ਛਪਾਰ ਮੇਲੇ ਨੂੰ ਲੈ ਕੇ ਕਮੇਟੀ ਦਾ ਹੋਇਆ ਗਠਨ, ਭਾਰਤ ਭੂਸ਼ਨ ਆਸ਼ੂ ਕਰਨਗੇ ਸਾਰੀਆਂ ਤਿਆਰੀਆਂ
ਇੱਕ ਸਟੇਜ ’ਤੇ ਨਜ਼ਰ ਆਉਣਗੇ ਨਵਜੋਤ ਸਿੱਧੂ ਅਤੇ ਅਮਰਿੰਦਰ ਸਿੰਘ, ਅੰਦਰੂਨੀ ਕਲੇਸ਼ ਖਤਮ ਹੋਣ ਦਾ ਦਿੱਤਾ ਜਾਵੇਗਾ ਸੁਨੇਹਾ
ਅਸ਼ਵਨੀ ਚਾਵਲਾ, ਚੰਡੀਗੜ੍ਹ । ਛਪਾਰ ਮੇਲੇ ਵਿੱਚ ਹੋਣ ਵਾਲੀ ਕਾਂਗਰਸ ਪਾਰਟੀ ਦੀ ਕਾਨਫਰੰਸ ਵਿੱਚ ਅਮਰਿੰਦਰ ਸਿੰਘ ਭਾਗ ਲੈਣ, ਇਸ ਲਈ ਖ਼ੁਦ ਨਵਜੋਤ ਸਿੱਧੂ ਸੱਦਾ ਪੱਤਰ ਲੈ ਕੇ ਮੁੱਖ ਮੰਤਰੀ ਕੋਲ ਜਲਦ ਹੀ ਜਾਣਗੇ। ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਮਿਲਣ ਲਈ ਅੱਜ ਭਲਕ ਵਿੱਚ ਹੀ ਸਮਾਂ ਮੰਗਿਆ ਜਾਵੇਗਾ, ਜਿਸ ਤੋਂ ਬਾਅਦ ਛਪਾਰ ਮੇਲੇ ਦੀ ਸਾਰੀ ਪਲੈਨਿੰਗ ਲੈ ਕੇ ਨਵਜੋਤ ਸਿੱਧੂ ਅਤੇ ਭਾਰਤ ਭੂਸ਼ਨ ਆਸ਼ੂ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨਗੇ। ਛਪਾਰ ਮੇਲੇ ਨੂੰ ਲੈ ਕੇ ਹਰ ਤਰ੍ਹਾਂ ਦੀ ਤਿਆਰੀ ਦੀ ਜਿੰਮੇਵਾਰੀ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਸੌਂਪੀ ਗਈ ਹੈ ਅਤੇ ਉਨ੍ਹਾਂ ਦੀ ਅਗਵਾਈ ਹੇਠ ਹੀ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਕਾਂਗਰਸ ਪਾਰਟੀ ਛਪਾਰ ਮੇਲੇ ਵਿੱਚ ਹੋਣ ਵਾਲੀ ਕਾਨਫਰੰਸ ਰਾਹੀਂ ਇਹ ਸੁਨੇਹਾ ਵੀ ਦੇਣਾ ਚਾਹੁੰਦੀ ਹੈ ਕਿ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਵਿੱਚ ਹੁਣ ਕੋਈ ਵੀ ਵਿਵਾਦ ਨਹੀਂ ਹੈ ਜਿਸ ਕਾਰਨ ਦੋਵੇਂ ਲੀਡਰਾਂ ਨੂੰ ਇੱਕ ਸਟੇਜ ’ਤੇ ਲੈ ਕੇ ਆਉਣ ਦੀ ਜਿੰਮੇਵਾਰੀ ਪਾਰਟੀ ਦੀ ਲੀਡਰਸ਼ਿਪ ਨੇ ਚੁੱਕਦੇ ਹੋਏ ਬਕਾਇਦਾ ਇਸ ਸਬੰਧੀ ਮੀਟਿੰਗ ਤੱਕ ਕਰ ਲਈ ਹੈ। ਕਾਂਗਰਸ ਦੇ ਜ਼ਿਆਦਾਤਰ ਲੀਡਰ ਹੁਣ ਪਾਰਟੀ ਅਤੇ ਸਰਕਾਰ ਵਿਚਕਾਰ ਚੱਲ ਰਹੇ ਵਿਵਾਦ ਨੂੰ ਖ਼ਤਮ ਕਰਨਾ ਚਾਹੁੰਦੇ ਹਨ ਤਾਂ ਕਿ ਆਉਣ ਵਾਲੀ ਵਿਧਾਨ ਸਭਾ ਚੋਣਾਂ ’ਤੇ ਇਸ ਦਾ ਜਿਆਦਾ ਪ੍ਰਭਾਵ ਨਾ ਪਵੇ। ਇਸ ਕਾਰਨ ਹੀ ਨਵਜੋਤ ਸਿੱਧੂ ਨੂੰ ਇਸ ਸਬੰਧੀ ਤਿਆਰ ਕਰ ਲਿਆ ਗਿਆ ਹੈ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਕੋਲ ਸੱਦਾ ਪੱਤਰ ਖ਼ੁਦ ਨਵਜੋਤ ਸਿੱਧੂ ਲੈ ਕੇ ਜਾਣਗੇ।
ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਖ਼ਾਸਮ ਖਾਸ ਅਤੇ ਰਾਜਨੀਤਕ ਸਕੱਤਰ ਕੈਪਟਨ ਸੰਦੀਪ ਸੰਧੂ ਨੂੰ ਇਸੇ ਕਰਕੇ ਛਪਾਰ ਮੇਲੇ ਦੀ ਬਣਾਈ ਕਮੇਟੀ ਦਾ ਉਪ ਇੰਚਾਰਜ ਬਣਾਇਆ ਗਿਆ ਤਾਂ ਕਿ ਛਪਾਰ ਮੇਲੇ ਦੀਆਂ ਤਿਆਰੀਆਂ ਵਿੱਚ ਸਰਕਾਰ ਨੂੰ ਬਰਾਬਰ ਜਾਣਕਾਰੀ ਮਿਲਦੀ ਰਹੇ।
ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਜ਼ਿਲੇ੍ਹ ਵਿੱਚ ਹੋਣ ਵਾਲੇ ਛਪਾਰ ਮੇਲੇ ਵਿੱਚ ਰਾਜਨੀਤਕ ਕਾਨਫਰੰਸਾਂ 20 ਸਤੰਬਰ ਨੂੰ ਹੋਣਗੀਆਂ ਅਤੇ ਇਸ ਮੇਲੇ ਰਾਹੀਂ ਕਾਂਗਰਸ ਪਾਰਟੀ ਅਗਾਮੀ ਵਿਧਾਨ ਸਭਾ ਚੋਣਾਂ ਦਾ ਬਿਗੁਲ ਵੀ ਵਜਾਉਣਾ ਚਾਹੁੰਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ