ਸ਼ੱਕ ਦੇ ਅਧਾਰ ’ਤੇ ਜਾਂਚ ਲਈ ਭੇਜਿਆ ਦੂਜਾ ਅੰਗਹੀਣ ਸਰਟੀਫਿਕੇਟ ਵੀ ਜ਼ਾਅਲੀ

ਜ਼ਾਅਲੀ ਅੰਗਹੀਣਤਾ ਸਰਟੀਫੀਕੇਟ ਨਾਲ ਹੈਲਥ ਵਰਕਰ ਤੋਂ ਹੈਲਥ ਸੁਪਰਵਾਇਜਰ ਦੀ ਲਈ ਸੀ ਕਰਮਚਾਰੀ ਨੇ ਤਰੱਕੀ : ਡਾ. ਔਲ਼ਖ

(ਜਸਵੀਰ ਸਿੰਘ ਗਹਿਲ) ਬਰਨਾਲਾ। ਸਿਵਲ ਸਰਜਨ ਬਰਨਾਲਾ ਵੱਲੋਂ ਸ਼ੱਕ ਦੇ ਅਧਾਰ ’ਤੇ ਪੜਤਾਲ ਲਈ ਭੇਜੇ ਦੋ ਅੰਗਹੀਣ ਸਰਟੀਫਿਕੇਟਾਂ ਵਿੱਚੋਂ ਦੂਜਾ ਅੰਗਹੀਣ ਸਰਟੀਫਿਕੇਟ ਵੀ ਜ਼ਾਅਲੀ ਪਾਇਆ ਗਿਆ ਹੈ, ਜਿਸ ਸਬੰਧੀ ਸਿਵਲ ਸਰਜਨ ਬਰਨਾਲਾ ਵੱਲੋਂ ਸਬੰਧਿਤ ਕਰਮਚਾਰੀ ਦਾ ਪਿਛਲਾ ਸਰਵਿਸ ਰਿਕਾਰਡ ਘੋਖਣ ਦੇ ਨਾਲ ਹੀ ਵਿਭਾਗੀ ਕਾਰਵਾਈ ਲਈ ਵੀ ਲਿਖਿਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਡਾ. ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਵੱਲੋਂ ਸਿਹਤ ਵਿਭਾਗ ’ਚ ਕੰਮ ਕਰਦੇ ਅੰਗਹੀਣ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਅੰਗਹੀਣ ਸਰਟੀਫਿਕੇਟਾਂ ਦੀ ਜਾਂਚ ਕੀਤੇ ਜਾਣ ਦੇ ਹੁਕਮ ਜਾਰੀ ਕੀਤੇ ਸਨ। ਜਿਸ ਦੇ ਸਬੰਧ ’ਚ ਅੰਗਹੀਣ ਅਧਿਕਾਰੀਆਂ/ਕਰਮਚਾਰੀਆਂ ਦੇ ਅੰਗਹੀਣ ਸਰਟੀਫਿਕੇਟਾਂ ਦੀ ਪੜਚੋਲ ਦੌਰਾਨ ਦੋ ਪਦਉੱਨਤ ਹੋਏ ਕਰਮਚਾਰੀਆਂ ਦੇ ਅੰਗਹੀਣ ਸਰਟੀਫਿਕੇਟ ਸ਼ੱਕੀ ਪਾਏ ਗਏ ਸਨ।

ਜਿੰਨਾਂ ਨੂੰ ਵੈਰੀਫਾਈ ਕਰਨ ਲਈ ਸਿਵਲ ਸਰਜਨ ਦੇ ਅਦੇਸਾਂ ਮੁਤਾਬਕ ਦੋਵੇਂ ਅੰਗਹੀਣ ਸਰਟੀਫਿਕੇਟਾਂ ਨੂੰ ਮੈਡੀਕਲ ਕਾਲਜ ਪਟਿਆਲਾ ਨੂੰ ਭੇਜਿਆ ਗਿਆ ਸੀ, ਜਿਸ ’ਚ ਜਾਂਚ ਤੋਂ ਬਾਅਦ ਅੰਗਹੀਣ ਫੀਸਦ ਦਰਜ਼ ਫੀਸਦੀ ਤੋਂ ਘੱਟ ਪਾਇਆ ਗਿਆ। ਡਾ. ਜਸਬੀਰ ਸਿੰਘ ਔਲ਼ਖ ਨੇ ਦੱਸਿਆ ਕਿ ਸ਼ੱਕੀ ਪਾਏ ਗਏ ਅੰਗਹੀਣ ਸਰਟੀਫਿਕੇਟਾਂ ਵਿੱਚੋਂ ਪਹਿਲਾਂ ਮਾਮਲਾ ਮਹਿਲ ਕਲਾਂ ਨਾਲ ਸਬੰਧਿਤ ਸੀ, ਜਿਸ ਨੇ ਅੰਗਹੀਣ ਸਰਟੀਫਿਕੇਟ ਵਿੱਚ ਅਸਲ ਤੋਂ ਵੱਧ ਅੰਗਹੀਣ ਫੀਸਦ ਦਿਖਾ ਕੇ ਕਰਮਚਾਰੀ ਤੋਂ ਕਲਰਕ ਦੀ ਪਦਉੱਨਤੀ ਲਈ ਸੀ, ਜਿਸ ਨੂੰ ਵਾਪਸ ਲੈ ਲਿਆ ਗਿਆ ਹੈ।

ਇਸੇ ਤਰਾਂ ਦੂਸਰੇ ਕਰਮਚਾਰੀ ਵੱਲੋਂ ਵੀ 50 ਫੀਸਦ ਦਾ ਅੰਗਹੀਣ ਸਰਟੀਫਿਕੇਟ ਲਗਾ ਕੇ ਸਾਲ 2016 ਵਿੱਚ ਮਲਟੀਪਰਪਜ ਹੈਲਥ ਵਰਕਰ ਤੋਂ ਮਲਟੀਪਰਪਜ ਹੈਲਥ ਸੁਪਰਵਾਇਜਰ ਦੀ ਤਰੱਕੀ ਤਰੱਕੀ ਲਈ ਸੀ ਜੋ ਜਾਂਚ ’ਚ ਮਹਿਜ਼ 36 ਫੀਸਦੀ ਅੰਗਹੀਣ ਪਾਇਆ ਗਿਆ। ਜਿਸ ਨਾਲ ਸਬੰਧਿਤ ਕਰਮਚਾਰੀ ਅੰਗਹੀਣ ਕੋਟੇ ਦੀਆਂ ਲੋੜੀਦੀਂਆਂ ਸ਼ਰਤਾਂ ’ਤੇ ਖਰਾ ਨਹੀ ਉਤਰਦਾ। ਉਨਾਂ ਦੱਸਿਆ ਕਿ ਸਬੰਧਿਤ ਕਰਮਚਾਰੀ ਵਿਰੁੱਧ ਅਨੁਸ਼ਾਸਨੀ ਕਾਰਵਾਈ ਲਈ ਲਿਖਣ ਤੋਂ ਇਲਾਵਾ ਕਰਮਚਾਰੀ ਦਾ ਪਿਛਲਾ ਸਰਵਿਸ ਰਿਕਾਰਡ ਵੀ ਘੋਖਿਆ ਜਾ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ