2024 ਲਈ ਵਿਰੋਧੀਆਂ ਦੀਆਂ ਸਰਗਰਮੀਆਂ

2024 ਲਈ ਵਿਰੋਧੀਆਂ ਦੀਆਂ ਸਰਗਰਮੀਆਂ

ਵਿਰੋਧੀ ਧਿਰ ਨੇ 2021 ਵਿੱਚ ਹੀ 2024 ਦੀਆਂ ਆਮ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਵੇਲੇ ਵਿਰੋਧੀ ਧਿਰ ਦੀ ਅਗਵਾਈ ਕਾਂਗਰਸ ਪਾਰਟੀ ਕਰ ਰਹੀ ਹੈ। ਇਸ ਦੇ ਨਾਲ ਹੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਵੀ ਸਿਆਸੀ ਸਰਗਰਮੀ ਵੀ ਵੇਖੀ ਜਾ ਰਹੀ ਹੈ। ਬੰਗਾਲ ਵਿੱਚ ਜਿੱਤ ਤੋਂ ਬਾਅਦ ਪੰਜ ਦਿਨ ਦਿੱਲੀ ਵਿੱਚ ਰਹਿ ਕੇ ਮਮਤਾ ਨੇ ਵਿਰੋਧੀ ਪਾਰਟੀਆਂ ਦੇ ਆਗੂਆਂ ਨਾਲ ਮੁਲਾਕਾਤ ਕਰਕੇ ਅਗਲੀਆਂ ਆਮ ਚੋਣਾਂ ਦੀਆਂ ਤਿਆਰੀਆਂ ਲਈ ਇੱਕ ਰੋਡਮੈਪ ਤਿਆਰ ਕੀਤਾ। ਅਜਿਹਾ ਨਹੀਂ ਹੈ ਕਿ ਪਹਿਲੀ ਵਾਰ ਦੇਸ਼ ਵਿੱਚ ਵਿਰੋਧੀ ਏਕਤਾ ਦੀ ਮੁਹਿੰਮ ਸ਼ੁਰੂ ਹੋਈ ਹੈ।

ਇਸ ਤੋਂ ਪਹਿਲਾਂ ਵੀ ਵਿਰੋਧੀ ਧਿਰ ਦੀ ਏਕਤਾ ਅਤੇ ਤੀਜੇ ਮੋਰਚੇ ਦੇ ਗਠਨ ਲਈ ਯਤਨ ਕੀਤੇ ਜਾ ਚੁੱਕੇ ਹਨ। ਪਰ ਜਿਵੇਂ-ਜਿਵੇਂ ਚੋਣਾਂ ਨੇੜੇ ਆਉਂਦੀਆਂ ਹਨ, ਸਾਰੀਆਂ ਸਿਆਸੀ ਪਾਰਟੀਆਂ ਆਪਣੇ ਫਾਇਦਿਆਂ ਤੇ ਨੁਕਸਾਨਾਂ ਅਨੁਸਾਰ ਚੋਣ ਮੈਦਾਨ ਵਿੱਚ ਉੱਤਰਦੀਆਂ ਹਨ ਪਰ ਇਸ ਵਾਰ ਤੀਜੇ ਮੋਰਚੇ ਦੀ ਬਜਾਏ ਵਿਰੋਧੀ ਏਕਤਾ ਦੀ ਗੱਲ ਕੀਤੀ ਜਾ ਰਹੀ ਹੈ। ਇਸ ਲਈ ਰਾਜਨੀਤਿਕ ਤੌਰ ’ਤੇ ਇਸ ਮੁਹਿੰਮ ਦਾ ਵਜ਼ਨ ਵਧਦਾ ਹੈ, ਪਰ ਵੱਖ-ਵੱਖ ਵਿਚਾਰਧਾਰਾਵਾਂ ਅਤੇ ਨਿੱਜੀ ਹਿੱਤਾਂ ਵਿੱਚ ਵੰਡੀਆਂ ਗਈਆਂ ਰਾਜਨੀਤਿਕ ਪਾਰਟੀਆਂ ਇੱਕ ਛੱਤਰੀ ਹੇਠ ਆ ਸਕਣਗੀਆਂ, ਇਹ ਵੱਡਾ ਸਵਾਲ ਹੈ?

ਵਿਰੋਧੀ ਏਕਤਾ ਦੀ ਮੁਹਿੰਮ ਦਾ ਝੰਡਾ ਕਾਂਗਰਸ ਪਾਰਟੀ ਨੇ ਸੰਭਾਲਿਆ ਹੈ। 3 ਅਗਸਤ ਨੂੰ ਰਾਹੁਲ ਗਾਂਧੀ ਨੇ ਸੰਸਦ ਭਵਨ ਦੇ ਨੇੜੇ ਕਾਨਸਿਟਿਊਸ਼ਨ ਕਲੱਬ ਵਿੱਚ ਨਾਸ਼ਤੇ ਲਈ ਸੰਸਦ ਵਿੱਚ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਸੱਦਾ ਦਿੱਤਾ ਸੀ। ਮੋਦੀ ਸਰਕਾਰ ਦੇ ਵਿਰੁੱਧ ਵਿਰੋਧੀ ਏਕਤਾ ਦਾ ਪ੍ਰਦਰਸ਼ਨ ਕਰਦੇ ਹੋਏ ਕਾਂਗਰਸ ਤੋਂ ਇਲਾਵਾ, 14 ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਰਾਹੁਲ ਗਾਂਧੀ ਦੀ ਨਾਸ਼ਤੇ ਦੀ ਮੀਟਿੰਗ ਵਿੱਚ ਹਿੱਸਾ ਲਿਆ ਸੀ। ਨਾਸ਼ਤੇ ਅਤੇ ਮੀਟਿੰਗ ਤੋਂ ਬਾਅਦ, ਰਾਹੁਲ ਗਾਂਧੀ ਸਮੇਤ ਕਈ ਵਿਰੋਧੀ ਆਗੂਆਂ ਨੇ ਮਹਿੰਗਾਈ ਵਿਰੁੱਧ ਸੰਸਦ ਭਵਨ ਤੱਕ ਸਾਈਕਲ ਮਾਰਚ ਕੱਢਿਆ। ਨਾਸ਼ਤੇ ਤੋਂ ਬਾਅਦ ਹੋਈ ਵਿਰੋਧੀ ਧਿਰ ਦੀ ਮੀਟਿੰਗ ਵਿੱਚ ਸਾਰੀਆਂ ਪਾਰਟੀਆਂ ਨੇ ਵਿਰੋਧੀ ਏਕਤਾ ਬਣਾਈ ਰੱਖਣ ’ਤੇ ਜ਼ੋਰ ਦਿੱਤਾ। ਹਾਲਾਂਕਿ, ਬਸਪਾ ਅਤੇ ਆਮ ਆਦਮੀ ਪਾਰਟੀ ਮੀਟਿੰਗ ਤੋਂ ਦੂਰ ਰਹੇ।

ਬਿਤੀ 20 ਅਗਸਤ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਸੱਦੇ ’ਤੇ ਵਰਚੁਅਲ ਮਾਧਿਅਮ ਰਾਹੀਂ ਵਿਰੋਧੀ ਪਾਰਟੀਆਂ ਦੀ ਮੀਟਿੰਗ ਵਿੱਚ 19 ਪਾਰਟੀਆਂ ਦੇ ਆਗੂ ਸ਼ਾਮਲ ਹੋਏ। ਉਨ੍ਹਾਂ ਵਿੱਚ ਸ਼ਰਦ ਪਵਾਰ, ਮਮਤਾ ਬੈਨਰਜੀ, ਉਧਵ ਠਾਕਰੇ ਅਤੇ ਐਮ. ਕੇ. ਸਟਾਲਿਨ ਨੂੰ ਹੀ ਮੁੱਖ ਕਿਹਾ ਜਾ ਸਕਦਾ ਹੈ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਡਾ. ਫਾਰੂਕ ਅਬਦੁੱਲਾ ਤੋਂ ਇਲਾਵਾ ਸੀਪੀਐਮ ਆਗੂ ਸੀਤਾਰਾਮ ਯੇਚੁਰੀ ਵੀ ਮੀਟਿੰਗ ਦਾ ਹਿੱਸਾ ਸਨ ਪਰ ਰਾਸ਼ਟਰੀ ਰਾਜਨੀਤੀ ਨੂੰ ਦਿਸ਼ਾ ਦੇਣ ਵਾਲੇ ਸੂਬੇ ਉੱਤਰ ਪ੍ਰਦੇਸ਼ ਦੀਆਂ ਮੁੱਖ ਵਿਰੋਧੀ ਪਾਰਟੀਆਂ ਨਾ ਤਾਂ ਬਸਪਾ ਆਈ ਅਤੇ ਨਾ ਹੀ ਸਪਾ। ਦਿੱਲੀ ਤੋਂ ਬਾਅਦ ਪੰਜਾਬ ਵਿੱਚ ਇੱਕ ਵੱਡੀ ਸਿਆਸੀ ਹਸਤੀ ਵਜੋਂ ਉੱਭਰ ਰਹੀ ਆਮ ਆਦਮੀ ਪਾਰਟੀ ਨੇ ਜਾਣਕਾਰੀ ਦਿੱਤੀ ਕਿ ਉਸ ਨੂੰ ਮੀਟਿੰਗ ਵਿੱਚ ਸੱਦਿਆ ਹੀ ਨਹੀਂ ਗਿਆ ਸੀ।

ਮੀਟਿੰਗ ਵਿੱਚ ਕੇਂਦਰ ਸਰਕਾਰ ਦੇ ਵਿਰੁੱਧ ਵਿਰੋਧੀ ਲਾਮਬੰਦੀ ’ਤੇ ਸਹਿਮਤੀ ਬਣਨ ਦੇ ਨਾਲ ਹੀ ਆਉਣ ਵਾਲੀ 20 ਤੋਂ 30 ਸਤੰਬਰ ਤੱਕ ਦੇਸ਼ ਭਰ ਵਿੱਚ ਇੱਕ ਸਾਂਝਾ ਅੰਦੋਲਨ ਕੀਤਾ ਜਾਵੇਗਾ। ਮੀਟਿੰਗ ਦਾ ਅਸਲ ਮਕਸਦ 2024 ਦੀਆਂ ਲੋਕ ਸਭਾ ਚੋਣਾਂ ਲਈ ਵਿਰੋਧੀ ਏਕਤਾ ਦੀ ਨੀਂਹ ਰੱਖਣਾ ਦੱਸਿਆ ਗਿਆ ਸੀ। ਪਿਛਲੇ ਦਿਨੀਂ ਮਮਤਾ ਬੈਨਰਜੀ ਨੇ ਦਿੱਲੀ ਫੇਰੀ ਦੌਰਾਨ ਸੋਨੀਆ ਗਾਂਧੀ ਅਤੇ ਸ਼ਰਦ ਪਵਾਰ ਅਤੇ ਹੋਰ ਵਿਰੋਧੀ ਪਾਰਟੀਆਂ ਨੂੰ ਮਿਲ ਕੇ ਭਾਜਪਾ ਵਿਰੋਧੀ ਮੋਰਚਾ ਬਣਾਉਣ ਦੀ ਪਹਿਲ ਕੀਤੀ ਸੀ। ਉਨ੍ਹਾਂ ਤੋਂ ਪਹਿਲਾਂ ਸ਼ਰਦ ਪਵਾਰ ਵੀ ਇੱਕ ਮੀਟਿੰਗ ਕਰ ਚੁੱਕੇ ਸੀ, ਪਰ ਕਾਂਗਰਸ ਇਸ ਵਿੱਚ ਮੌਜ਼ੂਦ ਨਹੀਂ ਸੀ।

2014 ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਮੋਦੀ ਸਰਕਾਰ ਆਪਣੀ ਵਿਚਾਰਧਾਰਾ ਅਤੇ ਏਜੰਡੇ ਨੂੰ ਅੱਗੇ ਵਧਾਉਦੀ ਰਹੀ ਹੈ। ਤਿੰਨ ਤਲਾਕ, ਸੀਏਏ, ਰਾਮ ਮੰਦਿਰ, ਧਾਰਾ 370 ਵਰਗੇ ਮੁੱਦਿਆਂ ਨੂੰ ਭਾਜਪਾ ਨੇ ਹਮੇਸ਼ਾ ਤੋਂ ਆਪਣੇ ਏਜੰਡੇ ਵਿੱਚ ਰੱਖਿਆ ਹੈ ਅਤੇ ਉਨ੍ਹਾਂ ਨੂੰ ਪੂਰਾ ਵੀ ਕੀਤਾ ਹੈ। ਭਾਜਪਾ ਕੋਲ ਕਾਮਨ ਸਿਵਲ ਕੋਡ, ਜਨਸੰਖਿਆ ਕੰਟਰੋਲ ਐਕਟ ਵਰਗੇ ਭਵਿੱਖ ਦੇ ਵੀ ਦਰਜਨਾਂ ਮੁੱਦੇ ਹਨ, ਜਿਨ੍ਹਾਂ ਦੇ ਆਧਾਰ ’ਤੇ ਉਹ ਲੋਕਾਂ ਨੂੰ ਇੱਕਜੁਟ ਕਰਨ ਦੀ ਹਰ ਕੋਸ਼ਿਸ਼ ਕਰ ਸਕਦੀ ਹੈ। ਪਰ ਭਾਜਪਾ ਦੇ ਵਿਰੁੱਧ ਬਣਾਏ ਜਾ ਰਹੇ ਗਠਜੋੜ ਵਾਲੇ ਵਿਰੋਧੀ ਧਿਰ ਦੇ ਕੋਲ ਭਾਜਪਾ ਵਿਰੋਧ ਹੀ ਇੱਕੋ -ਇੱਕ ਮੁੱਦਾ ਹੈ

ਇਸ ਦੇ ਨਾਲ ਹੀ ਵਿਰੋਧੀ ਪਾਰਟੀਆਂ ਵਿੱਚ ਮੱਤਭੇਦ ਅਤੇ ਮਨਭੇਦ ਵੀ ਕਿਸੇ ਤੋਂ ਲੁਕੇ ਹੋਏ ਨਹੀਂ ਹਨ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਹਾਲ ਹੀ ਵਿੱਚ ਮਹਿਲਾ ਕਾਂਗਰਸ ਦੀ ਰਾਸ਼ਟਰੀ ਪ੍ਰਧਾਨ ਸੁਸ਼ਮਿਤਾ ਦੇਵ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕੀਤਾ ਹੈ ਜਦੋਂਕਿ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਪੁੱਤਰ ਅਭਿਜੀਤ ਪਹਿਲਾਂ ਹੀ ਤਿ੍ਰਣਮੂਲ ਵਿੱਚ ਸ਼ਾਮਲ ਹੋ ਚੁੱਕੇ ਹਨ। ਇਸੇ ਤਰ੍ਹਾਂ ਸ਼ਰਦ ਪਵਾਰ ਮੁਸ਼ਕਲ ਨਾਲ ਮਹਾਂਰਾਸ਼ਟਰ ਵਿੱਚ ਕਾਂਗਰਸ ਨੂੰ ਪ੍ਰਫੁੱਲਤ ਹੋਣ ਦੇਣਗੇ। ਜੰਮੂ-ਕਸ਼ਮੀਰ ਵਿੱਚ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਦਾ ਗਠਜੋੜ ਪਹਿਲਾਂ ਵੀ ਹੁੰਦਾ ਰਿਹਾ ਹੈ, ਪਰ ਇਸ ਦੀ ਸਥਿਤੀ ਸਿਰਫ ਇੱਕ ਜੂਨੀਅਰ ਸਾਥੀ ਦੀ ਹੈ ਰਾਸ਼ਟਰੀ ਤੋਂ ਖੇਤਰੀ ਪਾਰਟੀ ਵਿੱਚ ਤਬਦੀਲ ਹੁੰਦੀਆਂ ਜਾ ਰਹੀਆਂ ਖੱਬੇਪੱਖੀ ਪਾਰਟੀਆਂ ਦਾ ਵਿਚਾਰਧਾਰਕ ਅਤੇ ਖੇਤਰ ਪ੍ਰਭਾਵ ਹੁਣ ਪਹਿਲਾਂ ਵਰਗਾ ਨਹੀਂ ਰਿਹਾ

ਕਰਨਾਟਕ ਤੋਂ ਜਨਤਾ ਦਲ (ਐਸ) ਬੇਸ਼ੱਕ ਆ ਗਈ ਪਰ ਹੁਣ ਦੇਵਗੌੜਾ ਪਰਿਵਾਰ ਦਾ ਪ੍ਰਭਾਵ ਢਲਾਣ ’ਤੇ ਹੈ ਇਸ ਤਰ੍ਹਾਂ, ਦੋ ਜਾਂ ਚਾਰ ਨਾਵਾਂ ਨੂੰ ਛੱਡ ਕੇ ਕੋਈ ਵੀ ਅਜਿਹਾ ਆਗੂ ਜਾਂ ਪਾਰਟੀ ਨਹੀਂ ਹੈ ਜਿਸ ਦੇ ਨਾਲ ਸੋਨੀਆ ਗਾਂਧੀ 2004 ਦੇ ਕਰਿਸ਼ਮੇ ਨੂੰ ਦੁਹਰਾ ਸਕਣ ਜਦੋਂ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਨੂੰ ਅਚਾਨਕ ਹਾਰ ਦਾ ਸਾਹਮਣਾ ਕਰਨਾ ਪਿਆ ਉਦੋਂ ਭਾਜਪਾ ਕੋਲ ਆਪਣੇ ਦਮ ’ਤੇ ਸਰਕਾਰ ਬਣਾਉਣ ਦੀ ਤਾਕਤ ਨਹੀਂ ਹੁੰਦੀ ਸੀ, ਪਰ 2014 ਅਤੇ 2019 ਵਿੱਚ ਇਸ ਨੇ ਖੁਦ ਬਹੁਮਤ ਹਾਸਲ ਕਰਕੇ ਇੱਕ ਮਿੱਥ ਨੂੰ ਤੋੜ ਦਿੱਤਾ।

ਅਟਲ ਜੀ ਦੀ ਹਾਰ ਤੋਂ ਬਾਅਦ ਭਾਜਪਾ ਨੇ ਨਰਿੰਦਰ ਮੋਦੀ ਦੇ ਰੂਪ ਵਿੱਚ ਦੇਸ਼ ਦੇ ਸਾਹਮਣੇ ਇੱਕ ਬਦਲਵਾਂ ਚਿਹਰਾ ਰੱਖਿਆ, ਜਦੋਂਕਿ ਆਪਣੇ ਸੰਗਠਨ ਵਿੱਚ ਨੌਜਵਾਨਾਂ ਨੂੰ ਮਹੱਤਵ ਦਿੰਦੇ ਹੋਏ ਅਗਲੀ ਪੀੜ੍ਹੀ ਦੇ ਨੇਤਾਵਾਂ ਨੂੰ ਤਿਆਰ ਕਰਨ ਦੀ ਪ੍ਰਕਿਰਿਆ ਵੀ ਸੁਰੂ ਕੀਤੀ, ਪਰ ਕਾਂਗਰਸ ਸੋਨੀਆ ਤੋਂ ਵਧ ਕੇ ਪਹਿਲਾਂ ਰਾਹੁਲ ਅਤੇ ਪਿ੍ਰਯੰਕਾ ’ਤੇ ਆ ਕੇ ਰੁਕੀ ਅਤੇ ਫਿਰ ਉਨ੍ਹਾਂ ਕੋਲ ਵਾਪਸ ਪਰਤੀ ਸੋਨੀਆ ਗਾਂਧੀ ਵੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਸ਼ਰਦ ਪਵਾਰ ਅਤੇ ਮਮਤਾ ਬੈਨਰਜੀ, ਅਖਿਲੇਸ਼ ਯਾਦਵ, ਮਾਇਆਵਤੀ ਅਤੇ ਤੇਜੱਸਵੀ ਯਾਦਵ ਵਰਗੇ ਆਗੂ ਕਾਂਗਰਸ ਨੂੰ ਮਜਬੂਤ ਨਹੀਂ ਹੋਣ ਦੇਣਗੇ। ਜਿੱਥੋਂ ਤੱਕ ਰਾਹੁਲ ਗਾਂਧੀ ਦਾ ਸਵਾਲ ਹੈ ਅੱਜ ਵਿਰੋਧੀ ਧਿਰ ਦੀ ਰਾਜਨੀਤੀ ਵਿੱਚ ਐਮ. ਕੇ. ਸਟਾਲਿਨ, ਅਖਿਲੇਸ਼ ਅਤੇ ਤੇਜੱਸਵੀ ਯਾਦਵ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਵਰਗੇ ਆਗੂ ਵਧੇਰੇ ਨੌਜਵਾਨਾਂ ਨੂੰ ਆਕਰਸ਼ਿਤ ਕਰ ਪਾ ਰਹੇ ਹਨ

ਦਰਅਸਲ, ਨਰਿੰਦਰ ਮੋਦੀ ਦੇ ਵਿਰੁੱਧ ਇੱਕ ਮਜ਼ਬੂਤ ਵਿਰੋਧੀ ਧਿਰ ਬਣਾਉਣ ਦੀ ਤਿਆਰੀ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਪਰ, ਇਸ ਵਿਰੋਧ ਦਾ ਚਿਹਰਾ ਕੌਣ ਹੋਵੇਗਾ, ਸਭ ਤੋਂ ਜ਼ਿਆਦਾ ਬਹਿਸ ਇਸ ਮਾਮਲੇ ’ਤੇ ਹੋਵੇਗੀ ਭਾਜਪਾ ਦਾ ਨਰਿੰਦਰ ਮੋਦੀ ਦੇ ਰੂਪ ਵਿੱਚ ਇੱਕ ਨਿਰਵਿਵਾਦ ਅਤੇ ਸ਼ਕਤੀਸ਼ਾਲੀ ਚਿਹਰਾ ਹੈ।

ਪਰ, ਵਿਰੋਧੀ ਧਿਰ ਦੀ ਲੀਡਰਸ਼ਿਪ ਨੂੰ ਲੈ ਕੇ ਪਹਿਲਾਂ ਹੀ ਟਕਰਾਅ ਹੈ ਇਹ ਝਗੜਾ 2024 ਤੱਕ ਖਤਮ ਹੁੰਦਾ ਵੀ ਨਹੀਂ ਜਾਪਦਾ ਖਿਚੜੀ ਵਿਰੋਧੀ ਧਿਰ ’ਚ ਹਰ ਆਗੂ ਆਪਣੇ-ਆਪ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਕਹੇਗਾ। ਵਿਰੋਧੀ ਧਿਰ ਦੀ ਸਭ ਤੋਂ ਵੱਡੀ ਪਾਰਟੀ ਕਾਂਗਰਸ ਰਾਹੁਲ ਗਾਂਧੀ ਨੂੰ ਸਥਾਪਿਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੇਗੀ। ਇਸ ਸਥਿਤੀ ਵਿੱਚ, ਦੇਸ਼ ਭਰ ਵਿੱਚ ਇੱਕ ਸਵੀਕਾਰਯੋਗ ਆਗੂ ਦੀ ਚੋਣ ਕਰਨ ਲਈ ਵਿਰੋਧੀ ਧਿਰ ਦੇ ਸਾਹਮਣੇ ਇੱਕ ਵੱਡੀ ਚੁਣੌਤੀ ਹੈ। 2024 ਦੀਆਂ ਆਮ ਚੋਣਾਂ ਵਿੱਚ ਅਜੇ ਤਕਰੀਬਨ ਤਿੰਨ ਸਾਲ ਬਾਕੀ ਹਨ। ਉਦੋਂ ਤੱਕ ਰਾਜਨੀਤੀ ਨੇ ਕਈ ਮੋੜ ਲੈ ਲਏ ਹੋਣਗੇ ਇਸ ਵੇਲੇ ਵਿਰੋਧੀ ਧਿਰ 2024 ਵਿੱਚ ਇੱਕ ਗੈਰ-ਭਾਜਪਾ ਸਰਕਾਰ ਦਾ ਸੁਫ਼ਨਾ ਦੇਖ ਰਹੀ ਹੈ।

ਰਾਜੇਸ਼ ਮਾਹੇਸ਼ਵਰੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ