ਤਨਖਾਹ ਕਮਿਸ਼ਨ ਦੀ ਰਿਪੋਰਟ ਸੋਧ ਕੇ ਲਾਗੂ ਕਰਨ, ਪੈਨਸ਼ਨਾਂ ਸਬੰਧੀ ਨੋਟੀਫਿਕੇਸ਼ਨ ਤੁਰੰਤ ਜਾਰੀ ਕਰਨ ਅਤੇ ਸੋਧੇ ਭੱਤਿਆਂ ਦੇ ਪੱਤਰ ਜਾਰੀ ਕਰਨ ਦੀ ਕੀਤੀ ਮੰਗ
ਕੋਟਕਪੂਰਾ, (ਸੁਭਾਸ਼ ਸ਼ਰਮਾ)। ਪੰਜਾਬ ਸਰਕਾਰ ਵੱਲੋਂ ਆਪਣੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਭਲਾਈ ਲਈ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਦੀ ਅਗਵਾਈ ਹੇਠ ਬਣਾਈ ਗਈ ਸਬ ਕਮੇਟੀ ਅਤੇ ‘ਪੰਜਾਬ ਯੂ.ਟੀ .ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੀ ਲੀਡਰਸ਼ਿਪ ਦਰਮਿਆਨ ਪੈਦਾ ਹੋਇਆ ਡੈੱਡਲਾਕ 11 ਅਗਸਤ ਤੋਂ ਜਾਰੀ ਹੈ। ਇਸ ਡੈਡਲਾਕ ਨੂੰ ਖ਼ਤਮ ਕਰਕੇ ਪੰਜਾਬ ਦੇ ਸਮੂਹ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਦਾ ਨਿਪਟਾਰਾ ਕਰਨ ਦੀ ਮੰਗ ਨੂੰ ਲੈ ਕੇ ਅੱਜ ਕੋਟਕਪੂਰਾ ਤਹਿਸੀਲ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਸਥਾਨਕ ਮਿਉਂਸਪਲ ਪਾਰਕ ਵਿਖੇ ਰੋਸ ਰੈਲੀ ਕੀਤੀ ਅਤੇ ਪੰਜਾਬ ਸਰਕਾਰ ਦੀ ਖਿਲਾਫ ਤਿੱਖੀ ਨਾਅਰੇਬਾਜ਼ੀ ਕਰ ਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ।
ਇਸ ਐਕਸ਼ਨ ਦੀ ਅਗਵਾਈ ਬਿਜਲੀ ਮੁਲਾਜ਼ਮਾਂ ਦੇ ਪੈਨਸ਼ਨਰ ਆਗੂ ਅਮਰਜੀਤ ਸਿੰਘ ਦੁੱਗਲ, ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਆਗੂ ਪ੍ਰੇਮ ਚਾਵਲਾ ਤੇ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਢਿੱਲੋਂ , ਕਿਰਨ ਪ੍ਰਕਾਸ਼ ਮਹਿਤਾ ਕਰਮਚਾਰੀ ਦਲ , ਡੈਮੋਕ੍ਰੇਟਿਕ ਮੁਲਾਜ਼ਮ ਫੈੱਡਰੇਸ਼ਨ ਦੇ ਆਗੂ ਗੁਰਦਿਆਲ ਭੱਟੀ , ਡੀ.ਟੀ ਐਫ. ਜ਼ਿਲ੍ਹਾ ਫ਼ਰੀਦਪੁਰ ਦੇ ਆਗੂ ਕੁਲਵਿੰਦਰ ਮੋੜ ਤੇ ਸੁਰਜੀਤ ਸਿੰਘ ਭੱਟੀ , ਪੰਜਾਬ ਪੈਨਸ਼ਨਰ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਕੁਲਵੰਤ ਸਿੰਘ ਚਾਨੀ , ਸਿਵਲ ਪੈਨਸ਼ਨਰ ਐਸੋਸੀਏਸ਼ਨ ਦੇ ਆਗੂ ਹੇਮਰਾਜ ਜੋਸ਼ੀ ਤੇ ਬਲਵਿੰਦਰ ਸਿੰਘ ਗੋਸਵਾਮੀ ਨੇ ਕਰਦਿਆਂ ਮੁਲਾਜਮਾਂ ਅਤੇ ਸਰਕਾਰ ਵਿਚਕਾਰ ਮੌਜੂਦਾ ਡੈਡਲਾਕ ਦੇ ਜਿੰਮੇਵਾਰ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਅੜੀਅਲ ਰਵੱਈਏ ਨੂੰ ਦੱਸਿਆ ।
ਆਗੂਆਂ ਨੇ ਕਿਹਾ ਕਿ ਵਿਤ ਮੰਤਰੀ ਦੀ ਇਹ ਧੱਕੇਸ਼ਾਹੀ ਕਿਸੇ ਕੀਮਤ ਤੇ ਸਹਿਣ ਨਹੀਂ ਕੀਤੀ ਜਾਵੇਗੀ। ਮੁਲਾਜ਼ਮ ਆਗੂਆਂ ਨੇ ਇਹ ਵੀ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲ ਕਰਨ, ਕੱਚੇ ਮੁਲਾਜ਼ਮ ਪੱਕੇ ਕਰਨ ਅਤੇ ਆਸ਼ਾ, ਆਂਗਣਵਾੜੀ, ਮਿਡ ਡੇਅ ਮੀਲ ਇਸਤਰੀ ਵਰਕਰਾਂ ਲਈ ਘੱਟ ਤੋਂ ਘੱਟ ਉਜਰਤਾਂ ਤੈਅ ਕਰਵਾਉਣ ਅਤੇ ਪਰਖ ਕਾਲ ਦੇ ਨਾਂ ਤੇ ਨਵੇਂ ਭਰਤੀ ਹੋਣ ਵਾਲੇ ਮੁਲਾਜ਼ਮਾਂ ਦੀ ਕੀਤੀ ਜਾ ਰਹੀ ਲੁੱਟ ਬੰਦ ਕਰਵਾਉਣ ਤੱਕ ਸਾਂਝੇ ਫਰੰਟ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ ਤੇ ਦਿਨੋਂ ਦਿਨ ਤਿੱਖਾ ਰੂਪ ਧਾਰਨ ਕਰਦਾ ਜਾਵੇਗਾ।
ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਆਪਣਾ ਮੁਲਾਜ਼ਮ ਵਿਰੋਧੀ ਵਤੀਰਾ ਨਾ ਸੁਧਾਰਿਆ ਤਾਂ ਅਗਲੇ ਮਹੀਨੇ ਆ ਰਹੇ ਵਿਧਾਨ ਸਭਾ ਸਮਾਗਮ ਦੇ ਦੂਜੇ ਦਿਨ ਇੱਕ ਲੱਖ ਤੋਂ ਵੱਧ ਮੁਲਾਜ਼ਮ ਅਤੇ ਪੈਨਸ਼ਨਰ ਚੰਡੀਗੜ੍ਹ ਵੱਲ ਕੂਚ ਕਰਨ ਲਈ ਮਜ਼ਬੂਰ ਹੋਣਗੇ ਜਿਸ ਦੇ ਨਤੀਜਿਆਂ ਦੀ ਜਿ਼ੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ । ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਦੇ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਸੋਧ ਕੇ ਲਾਗੂ ਕੀਤੀ ਜਾਵੇ , ਪੈਨਸ਼ਨਾਂ ਸਬੰਧੀ ਨੋਟੀਫਿਕੇਸ਼ਨ ਤੁਰੰਤ ਜਾਰੀ ਕੀਤਾ ਜਾਵੇ , ਛੇਵੇਂ ਤਨਖਾਹ ਕਮਿਸ਼ਨ ਵੱਲੋਂ ਸਿਫ਼ਾਰਸ਼ ਕੀਤੇ ਗਏ ਭੱਤਿਆਂ ਦੇ ਪੱਤਰ ਤੁਰੰਤ ਜਾਰੀ ਕੀਤੇ ਜਾਣ ਪਤੀ ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਸਾਰੀਆਂ ਕਿਸ਼ਤਾਂ ਦਾ ਬਣਦਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ ।
ਇਸ ਮੌਕੇ’ ‘ਤੇ ਹੋਰਨਾਂ ਤੋਂ ਇਲਾਵਾ ਮੁਲਾਜ਼ਮ ਆਗੂ ਸੋਮ ਨਾਥ ਅਰੋਡ਼ਾ , ਤਰਸੇਮ ਨਰੂਲਾ ‘ ਪ੍ਰਿੰਸੀਪਲ ਦਰਸ਼ਨ ਸਿੰਘ , ਪ੍ਰਿੰਸੀਪਲ ਜਗਰਾਜ ਸਿੰਘ , ਜਗਵੰਤ ਸਿੰਘ ਬਰਾੜ ਸੇਵਾ ਮੁਕਤ ਮੁੱਖ ਅਧਿਆਪਕ ‘ ਬਲਕੀਸ਼ ਰਾਜ ਸ਼ਰਮਾ , ਸੁਖਮੰਦਰ ਸਿੰਘ ਰਾਮਸਰ , ਅਮਰਜੀਤ ਸਿੰਘ ਖੋਖਰ ਰਿਟਾਇਰਡ ਮੰਡਲ ਸਿੱਖਿਆ ਅਫਸਰ , ਕਰਨੈਲ ਸਿੰਘ ਸੋਲੰਕੀ , ਹਾਕਮ ਸਿੰਘ , ਗੁਰਕੀਰਤ ਸਿੰਘ , ਰਮੇਸ਼ਵਰ ਸਿੰਘ ਸੇਵਾ ਮੁਕਤ ਸੁਪਰਡੈਂਟ ਡੀ. ਸੀ .ਦਫ਼ਤਰ ਆਦਿ ਮੁਲਾਜ਼ਮ ਤੇ ਪੈਨਸ਼ਨਰ ਆਗੂ ਸ਼ਾਮਲ ਸਨ ।