ਮੰਗਾਂ ਮੰਨੇ ਜਾਣ ਤੋਂ ਬਾਅਦ ਟਾਵਰ ’ਤੇ ਡਟੇ ਸੁਰਿੰਦਰਪਾਲ ਨੂੰ ਸੰਘਰਸ਼ੀ ਸਾਥੀਆਂ ਨੇ ਹੇਠਾਂ ਉਤਾਰਿਆ

ਸਾਢੇ ਚਾਰ ਮਹੀਨਿਆਂ ਬਾਅਦ ਸੁਰਿੰਦਰਪਾਲ ਨੂੰ ਟਾਵਰ ਤੋਂ ਹੋਈ ਧਰਤੀ ਨਸੀਬ

  • ਹੇਠਾਂ ਉਤਾਰਨ ਮੌਕੇ ਸੁਰਿੰਦਰਪਾਲ ਜ਼ਿੰਦਾਬਾਦ ਦੇ ਲੱਗੇ ਨਾਅਰੇ, ਪੁਲਿਸ ਪ੍ਰਸ਼ਾਸਨ ਨੇ ਲਿਆ ਸੁਖ ਦਾ ਸ਼ਾਹ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਰੁਜ਼ਗਾਰ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ’ਚ 250 ਫੁੱਟ ਟਾਵਰ ਉਪਰ 135 ਦਿਨਾਂ ਤੋਂ ਡਟੇ ਸੁਰਿੰਦਰਪਾਲ ਗੁਰਦਾਸਪੁਰ ਨੂੰ ਆਖਰ ਅੱਜ ਟਾਵਰ ਹੇਠਾਂ ਉਤਾਰ ਲਿਆ ਗਿਆ। ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਦੇ ਸੰਘਰਸ਼ ਅੱਗੇ ਝੁਕਦਿਆਂ ਪਿਛਲੇ ਦਿਨੀਂ ਸਰਕਾਰ ਵੱਲੋਂ ਈਟੀਟੀ ਦੀਆਂ 6635 ਪੋਸਟਾਂ ਲਈ ਇਸ਼ਤਿਹਾਰ ਜਾਰੀ ਕਰ ਦਿੱਤਾ ਗਿਆ ਅਤੇ ਇਸਦੇ ਨਾਲ ਹੀ ਬੀਐੱਡ ਦੀ ਸ਼ਰਤ ਵੀ ਹਟਾ ਦਿੱਤੀ ਗਈ।

ਸੁਰਿੰਦਰਪਾਲ ਗੁਰਦਾਸਪੁਰ ਦੇ ਇਸ ਸੰਘਰਸ਼ ਦੀ ਜਿੱਤ ਮੰਨਦਿਆਂ ਅੱਜ ਉਨ੍ਹਾਂ ਦੇ ਸਾਥੀਆਂ ਵੱਲੋਂ ਉਸ ਨੂੰ ਸੁਰਿੰਦਰਪਾਲ ਜ਼ਿੰਦਾਬਾਦ ਦੇ ਨਾਅਰਿਆਂ ਦੀ ਗੂੰਜ ਹੇਠ ਹੇਠਾਂ ਉਤਾਰ ਲਿਆ ਗਿਆ। ਸੁਰਿੰਦਰਪਾਲ ਨੂੰ ਹੇਠਾਂ ਉਤਾਰਨ ਮੌਕੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਭਾਰੀ ਬੰਦੋਬਸਤ ਕੀਤੇ ਹੋਏ ਸਨ। ਹੇਠਾਂ ਉਤਾਰਦਿਆਂ ਹੀ ਉਸ ਨੂੰ ਐਂਬੂਲੈਂਸ ਰਾਹੀਂ ਰਜਿੰਦਰਾ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ ਗਿਆ ਜਿੱਥੇ ਕਿ ਉਸ ਦੀਆਂ ਰਿਪੋਰਟਾਂ ਆਮ ਦੱਸੀਆਂ ਗਈਆਂ ਹਨ। ਅੱਜ ਜਦੋਂ ਸੁਰਿੰਦਰਪਾਲ ਨੂੰ ਹੇਠਾਂ ਉਤਾਰਿਆ ਗਿਆ ਤਾਂ ਉਹ ਆਪਣੇ ਆਪ ਖੜ੍ਹ ਨਹੀਂ ਸਕਦਾ ਸੀ ਅਤੇ ਉਸ ਦੀ ਹਾਲਤ ਕਾਫ਼ੀ ਨਾਜੁਕ ਦਿਖਾਈ ਦੇ ਰਹੀ ਸੀ। ਅੱਜ ਜਦੋਂ ਸੁਰਿੰਦਰਪਾਲ ਨੂੰ ਟਾਵਰ ਤੋਂ ਉਤਾਰਿਆ ਗਿਆ ਤਾਂ ਉਸਦੀ ਹਾਲਤ ਖਰਾਬ ਹੋ ਚੁੱਕੀ ਸੀ। ਜਿਸ ਨੂੰ ਸਹਾਰਾ ਦੇ ਕੇ ਉਠਾਇਆ ਜਾ ਰਿਹਾ ਸੀ। ਆਪਣੇ ਆਪ ਪੈਰਾ ਉਤੇ ਖੜ੍ਹਾ ਹੋਣ ਦੇ ਅਸਮਰਥ ਸੀ। ਹੇਠਾਂ ਉਤਾਰਨ ਮੌਕੇ ਵੀ ਡਾਕਟਰਾਂ ਦੀ ਟੀਮ ਵੱਲੋਂ ਉਸ ਦਾ ਮੁਆਇਨਾ ਕੀਤਾ ਗਿਆ ਸੀ

ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ, ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ ਨੇ ਕਿਹਾ ਕਿ ਲੰਮੇ ਸਮੇਂ ਤੋਂ ਰੁਜ਼ਫਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜਗਾਰ ਅਧਿਆਪਕਾਂ ਨੂੰ ਜਿਸ ਦੌਰਾਨ ਪੁਲਿਸ ਦੀਆਂ ਡਾਂਗਾਂ ਖਾਣੀਆਂ ਪਈਆਂ, ਨਹਿਰਾਂ ਛਾਲਾਂ ਮਾਰਨ ਲਈ ਮਜਬੂਰ ਹੋਏ, ਟੈਂਕੀ ਟਾਵਰਾਂ ਚੜ੍ਹਨ ਲਈ ਮਜ਼ਬੂਰ ਹੋਏ। ਜਿਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਬੇਰੁਜ਼ਗਾਰ ਅਧਿਆਪਕਾਂ ਦੇ ਸੰਘਰਸ਼ ਅੱਗੇ ਝੁਕਦੇ ਹੋਏ ਉਨ੍ਹਾਂ ਦੀਆਂ ਮੰਗਾਂ ਮੰਨ ਕੇ 6635 ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਦਾ ਇਸ਼ਤਿਹਾਰ ਜਾਰੀ ਕਰਨ ਲਈ ਮਜਬੂਰ ਹੋਣਾ ਪਿਆ। ਯੂਨੀਅਨ ਵੱਲੋਂ ਇਨ੍ਹਾਂ ਨੂੰ ਸੰਘਰਸ਼ ਦੀ ਜਿੱਤ ਦੱਸਿਆ ਹੈ।

ਇਸ ਮੌਕੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਦੇ ਆਗੂਆਂ ਨੇ ਭਰਾਤਰੀ ਜਥੇਬੰਦੀਆਂ ਤੇ ਸਮੂਹ ਪ੍ਰੈੱਸ ਤੇ ਸਾਥੀਆਂ ਦਾ ਧੰਨਵਾਦ ਕੀਤਾ ਜ਼ਿਨ੍ਹਾਂ ਦੇ ਸਹਿਯੋਗ ਕਰਕੇ ਹੀ ਉਹ ਜਿੱਤ ਪ੍ਰਾਪਤ ਕਰ ਸਕੇ। ਸੁਰਿੰਦਰਪਾਲ ਨੇ ਕਿਹਾ ਕਿ ਉਨ੍ਹਾਂ ਦਾ ਸੰਘਰਸ਼ ਇਸੇ ਤਰ੍ਹਾਂ ਹੀ ਅਗਲੇ ਸਮਿਆਂ ਵਿੱਚ ਵੀ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਜਾਰੀ ਰਹੇਗਾ। ਇਸ ਦੌਰਾਨ ਸਾਥੀਆਂ ਵੱਲੋਂ ਸੁਰਿੰਦਰਪਾਲ ਦੀ ਬਹਾਦਰੀ ਨੂੰ ਸਲਾਮ ਕੀਤਾ ਗਿਆ ਕਿ ਉਹ ਮੀਂਹ, ਧੁੱਪਾਂ, ਹਨ੍ਹੇਰੀਆਂ ਤੇ ਤੂਫਾਨਾਂ ’ਚ ਆਪਣੀ ਜ਼ਿੰਦਗੀ ਦੀ ਪ੍ਰਵਾਹ ਨਾ ਕਰਦਿਆਂ ਗੀਤਾਂ ਦੀ ਕਠਿਨਾਈ ਵਿੱਚ ਹੀ ਡਟਿਆ ਰਿਹਾ।

ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਦਵਿੰਦਰ ਸਿੰਘ ਪੂਨੀਆ, ਡੈਮੋਕਰੇਟਿਕ ਮੁਲਾਜ਼ਮ ਫੈੱਡਰੇਸ਼ਨ ਦੇ ਜਨਰਲ ਸਕੱਤਰ ਹਰਦੀਪ ਟੋਡਰਪੁਰ, ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮਦੇਵ, ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਵੀ ਸਿਰੜੀ ਸੁਰਿੰਦਰਪਾਲ ਨੂੰ ਸਲਾਮ ਕੀਤਾ ਗਿਆ। ਇਧਰ ਸੁਰਿੰਦਰਪਾਲ ਦੇ ਹੇਠਾਂ ਉਤਰਨ ਤੋਂ ਬਾਅਦ ਪਟਿਆਲਾ ਪ੍ਰਸ਼ਾਸਨ ਨੇ ਵੀ ਸੁਖ ਦਾ ਸਾਹ ਲਿਆ ਹੈ ।

ਵੱਡੀ ਗਿਣਤੀ ਸਾਥੀਆਂ ਨਾਲ ਪੁੱਜੇਗਾ ਸੁਰਿੰਦਰਪਾਲ ਆਪਣੇ ਘਰ

ਸੁਰਿੰਦਰਪਾਲ ਗੁਰਦਾਸਪੁਰ ਸਾਢੇ ਚਾਰ ਮਹੀਨਿਆਂ ਬਾਅਦ ਆਪਣੇ ਪਰਿਵਾਰ ਨੂੰ ਮਿਲੇਗਾ । ਯੂਨੀਅਨ ਆਗੂ ਦੀਪ ਬਨਾਰਸੀ ਅਨੁਸਾਰ ਉਹ ਅੱਜ ਸੰਗਰੂਰ ਧਰਨੇ ’ਚ ਹੀ ਰੁਕੇਗਾ ਅਤੇ ਕੱਲ੍ਹ ਦੋ ਅਗਸਤ ਨੂੰ ਆਪਣੇ ਪਿੰਡ ਲਈ ਰਵਾਨਾ ਹੋਵੇਗਾ ਅਤੇ ਆਪਣੇ ਮਾਪਿਆਂ ਅਤੇ ਪਰਿਵਾਰਕ ਮੈਂਬਰਾਂ ’ਚ ਪੁੱਜੇਗਾ। ਉਨ੍ਹਾਂ ਦੱਸਿਆ ਕਿ ਕੱਲ੍ਹ ਨੂੰ ਵੱਡੀ ਗਿਣਤੀ ’ਚ ਈਟੀਟੀ ਬੇਰੁਜ਼ਗਾਰ ਅਧਿਆਪਕ ਆਪਣੇ ਸਾਥੀ ਸੁਰਿੰਦਰਪਾਲ ਗੁਰਦਾਸਪੁਰ ਨੂੰ ਵਿਸ਼ੇਸ਼ ਸਨਮਾਨ ਨਾਲ ਲੈ ਕੇ ਉਨ੍ਹਾਂ ਦੇ ਘਰ ਪੁੱਜਣਗੇ ਉਨ੍ਹਾਂ ਦੇ ਪਰਿਵਾਰ ਦਾ ਵੀ ਧੰਨਵਾਦ ਕਰਨਗੇ ਜੋ ਕਿ ਆਪਣੇ ਪੁੱਤਰ ਦੇ ਸੰਘਰਸ਼ ਵਿੱਚ ਡਟੇ ਰਹੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ