ਹਿੰਮਤ ਹਾਰ ਕੇ ਰੋਣ-ਧੋਣ ਦੀ ਬਜਾਇ ਆਪਣੇ ਸ਼ੌਂਕ ਜ਼ਰੀਏ ਬਣਾਈ ਵੱਖਰੀ ਪਹਿਚਾਣ
ਬਰਨਾਲਾ, (ਜਸਵੀਰ ਸਿੰਘ ਗਹਿਲ) | ਆਮ ਤੌਰ ’ਤੇ ਔਰਤਾਂ ਕੈਂਸਰ ਦਾ ਨਾਮ ਸੁਣ ਕੇ ਸਹਿਮ ਜਾਂਦੀਆਂ ਹਨ ਤੇ ਇਸ ਬਿਮਾਰੀ ਦਾ ਨਾਂਅ ਨਾ ਲੈ ਕੇ ਇਸ ਨੂੰ ‘ਦੂਜੀ ਬਿਮਾਰੀ’ ਕਹਿ ਕੇ ਸੰਬੋਧਨ ਕਰਦੀਆਂ ਹਨ ਪਰ ਰੁਪਿੰਦਰ ਕੌਰ ਨੇ ਕੈਂਸਰ ਹੋਣ ਦੇ ਬਾਵਜੂਦ ਹਿੰਮਤ ਨਾ ਹਾਰਦਿਆਂ ਤੇ ਰੋਣ-ਧੋਣ ਦੀ ਬਜਾਇ ਆਪਣੇ ਸ਼ੌਂਕ ਨੂੰ ਉਭਾਰਿਆ ਜੋ ਅੱਜ ਉਸਦੀ ਵੱਖਰੀ ਪਹਿਚਾਣ ਦਾ ਕਾਰਨ ਤੇ ਹੋਰਨਾਂ ਅਨੇਕਾਂ ਔਰਤਾਂ ਲਈ ਪ੍ਰੇਰਨਾ ਸ੍ਰੋਤ ਬਣ ਚੁੱਕਾ ਹੈ।
ਰੁਪਿੰਦਰ ਕੌਰ ਨੂੰ 2014 ਤੋਂ ਕੈਂਸਰ ਦੀ ਮਰੀਜ਼ ਹੈ, ਉਸ ਦਾ ਅਪ੍ਰੇਸ਼ਨ ਹੋਣ ਤੋਂ ਇਲਾਵਾ ਕਈ ਵਾਰ ਕੀਮੋ ਵੀ ਹੋ ਚੁੱਕੀ ਹੈ ਪ੍ਰੰਤੂ ਇਸ ਸਭ ਦੇ ਬਾਵਜੂਦ ਰੁਪਿੰਦਰ ਕੌਰ ਨੇ ਹੌਂਸਲਾ ਨਹੀਂ ਛੱਡਿਆ ਸਗੋਂ ਅੱਜ ਹੋਰਨਾਂ ਅਨੇਕਾਂ ਔਰਤਾਂ ਲਈ ਪ੍ਰੇ੍ਰਰਣਾ ਸ੍ਰੋਤ ਬਣ ਕੇ ਨਿਰੰਤਰ ਅੱਗੇ ਵਧ ਰਹੀ ਹੈ। ਰੁਪਿੰਦਰ ਕੌਰ ਰੂਬੀ (59) ਨੇ ਦੱਸਿਆ ਕਿ ਉਸਨੇ ਕੈਂਸਰ ਦੀ ਬਿਮਾਰੀ ਹੋਣ ’ਤੇ ਢੇਰੀ ਢਾਅ ਕੇ ਬੈਠਣ ਦੀ ਬਜਾਇ ਆਪਣੇ ਸ਼ੌਂਕ ਨੂੰ ਪੂਰਾ ਕਰਨ ਬਾਰੇ ਸੋਚਿਆ ਸੀ ਜੋ ਅੱਜ ਉਸਦੀ ਵਿਲੱਖਣ ਪਹਿਚਾਣ ਦਾ ਕਾਰਨ ਬਣ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ ਉਨ੍ਹਾਂ ਇੱਕ ਸੈਲਫ਼ ਹੈਲਪ ਗਰੁੱਪ ਬਣਾਇਆ ਜਿਸ ’ਚ ਤਿਆਰ ਕੀਤੇ ਸਮਾਨ ਦੀ ਬਦੌਲਤ 2016 ’ਚ ਪੀਏਯੂ ਵੱਲੋਂ ਮਿਲੇ ਪਹਿਲੇ ਸਨਮਾਨ ਨੇ ਉਸਦੇ ਹੌਂਸਲਿਆਂ ਨੂੰ ਉਡਾਣ ਦਿੱਤੀ ਤੇ ਉਨ੍ਹਾਂ ਇਸ ਨੂੰ ਅੱਗੇ ਵਧਾਉਣ ਦੇ ਵਧੇਰੇ ਯਤਨ ਆਰੰਭ ਦਿੱਤੇ।
ਅੱਜ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੋਂ 21 ਔਰਤਾਂ/ਲੜਕੀਆਂ ਵੀ ਉਸ ਨਾਲ ਜੁੜ ਕੇ ਕੰਮ ਕਰਨ ਕਰਕੇ ਭਰਪੂਰ ਨਾਮਣਾ ਖੱਟ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਸਿਰਫ਼ ਆਪਣਾ ਨਾਂਅ ਕਮਾਉਣਾ ਹੀ ਨਹੀ ਸਗੋਂ ਲੋਕਾਂ ਨੂੰ ਕੁਆਲਿਟੀ ਦੇ ਕੇ ਵਿਸ਼ਵਾਸ਼ ਬਣਾਉਣ ਦੇ ਨਾਲ ਹੀ ਕੈਂਸਰ ਦੀ ਬਿਮਾਰੀ ਤੋਂ ਪੀੜਤ ਉਨ੍ਹਾਂ ਔਰਤਾਂ ਨੂੰ ਹੌਂਸਲਾ ਦੇਣਾ ਵੀ ਹੈ ਜੋ ਇਸ ਬਿਮਾਰੀ ਕਾਰਨ ਆਪਣੇ ਆਪ ਨੂੰ ਬੇਕਾਰ ਸਮਝਣ ਲੱਗੀਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਨੂੰ ਸਿਰਫ਼ ਜ਼ਿਲ੍ਹੇ ਵਿਚੋਂ ਹੀ ਨਹੀ ਬਲਕਿ ਪੂਰੇ ਪੰਜਾਬ ਤੋਂ ਇਲਾਵਾ ਦਿੱਲੀ ਤੋਂ ਵੀ ਆਰਡਰ ਆਉਂਦੇ ਹਨ ਤੇ ਇੱਕ ਆਰਡਰ ਉਨ੍ਹਾਂ ਨੇ ਇੰਗਲੈਂਡ ਦਾ ਵੀ ਮੁਕੰਮਲ ਕੀਤਾ ਹੈ।
ਉਨ੍ਹਾਂ ਕਿਹਾ ਕਿ ਕੈਂਸਰ ਪੀੜਤ ਔਰਤਾਂ ਨੂੰ ਹਿੰਮਤ ਹਾਰਨ ਦੀ ਬਜਾਇ ਕਿਸੇ ਨਾ ਕਿਸੇ ਕਿੱਤੇ ਲੱਗਣਾ ਚਾਹੀਦਾ ਹੈ ਕਿਉਂਕਿ ਵਿਹਲੇ ਸਮੇਂ ’ਚ ਜਿੱਥੇ ਤੁਹਾਡੀਆਂ ਆਦਤਾਂ ਖ਼ਰਾਬ ਹੋਣਗੀਆਂ ਉੱਥੇ ਹੀ ਮੁੜ ਨਾ ਪਰਤਣ ਵਾਲਾ ਹੱਥ ਆਇਆ ਕੀਮਤੀ ਵਕਤ ਵੀ ਅੰਜਾਈਂ ਚਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਬੇਬੀ ਫਰਾਕ (ਟੋਪੀ ਤੇ ਜ਼ੁਰਾਬਾਂ ਸਮੇਤ), ਲੜਕੀਆਂ ਲਈ ਫਰਾਕ, ਟਾਪ, ਸਕੱਰਟਸ, ਈਅਰ ਰਿੰਗ, ਰਬੜ ਬੈਂਡ, ਕੀ- ਰਿੰਗ, ਪਰਸ, ਰੁਮਾਲ, ਮੋਬਾਇਲ ਕਵਰ ਤੇ ਪੰਜ ਸਾਲ ਤੱਕ ਦੇ ਲੜਕਿਆਂ ਲਈ ਕੋਟੀਆਂ, ਮਫ਼ਲਰ, ਜੈਕਟ ਤੇ ਫੋਟੋ ਫਰੇਮ ਤਿਆਰ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਕੋਰੋਨਾ ਮਹਾਂਮਾਰੀ ਦੇ ਸਮੇਂ ਦੌਰਾਨ ਉਨ੍ਹਾਂ ਨੇ ਕੇਕ, ਚਾਕਲੇਟ ਤੇ ਡਰਾਈ ਕੇਕ ਬਣਾਉਣਾ ਸ਼ੁਰੂ ਕੀਤਾ ਜਿਸ ਨੂੰ ਵਧੀਆ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਤੀ ਤੇ ਪਰਿਵਾਰਕ ਮੈਂਬਰਾਂ ਦੇ ਭਰਪੂਰ ਸਹਿਯੋਗ ਤੋਂ ਇਲਾਵਾ ਵੱਖ-ਵੱਖ ਥਾਵਾਂ ’ਤੇ ਮਿਲੇ ਅਨੇਕਾਂ ਵੱਡੇ- ਛੋਟੇ ਇਨਾਮ ਉਸ ਨੂੰ ਹੋਰ ਅੱਗੇ ਵਧਣ ਲਈ ਉਕਸਾਉਂਦੇ ਰਹਿੰਦੇ ਹਨ।
ਹੌਂਸਲਾ ਦਿਓ, ਮਰੀਜ਼ ਦੇ ਕੰਮ ਆਵੇਗਾ
ਰੁਪਿੰਦਰ ਕੌਰ ਦੇ ਪਤੀ ਹੀਰਾ ਲਾਲ ਨੇ ਕਿਹਾ ਕਿ ਬਿਮਾਰੀ ਆ ਗਈ ਇੱਕ ਵੱਖਰੀ ਗੱਲ ਹੈ ਪਰ ਜੇਕਰ ਤੁਸੀਂ ਕੰਮ ਕਰੋਂਗੇ ਤਾਂ ਵਧੀਆ ਗੱਲ ਹੈ ਕਿਉਂਕਿ ਇਸ ਨਾਲ ਕੋਈ ਨਿਰਾਸ਼ਾਜਨਕ ਸੋਚ ਪੈਦਾ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਕੈਂਸਰ ਪੀੜਤ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਤੇ ਆਲੇ-ਦੁਆਲੇ ’ਤੇ ਨਿਰਭਰ ਹੈ ਕਿ ਜਿਸ ਨਾਲ ਮਰੀਜ਼ ਅੰਦਰ ਨੈਗਟਿਵ ਭਾਵਨਾ ਪੈਦਾ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ‘ਕੋਈ ਔਖ-ਸੌਖ ਆਉਂਦੀ ਹੈ ਤਾਂ ਭੱਜੋ ਨਾ, ਮੁਕਾਬਲਾ ਕਰੋ, ਜਰੂਰ ਜਿੱਤੋਂਗੇ।
ਹਾਰ ਮੰਨਣ ਦੀ ਥਾਂ ਕੰਮ ਕਰੋ ਤੇ ਅੱਗੇ ਵਧੋ
ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਕਿਸੇ ਵੀ ਬਿਮਾਰੀ ਤੋਂ ਪੀੜਤ ਔਰਤਾਂ ਨੂੰ ਵਿਹਲੇ ਬੈਠਣ ਦੀ ਬਜਾਇ ਆਪਣੇ ਆਪ ਨੂੰ ਕਿਸੇ ਨਾ ਕਿਸੇ ਕੰਮ ਵਿੱਚ ਉਲਝਾ ਕੇ ਰੱਖਣਾ ਚਾਹੀਦਾ ਹੈ। ਜਿਸ ਨਾਲ ਤੁਹਾਡੇ ਘਰ ਚਾਰ ਪੈਸੇ ਵੀ ਆਉਣਗੇ ਤੇ ਤੁਹਾਡਾ ਸਮਾਂ ਵੀ ਵਧੀਆ ਲੰਘੇਗਾ। ਉਨ੍ਹਾਂ ਕਿਹਾ ਕਿ ਵੱਡੀ ਗੱਲ ਤਾਂ ਇਹ ਹੈ ਕਿ ਕੰਮ ਕਰੋਂਗੇ ਤਾਂ ਤੁਹਾਡੇ ਮਨ ਨੂੰ ਸਕੂਨ ਮਿਲੇਗਾ, ਜਿਸ ਤੋਂ ਵੱਡੀ ਖੁਸ਼ੀ ਕਿਤੇ ਵੀ ਨਹੀਂ। ਉਨ੍ਹਾਂ ਕਿਹਾ ਕਿ ਕਿਸੇ ਬਿਮਾਰੀ ਦੇ ਆਉਣ ’ਤੇ ਹਾਰ ਮੰਨ ਲੈਣ ਨਾਲੋਂ ਚੰਗਾ ਹੈ ਕੋਈ ਵੀ ਕੰਮ ਕਰੋ ਤੇ ਅੱਗੇ ਵਧੋ।
ਜ਼ਿੰਦਗੀ ’ਚ ਆਇਆ ਵੱਡਾ ਬਦਲਾਅ
ਸਹਿਯੋਗੀ ਰਛਪਾਲ ਕੌਰ ਨੇ ਕਿਹਾ ਕਿ ਰੁਪਿੰਦਰ ਕੌਰ ਕਾਰਨ ਉਨ੍ਹਾਂ ਦੀ ਜ਼ਿੰਦਗੀ ’ਚ ਵੱਡਾ ਬਦਲਾਅ ਆਇਆ ਹੈ। ਜਿਸ ਨਾਲ ਜਿੱਥੇ ਉਨ੍ਹਾਂ ਨੂੰ ਚਾਰ ਪੈਸਿਆਂ ਦੀ ਮੱਦਦ ਹੋਣ ਲੱਗੀ ਹੈ ਉਥੇ ਉਨ੍ਹਾਂ ਦਾ ਬੇਕਾਰ ਜਾਣ ਵਾਲਾ ਸਮਾਂ ਵੀ ਸੁਚੱਜਾ ਬਤੀਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਸਰ ਔਰਤਾਂ ਕੈਂਸਰ ਦੇ ਨਾਂਅ ਤੋਂ ਡਰਦੀਆਂ ਹਨ ਪਰ ਰੁਪਿੰਦਰ ਕੌਰ ਹਮੇਸ਼ਾ ਚੜ੍ਹਦੀ ਕਲਾ ’ਚ ਰਹਿ ਕੇ ਹੋਰਨਾਂ ਔਰਤਾਂ ਨੂੰ ਮਿਹਨਤ ਕਰਨ ਤੇ ਬੇਫ਼ਿਕਰ ਜ਼ਿੰਦਗੀ ਜਿਉਣ ਲਈ ਪੇ੍ਰਰਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ