ਦੇਸ਼ ਭਰ ’ਚ ਪੰਜਾਬ ਇਕਲੌਤਾ ਸੂਬਾ, ਜਿੱਥੇ ਹੋਈ ਆਕਸੀਜਨ ਦੀ ਘਾਟ ਨਾਲ ਮੌਤ

ਪੰਜਾਬ ਸਰਕਾਰ ਨੇ ਭੇਜੀ ਕੇਂਦਰ ਸਰਕਾਰ ਨੂੰ ਰਿਪੋਰਟ ’ਚ ਮੰਨਿਆ ਸੱਚ

ਚੰਡੀਗੜ੍ਹ, (ਅਸ਼ਵਨੀ ਚਾਵਲਾ)। ਦੇਸ਼ ਭਰ ਵਿੱਚ ਪੰਜਾਬ ਇਹੋ ਜਿਹਾ ਇਕਲੌਤਾ ਸੂਬਾ ਹੈ ਜਿੱਥੇ ਕਿ ਆਕਸੀਜਨ ਦੀ ਘਾਟ ਨਾਲ ਕੋਰੋਨਾ ਮਰੀਜ਼ ਦੀ ਮੌਤ ਹੋਈ ਹੈ। ਦੇਸ਼ ਭਰ ਦੇ ਕਿਸੇ ਹੋਰ ਸੂਬੇ ਨੇ ਹੁਣ ਤੱਕ ਇਸ ਤਰ੍ਹਾਂ ਦੀ ਕੋਈ ਮੌਤ ਦਰਜ਼ ਨਹੀਂ ਕੀਤੀ ਹੈ, ਜਿਸ ਵਿੱਚ ਆਕਸੀਜਨ ਦੀ ਘਾਟ ਨੂੰ ਮੁੱਖ ਕਾਰਨ ਮੰਨਿਆ ਗਿਆ ਹੈ

ਪਰ ਪੰਜਾਬ ਵੱਲੋਂ ਹੁਣ ਮੰਨ ਲਿਆ ਗਿਆ ਹੈ ਕਿ ਆਕਸੀਜਨ ਦੀ ਘਾਟ ਨਾਲ ਅੰਮ੍ਰਿਤਸਰ ਵਿਖੇ ਇੱਕ ਮੌਤ ਹੋਈ ਹੈ। ਹਾਲਾਂਕਿ ਇਸ ਨਾਲ ਹੀ ਪੰਜਾਬ ਸਰਕਾਰ ਨੇ ਇੱਕ ਸੁਆਲ਼ੀਆ ਨਿਸ਼ਾਨ ਵੀ ਲਗਾਇਆ ਹੈ, ਜਿਸ ਰਾਹੀਂ ਕਿਹਾ ਗਿਆ ਕਿ ਮੌਤ ਦਾ ਕਾਰਨ ਆਕਸੀਜਨ ਦੀ ਘਾਟ ਵੀ ਹੋ ਸਕਦੀ ਹੈ। ਇਸ ਤੋਂ ਪਹਿਲਾਂ ਹੁਣ ਤੱਕ ਪੰਜਾਬ ਸਰਕਾਰ ਵੱਲੋਂ ਆਕਸੀਜਨ ਦੀ ਘਾਟ ਨਾਲ ਕੋਈ ਵੀ ਮੌਤ ਨਾ ਹੋਣ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਸੀ ਪਰ ਬੀਤੇ ਦਿਨੀਂ ਕੇਂਦਰ ਸਰਕਾਰ ਨੂੰ ਭੇਜੀ ਗਈ ਰਿਪੋਰਟ ਵਿੱਚ ਪੰਜਾਬ ਨੇ ਇਸ ਸੱਚ ਨੂੰ ਸਵੀਕਾਰ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਪੰਜਾਬ ਵਿੱਚ ਦੂਜੀ ਲਹਿਰ ਦੌਰਾਨ ਆਕਸੀਜਨ ਦੀ ਭਾਰੀ ਘਾਟ ਹੋ ਗਈ ਸੀ ਅਤੇ ਸਰਕਾਰ ਨੂੰ ਆਪਣੇ ਪੱਧਰ ’ਤੇ ਆਕਸੀਜਨ ਦੀ ਵੰਡ ਅਤੇ ਆਕਸੀਜਨ ਨੂੰ ਦੂਜੇ ਸੂਬਿਆਂ ਤੋਂ ਪੰਜਾਬ ਲੈ ਕੇ ਆਉਣ ਦਾ ਕੰਮ ਸੰਭਾਲਣਾ ਪਿਆ ਸੀ। ਇਸੇ ਦੌਰਾਨ ਅੰਮ੍ਰਿਤਸਰ ਤੋਂ ਇਹ ਖ਼ਬਰਾਂ ਨਸ਼ਰ ਹੋਈਆਂ ਸਨ ਕਿ ਇੱਕ ਪ੍ਰਾਈਵੇਟ ਹਸਪਤਾਲ ਵਿਖੇ 6 ਮਰੀਜ਼ਾਂ ਦੀ ਮੌਤ ਸਿਰਫ਼ ਇਸ ਕਰਕੇ ਹੋਈ ਹੈ ਕਿ ਉਨ੍ਹਾਂ ਨੂੰ ਸਮੇਂ ਸਿਰ ਆਕਸੀਜਨ ਨਹੀਂ ਮਿਲ ਸਕੀ। ਇਹ ਖ਼ਬਰਾਂ ਨਸ਼ਰ ਹੋਣ ਤੋਂ ਬਾਅਦ ਪੰਜਾਬ ਦੇ ਸਿਹਤ ਵਿਭਾਗ ਨੇ ਇਸ ਦੀ ਜਾਂਚ ਦੇ ਆਦੇਸ਼ ਵੀ ਦਿੱਤੇ ਪਰ ਬਾਅਦ ਵਿੱਚ ਇਸ ਮਾਮਲੇ ਨੂੰ ਨਕਾਰ ਦਿੱਤਾ ਗਿਆ ਕਿ ਆਕਸੀਜਨ ਦੀ ਘਾਟ ਨਾਲ ਅੰਮ੍ਰਿਤਸਰ ਜਾਂ ਫਿਰ ਪੰਜਾਬ ਵਿੱਚ ਕੋਈ ਮੌਤ ਹੋਈ ਹੈ।

ਅਪਰੈਲ ਮਹੀਨੇ ਵਿੱਚ ਆਕਸੀਜਨ ਦੀ ਘਾਟ ਨਾਲ ਕੋਈ ਮੌਤ ਨਾ ਹੋਣ ਦਾ ਰਾਗ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਅਲਾਪਿਆ ਜਾ ਰਿਹਾ ਸੀ ਪਰ ਹੁਣ ਅਗਸਤ ਆਉਂਦੇ ਤੱਕ ਪੰਜਾਬ ਸਰਕਾਰ ਇਹ ਮੰਨ ਗਈ ਹੈ ਕਿ ਪੰਜਾਬ ਵਿੱਚ ਇੱਕ ਮੌਤ ਆਕਸੀਜਨ ਦੀ ਘਾਟ ਨਾਲ ਹੋਈ ਹੈ। ਕੇਂਦਰ ਸਰਕਾਰ ਦੇ ਸਿਹਤ ਮੰਤਰਾਲੇ ਕੋਲ ਦੇਸ਼ ਦੇ ਸਾਰੇ ਸੂਬਿਆਂ ਤੋਂ ਪੁੱਜੀ ਰਿਪੋਰਟ ਵਿੱਚ ਸਿਰਫ਼ ਪੰਜਾਬ ਹੀ ਇਹੋ ਜਿਹਾ ਸੂਬਾ ਹੈ, ਜਿਹੜਾ ਕਿ ਅਧਿਕਾਰਤ ਤੌਰ ’ਤੇ ਮੰਨ ਰਿਹਾ ਹੈ ਕਿ ਉਨ੍ਹਾਂ ਦੇ ਸੂੁਬੇ ਵਿੱਚ ਇੱਕ ਮੌਤ ਆਕਸੀਜਨ ਦੀ ਘਾਟ ਨਾਲ ਹੋਈ ਹੈ।

ਆਕਸੀਜਨ ਦੀ ਘਾਟ ਵੀ ਮੌਤ ਦਾ ਹੋ ਸਕਦੀ ਐ ਮੁੱਖ ਕਾਰਨ

ਸਿਹਤ ਵਿਭਾਗ ਦੇ ਇੱਕ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਕੇਂਦਰ ਸਰਕਾਰ ਨੂੰ ਭੇਜੀ ਗਈ ਰਿਪੋਰਟ ਵਿੱਚ ਮੰਨਿਆ ਗਿਆ ਹੈ ਕਿ ਆਕਸੀਜਨ ਦੀ ਘਾਟ ਨਾਲ ਅੰਮ੍ਰਿਤਸਰ ਵਿਖੇ ਇੱਕ ਮੌਤ ਹੋਈ ਹੈ। ਉਨ੍ਹਾਂ ਦੱਸਿਆ ਕਿ ਆਕਸੀਜਨ ਦੀ ਘਾਟ ਮੌਤ ਦਾ ਇੱਕ ਕਾਰਨ ਹੋ ਸਕਦਾ ਹੈ, ਜਿਸ ਵਿੱਚ ਅਜੇ ਵੀ ਸ਼ੱਕ ਬਰਕਰਾਰ ਹੈ। ਇਸ ਲਈ ਕੇਂਦਰ ਸਰਕਾਰ ਨੂੰ ਭੇਜੀ ਗਈ ਰਿਪੋਰਟ ਵਿੱਚ ‘ਸਸਪੈਕਟਡ’ ਲਿਖਿਆ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ