ਜਾਤੀ ਨਹੀਂ, ਸ਼ੇ੍ਰਣੀ ਅਧਾਰਿਤ ਹੋਵੇ ਮਰਦਮ ਸ਼ੁਮਾਰੀ
ਦੇਸ਼ ਦੇ ਚੰਦ ਸਿਆਸੀ ਆਗੂਆਂ ਨੇ ਇਕ ਵਾਰ ਫਿਰ ਜਾਤੀ ਅਧਾਰਿਤ ਮਰਦਮਸ਼ੁਮਾਰੀ ਦੀ ਮੰਗ ਕੀਤੀ ਹੈ ਆਧੁਨਿਕ ਭਾਰਤ ਲਈ ਇਹ ਮੰਗ ਬੇਤੁਕੀ ਤਰਕਹੀਣ ਤੇ ਅਵਿਗਿਆਨਕ ਹੈ ਖਾਸਕਰ ਉਸ ਹਾਲਤ ’ਚ ਜਦੋਂ ਦੇਸ਼ ਨੇ ਧਰਮ ਨਿਰਪੱਖ ਤੇ ਲੋਕਤੰਤਰਿਕ ਰਾਜਨੀਤਕ ਪ੍ਰਣਾਲੀ ਨੂੰ ਅਪਣਾਇਆ ਹੋਇਆ ਹੈ ਅਜ਼ਾਦੀ ਤੋਂ ਬਾਦ ਮਰਦਸ਼ੁਮਾਰੀ ਲਈ ਜਾਤੀਆਂ ਨੂੰ ਸ਼ੇ੍ਰਣੀਆਂ ’ਚ ਵੰਡਿਆ ਗਿਆ ਹੈ ਅਜਿਹੀ ਮਰਦਮਸ਼ੁਮਾਰੀ ਹੀ ਆਪਣੇ ਆਪ ’ਚ ਸਮਾਜਿਕ ਤੇ ਆਰਥਿਕ ਵਿਕਾਸ ਦੀ ਤਸਵੀਰ ਲਈ ਯੋਜਨਾਬੰਦੀ ਲਈ ਸਹਾਇਕ ਹੋ ਸਕਦੀ ਹੈ
ਮਰਦਮਸ਼ੁਮਾਰੀ ਸੰਵਿਧਾਨ ਦੀ ਮੂਲ ਭਾਵਨਾ ਦੇ ਉਲਟ ਨਹੀਂ ਹੋਣੀ ਚਾਹੀਦੀ ਦੇਸ਼ ਦੇ ਸੰਵਿਧਾਨ ਨਿਰਮਾਤਾਵਾਂ ਦਾ ਆਦਰਸ਼ ਬਰਾਬਰੀ ਵਾਲਾ ਸਮਾਜ ਸੀ ਸੰਵਿਧਾਨ ਨੇ ਸਦੀਆ ਤੋਂ ਦੱਬੇ ਕੁਚਲੇ ਵਰਗਾਂ ਲਈ ਨੌਕਰੀਆਂ ’ਚ ਰਾਖਵਾਂਕਰਨ ਦੀ ਤਜਵੀਜ਼ ਇਕ ਨਿਸ਼ਚਿਤ ਸਮੇਂ ਲਈ ਕੀਤੀ ਸੀ ਜਿਸ ਨੂੰ ਅੱਗੇ ਵਧਾਇਆ ਗਿਆ ਰਾਖਵਾਂਕਰਨ ਦੀ ਤਜਵੀਜ਼ ਨਾਲ ਹੇਠਲੇ ਵਰਗ ਨੂੰ ਆਰਥਿਕ ਤੌਰ ’ਤੇ ਉੱਭਰਨ ਦਾ ਮੌਕਾ ਮਿਲਿਆ ਹੈ ਹੁਣ ਰਾਖਵਾਂਕਰਨ ਲੈਣ ਲਈ ਉਚ ਜਾਤੀਆ ਵੀ ਸਰਗਰਮ ਹੋ ਰਹੀਆ ਹਨ
ਇਹਨਾਂ ਜਾਤੀਆ ਦੇ ਸਰਗਰਮ ਲੋਕਾਂ ਵੱਲੋਂ ਜ਼ਿਲ੍ਹੇ ਤੋਂ ਲੈ ਕੇ ਕੌਮੀ ਪੱਧਰ ਤੱਕ ਜੱਥੇਬੰਦੀਆ ਬਣਾਈਆ ਜਾ ਰਹੀਆ ਹਨ ਜਿਨ੍ਹਾਂ ਨੇ ਸਿਆਸਤ ’ਚ ਆਪਣਾ ਪ੍ਰਭਾਵ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ ਸੱਤਾਧਾਰੀ ਪਾਰਟੀਆ ਵੀ ਜਾਤੀ ਵੋਟ ਬੈਂਕ ਦਾ ਲਾਹਾਂ ਖੱਟਣ ਲਈ ਸਰਕਾਰਾਂ ’ਚ ਜਾਤੀਆ ਨਾਲ ਸਬੰਧਤ ਬੋਰਡ ਬਣਾ ਕੇ ਆਪਣਾ ਮਕਸਦ ਹੱਲ ਕਰਨ ਲਈ ਜੁਟ ਗਈਆ ਹਨ ਇਹਨਾਂ ਜਾਤੀਆ ਵੱਲੋਂ ਰਾਖਵਾਂਕਰਨ ਦੀ ਮੰਗ ਵੀ ਉਠ ਰਹੀ ਹੈ ਮਹਾਂਰਾਸ਼ਟਰ ’ਚ ਮਰਾਠਿਆ, ਗੁਜਰਾਤ ’ਚ ਪਟੇਲ ਭਾਈਚਾਰਾ, ਦੱਖਣੀ ਭਾਰਤ ’ਚ ਕਾਪੂ ਭਾਈਚਾਰਾ ਤੇ ਪੰਜਾਬ ਸਮੇਤ ਵੱਖ-ਵੱਖ ਰਾਜਾਂ ’ਚ ਜੱਟ ਭਾਈਚਾਰਾ ਰਾਖਵਾਂਕਰਨ ਲੈਣ ਲਈ ਸਰਗਰਮ ਹੈ
ਇਹਨਾਂ ਸੰਗਠਨਾਂ ’ਚ ਸਿਆਸੀ ਆਗੂਆਂ ਖਾਸਕਰ ਸੱਤਾਧਾਰੀ ਆਗੂਆ ਨੂੰ ਅਹੁਦੇ ਦੇਣ ਦਾ ਮਕਸਦ ਵੀ ਸਾਫ ਹੈ ਹੁਣ ਜਿੱਥੋਂ ਤੱਕ ਜਾਤੀ ਆਧਾਰਿਤ ਮਰਦਮ ਸ਼ੁਮਾਰੀ ਦਾ ਸਬੰਧ ਹੈ, ਜਿਹੜੇ ਆਗੂ ਇਸ ਦੀ ਮੰਗ ਕਰ ਰਹੇ ਹਨ ਉਹ ਰਾਖਵਾਂਕਰਨ ਦੀ ਨੀਤੀ ’ਚ ਕਿਸੇ ਬਦਲਾਅ ਦੇ ਇਛੁੱਕ ਹਨ ਖਾਸਕਰ ਕਿਸੇ ਜਾਤੀ ਵਿਸ਼ੇਸ਼ ਲਈ ਰਾਖਵਾਂਕਰਨ ਕਰਵਾਉਣਾ ਜਾਂ ਪਹਿਲਾਂ ਤੋਂ ਮਿਲੇ ਰਾਖਵਾਂਕਰਨ ’ਚ ਵਾਧਾ ਕਰਵਾਉਣਾ ਇਹ ਯਤਨ ਲੋਕਤੰਤਰ ਨੂੰ ਕਮਜ਼ੋਰ ਕਰਨ ਵਾਲੇ ਹਨ
ਦਰਅਸਲ ਇਹ ਨਵੇਂ ਸਿਆਸੀ ਪੈਂਤਰੇ ਹਨ ਤੇ ਵੋਟ ਬੈਂਕ ਤੱਕ ਪਹੁੰਚਣ ਦੀਆਂ ਪੌੜੀਆਂ ਹਨ ਦੇਸ਼ ਦੀ ਮਜ਼ਬੂਤੀ ਧਰਮ ਤੇ ਜਾਤਪਾਤ ਉੱਪਰ ਉੱਠ ਕੇ ਕੰਮ ਕਰਨ ਨਾਲ ਹੈ ਰਾਖਵਾਂਕਰਨ ਨੂੰ ਤਰਕਸੰਗਤ ਵਿਗਿਆਨਕ ਤੇ ਸੰਤੁਲਿਤ ਨੀਹਾਂ ’ਤੇ ਲਿਆਉਣ ਦੀ ਜ਼ਰੂਰਤ ਹੈ ਬਿਨ੍ਹਾਂ ਸ਼ੱਕ ਸਿੱਖਿਆ, ਵਿਗਿਆਨ, ਲੋਕਤੰਤਰ ਤੇ ਮਨਵਵਾਦੀ ਦ੍ਰਿਸ਼ਟੀਕੋਣ ਨਾਲ ਧਰਮਾਂ ਦੀ ਬਰਾਬਰੀ ਵਾਲੇ ਆਦਰਸ਼ ਦੀ ਝਲਕ ਮਿਲਣੀ ਸ਼ੁਰੂ ਹੋਈ ਹੈ ਜਿਸ ਨਾਲ ਜਾਤਪਾਤ ਤੇ ਧਾਰਮਿਕ ਭੇਦਭਾਵ ਦੀ ਜਕੜ ਢਿੱਲੀ ਹੋਈ ਹੈ ਹੁਣ ਸਿਆਸੀ ਆਗੂਆ ਦਾ ਫਰਜ਼ ਬਣਦਾ ਹੈ ਕਿ ਉਹ ਬਰਾਬਰੀ ਵੱਲ ਵਧ ਰਹੇ ਭਾਰਤੀ ਸਮਾਜ ਨੂੰ ਜਾਤਪਾਤ ਦੀ ਦਲਦਲ ’ਚ ਫਿਰ ਧੱਕਣ ਦਾ ਧਰੋਹ ਨਾ ਕਮਾਉਣ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ