ਡਾਕਘਰ ਸ਼ੇਰਪੁਰ ਨੂੰ ਲੱਗੀ ਅੱਗ ,ਸਾਰਾ ਸਮਾਨ ਸੜਕੇ ਹੋਇਆ ਸੁਆਹ
ਸੇਰਪੁਰ(ਰਵੀ ਗੁਰਮਾ) ਬੀਤੀ ਰਾਤ ਕਸਬੇ ਦੇ ਮੁੱਖ ਡਾਕਘਰ ਸ਼ੇਰਪੁਰ ਚ ਅੱਗ ਲੱਗਣ ਕਾਰਨ ਲੱਖਾਂ ਦਾ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ । ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਕਸਬਾ ਸ਼ੇਰਪੁਰ ਦੇ ਮੁੱਖ ਡਾਕਘਰ ਵਿਚ ਤਕਰੀਬਨ ਅੱਠ ਵਜੇ ਦੇ ਕਰੀਬ ਅੱਗ ਲੱਗ ਗਈ । ਅੱਗ ਲੱਗਣ ਦੀ ਸੂਚਨਾ ਕਸਬੇ ਵਿਚ ਜਿਉਂ ਹੀ ਪਤਾ ਚੱਲੀ ਤਾਂ ਮੌਕੇ ਤੇ ਲੋਕ ਵੱਡੀ ਗਿਣਤੀ ਵਿਚ ਇਕੱਠੇ ਹੋ ਗਏ । ਇਕੱਠੇ ਹੋਏ ਲੋਕਾਂ ਵੱਲੋਂ ਨੇਡ਼ਲੇ ਘਰਾਂ ਵਿੱਚੋਂ ਬਾਲਟੀਆਂ ਨਾਲ ਪਾਣੀ ਪਾਕੇ ਤੇ ਹੋਰ ਸਾਧਨਾਂ ਨਾਲ ਅੱਗ ਬੁਝਾਈ ਗਈ ।
ਅੱਗ ਇੰਨੀ ਭਿਆਨਕ ਸੀ ਕਿ ਮਿੰਟਾਂ ਵਿੱਚ ਹੀ ਡਾਕਘਰ ਵਿਚਲਾ ਪਿਆ ਸਾਰਾ ਸਾਮਾਨ ਸੜਕੇ ਰਾਖ ਬਣ ਗਿਆ । ਅੱਗ ਲੱਗਣ ਦਾ ਮੁੱਖ ਕਾਰਨ ਸ਼ਾਰਟ ਸਰਕਟ ਹੀ ਮੰਨਿਆ ਜਾ ਰਿਹਾ ਹੈ । ਅੱਗ ਤੇ ਕਾਬੂ ਪਾਉਣ ਲਈ ਧੂਰੀ ਤੋਂ ਫਾਇਰ ਬਿਗ੍ਰੇਡ ਦੀ ਗੱਡੀ ਵੀ ਪਹੁੰਚੀ ਪਰੰਤੂ ਗੱਡੀ ਪਹੁੰਚਣ ਤੱਕ ਲੋਕਾਂ ਵੱਲੋਂ ਕੜੀ ਮਿਹਨਤ ਨਾਲ ਅੱਗ ਉਪਰ ਕਾਬੂ ਪਾ ਲਿਆ ਗਿਆ ਸੀ । ਥਾਣਾ ਮੁਖੀ ਇੰਸਪੈਕਟਰ ਬਲਵੰਤ ਸਿੰਘ ਵੀ ਪੁਲਸ ਪਾਰਟੀ ਸਮੇਤ ਮੌਕੇ ਤੇ ਤਾਇਨਾਤ ਰਹੇ ਅਤੇ ਮੌਕੇ ਦੀ ਸਥਿਤੀ ਨੂੰ ਬਰੀਕੀ ਨਾਲ ਜਾਂਚਿਆ । ਦੇਰ ਰਾਤ ਡਾਕਘਰ ਦੇ ਸੀਨੀਅਰ ਅਧਿਕਾਰੀ ਵੀ ਡਾਕਘਰ ਸ਼ੇਰਪੁਰ ਦਾ ਜਾਇਜ਼ਾ ਲੈਣ ਲਈ ਪਹੁੰਚੇ।
ਕੀ ਕਹਿਣਾ ਸ਼ੇਰਪੁਰ ਦੇ ਡਾਕਘਰ ਮੁਲਾਜ਼ਮਾਂ ਦਾ
ਇਸ ਸੰਬੰਧੀ ਸ਼ੇਰਪਰ ਡਾਕਘਰ ਵਿਚ ਡਿਊਟੀ ਕਰ ਰਹੇ ਅਧਿਕਾਰੀ ਮੇਵਾ ਸਿੰਘ ਨੇ ਲੋਕਾਂ ਦਾ ਧੰਨਵਾਦ ਕਰਦੇ ਕਿਹਾ ਕਿ ਲੋਕਾਂ ਦੀ ਕੜੀ ਮਿਹਨਤ ਨਾਲ ਹੀ ਅੱਗ ਉਪਰ ਕਾਬੂ ਪਾਇਆ ਗਿਆ ਹੈ । ਉਨ੍ਹਾਂ ਕਿਹਾ ਕਿ ਅੱਗ ਲੱਗਣ ਨਾਲ ਜਿੱਥੇ ਸਾਡਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ਉਥੇ ਹੀ ਸਰਕਾਰੀ ਰਿਕਾਰਡ ਵੀ ਨਸ਼ਟ ਹੋਇਆ ਹੈ । ਪਰੰਤੂ ਕੈਸ਼ ਦਾ ਬਚਾਅ ਹੋ ਗਿਆ ।
ਕੀ ਕਹਿਣਾ ਡਾਕਘਰ ਦੇ ਸੀਨੀਅਰ ਅਧਿਕਾਰੀਆਂ ਦਾ
ਇਸ ਸਬੰਧੀ ਡਾਕਘਰ ਦੇ ਸੰਗਰੂਰ ਤੋਂ ਆਏ ਇੰਸਪੈਕਟਰ ਕਰਮਜੀਤ ਸਿੰਘ ਨੇ ਕਿਹਾ ਕਿ ਮੈਂ ਘਟਨਾ ਸਥਾਨ ਦਾ ਜਾਇਜ਼ਾ ਲਿਆ ਹੈ ।ਅੱਗ ਲੱਗਣ ਨਾਲ ਸਾਡਾ ਕੀਮਤੀ ਸਾਮਾਨ ਸੜ ਕੇ ਸੁਆਹ ਹੋਇਆ ਹੈ । ਸਾਡੇ ਹੋਰ ਸੀਨੀਅਰ ਅਧਿਕਾਰੀ ਵੀ ਇਸਦਾ ਜਾਇਜ਼ਾ ਲੈਣ ਲਈ ਪਹੁੰਚ ਰਹੇ ਹਨ ।
ਲੋਕਾਂ ਵੱਲੋਂ ਫਾਇਰ ਬਿਗ੍ਰੇਡ ਦੀ ਮੰਗ
ਕਸਬਾ ਸ਼ੇਰਪੁਰ ਦੇ ਲੋਕਾਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਦੇਖਕੇ ਕਸਬੇ ਅੰਦਰ ਫਾਇਰ ਬਿਗ੍ਰੇਡ ਗੱਡੀ ਭੇਜਣ ਦੀ ਸਰਕਾਰ ਪਾਸੋਂ ਮੰਗ ਕੀਤੀ ਗਈ । ਲੋਕਾਂ ਦਾ ਕਹਿਣਾ ਸੀ ਕਿ ਜੇਕਰ ਵੱਡੀ ਗਿਣਤੀ ਲੋਕ ਅੱਗ ਬੁਝਾਉਣ ਲਈ ਯਤਨ ਨਾ ਕਰਦੇ ਤਾਂ ਅੱਗ ਨੇੜਲੇ ਘਰਾਂ ਵਿੱਚ ਵੀ ਫੈਲ ਜਾਣੀ ਸੀ । ਜਿਸ ਕਰਕੇ ਕਸਬੇ ਅੰਦਰ ਫਾਇਰ ਬਿਗ੍ਰੇਡ ਦੀ ਗੱਡੀ ਹੋਣਾ ਬਹੁਤ ਜ਼ਰੂਰੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ