕਰਨ ਜਾ ਰਹੇ ਹਨ।
ਰੇਤ ਮਾਫੀਆ ਨਾ ਕਰੇ ਮੇਰੇ ਨਾਲ ਸੰਪਰਕ, ਬੰਦ ਕਰਨਾ ਪਏਗਾ ਕਾਰੋਬਾਰ
ਚਰਨਜੀਤ ਚੰਨੀ ਨੇ ਕਿਹਾ ਕਿ ਪੰਜਾਬ ਵਿੱਚ ਨਾਜਾਇਜ਼ ਰੇਤ ਦਾ ਕੰਮ ਕਰਨ ਵਾਲਾ ਮਾਫ਼ੀਆਂ ਉਨਾਂ ਨਾਲ ਸੰਪਰਕ ਨਾ ਕਰੇ ਹੁਣ ਪੰਜਾਬ ਵਿੱਚ ਇਸ ਮਾਫ਼ੀਆਂ ਰਾਜ ਨੂੰ ਉਹ ਖ਼ਤਮ ਕਰਨ ਜਾ ਰਹੇ ਹਨ ਅਤੇ ਉਨਾਂ ਨੂੰ ਆਪਣਾ ਨਾਜਾਇਜ਼ ਕਾਰੋਬਾਰ ਬੰਦ ਕਰਨਾ ਹੀ ਪਏਗਾ।
ਸਰਕਾਰੀ ਕਰਮਚਾਰੀ ਹੜਤਾਲ ਛੱਡ ਕੰਮ ’ਤੇ ਪਰਤਣ, ਮੈ ਕਰਾਂਗਾ ਸਾਰੇ ਮਸਲੇ ਹਲ਼
ਚਰਨਜੀਤ ਚੰਨੀ ਨੇ ਹੜਤਾਲ ’ਤੇ ਚਲ ਰਹੇ ਸਾਰੇ ਵਿਭਾਗਾਂ ਦੇ ਸਰਕਾਰੀ ਕਰਮਚਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਹੜਤਾਲ ਨੂੰ ਛੱਡ ਕੇ ਤੁਰੰਤ ਕੰਮ ’ਤੇ ਪਰਤ ਆਉਣ। ਉਨਾਂ ਕਿਹਾ ਕਿ ਉਹ ਹਰ ਤਰਾਂ ਦੇ ਮਸਲੇ ਹਲ਼ ਕਰਨ ਲਈ ਤਿਆਰ ਹਨ ਪਰ ਉਨਾਂ ਨੂੰ ਕੁਝ ਸਮਾਂ ਚਾਹੀਦਾ ਹੈ। ਚਰਨਜੀਤ ਚੰਨੀ ਨੇ ਕਿਹਾ ਕਿ ਉਨਾਂ ਦੇ ਪਰਿਵਾਰ ਵਿੱਚ ਵੀ ਸਰਕਾਰੀ ਕਰਮਚਾਰੀ ਹਨ ਅਤੇ ਉਨਾਂ ਨੂੰ ਕਰਮਚਾਰੀਆਂ ਦੇ ਦੁਖ ਬਾਰੇ ਸਾਰੀ ਜਾਣਕਾਰੀ ਹੈ।
ਬਿਸਤਰ ਗੱਡੀ ਵਿੱਚ ਹੀ ਰਹਿੰਦਾ ਐ, ਪੰਜਾਬ ਭਰ ’ਚ ਰਹਾਂਗਾ ਘੁੰਮਦਾ
ਚਰਨਜੀਤ ਚੰਨੀ ਨੇ ਕਿਹਾ ਕਿ ਉਨਾਂ ਦਾ ਬਿਸਤਰ ਗੱਡੀ ਵਿੱਚ ਹੀ ਰਹਿੰਦਾ ਹੈ। ਉਹ ਸਵੇਰੇ 4 ਵਜੇ ਹੀ ਆਪਣੇ ਘਰ ਤੋਂ ਨਿਕਲ ਜਾਂਦੇ ਹਨ ਅਤੇ ਆਮ ਲੋਕਾਂ ਵਿੱਚ ਵਿਚਰਦੇ ਹੋਏ ਕੰਮ ਕਰਦੇ ਹਨ। ਉਨਾਂ ਦਾ ਪਰਿਵਾਰ ਕਾਫ਼ੀ ਜਿਆਦਾ ਸਧਾਰਨ ਅਤੇ ਗਰੀਬ ਰਿਹਾ ਹੈ। ਜਿਸ ਕਾਰਨ ਉਨਾਂ ਨੂੰ ਗਰੀਬ ਅਤੇ ਆਮ ਪਰਿਵਾਰ ਦੇ ਦੁਖਾ ਬਾਰੇ ਪੱਤਾ ਹੈ। ਉਹ ਆਮ ਲੋਕਾਂ ਲਈ ਹਮੇਸ਼ਾ ਮੌਜੂਦ ਰਹਿਣਗੇ। ਉਨਾਂ ਦੇ ਦਫ਼ਤਰ ਵਿੱਚ ਕੋਈ ਵੀ ਆਮ ਵਿਅਕਤੀ ਮਿਲਣ ਲਈ ਆ ਸਕਦਾ ਹੈ ਅਤੇ ਕਿਸੇ ਲਈ ਵੀ ਕੋਈ ਪਾਬੰਦੀ ਨਹੀਂ ਹੋਏਗੀ। ਉਨਾਂ ਕਿਹਾ ਕਿ ਪੰਜਾਬ ਭਰ ਦਾ ਉਹ ਦੌਰਾ ਵੀ ਕਰਨਗੇ।
ਬ੍ਰਹਮ ਮਹਿੰਦਰਾ ਨੂੰ ਲੱਗਿਆ ਵੱਡਾ ਝਟਕਾ, ਨਹੀਂ ਬਣਾਇਆ ਗਿਆ ਉਪ ਮੁੱਖ ਮੰਤਰੀ
ਚੰਡੀਗੜ੍ਹ ਪੰਜਾਬ ਦੇ ਸੀਨੀਅਰ ਵਿਧਾਇਕ ਬ੍ਰਹਮ ਮਹਿੰਦਰਾ ਨੂੰ ਕਾਂਗਰਸ ਪਾਰਟੀ ਨੇ ਸੋਮਵਾਰ ਵੱਡਾ ਝਟਕਾ ਦਿੱਤਾ। ਬ੍ਰਹਮ ਮਹਿੰਦਰਾ ਸੋਮਵਾਰ ਨੂੰ ਉਪ ਮੁੱਖ ਮੰਤਰੀ ਬਣਨ ਦੀ ਤਿਆਰੀ ਕਰ ਹੀ ਰਹੇ ਸਨ ਕਿ ਉਨਾਂ ਦਾ ਨਾਅ ਸੂਚੀ ਵਿੱਚੋਂ ਹੀ ਹਟਾ ਦਿੱਤਾ ਗਿਆ। ਬੀਤੀ ਐਤਵਾਰ ਰਾਤ ਤੱਕ ਉਨਾਂ ਦਾ ਨਾਂਅ ਉਪ ਮੁੱਖ ਮੰਤਰੀਆਂ ਦੀ ਸੂਚੀ ਵਿੱਚ ਸ਼ਾਮਲ ਸੀ ਅਤੇ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਨੇ ਟਵੀਟ ਕਰਦੇ ਹੋਏ ਉਨਾਂ ਨੂੰ ਵਧਾਈ ਤੱਕ ਦੇ ਦਿੱਤੀ ਸੀ ਪਰ ਸੋਮਵਾਰ ਸਵੇਰ ਹੁੰਦੇ ਤੱਕ ਬ੍ਰਹਮ ਮਹਿੰਦਰਾਂ ਦੀ ਥਾਂ ਓ.ਪੀ. ਸੋਨੀ ਦਾ ਨਾਅ ਉਪ ਮੁੱਖ ਮੰਤਰੀ ਸੂਚੀ ਵਿੱਚ ਸ਼ਾਮਲ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਬ੍ਰਹਮ ਮਹਿੰਦਰਾਂ ਅਤੇ ਉਨਾਂ ਦੇ ਸਾਥੀਆਂ ਨੂੰ ਇਹ ਸਮਝ ਹੀ ਨਹੀਂ ਆਇਆ ਕਿ ਆਖ਼ਰਕਾਰ ਇਹ ਕਿਵੇਂ ਵਾਪਰ ਗਿਆ।
ਬ੍ਰਹਮ ਮਹਿੰਦਰਾਂ ਹਿੰਦੂ ਲੀਡਰਾਂ ਵਿੱਚ ਵੱਡੇ ਕਦ ਦੇ ਲੀਡਰ ਹਨ ਅਤੇ ਇਸ ਸਮੇਂ ਸਾਰਿਆਂ ਨਾਲੋਂ ਸੀਨੀਅਰ ਵੀ ਹਨ, ਜਿਸ ਕਾਰਨ ਉਨਾਂ ਨੂੰ ਉਪ ਮੁੱਖ ਮੰਤਰੀ ਨਾ ਬਣਾਏ ਜਾਣ ਬਾਰੇ ਕਿਸੇ ਨੂੰ ਅੰਦਾਜ਼ਾ ਹੀ ਨਹੀਂ ਸੀ।
ਕੈਬਨਿਟ ’ਚ ਸ਼ਾਮਲ ਨਾ ਹੋਣ 75 ਸਾਲ ਤੋਂ ਉਪਰ ਵਾਲੇ ਵਿਧਾਇਕ
ਉਪ ਮੁੱਖ ਮੰਤਰੀ ਨਾ ਬਣਾਉਣ ਦਾ ਝਟਕਾ ਕਾਫ਼ੀ ਨਹੀਂ ਸੀ ਕਿ ਹੁਣ 75 ਸਾਲ ਤੋਂ ਉਪਰ ਦੇ ਵਿਧਾਇਕਾਂ ਨੂੰ ਕੈਬਨਿਟ ਵਿੱਚ ਸ਼ਾਮਲ ਨਹੀਂ ਕਰਨ ਦੀ ਮੰਗ ਉੱਠਣੀ ਸ਼ੁਰੂ ਹੋ ਗਈ ਹੈ। ਵਿਧਾਇਕ ਪਰਮਿੰਦਰ ਪਿੰਕੀ ਵਲੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਚਿੱਠੀ ਲਿਖਦੇ ਹੋਏ ਇਹ ਮੰਗ ਕੀਤੀ ਗਈ ਹੈ ਕਿ ਸੂਬੇ ਵਿੱਚ ਹੋਣ ਵਾਲੇ ਕੈਬਨਿਟ ਵਾਧੇ ਵਿੱਚ 75 ਸਾਲ ਤੋਂ ਜਿਆਦਾ ਉਮਰ ਵਾਲੇ ਵਿਧਾਇਕਾਂ ਨੂੰ ਥਾਂ ਨਾ ਦਿੱਤੀ ਜਾਵੇ, ਕਿਉਂਕਿ ਇਸ ਨਾਲ ਕੈਬਨਿਟ ਦੇ ਕੰਮ ਪ੍ਰਭਾਵਿਤ ਹੁੰਦੇ ਹਨ। ਇਸ ਸਮੇਂ ਬ੍ਰਹਮ ਮਹਿੰਦਰਾਂ ਅਜਿਹੇ ਵਿਧਾਇਕ ਹਨ, ਜਿਹੜੇ ਕਿ 75 ਸਾਲ ਤੋਂ ਜਿਆਦਾ ਉਮਰ ਵਾਲੇ ਹਨ।
ਚਰਨਜੀਤ ਚੰਨੀ ਨੇ ਆਪਣੇ 2 ਉਪ ਮੁੱਖ ਮੰਤਰੀਆਂ ਸਣੇ ਚੁੱਕੀ ਸਹੁੰ
ਰਾਹੁਲ ਗਾਂਧੀ ਰਹੇ ਮੌਜੂਦ, ਅਮਰਿੰਦਰ ਸਿੰਘ ਨਹੀਂ ਦਿੱਤੇ ਦਿਖਾਈ
ਚੰਡੀਗੜ੍ਹ । ਚਰਨਜੀਤ ਸਿੰਘ ਚੰਨੀ ਨੇ ਸੋਮਵਾਰ ਨੂੰ ਪੰਜਾਬ ਦੀ ਕਾਂਗਰਸ ਸਰਕਾਰ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਦੇ ਹੋਏ ਆਪਣਾ ਅਹੁਦਾ ਵੀ ਸੰਭਾਲ ਲਿਆ ਹੈ। ਉਨ੍ਹਾਂ ਨਾਲ 2 ਉਪ ਮੁੱਖ ਮੰਤਰੀਆਂ ਸੁਖਜਿੰਦਰ ਰੰਧਾਵਾ ਅਤੇ ਓ.ਪੀ. ਸੋਨੀ ਨੇ ਵੀ ਸਹੰੁ ਚੁੱਕੀ। ਸ੍ਰੀ ਚੰਨੀ ਨੂੰ ਫਿਲਹਾਲ ਇਹ ਛੋਟੀ ਜਿਹੀ ਹੀ ਕੈਬਨਿਟ ਮਿਲੀ ਹੈ ਅਤੇ ਇਸੇ ਨਾਲ ਹੀ ਕੰਮ ਚਲਾਉਣਾ ਪਏਗਾ। ਮੰਤਰੀ ਮੰਡਲ ਵਿੱਚ ਬਾਕੀ ਮੰਤਰੀਆਂ ਦੀ ਐਂਟਰੀ ਕੁਝ ਦਿਨਾਂ ਵਿੱਚ ਹੋਏਗੀ।
ਸਹੰੁ ਚੁੱਕ ਸਮਾਗਮ ਵਿੱਚ ਦਿੱਲੀ ਤੋਂ ਕਾਂਗਰਸ ਦੇ ਕੋਮੀ ਆਗੂ ਰਾਹੂਲ ਗਾਂਧੀ ਤਾਂ ਚੰਡੀਗੜ ਪੁੱਜੇ ਸਨ ਪਰ ਹਰ ਕੋਈ ਸਾਬਕਾ ਉੱਪ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਦੇਖਣਾ ਚਾਹੁੰਦੇ ਸਨ। ਅਮਰਿੰਦਰ ਸਿੰਘ ਨੂੰ ਖ਼ੁਦ ਚਰਨਜੀਤ ਸਿੰਘ ਚੰਨੀ ਨੇ ਸੱਦਾ ਦਿੱਤਾ ਸੀ ਪਰ ਉਨ੍ਹਾਂ ਵੱਲੋਂ ਆਉਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ, ਜਿਸ ਕਾਰਨ ਹੀ ਉਹ ਇਸ ਸਮਾਗਮ ਵਿੱਚ ਭਾਗ ਲੈਣ ਲਈ ਨਹੀਂ ਆਏ। ਸਹੰੁ ਚੁੱਕ ਸਮਾਗਮ ਵਿੱਚ ਰਾਹੁਲ ਗਾਂਧੀ ਵੀ ਕੁਝ ਦੇਰੀ ਨਾਲ ਪੁੱਜੇ, ਜਿਸ ਕਾਰਨ ਸਮਾਗਮ ਵੀ ਕੁਝ ਦੇਰੀ ਨਾਲ ਹੀ ਸ਼ੁਰੂ ਹੋਇਆ। ਜ਼ਿਕਰਯੋਗ ਹੈ ਕਿ ਸਨਿੱਚਰਵਾਰ ਨੂੰ ਮੁੱਖ ਮੰਤਰੀ ਅਮਰਿੰਦਰ ਸਿੰੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਰਨਜੀਤ ਚੰਨੀ ਨੂੰ ਦਿੱਤੀ ਵਧਾਈ
ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦੇ ਮੁੱਖ ਮੰਤਰੀ ਵੱਜੋਂ ਸਹੁੰ ਚੁੱਕਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਧਾਈ ਦਿੱਤੀ ਗਈ ਹੈ।
ਖਾਸ ਗੱਲਾਂ
- ਸੁਖਜਿੰਦਰ ਰੰਧਾਵਾ ਤੇ ਓਪੀ ਸੋਨੀ ਨੇ ਚੁੱਕੀ ਉੱਪ ਮੁੱਖ ਮੰਤਰੀ ਵਜੋਂ ਸਹੁੰ
- ਚੰਨੀ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ, ਕਿਹਾ, ਕਿਸਾਨਾਂ ਲਈ ਧੌਂਣ ਵਢਾ ਦਿਆਂਗਾ ਛੇਤੀ ਹੀ ਸਿੰਘੂ ਧਰਨੇ ’ਚ ਹੋਵਾਂਗਾ ਨਤਮਸਤਕ
- ਹੁਸਨਲਾਲ ਨੂੰ ਲਾਇਆ ਪਿ੍ਰੰਸੀਪਲ ਸਕੱਤਰ ਅਤੇ ਰਾਹੁਲ ਤਿਵਾੜੀ ਨੂੰ ਲਾਇਆ ਸਪੈਸ਼ਲ ਸਕੱਤਰ
- ਮੰਤਰੀਆਂ ਲਈ 75 ਸਾਲ ਤੱਕ ਦੀ ਮੰਗ ਬਣ ਸਕਦੀ ਹੈ ਬ੍ਰਹਮ ਮਹਿੰਦਰਾ ਲਈ ਇੱਕ ਹੋਰ ਮੁਸ਼ਕਲ।