ਪਟਿਆਲਾ ’ਚ ਮੁਲਾਜ਼ਮਾਂ ਨੇ ਵਿਖਾਈ ਤਾਕਤ

ਅਮਰਿੰਦਰ ਸਰਕਾਰ ਦੌਰਾਨ ਮੁੱਖ ਮੰਤਰੀ ਦੇ ਸ਼ਹਿਰ ’ਚ ਹੋਇਆ ਸਭ ਤੋਂ ਵੱਡਾ ਇਕੱਠ

  • ਹਜਾਰਾਂ ਦੀ ਗਿਣਤੀ ਮੁਲਾਜ਼ਮਾਂ ਵੱਲੋਂ ਮੋਤੀ ਮਹਿਲ ਵੱਲ ਮਾਰਚ, ਵਾਈਪੀਐਸ ਚੌਂਕ ’ਤੇ ਪੁਲਿਸ ਨਾਲ ਹੋਈ ਧੱਕਾ ਮੁੱਕੀ
  • ਛੇਵੇਂ ਪੇ ਕਮਿਸ਼ਨ ਨੂੰ ਲੈ ਕੇ ਮੁਲਾਜ਼ਮਾਂ ’ਚ ਭਾਰੀ ਰੋਸ਼, ਪੈਨਸ਼ਨ ਬਹਾਲੀ ਦੀ ਕੀਤੀ ਮੰਗ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਮੁੱਖ ਮੰਤਰੀ ਦੇ ਸ਼ਹਿਰ ’ਚ ਅੱਜ ਪੰਜਾਬ ਭਰ ਦੇ ਮੁਲਾਜ਼ਮਾਂ ਦਾ ਹੜ੍ਹ ਦੇਖਣ ਨੂੰ ਮਿਲਿਆ। ਹਜ਼ਾਰਾਂ ਦੀ ਗਿਣਤੀ ਵਿੱਚ ਪੁੱਜੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੱਲਾ ਬੋਲ ਰੈਲੀ ਕਰਦਿਆਂ ਅਮਰਿੰਦਰ ਸਰਕਾਰ ਨੂੰ ਲਲਕਾਰਿਆ ਗਿਆ। ਰੈਲੀ ਤੋਂ ਬਾਅਦ ਲਗਭਗ 15 ਹਜ਼ਾਰ ਦੇ ਕਰੀਬ ਮੁਲਾਜ਼ਮਾਂ ਵੱਲੋਂ ਮੋਤੀ ਮਹਿਲ ਨੂੰ ਚਾਲੇ ਪਾ ਦਿੱਤੇ, ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਆਪਣੇ ਮੋਰਚੇ ਸਾਂਭ ਲਏ। ਵੱਡੀ ਗਿਣਤੀ ਵਿੱਚ ਪੁਲਿਸ ਨੇ ਹਜ਼ਾਰਾਂ ਮੁਲਾਜ਼ਮਾਂ ਨੂੰ ਵਾਈਪੀਐਸ ਚੌਂਕ ਵਿਖੇ ਰੋਕ ਲਿਆ, ਜਿੱਥੇ ਮੁਲਾਜ਼ਮਾਂ ਦੀ ਪੁਲਿਸ ਨਾਲ ਧੱਕਾ ਮੁੱਕੀ ਵੀ ਹੋਈ।

ਇਸ ਦੌਰਾਨ ਅਧਿਆਪਕ ਆਗੂ ਬਿਕਰਮਦੇਵ ਸਿੰਘ ਦੀ ਪੱਗ ਲੱਥ ਗਈ ਅਤੇ ਕਈਆਂ ਮੁਲਾਜ਼ਮਾਂ ਨੇ ਪੁਲਿਸ ’ਤੇ ਡੰਡੇ ਮਾਰਨ ਦੇ ਵੀ ਦੋਸ਼ ਲਾਏ। ਇਸ ਦੌਰਾਨ ਮੁਲਾਜ਼ਮਾਂ ਵੱਲੋਂ ਉੱਥੇ ਹੀ ਧਰਨਾ ਸ਼ੁਰੂ ਕਰ ਦਿੱਤਾ ਗਿਆ। ਆਲਮ ਇਹ ਰਿਹਾ ਕਿ ਅੱਜ ਸ਼ਹਿਰ ਦੀ ਆਵਜਾਈ ਵਿਵਸਥਾ ਸਵੇਰ ਤੋਂ ਹੀ ਲੀਹੋਂ ਲੱਥ ਗਈ। ਵੱਖ-ਵੱਖ ਵਰਗਾਂ ਦੇ ਮੁਲਾਜ਼ਮਾਂ ’ਚ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਪ੍ਰਤੀ ਭਾਰੀ ਰੋਸ਼ ਦੇਖਣ ਨੂੰ ਮਿਲਿਆ ਅਤੇ ਮੁਲਾਜ਼ਮਾਂ ਵੱਲੋਂ ਆਪਣੀ ਤਾਕਤ ਦਾ ਅਹਿਸਾਸ ਕਰਵਾਇਆ ਗਿਆ।

ਜਾਣਕਾਰੀ ਅਨੁਸਾਰ ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਪਟਿਆਲਾ ਦੀ ਅਨਾਜ ਮੰਡੀ ਵਿਖੇ ਆਪਣੀ ਵੱਡੀ ਰੈਲੀ ਕੀਤੀ ਗਈ। ਰੈਲੀ ’ਚ ਦੁਪਹਿਰ ਦੋ ਵਜੇ ਤੱਕ ਦੂਰੋਂ-ਦੂਰੋਂ ਮੁਲਾਜ਼ਮ ਆਪਣੇ ਵਾਹਨਾਂ ’ਤੇ ਆਉਂਦੇ ਰਹੇ। ਮੁਲਾਜ਼ਮਾਂ ਵੱਲੋਂ ਇੱਕ ਵੱਡੀ ਸਟੇਜ ਲਾਈ ਗਈ ਸੀ, ਜਿਸ ’ਤੇ ਵੱਖ ਵੱਖ ਯੂਨੀਅਨਾਂ ਦੇ ਆਗੂ ਬੈਠੇ ਹੋਏ ਸਨ। ਲਗਭਗ 150 ਯੂਨੀਅਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸਾਂਝੇ ਫਰੰਟ ਦੇ ਕਨਵੀਨਰਾਂ ਜਗਦੀਸ਼ ਸਿੰਘ ਚਾਹਲ, ਸਤੀਸ਼ ਰਾਣਾ, ਜਰਮਨਜੀਤ ਸਿੰਘ, ਸੁਖਚੈਨ ਸਿੰਘ ਖਹਿਰਾ ਨੇ ਆਖਿਆ ਕਿ ਪੰਜਾਬ ਸਰਕਾਰ ਛੇਵੇਂ ਤਨਖਾਹ ਕਮਿਸ਼ਨ ਰਾਹੀਂ ਮੁਲਾਜ਼ਮਾਂ ਨੂੰ ਗੱਫੇ ਦਿੱਤੇ ਜਾਣ ਦੇ ਦਾਅਵੇ ਕਰਕੇ ਆਮ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ।

ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਨੇ ਤਨਖਾਹ ਅਨਾਮਲੀ ਕਮੇਟੀ ਵੱਲੋਂ 24 ਅਤੇ ਕੈਬਨਿਟ ਸਬ ਕਮੇਟੀ ਵੱਲੋਂ 239 ਕੈਟਾਗਰੀਆਂ ਦੇ ਗ੍ਰੇਡਾਂ ਵਿੱਚ 2011 ਦੌਰਾਨ ਕੀਤੇ ਵਾਧੇ ਨੂੰ ਰੱਦ ਕਰਕੇ ਅਤੇ ਅਨ ਰਿਵਾਇਜਡ ਕੈਟਾਗਰੀਆਂ ਦੇ ਗ੍ਰੇਡ ਨਾ ਵਧਾ ਕੇ ਮੁਲਾਜ਼ਮਾਂ ਦੀ ਤਨਖਾਹ ਕਟੌਤੀ ਲਈ ਰਾਹ ਪੱਧਰਾ ਕੀਤਾ ਹੈ। ਇਸੇ ਤਰ੍ਹਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਪੰਜਾਬ ਸਰਕਾਰ ਦੁਆਰਾ ਤਿਆਰ ਕੀਤਾ ਜਾ ਰਿਹਾ ਕਾਨੂੰਨ ਪੂਰੀ ਤਰ੍ਹਾਂ ਮੁਲਾਜ਼ਮ ਵਿਰੋਧੀ ਹੈ ਜਿਸ ਰਾਹੀਂ ਨਾ ਮਾਤਰ ਮੁਲਾਜ਼ਮ ਹੀ ਰੈਗੂਲਰ ਹੋ ਸਕਣਗੇ। ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਇਕੱਤਰ ਹੋਏ ਮੁਲਾਜ਼ਮਾਂ ਦੀ ਇਸ ਰੈਲੀ ਨੇ ਇਕੱਠ ਪੱਖੋਂ ਰਿਕਾਰਡ ਤੋੜ ਦਿੱਤੇ। ਮੁਲਾਜ਼ਮ ਆਗੂਆਂ ਜਸਵੀਰ ਤਲਵਾੜਾ, ਦਵਿੰਦਰ ਸਿੰਘ ਬੈਨੀਪਾਲ, ਸੁਖਜੀਤ ਸਿੰਘ, ਸਤਨਾਮ ਸਿੰਘ, ਬਿਕਰਮਦੇਵ ਸਿੰਘ ਨੇ ਕਿਹਾ ਕਿ ਮੁਲਾਜ਼ਮ ਵਰਗ ਆ ਰਹੀਆਂ ਚੋਣਾਂ ਵਿੱਚ ਸਰਕਾਰ ਨੂੰ ਆਪਣੀ ਤਾਕਤ ਦਾ ਅਹਿਸਾਸ ਕਰਵਾਏਗਾ। ਇਸ ਰੈਲੀ ’ਚ ਪੰਜਾਬ, ਚੰਡੀਗੜ੍ਹ ਸਮੇਤ ਹਿਮਾਚਲ ਪ੍ਰਦੇਸ਼ ਦੀਆਂ ਜਥੇਬੰਦੀਆਂ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ।

ਪਟਿਆਲਾ ’ਚ ਆਵਾਜਾਈ ਵਿਵਸਥਾ ਵਿਗੜੀ

ਪਟਿਆਲਾ ਅੰਦਰ ਅੱਜ ਮੁਲਾਜ਼ਮਾਂ ਦੀ ਰੈਲੀ ਕਰਕੇ ਆਵਾਜਾਈ ਵਿਵਸਥਾ ਪੂਰੀ ਤਰ੍ਹਾਂ ਵਿਗੜੀ ਰਹੀ। ਸ਼ਹਿਰ ਅੰਦਰ ਸਰਹਿੰਦ ਰੋਡ, ਫੁਹਾਰਾ ਚੌਂਕ, ਲੀਲਾ ਭਵਨ ਆਦਿ ਥਾਵਾਂ ’ਤੇ ਜਾਮ ਲੱਗਦੇ ਰਹੇ। ਜਦੋਂ ਮੁਲਾਜ਼ਮਾਂ ਵੱਲੋਂ ਮੋਤੀ ਮਹਿਲ ਵੱਲ ਜਾਇਆ ਜਾ ਰਿਹਾ ਸੀ ਤਾਂ ਪੁਲਿਸ ਦੀਆਂ ਲਗਭਗ ਦਰਜ਼ਨ ਗੱਡੀਆਂ ਅੱਗੇ ਚੱਲ ਰਹੀਆਂ ਸਨ। ਸ਼ਹਿਰ ਅੰਦਰ ਮੁਲਾਜ਼ਮਾਂ ਦੇ ਵਾਹਨ ਹੀ ਦਿਖਾਈ ਦੇ ਰਹੇ ਸਨ।

ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨਾਲ ਅੱਜ ਹੋਵੇਗੀ ਮੀਟਿੰਗ

ਹਜਾਰਾਂ ਮੁਲਾਜ਼ਮ ਜਦੋਂ ਵਾਈਪੀਐਸ ਚੌਂਕ ’ਚ ਡਟੇ ਹੋਏ ਸਨ ਤਾਂ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਜਿੰਨਾਂ ਸਮਾਂ ਕੋਈ ਮੀਟਿੰਗ ਨਹੀਂ ਮਿਲਦੀ ਤਾਂ ਇੱਥੇ ਹੀ ਡਟੇ ਰਹਿਣ। ਇਸ ਦੌਰਾਨ ਪ੍ਰਸ਼ਾਸਨ ਵੱਲੋਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨਾਲ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ 30 ਜੁਲਾਈ ਨੂੰ ਮੀਟਿੰਗ ਦਾ ਸਮਾਂ ਦੇ ਦਿੱਤਾ ਗਿਆ। ਜਿਸ ਤੋਂ ਬਾਅਦ ਮੁਲਾਜ਼ਮਾਂ ਵੱਲੋਂ ਸ਼ਾਮ ਛੇ ਵਜੇ ਦੇ ਕਰੀਬ ਆਪਣਾ ਧਰਨਾ ਸਮਾਪਤ ਕਰ ਦਿੱਤਾ ਗਿਆ।

ਰੋਸ਼ ਦੇ ਦਿਸੇ ਕਈ ਰੰਗ

ਹਜਾਰਾਂ ਮੁਲਾਜ਼ਮਾਂ ਵੱਲੋਂ ਅੱਜ ਪਟਿਆਲਾ ਵਿਖੇ ਕੀਤੀ ਰੈਲੀ ਦੌਰਾਨ ਰੋਸ਼ ਪ੍ਰਗਟਾਉਣ ਦੇ ਵੱਖ-ਵੱਖ ਰੰਗ ਦੇਖਣ ਨੂੰ ਮਿਲੇ। ਇਸ ਦੌਰਾਨ ਕਈ ਮੁਲਾਜ਼ਮ ਜਥੇਬੰਦੀਆਂ ਵੱਲੋਂ ਢੋਲ ਦੀ ਤਾਲ ’ਤੇ ਗਿੱਧਾ ਪਾ ਕੇ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਕਈਆਂ ਵੱਲੋਂ ਕਾਲੇ ਕਾਲੇ ਚੋਲੇ ਪਾ ਕੇ ਰੈਲੀ ਵਿੱਚ ਆਪਣਾ ਰੋਸ਼ ਜਾਹਰ ਕੀਤਾ ਗਿਆ। ਕਈਆਂ ਦੇ ਹੱਥਾਂ ਵਿੱਚ ਸਰਕਾਰ ਨੂੰ ਜਗਾਉਣ ਲਈ ਵੱਖ-ਵੱਖ ਤਰ੍ਹਾਂ ਦੇ ਬੋਰਡ ਚੁੱਕੇ ਹੋਏ ਸਨ। ਵੱਖ-ਵੱਖ ਜ਼ਿਲ੍ਹਿਆਂ ਤੋਂ ਪੁੱਜਣ ਵਾਲੇ ਮੁਲਾਜ਼ਮਾਂ ਅਤੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਵੱਲੋਂ ਆਪਣੀ ਜਥੇਬੰਦੀ ਦੀਆਂ ਮੰਗਾਂ ਵਾਲੇ ਬੈਨਰ ਚੁੱਕੇ ਹੋਏ ਸਨ। ਅਮਰਿੰਦਰ ਸਰਕਾਰ ਦੇ ਸਮੇਂ ਦੌਰਾਨ ਪਟਿਆਲਾ ਅੰਦਰ ਮੁਲਾਜ਼ਮਾਂ ਦੀ ਅਜਿਹੀ ਪਹਿਲੀ ਵੱਡੀ ਰੈਲੀ ਸੀ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ