‘ਮੈਨੂੰ ਦਿਓ ਖੇਡਾਂ ਦੀ ਕਮਾਨ, ਜੇ ਨਾ ਆਏ ਤਗ਼ਮੇ ਤਾਂ ਗੋਲੀ ਮਾਰ ਦਿਓ’

ਕਿਹਾ : ਬਿਹਤਰ ਨਤੀਜਿਆਂ ਲਈ ਬਿਹਤਰ ਪ੍ਰਬੰਧ ਹੋਣੇ ਲਾਜ਼ਮੀ

ਬਠਿੰਡਾ, (ਸੁਖਜੀਤ ਮਾਨ) | ਇਸ ਵੇਲੇ ਦੇਸ਼ ਜਦੋਂ ਟੋਕੀਓ ਓਲੰਪਿਕ ਖੇਡਾਂ ਦੀਆਂ ਪ੍ਰਾਪਤੀਆਂ ਦਾ ਲੇਖਾ-ਜੋਖਾ ਕਰ ਰਿਹਾ ਹੈ ਤਾਂ ਉਸੇ ਵੇਲੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਨੇ ਦੇਸ਼ ਦੇ ਖੇਡ ਪ੍ਰਬੰਧਾਂ ’ਤੇ ਸਵਾਲ ਚੁੱਕੇ ਹਨ ਉਨ੍ਹਾਂ ਖੇਡ ਫੈਡਰੇਸ਼ਨਾਂ ’ਤੇ ਕਾਬਜ਼ ਅਜਿਹੇ ਅਹੁਦੇਦਾਰਾਂ ਨੂੰ ਬਦਲਣ ਦੀ ਵੀ ਗੱਲ ਕੀਤੀ ਹੈ ਜਿੰਨ੍ਹਾਂ ਦੀ ਅਗਵਾਈ ’ਚ ਬਿਹਤਰ ਨਤੀਜੇ ਨਹੀਂ ਆ ਰਹੇ ਉਨ੍ਹਾਂ ਦਾਅਵਾ ਕੀਤਾ ਕਿ ਚਾਰ ਸਾਲਾਂ ਲਈ ਖੇਡਾਂ ਦਾ ਪ੍ਰਬੰਧ ਉਨ੍ਹਾਂ ਨੂੰ ਦਿਓ, ਜੇ 5 ਸੋਨ, 5 ਚਾਂਦੀ ਤੇ 5 ਕਾਂਸੀ ਦੇ ਤਗ਼ਮੇ ਨਾ ਆਏ ਤਾਂ ਗੋਲੀ ਮਾਰ ਦਿਓ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਬਹੁਤ ਸਾਰੇ ਚੰਗੇ ਕੋਚ ਅਤੇ ਪ੍ਰਬੰਧਕ ਹਨ ਉਨ੍ਹਾਂ ਨੂੰ ਟੀਮਾਂ ਦੀ ਜਿੰਮੇਵਾਰੀ ਦੇ ਕੇ ਨਤੀਜੇ ਲਓ

ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਖਿਡਾਰੀ ਅੰਤਰਰਾਸ਼ਟਰੀ ਪੱਧਰ ’ਤੇ ਵੱਧ ਤੋਂ ਵੱਧ ਤਗ਼ਮੇ ਹਾਸਿਲ ਕਰਨ ਤਾਂ ਦੇਸ਼ ਦੇ ਖੇਡ ਪ੍ਰਬੰਧਾਂ ਅਤੇ ਖੇਡ ਫੈਡਰੇਸ਼ਨਾਂ ਦੇ ਢਾਂਚੇ ਵਿੱਚ ਵੱਡੇ ਸੁਧਾਰਾਂ ਦੀ ਲੋੜ ਹੈ ਉਨ੍ਹਾਂ ਕਿਹਾ ਕਿ ਸਾਡੇ ਖਿਡਾਰੀਆਂ ਵੱਲੋਂ ਕਈ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਗਿਆ ਜਿੰਨ੍ਹਾਂ ਵੱਲੋਂ ਦੇਸ਼ ਦੀ ਝੋਲੀ 7 ਤਗ਼ਮੇ ਵੀ ਪਾਏ ਗਏ ਹਨ ਪਰ ਐਨੇ ਨਾਲ ਸੰਤੁਸ਼ਟ ਨਹੀਂ ਹੋਣਾ ਚਾਹੀਦਾ ਕਿਉਂਕਿ ਸਾਡੇ ਖਿਡਾਰੀ ਇਸ ਤੋਂ ਕਿਤੇ ਵੱਧ ਵਧੀਆ ਪ੍ਰਦਰਸ਼ਨ ਕਰ ਸਕਦੇ ਹਨ

ਉਨ੍ਹਾਂ ਖੇਡ ਢਾਂਚੇ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਅਸਲ ਵਿੱਚ ਦੇਸ਼ ਦੀਆਂ ਸਰਕਾਰਾਂ ਵੱਲੋਂ ਖਿਡਾਰੀਆਂ ਲਈ ਬਿਹਤਰ ਸਹੂਲਤਾਂ ਅਤੇ ਖੇਡਾਂ ਲਈ ਵਧੀਆ ਢਾਂਚੇ ਦਾ ਵਿਸਥਾਰ ਨਹੀਂ ਕੀਤਾ ਗਿਆ ਸਰਕਾਰਾਂ ਸਿਰਫ਼ ਅਖੀਰਲੇ ਸਮੇਂ ਹੀ ਤਿਆਰੀ ਕਰਦੀਆਂ ਹਨ ਤੇ ਅੰਤਰਰਾਸ਼ਟਰੀ ਮੁਕਾਬਲਿਆਂ ਤੋਂ ਬਾਅਦ ਖੇਡਾਂ ਅਤੇ ਖਿਡਾਰੀਆਂ ਨੂੰ ਵਿਸਾਰ ਦਿੱਤਾ ਜਾਂਦਾ ਹੈ ਉਨ੍ਹਾਂ ਆਖਿਆ ਕਿ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਖਿਡਾਰੀ ਵੱਧ ਤੋਂ ਵੱਧ ਤਗ਼ਮੇ ਦੇਸ਼ ਦੀ ਝੋਲੀ ਪਾਉਣ ਤਾਂ ਖਿਡਾਰੀਆਂ ਨੂੰ ਲਗਾਤਾਰ ਤਿਆਰੀ ਕਰਾਉਣ ਦੇ ਇੰਤਜ਼ਾਮ ਕਰਨੇ ਚਾਹੀਦੇ ਹਨ ਖਿਡਾਰੀਆਂ ਲਈ ਵਧੀਆ ਸਟੇਡੀਅਮ, ਚੰਗੀ ਖੁਰਾਕ ਅਤੇ ਅੰਤਰਰਾਸਟਰੀ ਪੱਧਰ ਦੇ ਕੋਚਾਂ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ ਭਾਰਤੀ ਹਾਕੀ ਟੀਮ ਦਾ ਜ਼ਿਕਰ ਕਰਦਿਆਂ ਮਲੂਕਾ ਨੇ ਕਿਹਾ ਕਿ ਦੇਸ਼ ਦੀ ਹਾਕੀ ਟੀਮ ਵੱਲੋਂ ਵਧੀਆ ਪ੍ਰਦਰਸ਼ਨ ਕੀਤਾ ਗਿਆ,

ਜਿਸ ਵਿੱਚ ਤਕਰੀਬਨ 10 ਖਿਡਾਰੀ ਪੰਜਾਬ ਦੇ ਸਨ ਪਰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਹਾਕੀ ਦੀ ਤਿਆਰੀ ਲਈ ਕੋਈ ਪ੍ਰਬੰਧ ਨਹੀਂ ਕੀਤੇ ਗਏ ਉਨ੍ਹਾਂ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦਾ ਭਾਰਤੀ ਹਾਕੀ ਟੀਮ ਦੀਆਂ ਤਿਆਰੀਆਂ ਲਈ ਕੀਤੇ ਵੱਡੇ ਉਪਰਾਲਿਆਂ ਲਈ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਵੀ ਮੁਕਾਬਲਿਆਂ ਵਿੱਚ ਜਾਣ ਸਮੇਂ ਅਤੇ ਮੁਕਾਬਲਿਆਂ ਤੋਂ ਬਾਅਦ ਬੇਸ਼ੱਕ ਖਿਡਾਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਹੌਂਸਲਾ ਵਧਾਇਆ ਗਿਆ ਪਰ ਉਨ੍ਹਾਂ ਦਾ ਇਹ ਉਪਰਾਲਾ ਕਾਫ਼ੀ ਨਹੀਂ ਹੈ,

ਵਧੀਆ ਨਤੀਜਿਆਂ ਲਈ ਹੋਰ ਬਿਹਤਰ ਪ੍ਰਬੰਧ ਕਰਨ ਦੀ ਲੋੜ ਹੈ ਲੰਮੇ ਸਮੇਂ ਤੋਂ ਚੱਲ ਰਹੀਆਂ ਖੇਡ ਫੈਡਰੇਸ਼ਨਾਂ ਦੇ ਢਾਂਚੇ ਵਿੱਚ ਵੀ ਵੱਡੇ ਸੁਧਾਰਾਂ ਦੀ ਜ਼ਰੂਰਤ ਹੈ ਜਿਹੜੀਆਂ ਖੇਡਾਂ ਨਾਲ ਸਬੰਧਿਤ ਫੈਡਰੇਸ਼ਨਾਂ ਦੇ ਵਧੀਆ ਨਤੀਜੇ ਨਹੀਂ ਆ ਰਹੇ ਉਨ੍ਹਾਂ ਦੇ ਪ੍ਰਧਾਨਾਂ ਨੂੰ ਤੁਰੰਤ ਬਦਲ ਦੇਣਾ ਚਾਹੀਦਾ ਹੈ ਤੇ ਯੋਗ ਵਿਅਕਤੀਆਂ ਨੂੰ ਲਗਾਇਆ ਜਾਣਾ ਚਾਹੀਦਾ ਹੈ ਇਸ ਤੋਂ ਇਲਾਵਾ ਕੇਂਦਰ ਸਰਕਾਰ ਨੂੰ ਖੇਡ ਬਜਟ ਵਿੱਚ ਵੀ ਵੱਡਾ ਵਾਧਾ ਕਰਨ ਦੀ ਜਰੂਰਤ ਹੈ ਮਲੂਕਾ ਨੇ ਕਿਹਾ ਕਿ ਅੰਤਰਰਾਸਟਰੀ ਪੱਧਰ ਤੋਂ ਇਲਾਵਾ ਸੂਬਾ ਪੱਧਰ ਅਤੇ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਨੁਮਾਇੰਦਗੀ ਕਰਨ ਵਾਲੇ ਖਿਡਾਰੀਆਂ ਦਾ ਭਵਿੱਖ ਸੁਰੱਖਿਅਤ ਕਰਨ ਲਈ ਸਰਕਾਰ ਉਨ੍ਹਾਂ ਲਈ ਨੌਕਰੀਆਂ ਦੇ ਪ੍ਰਬੰਧ ਕਰੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ